ਬਰਨਾਲਾ :- ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਜੱਦੀ ਘਰ ਨੂੰ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਦਾ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਕਰੀਬ 1:30 ਤੋਂ 2 ਵਜੇ ਦੇ ਵਿਚਕਾਰ ਮੋਟਰਸਾਈਕਲ ’ਤੇ ਆਏ ਹਮਲਾਵਰਾਂ ਨੇ ਘਰ ਦੇ ਬਾਹਰੋਂ ਕਈ ਰਾਊਂਡ ਫਾਇਰ ਕੀਤੇ। ਵਾਰਦਾਤ ਤੋਂ ਬਾਅਦ ਹਮਲਾਵਰ ਉਥੋਂ ਫ਼ਰਾਰ ਹੋ ਗਏ।
ਗੇਟ ’ਤੇ ਮਿਲੇ ਗੋਲੀਆਂ ਦੇ ਨਿਸ਼ਾਨ, ਗਾਇਕ ਘਰ ਨਹੀਂ ਸਨ ਮੌਜੂਦ
ਗੋਲੀਬਾਰੀ ਦੌਰਾਨ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ, ਪਰ ਘਰ ਨੂੰ ਨੁਕਸਾਨ ਪਹੁੰਚਿਆ ਹੈ। ਘਰ ਦੇ ਗੇਟ ’ਤੇ ਗੋਲੀਆਂ ਦੇ ਕਈ ਨਿਸ਼ਾਨ ਮਿਲੇ ਹਨ। ਘਟਨਾ ਸਮੇਂ ਗੁਲਾਬ ਸਿੱਧੂ ਘਰ ਵਿੱਚ ਮੌਜੂਦ ਨਹੀਂ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਆਪਣੇ ਸੰਗੀਤਕ ਪ੍ਰੋਗਰਾਮਾਂ ਦੇ ਸਿਲਸਿਲੇ ਵਿੱਚ ਇਨ੍ਹੀਂ ਦਿਨੀਂ ਵਿਦੇਸ਼ ਗਏ ਹੋਏ ਹਨ।
ਸੀਸੀਟੀਵੀ ਵਿੱਚ ਮੋਟਰਸਾਈਕਲ ਤੇ ਤਿੰਨ ਵਿਅਕਤੀ ਦਿਖੇ
ਘਰ ਦੇ ਬਾਹਰ ਹੋਈ ਗੋਲੀਬਾਰੀ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀ ਘਰ ਦੇ ਬਾਹਰ ਰੁਕਦੇ ਦਿਖਾਈ ਦੇ ਰਹੇ ਹਨ। ਕੁਝ ਸਮੇਂ ਬਾਅਦ ਗੋਲੀਬਾਰੀ ਕਰਨ ਤੋਂ ਪਿੱਛੋਂ ਉਹ ਮੌਕੇ ਤੋਂ ਚਲੇ ਜਾਂਦੇ ਹਨ। ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਗੁਲਾਬ ਸਿੱਧੂ ਨੂੰ ਪਹਿਲਾਂ ਕਥਿਤ ਤੌਰ ’ਤੇ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਘਟਨਾ ਨੂੰ ਉਨ੍ਹਾਂ ਧਮਕੀਆਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਗੋਲੀਬਾਰੀ ਦਾ ਅਸਲ ਕਾਰਨ ਅਤੇ ਹਮਲਾਵਰਾਂ ਦੀ ਪਛਾਣ ਪੁਲਿਸ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ।

