ਲੁਧਿਆਣਾ :- ਹੈਬੋਵਾਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮੰਗਲਵਾਰ ਦੁਪਹਿਰ ਉਸ ਸਮੇਂ ਦੁਖਦਾਈ ਘਟਨਾ ਵਾਪਰੀ, ਜਦੋਂ ਸਕੂਲ ਦੇ ਮੁੱਖ ਅਧਿਆਪਕ ਹਰਜੀਤ ਸਿੰਘ ਗਰੇਵਾਲ ਦੀ ਡਿਊਟੀ ਦੌਰਾਨ ਅਚਾਨਕ ਮੌਤ ਹੋ ਗਈ। 49 ਸਾਲਾ ਹਰਜੀਤ ਸਿੰਘ ਗਰੇਵਾਲ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਤੋਂ ਇਸ ਸਕੂਲ ਵਿੱਚ ਮੁੱਖ ਅਧਿਆਪਕ ਵਜੋਂ ਸੇਵਾ ਨਿਭਾਅ ਰਹੇ ਸਨ।
ਕਲਾਸਾਂ ਦਾ ਜਾਇਜ਼ਾ ਲੈਂਦੇ ਸਮੇਂ ਆਇਆ ਛਾਤੀ ’ਚ ਦਰਦ
ਮਿਲੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਗਰੇਵਾਲ ਸਕੂਲ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਵੱਖ-ਵੱਖ ਕਲਾਸਾਂ ਦਾ ਜਾਇਜ਼ਾ ਲੈ ਰਹੇ ਸਨ। ਇਸੇ ਦੌਰਾਨ ਉਹ ਇੱਕ ਕਲਾਸ ਵਿੱਚ ਗਏ ਅਤੇ ਉੱਥੇ ਮੌਜੂਦ ਅਧਿਆਪਕ ਤੋਂ ਕਲਾਸ ਬਾਰੇ ਪੁੱਛਣ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਅਤੇ ਉਹ ਮੂੰਹ ਭਾਰ ਜ਼ਮੀਨ ’ਤੇ ਡਿੱਗ ਪਏ।
ਅਧਿਆਪਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ
ਹੈੱਡਟੀਚਰ ਦੇ ਡਿੱਗਣ ਤੋਂ ਬਾਅਦ ਕਲਾਸ ਵਿੱਚ ਮੌਜੂਦ ਅਧਿਆਪਕ ਨੇ ਉਨ੍ਹਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਇਕੱਲੇ ਉਨ੍ਹਾਂ ਨੂੰ ਨਾ ਚੁੱਕ ਸਕੇ ਤਾਂ ਹੋਰ ਅਧਿਆਪਕਾਂ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਸਕੂਲ ਦੇ ਅਧਿਆਪਕ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਮੁਹੱਲਾ ਕਲੀਨਿਕ ਲੈ ਗਏ।
ਡੀਐਮਸੀ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨਿਆ
ਮੁਹੱਲਾ ਕਲੀਨਿਕ ਤੋਂ ਬਾਅਦ ਅਧਿਆਪਕਾਂ ਵੱਲੋਂ ਐਂਬੂਲੈਂਸ ਬੁਲਾਈ ਗਈ ਅਤੇ ਹਰਜੀਤ ਸਿੰਘ ਗਰੇਵਾਲ ਨੂੰ ਡੀਐਮਸੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਜਾਂਚ ਮਗਰੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਅੱਜ ਪਿੰਡ ਲਲਤੋਂ ’ਚ ਹੋਵੇਗਾ ਅੰਤਿਮ ਸਸਕਾਰ
ਹਰਜੀਤ ਸਿੰਘ ਗਰੇਵਾਲ ਦੀ ਮੌਤ ਦੀ ਖ਼ਬਰ ਨਾਲ ਸਕੂਲ ਵਿੱਚ ਸੋਗ ਦਾ ਮਾਹੌਲ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਉਨ੍ਹਾਂ ਦੇ ਪਿੰਡ ਲਲਤੋਂ ਵਿਖੇ ਕੀਤਾ ਜਾਵੇਗਾ।

