ਚੰਡੀਗੜ :- ਪੰਜਾਬ ਕਾਂਗਰਸ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਵਿੱਚ ਰੱਖਦਿਆਂ ਸੰਗਠਨਾਤਮਕ ਪੱਧਰ ‘ਤੇ ਵੱਡੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਸੂਬੇ ਦੇ 29 ਸੰਗਠਨਾਤਮਕ ਜ਼ਿਲ੍ਹਿਆਂ ਲਈ ਨਵੇਂ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਪਾਰਟੀ ਹਾਈ ਕਮਾਂਡ ਵੱਲੋਂ 29 ਨਿਗਰਾਨ ਨਿਯੁਕਤ ਕੀਤੇ ਗਏ ਹਨ ਜੋ ਹਰ ਜ਼ਿਲ੍ਹੇ ਵਿੱਚ ਸੰਗਠਨ ਸਿਰਜਣ ਅਭਿਆਨ ਤਹਿਤ ਕਾਰਵਾਈ ਦੀ ਦੇਖਭਾਲ ਕਰਨਗੇ। ਕਾਂਗਰਸ ਅੰਦਰ ਇਹ ਮੰਨਿਆ ਜਾ ਰਿਹਾ ਹੈ ਕਿ ਨਵੇਂ ਪ੍ਰਧਾਨਾਂ ਦੀ ਭੂਮਿਕਾ ਇਸ ਵਾਰ ਬਹੁਤ ਹੀ ਅਹਿਮ ਹੋਵੇਗੀ ਕਿਉਂਕਿ ਚੋਣਾਂ ਤੋਂ ਠੀਕ ਪਹਿਲਾਂ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨਾ ਸਭ ਤੋਂ ਵੱਡੀ ਤਰਜੀਹ ਬਣ ਗਿਆ ਹੈ।
2022 ਵਿੱਚ ਹੋਇਆ ਸੀ ਪਿਛਲਾ ਐਲਾਨ, ਹੁਣ ਮੁੜ ਬਦਲਾਅ
ਯਾਦ ਰਹੇ ਕਿ 19 ਨਵੰਬਰ 2022 ਨੂੰ ਕਾਂਗਰਸ ਨੇ 29 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਸੀ। ਉਸ ਸਮੇਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚੱਲ ਰਹੀ ਸੀ ਅਤੇ ਨਾਲ ਹੀ ਕਈ ਸੀਨੀਅਰ ਨੇਤਾ ਪਾਰਟੀ ਛੱਡ ਕੇ ਭਾਜਪਾ ਜਾਂ ਹੋਰ ਧਿਰਾਂ ਵਿੱਚ ਸ਼ਾਮਲ ਹੋ ਗਏ ਸਨ। ਇਸ ਹਾਲਤ ਵਿੱਚ ਕੁਝ ਵਿਧਾਇਕਾਂ ਨੂੰ ਵਾਧੂ ਜ਼ਿੰਮੇਵਾਰੀ ਦੇ ਕੇ ਮੋਰਚਾ ਸੰਭਾਲਣ ਲਈ ਅੱਗੇ ਲਿਆ ਗਿਆ ਸੀ। ਕਾਂਗਰਸ ਵਿੱਚ ਜ਼ਿਲ੍ਹਾ ਪ੍ਰਧਾਨਾਂ ਦਾ ਕਾਰਜਕਾਲ ਤਿੰਨ ਸਾਲ ਦਾ ਹੁੰਦਾ ਹੈ, ਪਰ ਇਸ ਅਨੁਸਾਰ ਚੋਣਾਂ ਤਿੰਨ ਮਹੀਨਿਆਂ ਬਾਅਦ ਹੀ ਹੋਣੀਆਂ ਸਨ। ਹੁਣ ਪਾਰਟੀ ਨੇ ਸੰਗਠਨ ਸਿਰਜਣ ਅਭਿਆਨ ਰਾਹੀਂ ਮੁੜ ਨਵੀਆਂ ਨਿਯੁਕਤੀਆਂ ਕਰਨ ਦਾ ਫੈਸਲਾ ਕਰ ਲਿਆ ਹੈ ਤਾਂ ਜੋ ਸੰਗਠਨ ਨੂੰ ਚੋਣਾਂ ਤੋਂ ਪਹਿਲਾਂ ਮਜ਼ਬੂਤੀ ਮਿਲ ਸਕੇ।