ਚੰਡੀਗੜ੍ਹ :- ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ‘ਵੀਰ ਬਾਲ ਦਿਵਸ’ ਮੌਕੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਇੱਕ ਇਸ਼ਤਿਹਾਰ ਨੂੰ ਲੈ ਕੇ ਤਿੱਖਾ ਐਤਰਾਜ਼ ਦਰਜ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਸ਼ਤਿਹਾਰ ਸਿੱਖ ਧਾਰਮਿਕ ਮਰਿਆਦਾ ਅਤੇ ਮੂਲ ਸਿਧਾਂਤਾਂ ਦੇ ਉਲਟ ਹੈ, ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਸਰਕਾਰ ‘ਤੇ ਲਗਾਤਾਰ ਅਣਦੇਖੀ ਦੇ ਦੋਸ਼
ਹਰਸਿਮਰਤ ਬਾਦਲ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਵੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰ ਚੁੱਕੀ ਹੈ। ਉਨ੍ਹਾਂ ਅਨੁਸਾਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਸ਼ਹਾਦਤ ਨਾਲ ਜੁੜੇ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਨਾਮ ਦੇਣਾ ਹੀ ਸਿੱਖ ਇਤਿਹਾਸ ਨਾਲ ਅਨੁਚਿਤ ਛੇੜਛਾੜ ਸੀ, ਜਿਸ ਦਾ ਵਿਰੋਧ ਵੱਡੇ ਪੱਧਰ ‘ਤੇ ਹੋਇਆ।
ਇਸ਼ਤਿਹਾਰ ‘ਚ ਦਰਸਾਏ ਗਏ ਪ੍ਰਤੀਕਾਂ ‘ਤੇ ਸਵਾਲ
ਬਠਿੰਡਾ ਦੀ ਸੰਸਦ ਮੈਂਬਰ ਨੇ ਦੋਸ਼ ਲਗਾਇਆ ਕਿ ਹੁਣ ਉਸੇ ਸੋਚ ਤਹਿਤ ਅਜਿਹੇ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ, ਜੋ ਸਿੱਖ ਪਰੰਪਰਾਵਾਂ ਅਤੇ ਰਹਿਤ-ਮਰਿਆਦਾ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਧਾਰਮਿਕ ਇਤਿਹਾਸ ਨੂੰ ਸਰਕਾਰੀ ਪ੍ਰਚਾਰ ਦਾ ਹਿੱਸਾ ਬਣਾਉਂਦੇ ਸਮੇਂ ਸੰਵੇਦਨਸ਼ੀਲਤਾ ਦੀ ਕਮੀ ਸਾਫ਼ ਦਿੱਖ ਰਹੀ ਹੈ।
ਸਿੱਖ ਕੌਮ ਲਈ ਅਪਮਾਨਜਨਕ ਕਦਮ: ਬਾਦਲ
ਹਰਸਿਮਰਤ ਬਾਦਲ ਨੇ ਇਹ ਮਾਮਲਾ ਸਿਰਫ਼ ਰਾਜਨੀਤਿਕ ਨਹੀਂ, ਸਗੋਂ ਸਿੱਖ ਕੌਮ ਦੇ ਸਨਮਾਨ ਨਾਲ ਜੁੜਿਆ ਹੋਇਆ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਸਿੱਖ ਧਾਰਮਿਕ ਮਾਨਤਾਵਾਂ ‘ਤੇ ਸਿੱਧੀ ਸੱਟ ਹਨ ਅਤੇ ਇਹ ਸਵੀਕਾਰਯੋਗ ਨਹੀਂ।
ਇਸ਼ਤਿਹਾਰ ਵਾਪਸ ਲੈਣ ਦੀ ਮੰਗ
ਸੰਸਦ ਮੈਂਬਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਵਾਦਿਤ ਇਸ਼ਤਿਹਾਰ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ ਅਤੇ ਭਵਿੱਖ ਵਿੱਚ ਸਿੱਖ ਇਤਿਹਾਸ, ਸ਼ਹਾਦਤਾਂ ਅਤੇ ਧਾਰਮਿਕ ਸਿਧਾਂਤਾਂ ਨਾਲ ਸਬੰਧਤ ਕਿਸੇ ਵੀ ਪ੍ਰਚਾਰ ਤੋਂ ਪਹਿਲਾਂ ਪੂਰੀ ਸੰਵੇਦਨਸ਼ੀਲਤਾ ਅਤੇ ਸਲਾਹ-ਮਸ਼ਵਰਾ ਕੀਤਾ ਜਾਵੇ, ਤਾਂ ਜੋ ਅਜਿਹੇ ਵਿਵਾਦ ਦੁਬਾਰਾ ਨਾ ਜਨਮ ਲੈਣ।

