ਚੰਡੀਗੜ੍ਹ :- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਅੱਜ ਮਾਨਸਾ ਦੀ ਮਾਣਯੋਗ ਅਦਾਲਤ ਵਿੱਚ ਅਹਿਮ ਪੇਸ਼ੀ ਹੋਣ ਜਾ ਰਹੀ ਹੈ। ਇਸ ਪੇਸ਼ੀ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਦਾਲਤ ਸਾਹਮਣੇ ਗਵਾਹੀ ਦੇਣ ਲਈ ਪੇਸ਼ ਹੋਣਗੇ, ਜਿਸ ਨੂੰ ਕੇਸ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਅਦਾਲਤ ‘ਚ ਪੇਸ਼ ਹੋਈ ਮੂਸੇਵਾਲਾ ਦੀ ਥਾਰ ਗੱਡੀ
ਮਿਲੀ ਜਾਣਕਾਰੀ ਮੁਤਾਬਕ ਅੱਜ ਦੀ ਕਾਰਵਾਈ ਦੌਰਾਨ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਵੀ ਪੇਸ਼ ਕੀਤੀ ਗਈ ਹੈ। ਇਸ ਗੱਡੀ ਦੀ ਪਛਾਣ ਬਲਕੌਰ ਸਿੰਘ ਵੱਲੋਂ ਕੀਤੀ ਜਾਵੇਗੀ। ਇਹ ਉਹੀ ਵਾਹਨ ਹੈ ਜੋ ਘਟਨਾ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਮੰਨਿਆ ਜਾਂਦਾ ਹੈ।
ਪਹਿਲਾਂ ਹੀ ਹੋ ਚੁੱਕੀ ਹੈ ਹੋਰ ਵਾਹਨਾਂ ਦੀ ਪਛਾਣ
ਇਸ ਤੋਂ ਪਹਿਲਾਂ ਬਲਕੌਰ ਸਿੰਘ ਵੱਲੋਂ ਅਦਾਲਤ ਵਿੱਚ ਘਟਨਾ ਸਮੇਂ ਵਰਤੀਆਂ ਗਈਆਂ ਕੋਰੋਲਾ ਅਤੇ ਬੋਲੇਰੋ ਗੱਡੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਇਹ ਕਾਰਵਾਈ ਜਾਂਚ ਏਜੰਸੀਆਂ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਮੰਨਿਆ ਗਿਆ ਸੀ।
ਸ਼ੂਟਰਾਂ ਦੀ ਪਛਾਣ ਵੀ ਕਰ ਚੁੱਕੇ ਹਨ ਬਲਕੌਰ ਸਿੰਘ
ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਸ਼ੂਟਰਾਂ ਦੀ ਪਛਾਣ ਵੀ ਬਲਕੌਰ ਸਿੰਘ ਵੱਲੋਂ ਪਹਿਲਾਂ ਅਦਾਲਤ ਵਿੱਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੀ ਗਵਾਹੀ ਨੂੰ ਪਰਿਵਾਰਕ ਪੱਖ ਵੱਲੋਂ ਕੇਸ ਦੀ ਰੀੜ੍ਹ ਦੀ ਹੱਡੀ ਵਜੋਂ ਦੇਖਿਆ ਜਾ ਰਿਹਾ ਹੈ।
ਅੱਜ ਦੀ ਪੇਸ਼ੀ ‘ਤੇ ਟਿਕੀਆਂ ਸਾਰੀਆਂ ਨਜ਼ਰਾਂ
ਕਾਨੂੰਨੀ ਮਾਹਿਰਾਂ ਦੇ ਮਤਾਬਕ ਅੱਜ ਦੀ ਅਦਾਲਤੀ ਕਾਰਵਾਈ ਕੇਸ ਦੀ ਦਿਸ਼ਾ ਲਈ ਕਾਫ਼ੀ ਅਹਿਮ ਸਾਬਤ ਹੋ ਸਕਦੀ ਹੈ। ਬਲਕੌਰ ਸਿੰਘ ਦੀ ਗਵਾਹੀ ਨਾਲ ਪ੍ਰੋਸਿਕਿਊਸ਼ਨ ਨੂੰ ਹੋਰ ਮਜ਼ਬੂਤੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ, ਜਦਕਿ ਮਾਮਲੇ ‘ਤੇ ਸਾਰੀਆਂ ਨਜ਼ਰਾਂ ਮਾਨਸਾ ਅਦਾਲਤ ਵਿੱਚ ਹੋਣ ਵਾਲੀ ਅਗਲੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ।

