ਚੰਡੀਗੜ੍ਹ :- ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਸਵੇਰੇ ਤੋਂ ਤੇਜ਼ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਮਾਨਸਾ, ਸੰਗਰੂਰ, ਲੁਧਿਆਣਾ, ਮੋਗਾ, ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੌਰਾਨ ਅਸਮਾਨੀ ਬਿਜਲੀ ਚਮਕਣ ਦੇ ਨਾਲ 30-40 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਵੀ ਚੱਲਣਗੀਆਂ।
ਲੋਕਾਂ ਲਈ ਚੇਤਾਵਨੀ ਅਤੇ ਸੁਰੱਖਿਆ ਸਲਾਹ
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਿਜਲੀ ਲਿਸ਼ਕਣ ਦੌਰਾਨ ਖੁੱਲ੍ਹੇ ਖੇਤਾਂ, ਦਰੱਖਤ ਹੇਠਾਂ ਜਾਂ ਬਿਜਲੀ ਦੇ ਖੰਭਿਆਂ ਕੋਲ ਖੜ੍ਹਣ ਤੋਂ ਬਚਣ।
ਭਾਰੀ ਮੀਂਹ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦਾ ਖ਼ਤਰਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਐਮਰਜੈਂਸੀ ਸੇਵਾਵਾਂ ਨੂੰ ਵੀ ਸਾਵਧਾਨ ਰਹਿਣ ਲਈ ਅਲਰਟ ਕੀਤਾ ਗਿਆ ਹੈ।
ਹੜ੍ਹ ਦੀ ਸਥਿਤੀ ਤੋਂ ਲੋਕ ਪਰੇਸ਼ਾਨ
ਪੰਜਾਬ ਦੇ ਕਈ ਖੇਤਰ ਪਹਿਲਾਂ ਹੀ ਹੜ੍ਹ ਦੀ ਮਾਰ ਹੇਠ ਹਨ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਦਾ ਇਕ ਵਾਰ ਫਿਰ ਖ਼ਰਾਬ ਹੋਣਾ ਲੋਕਾਂ ਵਿੱਚ ਡਰ ਪੈਦਾ ਕਰ ਰਿਹਾ ਹੈ, ਕਿਉਂਕਿ ਹੋਰ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।