ਮਾਛੀਵਾੜਾ :- ਮਾਛੀਵਾੜਾ ਦੇ ਪੁਰਾਣੀ ਗਊਸ਼ਾਲਾ ਰੋਡ ਵਿਖੇ ਦੇਰ ਰਾਤ ਇਕ ਦਹਿਲਾ ਦੇਣ ਵਾਲੀ ਘਟਨਾ ਵਾਪਰੀ, ਜਦੋਂ ਹੇਅਰ ਡਰੈਸਰ ਰੌਸ਼ਨ ਹੰਸ ਉੱਪਰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀ ਚਲਾ ਦਿੱਤੀ। ਹਮਲੇ ‘ਚ ਜਖ਼ਮੀ ਹੋਏ ਰੌਸ਼ਨ ਹੰਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਕਾਰ ਆ ਕੇ ਰੁਕੀ ਤੇ ਮੂੰਹ ਬੰਨ੍ਹੇ ਵਿਅਕਤੀ ਨੇ ਗੋਲੀ ਚਲਾ ਦਿੱਤੀ
ਸਿਵਲ ਹਸਪਤਾਲ ਸਮਰਾਲਾ ‘ਚ ਇਲਾਜ ਦੌਰਾਨ ਜਖ਼ਮੀ ਰੌਸ਼ਨ ਹੰਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਨੇੜੇ ਗਊਸ਼ਾਲਾ ਰੋਡ ’ਤੇ ਖੜ੍ਹਾ ਸੀ, ਤਦ ਇੱਕ ਕਾਰ ਆ ਕੇ ਉਸਦੇ ਨੇੜੇ ਰੁਕੀ। ਕਾਰ ‘ਚ ਬੈਠੇ ਇਕ ਵਿਅਕਤੀ ਦਾ ਮੂੰਹ ਬੰਨ੍ਹਿਆ ਹੋਇਆ ਸੀ। ਉਸਨੇ ਗਾਲੀ-ਗਲੋਚ ਕਰਦਿਆਂ ਕਿਹਾ ਕਿ “ਤੂੰ ਸਾਡਾ ਰਸਤਾ ਰੋਕੇਗਾ?” ਤੇ ਫਿਰ ਤੁਰੰਤ ਗੋਲੀ ਚਲਾ ਦਿੱਤੀ।
ਖੂਨ ਵਹਿਣ ’ਤੇ ਪਤਾ ਲੱਗਾ ਕਿ ਗੋਲੀ ਲੱਗੀ ਹੈ
ਰੌਸ਼ਨ ਹੰਸ ਨੇ ਦੱਸਿਆ ਕਿ ਗੋਲੀ ਚਲਣ ਮਗਰੋਂ ਉਹ ਗਲੀ ਵੱਲ ਦੌੜਿਆ ਤੇ ਵੇਖਿਆ ਕਿ ਉਸਦੇ ਪੇਟ ‘ਚੋਂ ਖੂਨ ਨਿਕਲ ਰਿਹਾ ਸੀ। ਉਸਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਦੇਣ ਮਗਰੋਂ ਡਾਕਟਰਾਂ ਨੇ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ‘ਚ ਰੈਫਰ ਕਰ ਦਿੱਤਾ।
ਜਖ਼ਮੀ ਦਾ ਕਹਿਣਾ — ਕਿਸੇ ਨਾਲ ਕੋਈ ਦੁਸ਼ਮਣੀ ਨਹੀਂ
ਰੌਸ਼ਨ ਹੰਸ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ। ਉਸਨੇ ਮੰਗ ਕੀਤੀ ਕਿ ਪੁਲਸ ਪੂਰੀ ਜਾਂਚ ਕਰਕੇ ਉਸ ਉੱਪਰ ਹਮਲਾ ਕਰਨ ਵਾਲਿਆਂ ਦੀ ਪਛਾਣ ਕਰੇ ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਪੁਲਸ ਵਲੋਂ ਸ਼ਹਿਰ ਦੀ ਨਾਕਾਬੰਦੀ ਤੇ ਸੀਸੀਟੀਵੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਕਰਮਜੀਤ ਸਿੰਘ ਗਰੇਵਾਲ ਅਤੇ ਥਾਣਾ ਮੁਖੀ ਹਰਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਮਾਛੀਵਾੜਾ ਸ਼ਹਿਰ ਵਿੱਚ ਨਾਕਾਬੰਦੀ ਕਰਕੇ ਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ। ਪੁਲਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਦੇਖਿਆ ਕਿ ਬਿਨ੍ਹਾਂ ਨੰਬਰ ਪਲੇਟ ਵਾਲੀ ਵਰਨਾ ਕਾਰ ਰੋਪੜ ਰੋਡ ਤੋਂ ਗਊਸ਼ਾਲਾ ਰੋਡ ਵੱਲ ਆਈ ਤੇ ਕੁਝ ਹੀ ਸਮੇਂ ਮਗਰੋਂ ਵਾਪਸ ਮੁੜ ਗਈ। ਇਸ ਦੌਰਾਨ ਕਾਰ ਵਿਚੋਂ ਮੂੰਹ ਬੰਨ੍ਹੇ ਇਕ ਵਿਅਕਤੀ ਨੇ ਰੌਸ਼ਨ ਹੰਸ ਉੱਪਰ ਗੋਲੀ ਚਲਾਈ।
ਗੋਲੀ ਦੀ ਅਵਾਜ਼ ਕਿਸੇ ਨੇ ਨਾ ਸੁਣੀ
ਇਲਾਕੇ ਦੇ ਲੋਕਾਂ ਅਨੁਸਾਰ, ਘਟਨਾ ਸਮੇਂ ਕਿਸੇ ਨੇ ਵੀ ਗੋਲੀ ਚੱਲਣ ਦੀ ਅਵਾਜ਼ ਨਹੀਂ ਸੁਣੀ। ਜਖ਼ਮੀ ਰੌਸ਼ਨ ਨੇ ਵੀ ਕਿਹਾ ਕਿ ਹਮਲਾਵਾਰਾਂ ਨੇ ਪਿਸਤੌਲ ਵਰਗੀ ਚੀਜ਼ ਨਾਲ ਕੁਝ ਮਾਰਿਆ, ਅਤੇ ਜਦੋਂ ਉਸਦੇ ਪੇਟ ਵਿਚੋਂ ਖੂਨ ਨਿਕਲਣ ਲੱਗਿਆ ਤਾਂ ਪਤਾ ਲੱਗਾ ਕਿ ਗੋਲੀ ਲੱਗੀ ਹੈ।
ਡਾਕਟਰਾਂ ਵਲੋਂ ਹਾਲਤ ਗੰਭੀਰ ਦੱਸੀ
ਡਾਕਟਰਾਂ ਨੇ ਦੱਸਿਆ ਕਿ ਰੌਸ਼ਨ ਹੰਸ ਦੀ ਹਾਲਤ ਗੰਭੀਰ ਹੈ ਅਤੇ ਉਸਨੂੰ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਐਕਸਰੇ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਉਸਨੂੰ ਗੋਲੀ ਲੱਗੀ ਹੈ ਜਾਂ ਕੋਈ ਹੋਰ ਚੋਟ ਹੈ।
ਹਮਲਾਵਾਰਾਂ ਦੀ ਪੈੜ ਨੱਪਣ ਲਈ ਪੁਲਸ ਦੀ ਕੋਸ਼ਿਸ਼ ਜਾਰੀ
ਫਿਲਹਾਲ ਪੁਲਸ ਵਲੋਂ ਮਾਛੀਵਾੜਾ ਸ਼ਹਿਰ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਾਰਾਂ ਦੀ ਪਛਾਣ ਹੋ ਸਕੇ। ਪੁਲਸ ਨੇ ਕਿਹਾ ਕਿ ਜਲਦੀ ਹੀ ਕਾਰ ਸਵਾਰ ਹਮਲਾਵਾਰਾਂ ਦੀ ਪੈੜ ਨੱਪ ਲਈ ਜਾਵੇਗੀ ਤੇ ਹਮਲੇ ਦੇ ਕਾਰਨਾਂ ਦੀ ਗਹਿਰਾਈ ਨਾਲ ਜਾਂਚ ਹੋਵੇਗੀ

