ਚੰਡੀਗੜ੍ਹ :- ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਵਿੱਚ ਰਹਿੰਦੇ ਐਨਆਰਆਈ ਸੁਖਵਿੰਦਰ ਸਿੰਘ ਖ਼ਿਲਾਫ਼ ਲੁੱਕਆਉਟ ਸਰਕੂਲਰ (ਐਲਓਸੀ) ਜਾਰੀ ਕਰ ਦਿੱਤਾ ਹੈ। ਮੋਗਾ ਨਾਲ ਸੰਬੰਧਿਤ ਸੁਖਵਿੰਦਰ ਸਿੰਘ ‘ਤੇ ਕਤਲ ਦੀ ਸਾਜ਼ਿਸ਼ ਰਚਣ, ਅਗਵਾ ਕਰਨ, ਹੱਤਿਆ ਅਤੇ ਸਬੂਤ ਮਿਟਾਉਣ ਵਰਗੇ ਗੰਭੀਰ ਦੋਸ਼ ਲੱਗੇ ਹਨ।
ਪੋਸਟਮਾਰਟਮ ਰਿਪੋਰਟ ਨੇ ਖੋਲ੍ਹੇ ਕਈ ਰਾਜ਼
ਜਾਂਚ ਦੌਰਾਨ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਮੁਤਾਬਕ ਇੰਦਰ ਕੌਰ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਸੀ। ਡਾਕਟਰਾਂ ਅਨੁਸਾਰ ਇੱਕ ਗੋਲੀ ਉਸਦੀ ਛਾਤੀ ਦੇ ਸੱਜੇ ਪਾਸੇ ਤੋਂ ਪਾਰ ਹੋ ਗਈ ਸੀ, ਜਦਕਿ ਦੂਜੀ ਗੋਲੀ ਮੱਥੇ ਵਿੱਚ ਫਸੀ ਹੋਈ ਮਿਲੀ। ਇਸ ਖੁਲਾਸੇ ਤੋਂ ਬਾਅਦ ਮਾਮਲੇ ਨੇ ਹੋਰ ਵੀ ਗੰਭੀਰ ਰੂਪ ਧਾਰ ਲਿਆ ਹੈ।
13 ਮਈ ਦੀ ਰਾਤ ਹੋਇਆ ਸੀ ਅਗਵਾ
ਪੁਲਿਸ ਜਾਂਚ ਅਨੁਸਾਰ ਇੰਦਰ ਕੌਰ ਨੂੰ 13 ਮਈ ਦੀ ਰਾਤ ਕਰੀਬ 8:30 ਵਜੇ ਖਰੀਦਦਾਰੀ ਦੌਰਾਨ ਅਗਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸਦੀ ਹੱਤਿਆ ਕਰ ਦਿੱਤੀ ਗਈ। ਮਾਮਲੇ ਵਿੱਚ 15 ਮਈ ਨੂੰ ਜੋਤ ਇੰਦਰ ਸਿੰਘ ਵੱਲੋਂ ਸੁਖਵਿੰਦਰ ਸਿੰਘ, ਉਸਦੇ ਪਿਤਾ ਪ੍ਰੀਤਮ ਸਿੰਘ ਅਤੇ ਹੋਰ ਸਾਥੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਮੁੱਖ ਦੋਸ਼ੀ ਦੇ ਪਰਿਵਾਰਕ ਮੈਂਬਰ ਵੀ ਗ੍ਰਿਫ਼ਤਾਰ
ਜਾਂਚ ਦੌਰਾਨ ਸਮਰਾਲਾ ਪੁਲਿਸ ਨੇ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ 16 ਮਈ ਨੂੰ ਮ੍ਰਿਤਕਾ ਦੀ ਕਾਰ ਵੀ ਬਰਾਮਦ ਕਰ ਲਈ। ਇਸ ਤੋਂ ਇਲਾਵਾ ਮੁੱਖ ਮੁਲਜ਼ਮ ਦੇ ਪਿਤਾ ਪ੍ਰੀਤਮ ਸਿੰਘ ਅਤੇ ਰਵਿੰਦਰ ਸਿੰਘ ਨੂੰ ਵੀ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ ਗਿਆ ਹੈ।
ਰਿਸ਼ਤਾ ਤੋੜਨ ‘ਤੇ ਰਚੀ ਗਈ ਕਥਿਤ ਸਾਜ਼ਿਸ਼
ਪੁਲਿਸ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੰਦਰ ਕੌਰ ਨੂੰ ਜਦੋਂ ਸੁਖਵਿੰਦਰ ਸਿੰਘ ਦੇ ਵਿਆਹੇ ਹੋਣ ਬਾਰੇ ਪਤਾ ਲੱਗਾ ਤਾਂ ਉਸਨੇ ਉਸ ਨਾਲ ਰਿਸ਼ਤਾ ਖ਼ਤਮ ਕਰਨ ਦਾ ਫੈਸਲਾ ਕੀਤਾ ਸੀ। ਦੋਸ਼ ਹੈ ਕਿ ਇਸ ਕਾਰਨ ਗੁੱਸੇ ਵਿੱਚ ਆ ਕੇ ਉਸਦੇ ਅਗਵਾ ਅਤੇ ਕਤਲ ਦੀ ਸਾਜ਼ਿਸ਼ ਰਚੀ ਗਈ।
ਗਾਇਕੀ ਦਾ ਸ਼ੌਕ ਵੀ ਛੱਡਿਆ ਸੀ
ਜਾਂਚ ਅਧਿਕਾਰੀਆਂ ਮੁਤਾਬਕ ਇੰਦਰ ਕੌਰ, ਜਿਸਦਾ ਅਸਲੀ ਨਾਮ ਯਸ਼ਿੰਦਰ ਕੌਰ ਸੀ, ਪਿਛਲੇ ਕਰੀਬ ਤਿੰਨ ਸਾਲਾਂ ਤੋਂ ਸੁਖਵਿੰਦਰ ਸਿੰਘ ਦੀ ਮਰਜ਼ੀ ਕਾਰਨ ਆਪਣੇ ਗਾਇਕੀ ਦੇ ਸ਼ੌਕ ਤੋਂ ਵੀ ਦੂਰ ਹੋ ਗਈ ਸੀ। ਪਰ ਜਿਸ ਵਿਅਕਤੀ ਲਈ ਉਸਨੇ ਆਪਣਾ ਕਰੀਅਰ ਪਿੱਛੇ ਛੱਡਿਆ, ਉਹੀ ਆਖਿਰਕਾਰ ਉਸਦੀ ਮੌਤ ਦਾ ਕਾਰਨ ਬਣ ਗਿਆ।

