ਅੰਮ੍ਰਿਤਸਰ :- 2024 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਾਸੀ ਨਰਾਇਣ ਸਿੰਘ ਚੌੜਾ ਦਾ ਨਾਂਦੇੜ ਵਿੱਚ ਹੋਏ ਹਮਲੇ ਤੋਂ ਬਾਅਦ ਬਿਆਨ ਸਾਹਮਣੇ ਆਇਆ ਹੈ। ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਉਹ ਨਾਂਦੇੜ ਵਿਖੇ ਸੁਖਬੀਰ ਬਾਦਲ ’ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਨਹੀਂ ਜਾਣਦਾ। ਉਸ ਨੇ ਦੱਸਿਆ ਕਿ ਉਸ ਨੇ ਟੈਲੀਵਿਜ਼ਨ ’ਤੇ ਹਮਲਾਵਰ ਦੀ ਤਸਵੀਰ ਦੇਖੀ ਹੈ।
‘ਸੁਖਬੀਰ ਬਾਦਲ ਦੇ ਕੀਤੇ ਅਪਰਾਧਾਂ ਲਈ ਕੋਈ ਮੁਆਫ਼ੀ ਨਹੀਂ’
ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਅਪਰਾਧਾਂ ਲਈ ਕੋਈ ਮੁਆਫ਼ੀ ਨਹੀਂ ਹੈ। ਉਸ ਦੇ ਮੁਤਾਬਕ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਗੁੱਸਾ ਹੈ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸ ਨੇ ਕਿਹਾ ਕਿ ਇਸੇ ਰੋਸ ਕਾਰਨ ਸੁਖਬੀਰ ਬਾਦਲ ’ਤੇ ਅਜਿਹੇ ਹਮਲੇ ਹੋ ਰਹੇ ਹਨ।
ਬਿਕਰਮ ਮਜੀਠੀਆ ਨੇ ਮੰਗੀ ਸੀ.ਬੀ.ਆਈ. ਜਾਂਚ
ਨਾਂਦੇੜ ਵਿੱਚ ਸੁਖਬੀਰ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਘਟਨਾ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ’ਤੇ ਇਹ ਦੂਜੀ ਵਾਰ ਹਮਲਾ ਹੋਇਆ ਹੈ। ਮਜੀਠੀਆ ਨੇ ਕਿਹਾ ਕਿ ਇਸ ਗੱਲ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਨਾਂਦੇੜ ਦੀ ਘਟਨਾ ਦਾ 2024 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਘਟਨਾ ਨਾਲ ਕੋਈ ਸਬੰਧ ਹੈ।
ਏ.ਟੀ.ਐੱਸ., ਆਈ.ਬੀ. ਅਤੇ ਪੁਲਿਸ ਕਰ ਰਹੇ ਸਾਂਝੀ ਜਾਂਚ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਨਾਂਦੇੜ ਦੇ ਪੁਲਿਸ ਸੁਪਰਡੈਂਟ ਨੀਲਾਭ ਰੋਹਨ ਮੁਤਾਬਕ ਏ.ਟੀ.ਐੱਸ., ਇੰਟੈਲੀਜੈਂਸ ਬਿਊਰੋ ਅਤੇ ਨਾਂਦੇੜ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸਥਾਨਕ ਪੁਲਿਸ ਵੱਲੋਂ ਵੀ ਲੋੜੀਂਦਾ ਸਹਿਯੋਗ ਦਿੱਤਾ ਜਾ ਰਿਹਾ ਹੈ।

