ਤਰਨ ਤਾਰਨ :- ਪੰਜਾਬ ਸਰਕਾਰ ਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਇਤਿਹਾਸਕ ਕਦਮ ਚੁੱਕਦਿਆਂ “ਮੇਰਾ ਘਰ, ਮੇਰਾ ਮਾਣ” ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਪਿੰਡਾਂ ਦੀ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਘਰਾਂ ਦੇ ਲੋਕਾਂ ਨੂੰ ਹੁਣ ਆਪਣੀ ਜਾਇਦਾਦ ’ਤੇ ਪੂਰਾ ਕਾਨੂੰਨੀ ਮਾਲਕੀ ਹੱਕ ਮਿਲੇਗਾ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਲਾਲਜੀਤ ਸਿੰਘ ਭੁੱਲਰ ਨੇ ਤਰਨ ਤਾਰਨ ਹਲਕੇ ਦੇ 11 ਪਿੰਡਾਂ ਦੇ ਰਹਿਣ ਵਾਲਿਆਂ ਨੂੰ ਪ੍ਰਾਪਰਟੀ ਕਾਰਡ ਵੰਡੇ।
ਲੋਕਾਂ ਲਈ ਇਤਿਹਾਸਕ ਪਲ
ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪਿੰਡਾਂ ਦੀ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕ ਪੀੜ੍ਹੀਆਂ ਤੋਂ ਆਪਣੀ ਜ਼ਮੀਨ ’ਤੇ ਕਾਨੂੰਨੀ ਸੁਰੱਖਿਆ ਤੋਂ ਵਾਂਝੇ ਸਨ। ਇਸ ਯੋਜਨਾ ਨਾਲ ਹੁਣ ਉਹਨਾਂ ਨੂੰ ਪੂਰਾ ਕਾਨੂੰਨੀ ਹੱਕ ਮਿਲ ਗਿਆ ਹੈ, ਜਿਸ ਨਾਲ ਉਹ ਆਪਣੀ ਜਾਇਦਾਦ ਨੂੰ ਸਰਕਾਰੀ ਰਿਕਾਰਡ ਵਿੱਚ ਦਰਜ ਕਰਵਾ ਸਕਣਗੇ।
ਪ੍ਰਾਪਰਟੀ ਕਾਰਡ ਨਾਲ ਬੈਂਕ ਤੋਂ ਕਰਜ਼ਾ ਲੈਣਾ ਹੋਵੇਗਾ ਆਸਾਨ
ਮੁੰਡੀਆਂ ਨੇ ਦੱਸਿਆ ਕਿ ਪ੍ਰਾਪਰਟੀ ਕਾਰਡ ਡਿਜੀਟਲ ਸਰਕਾਰੀ ਦਸਤਾਵੇਜ਼ ਵਜੋਂ ਜਾਰੀ ਕੀਤੇ ਜਾਣਗੇ, ਜੋ ਬੈਂਕ ਤੋਂ ਕਰਜ਼ਾ ਲੈਣ ਲਈ ਗਾਰੰਟੀ ਦਾ ਕੰਮ ਕਰਨਗੇ। ਇਸ ਨਾਲ ਪਿੰਡਾਂ ਦੇ ਸਮਾਜ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਜਾਇਦਾਦੀ ਝਗੜਿਆਂ ਦਾ ਹੱਲ ਨਿਕਲੇਗਾ।
ਲੋਕਾਂ ਨਾਲ ਵਾਅਦੇ ਨੂੰ ਨਿਭਾਉਣ ਵੱਲ ਸਰਕਾਰ ਦਾ ਕਦਮ
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ “ਮੇਰਾ ਘਰ, ਮੇਰਾ ਮਾਣ” ਯੋਜਨਾ ਸਰਕਾਰ ਦਾ ਲੋਕਾਂ ਨਾਲ ਕੀਤਾ ਵਾਅਦਾ ਹੈ। ਇਹ ਕਦਮ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਆਰਥਿਕ ਮਜ਼ਬੂਤੀ ਲਈ ਬਹੁਤ ਮਹੱਤਵਪੂਰਨ ਹੈ।
ਤਰਨ ਤਾਰਨ ਹਲਕੇ ਦੇ ਇੰਚਾਰਜ ਹਰਮੀਤ ਸਿੰਘ ਸੰਧੂ ਨੇ ਵੀ ਇਸ ਯੋਜਨਾ ਨੂੰ ਪਿੰਡਾਂ ਦੀ ਤਰੱਕੀ ਅਤੇ ਸਮਾਜਿਕ ਨਿਆਂ ਲਈ ਇਕ ਇਤਿਹਾਸਕ ਮਿਸਾਲ ਕਰਾਰ ਦਿੱਤਾ।