ਲੁਧਿਆਣਾ :- ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਦੱਖਣੀ ਹਲਕੇ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨਾਲ ਜੁੜਿਆ ਇੱਕ ਮਾਮਲਾ ਚਰਚਾ ਵਿੱਚ ਆ ਗਿਆ ਹੈ। ਡਾਬਾ ਰੋਡ ’ਤੇ ਟਰੱਕ ਨੂੰ ਸਾਈਡ ਦੇਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਵਿਧਾਇਕਾ ਵੱਲੋਂ ਡਰਾਈਵਰ ਨੂੰ ਥੱਪੜ ਮਾਰਨ ਦੇ ਦੋਸ਼ ਲੱਗੇ ਹਨ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਦਕਿ ਡਰਾਈਵਰ ਨੇ ਥਾਣਾ ਡਾਬਾ ਵਿੱਚ ਸ਼ਿਕਾਇਤ ਦਿੱਤੀ ਹੈ।
ਪਿੱਛੇ ਆ ਰਹੀ ਗੱਡੀ ਨੂੰ ਰਸਤਾ ਨਾ ਮਿਲਣ ਤੋਂ ਬਾਅਦ ਵਧਿਆ ਮਾਮਲਾ
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੁਪਹਿਰ ਬਾਅਦ ਡਾਬਾ ਰੋਡ ’ਤੇ ਟਰੱਕ ਲੰਘ ਰਿਹਾ ਸੀ। ਇਸੇ ਦੌਰਾਨ ਪਿੱਛੋਂ ਵਿਧਾਇਕਾ ਦੀ ਗੱਡੀ ਆਈ। ਟਰੱਕ ਵੱਲੋਂ ਸਾਈਡ ਨਾ ਮਿਲਣ ’ਤੇ ਵਿਧਾਇਕਾ ਦੀ ਗੱਡੀ ਦੇ ਡਰਾਈਵਰ ਨੇ ਹਾਰਨ ਅਤੇ ਹੂਟਰ ਦੀ ਵਰਤੋਂ ਕੀਤੀ, ਪਰ ਟਰੱਕ ਨੇ ਰਸਤਾ ਨਹੀਂ ਦਿੱਤਾ। ਇਸ ਤੋਂ ਬਾਅਦ ਵਿਧਾਇਕਾ ਆਪਣੇ ਗਨਮੈਨ ਸਮੇਤ ਗੱਡੀ ਤੋਂ ਉਤਰ ਕੇ ਟਰੱਕ ਕੋਲ ਪਹੁੰਚੀ। ਇਸ ਦੌਰਾਨ ਡਰਾਈਵਰ ਨੂੰ ਥੱਪੜ ਮਾਰਨ ਦੇ ਦੋਸ਼ ਲੱਗੇ ਹਨ।
ਡਰਾਈਵਰ ਨੇ ਕਿਹਾ, ਪਿੱਛੇ ਕੌਣ ਸੀ ਇਸ ਦੀ ਨਹੀਂ ਸੀ ਜਾਣਕਾਰੀ
ਡਰਾਈਵਰ ਦਾ ਦਾਅਵਾ ਹੈ ਕਿ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਪਿੱਛੇ ਵਿਧਾਇਕਾ ਦੀ ਗੱਡੀ ਆ ਰਹੀ ਹੈ। ਉਸ ਮੁਤਾਬਕ ਵਿਧਾਇਕਾ ਦੇ ਟਰੱਕ ਕੋਲ ਆਉਣ ਤੋਂ ਬਾਅਦ ਉਸ ਨਾਲ ਕਥਿਤ ਤੌਰ ’ਤੇ ਧਮਕਾਉਣ ਵਾਲੇ ਅੰਦਾਜ਼ ਵਿੱਚ ਗੱਲ ਕੀਤੀ ਗਈ ਅਤੇ ਫਿਰ ਥੱਪੜ ਮਾਰਿਆ ਗਿਆ। ਘਟਨਾ ਤੋਂ ਬਾਅਦ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਦੇਰ ਸ਼ਾਮ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਵੱਲੋਂ ਵਿਧਾਇਕਾ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਥਾਣਾ ਡਾਬਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੇ ਦੋਵਾਂ ਧਿਰਾਂ ਦੇ ਪੱਖਾਂ ਦੀ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਸਪਸ਼ਟ ਹੋਵੇਗੀ।

