ਲੁਧਿਆਣਾ :- ਪੁਲਿਸ ਨੇ ਇਸ ਸਾਲ ਦੀਵਾਲੀ ਮੌਕੇ ਸ਼ਹਿਰ ਵਿੱਚ ਪਟਾਕੇ ਚਲਾਉਣ ਦਾ ਸਮਾਂ ਸੀਮਤ ਕਰ ਦਿੱਤਾ ਹੈ। ਪੁਲਿਸ ਕਮਿਸ਼ਨਰ ਦੇ ਹੁਕਮਾਂ ਮੁਤਾਬਿਕ ਸਿਰਫ਼ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਰਹੇਗੀ। ਇਹ ਨਿਯਮ 15 ਦਸੰਬਰ ਤੱਕ ਲਾਗੂ ਰਹੇਗਾ।
ਗੁਰਪੁਰਬ ਦੇ ਦੌਰਾਨ ਪਟਾਕੇ ਚਲਾਉਣ ਦਾ ਸਮਾਂ ਰਾਤ 9 ਵਜੇ ਤੋਂ 10 ਵਜੇ ਤੱਕ ਸੀਮਤ ਕੀਤਾ ਗਿਆ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਿਰਧਾਰਿਤ ਸਮੇਂ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਗ੍ਰੀਨ ਪਟਾਕੇ ਅਤੇ ਸੁਰੱਖਿਅਤ ਆਤਿਸ਼ਬਾਜ਼ੀ
ਪੁਲਿਸ ਕਮਿਸ਼ਨਰ ਨੇ ਸਿਰਫ਼ ਗ੍ਰੀਨ ਪਟਾਕੇ ਅਤੇ ਸੁਰੱਖਿਅਤ ਆਤਿਸ਼ਬਾਜ਼ੀ ਕਰਨ ਦੀ ਆਗਿਆ ਦਿੱਤੀ ਹੈ। ਬੈਰੀਅਮ ਸਾਲਟ, ਲਿਥੀਅਮ, ਮਰਕਰੀ, ਆਰਸੈਨਿਕ, ਲੈੱਡ ਅਤੇ ਹੋਰ ਨੁਕਸਾਨਦਾਇਕ ਤੱਤ ਵਾਲੇ ਪਟਾਕੇ ਪੂਰੀ ਤਰ੍ਹਾਂ ਪਾਬੰਦੀ ਦੇ ਹੇਠ ਆਏ ਹਨ। ਦੁਕਾਨਦਾਰ ਵੀ ਇਨ੍ਹਾਂ ਪਟਾਕਿਆਂ ਨੂੰ ਵੇਚਣ ਤੋਂ ਰੋਕੇ ਜਾਣਗੇ।
ਪੁਲਿਸ ਪਟਾਕਾ ਮਾਰਕੀਟਾਂ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਏਗੀ ਅਤੇ ਜੇ ਕੋਈ ਦੁਕਾਨਦਾਰ ਪਾਬੰਦੀਸ਼ੁਦਾ ਪਟਾਕੇ ਵੇਚਦਾ ਹੈ, ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪਾਬੰਦੀ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਲਗਾਈ ਗਈ ਹੈ।
ਪੁਲਿਸ ਦੇ ਹੁਕਮਾਂ ਦੀਆਂ ਮੁੱਖ ਗੱਲਾਂ
-
ਕੋਈ ਵੀ ਵਿਅਕਤੀ ਬਿਨਾਂ ਲਾਇਸੈਂਸ ਦੇ ਪਟਾਕੇ ਨਹੀਂ ਵੇਚ ਸਕੇਗਾ ਅਤੇ ਨਾ ਸਟੋਰ ਕਰ ਸਕੇਗਾ।
-
ਪਾਬੰਦੀਸ਼ੁਦਾ ਪਟਾਕੇ ਖਰੀਦਣ ਜਾਂ ਵੇਚਣ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
-
ਲੜੀ ਵਾਲੇ ਪਟਾਕਿਆਂ ‘ਤੇ ਪਾਬੰਦੀ ਹੋਵੇਗੀ।
-
ਹਸਪਤਾਲਾਂ ਅਤੇ ਵਿਦਿਆਕ ਸੰਸਥਾਵਾਂ ਤੋਂ 100 ਮੀਟਰ ਦੇ ਅੰਦਰ ਪਟਾਕੇ ਅਤੇ ਆਤਿਸ਼ਬਾਜ਼ੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗੇਗੀ।
-
ਪ੍ਰਦੂਸ਼ਣ ਘਟਾਉਣ ਲਈ ਕਮਿਊਨਿਟੀ ਆਤਿਸ਼ਬਾਜ਼ੀ ਨੂੰ ਪ੍ਰਮੋਟ ਕੀਤਾ ਜਾਵੇਗਾ।
-
ਜੇ ਕੋਈ ਸੁਸਾਇਟੀ ਮਿਲ ਕੇ ਆਤਿਸ਼ਬਾਜ਼ੀ ਕਰਨਾ ਚਾਹੁੰਦੀ ਹੈ, ਤਾਂ ਸਬੰਧਤ ਐੱਸ.ਡੀ.ਐੱਮ. ਅਤੇ ਪੁਲਿਸ ਨੂੰ ਪਹਿਲਾਂ ਸੂਚਿਤ ਕਰਨਾ ਜਰੂਰੀ ਹੈ।