ਚੰਡੀਗੜ੍ਹ :- ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਕਥਿਤ ਲਾਪਤਾ ਹੋਣ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੱਜ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਅਦਾਲਤ ਨੇ ਸਬੰਧਤ ਥਾਣਾ ਮੁਖੀ (SHO) ਨੂੰ ਹੁਕਮ ਦਿੱਤੇ ਸਨ ਕਿ ਹਰਭਜਨ ਸ਼ੇਰਾ ਨੂੰ ਹਰ ਹਾਲਤ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇ।
ਦੂਜੀ ਪਤਨੀ ਨੇ ਹੈਬੀਅਸ ਕਾਰਪਸ ਪਟੀਸ਼ਨ ਕੀਤੀ ਦਾਇਰ
ਇਹ ਮਾਮਲਾ ਹਰਭਜਨ ਸ਼ੇਰਾ ਦੀ ਦੂਜੀ ਪਤਨੀ ਹਮੀਰ ਕੌਰ ਵੱਲੋਂ ਦਾਇਰ ਕੀਤੀ ਗਈ ਹੈਬੀਅਸ ਕਾਰਪਸ ਪਟੀਸ਼ਨ ਤੋਂ ਬਾਅਦ ਅਦਾਲਤ ਤੱਕ ਪਹੁੰਚਿਆ। ਪਟੀਸ਼ਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਗਾਇਕ ਨੂੰ ਉਸ ਦੀ ਪਹਿਲੀ ਪਤਨੀ ਅਤੇ ਕੁਝ ਰਿਸ਼ਤੇਦਾਰਾਂ ਨੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਤਰੀਕੇ ਨਾਲ ਆਪਣੇ ਕੋਲ ਰੱਖਿਆ ਹੋਇਆ ਹੈ।
‘ਨਾ ਸੰਪਰਕ ਕਰਨ ਦਿੱਤਾ ਜਾ ਰਿਹਾ, ਨਾ ਘਰ ਆਉਣ’
ਪੇਸ਼ੇ ਤੋਂ ਅਧਿਆਪਕਾ ਹਮੀਰ ਕੌਰ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਹਰਭਜਨ ਸ਼ੇਰਾ ਨੂੰ ਨਾ ਤਾਂ ਉਸ ਨਾਲ ਗੱਲ ਕਰਨ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਘਰ ਵਾਪਸ ਆਉਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅਦਾਲਤ ਤੋਂ ਮੰਗ ਕੀਤੀ ਹੈ ਕਿ ਗਾਇਕ ਨੂੰ ਸੁਰੱਖਿਅਤ ਢੰਗ ਨਾਲ ਬਰਾਮਦ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਜੇਕਰ ਉਹ ਗੈਰ-ਕਾਨੂੰਨੀ ਹਿਰਾਸਤ ਵਿੱਚ ਹਨ ਤਾਂ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਮਈ 2024 ਵਿੱਚ ਹੋਇਆ ਸੀ ਵਿਆਹ
ਪਟੀਸ਼ਨ ਮੁਤਾਬਕ ਹਮੀਰ ਕੌਰ ਦਾ ਵਿਆਹ ਮਈ 2024 ਵਿੱਚ ਹਰਭਜਨ ਸ਼ੇਰਾ ਨਾਲ ਹੋਇਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਵਿਆਹ ਤੋਂ ਪਹਿਲਾਂ ਗਾਇਕ ਨੇ ਦੱਸਿਆ ਸੀ ਕਿ ਪਹਿਲੀ ਪਤਨੀ ਨਾਲ ਉਸ ਦੇ ਸਾਰੇ ਵਿਵਾਦ ਸੁਲਝ ਚੁੱਕੇ ਹਨ। ਇਸ ਤੋਂ ਬਾਅਦ ਦੋਵੇਂ ਮੋਹਾਲੀ ਵਿੱਚ ਇਕੱਠੇ ਰਹਿ ਰਹੇ ਸਨ।
5 ਜੁਲਾਈ ਤੋਂ ਲਾਪਤਾ ਹੋਣ ਦਾ ਦਾਅਵਾ
ਹਮੀਰ ਕੌਰ ਨੇ ਦੱਸਿਆ ਕਿ 5 ਜੁਲਾਈ ਨੂੰ ਹਰਭਜਨ ਸ਼ੇਰਾ ਮੋਹਾਲੀ ਸਥਿਤ ਘਰ ਤੋਂ ਕੈਬ ਵਿੱਚ ਨਿਕਲੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਕਾਫ਼ੀ ਭਾਲ ਕਰਨ ਅਤੇ ਆਪਣੇ ਪੱਧਰ ‘ਤੇ ਜਾਣਕਾਰੀ ਇਕੱਠੀ ਕਰਨ ਦੇ ਬਾਵਜੂਦ ਜਦੋਂ ਕੋਈ ਸੁਰਾਗ ਨਾ ਮਿਲਿਆ ਤਾਂ ਉਨ੍ਹਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ।
ਗਾਇਕ ਦਾ ਪੱਖ ਸੁਣਨ ਤੋਂ ਬਾਅਦ ਹੋਵੇਗੀ ਅਗਲੀ ਕਾਰਵਾਈ
ਮਾਮਲੇ ਦੀ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਅਤੇ ਸਬੰਧਤ SHO ਨੂੰ ਹਰਭਜਨ ਸ਼ੇਰਾ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਗਾਇਕ ਦੀ ਨਿੱਜੀ ਹਾਜ਼ਰੀ ਅਤੇ ਉਸ ਦਾ ਪੱਖ ਸੁਣਨ ਤੋਂ ਬਾਅਦ ਹੀ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਬਾਰੇ ਫ਼ੈਸਲਾ ਕੀਤਾ ਜਾਵੇਗਾ।

