ਜਲੰਧਰ :- ਜਲੰਧਰ-ਦਿੱਲੀ ਕੌਮੀ ਮਾਰਗ ’ਤੇ ਗੋਰਾਇਆ ਫਲਾਈਓਵਰ ਨੇੜੇ ਸ਼ੁੱਕਰਵਾਰ ਦੇਰ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਇਕੋ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਰਾਤ ਕਰੀਬ ਸਾਢੇ 3 ਵਜੇ ਵਾਪਰਿਆ, ਜਦੋਂ ਸਪਲੈਂਡਰ ਮੋਟਰਸਾਈਕਲ ਅੱਗੇ ਜਾ ਰਹੇ ਪਾਰਸਲ ਟਰੱਕ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਟਰੱਕ ਦੇ ਪਿਛਲੇ ਹਿੱਸੇ ਹੇਠਾਂ ਕਾਫ਼ੀ ਅੰਦਰ ਤੱਕ ਜਾ ਫਸਿਆ।
ਗੰਭੀਰ ਹਾਲਤ ਵਿਚ ਮਿਲੇ ਤਿੰਨੇ ਨੌਜਵਾਨ
ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਘਟਨਾ ਸਥਾਨ ’ਤੇ ਪਹੁੰਚੀ। ਮੌਕੇ ’ਤੇ ਤਿੰਨੇ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਸੜਕ ’ਤੇ ਪਏ ਮਿਲੇ। ਪੁਲਿਸ ਨੇ ਬਿਨਾਂ ਦੇਰੀ ਕੀਤੇ ਉਨ੍ਹਾਂ ਨੂੰ ਫਿਲੌਰ ਦੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਉਪਰੰਤ ਤਿੰਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀ ਉਮਰ ਕਰੀਬ 20 ਤੋਂ 22 ਸਾਲ ਦੇ ਵਿਚਕਾਰ ਸੀ।
ਉੱਤਰ ਪ੍ਰਦੇਸ਼ ਨਾਲ ਸਬੰਧਿਤ ਹੋਣ ਦੀ ਮੁੱਢਲੀ ਜਾਣਕਾਰੀ
ਮੁੱਢਲੀ ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਹਾਲਾਂਕਿ ਅਜੇ ਤੱਕ ਉਨ੍ਹਾਂ ਦੀ ਪੱਕੀ ਪਛਾਣ ਨਹੀਂ ਹੋ ਸਕੀ। ਪੁਲਿਸ ਨੂੰ ਮ੍ਰਿਤਕਾਂ ਕੋਲੋਂ ਕੋਈ ਸ਼ਨਾਖਤੀ ਦਸਤਾਵੇਜ਼ ਨਹੀਂ ਮਿਲਿਆ। ਹਾਦਸੇ ਵਾਲੀ ਥਾਂ ਤੋਂ ਮਿਲੇ ਮੋਬਾਈਲ ਫੋਨਾਂ ਦੀ ਮਦਦ ਨਾਲ ਪੁਲਿਸ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਟਰੱਕ ਚਾਲਕ ਦੀ ਭਾਲ ਜਾਰੀ
ਪੁਲਿਸ ਅਨੁਸਾਰ ਹਾਦਸਾ ਕਿਹੜੇ ਹਾਲਾਤਾਂ ਵਿਚ ਵਾਪਰਿਆ, ਇਸ ਸਬੰਧੀ ਅਜੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਹਾਦਸੇ ਤੋਂ ਬਾਅਦ ਪਾਰਸਲ ਟਰੱਕ ਦਾ ਚਾਲਕ ਵੀ ਮੌਕੇ ਤੋਂ ਗਾਇਬ ਮਿਲਿਆ। ਪੁਲਿਸ ਵੱਲੋਂ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰਦਿਆਂ ਹਾਦਸੇ ਦੇ ਕਾਰਨਾਂ ਅਤੇ ਮ੍ਰਿਤਕ ਨੌਜਵਾਨਾਂ ਦੀ ਪਛਾਣ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਫਿਲੌਰ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀਆਂ ਗਈਆਂ ਹਨ।

