ਚੰਡੀਗੜ੍ਹ :- ਪੰਜਾਬ ਵਿਚ ਮੌਨਸੂਨ ਦੀ ਸਰਗਰਮੀ ਇਸ ਸਮੇਂ ਭਾਵੇਂ ਮੱਠੀ ਪਈ ਹੋਈ ਹੈ, ਪਰ ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ਦੌਰਾਨ ਪਠਾਨਕੋਟ ਵਿਚ ਸਭ ਤੋਂ ਵੱਧ 53.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਰੂਪਨਗਰ ਵਿਚ 1.5 ਮਿਲੀਮੀਟਰ ਬਾਰਿਸ਼ ਹੋਈ।
ਕਈ ਸ਼ਹਿਰਾਂ ਵਿਚ ਤਾਪਮਾਨ ਆਮ ਨਾਲੋਂ ਵੱਧ
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿਚ ਦਿਨ ਦਾ ਤਾਪਮਾਨ ਆਮ ਨਾਲੋਂ ਉੱਚਾ ਰਿਹਾ। ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2.1 ਡਿਗਰੀ ਵੱਧ ਸੀ। ਇੱਥੇ ਘੱਟੋ-ਘੱਟ ਤਾਪਮਾਨ 28.2 ਡਿਗਰੀ ਸੈਲਸੀਅਸ ਰਿਹਾ।
ਬਠਿੰਡਾ ਵਿਚ ਸਭ ਤੋਂ ਵੱਧ ਤਾਪਮਾਨ
ਸੂਬੇ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ, ਪਟਿਆਲਾ ਵਿਚ 36.5 ਡਿਗਰੀ ਅਤੇ ਫ਼ਰੀਦਕੋਟ ਵਿਚ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿਚ ਦਿਨ ਦਾ ਸਭ ਤੋਂ ਵੱਧ ਤਾਪਮਾਨ 37.9 ਡਿਗਰੀ ਸੈਲਸੀਅਸ ਬਠਿੰਡਾ ਹਵਾਈ ਅੱਡੇ ’ਤੇ ਰਿਕਾਰਡ ਕੀਤਾ ਗਿਆ।
31 ਅਗਸਤ ਤੱਕ ਕਈ ਥਾਵਾਂ ’ਤੇ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ 31 ਅਗਸਤ ਤੱਕ ਪੰਜਾਬ ਦੇ ਕੁਝ ਹਿੱਸਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 1 ਤੋਂ 4 ਸਤੰਬਰ ਤੱਕ ਵੀ ਸੂਬੇ ਦੀਆਂ ਕੁਝ ਥਾਵਾਂ ’ਤੇ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਮੌਨਸੂਨ ਦੀ ਸਰਗਰਮੀ ਕਮਜ਼ੋਰ ਰਹਿਣ ਦੇ ਬਾਵਜੂਦ ਵੱਖ-ਵੱਖ ਇਲਾਕਿਆਂ ਵਿਚ ਰੁਕ-ਰੁਕ ਕੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ।

