ਚੰਡੀਗੜ੍ਹ :- ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਅੱਜ ਤਿੰਨ ਦਿਨਾਂ ਦੇ ਦੌਰੇ ਲਈ ਪਠਾਨਕੋਟ ਪਹੁੰਚ ਰਹੇ ਹਨ। ਆਪਣੇ ਦੌਰੇ ਦੀ ਸ਼ੁਰੂਆਤ ਕਰਦਿਆਂ ਉਹ ਮਨਵਾਲ ਸਥਿਤ ਮਹਾਰਾਣਾ ਪ੍ਰਤਾਪ ਸਕੂਲ ਵਿੱਚ ਵੀਡੀਸੀ ਮੈਂਬਰਾਂ ਨਾਲ ਮੁਲਾਕਾਤ ਕਰਨਗੇ, ਜਿੱਥੇ ਇਲਾਕੇ ਦੇ ਵਿਕਾਸ ਅਤੇ ਹੋਰ ਸਥਾਨਕ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਨਸ਼ਾ ਮੁਕਤੀ ਲਈ ਕੱਲ੍ਹ ਪੈਦਲ ਯਾਤਰਾ, ਲੋਕਾਂ ਨੂੰ ਦਿੱਤਾ ਜਾਵੇਗਾ ਸੰਦੇਸ਼
17 ਅਪ੍ਰੈਲ ਨੂੰ ਗਵਰਨਰ ਵੱਲੋਂ ਨਸ਼ਿਆਂ ਖ਼ਿਲਾਫ ਜਾਗਰੂਕਤਾ ਮੁਹਿੰਮ ਦੇ ਤਹਿਤ ਮਾਡਰਨ ਸੰਦੀਪਨੀ ਸਕੂਲ ਤੋਂ ਏ.ਬੀ. ਕਾਲਜ ਤੱਕ ਪੈਦਲ ਯਾਤਰਾ ਕਰਵਾਈ ਜਾਵੇਗੀ। ਇਸ ਰੈਲੀ ਵਿੱਚ ਵਿਦਿਆਰਥੀਆਂ ਅਤੇ ਸਥਾਨਕ ਨਾਗਰਿਕਾਂ ਦੀ ਵੱਡੀ ਭਾਗੀਦਾਰੀ ਦੀ ਉਮੀਦ ਹੈ, ਜਿਸ ਰਾਹੀਂ ਨਸ਼ਿਆਂ ਦੇ ਖ਼ਤਰੇ ਬਾਰੇ ਸੰਦੇਸ਼ ਦਿੱਤਾ ਜਾਵੇਗਾ।
ਤੀਜੇ ਦਿਨ ਪ੍ਰਿੰਸੀਪਲਾਂ ਨਾਲ ਮੀਟਿੰਗ, ਸਰਹੱਦੀ ਸਕੂਲਾਂ ਦੀਆਂ ਸਮੱਸਿਆਵਾਂ ‘ਤੇ ਗੱਲਬਾਤ
18 ਅਪ੍ਰੈਲ ਨੂੰ ਦੌਰੇ ਦੇ ਅਖੀਰਲੇ ਦਿਨ ਗਵਰਨਰ ਸ੍ਰੀ ਸਾਈ ਕਾਲਜ ਬਧਾਣੀ ਵਿੱਚ ਸਰਹੱਦੀ ਖੇਤਰਾਂ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਬੈਠਕ ਕਰਨਗੇ। ਇਸ ਦੌਰਾਨ ਸਿੱਖਿਆ ਪ੍ਰਣਾਲੀ ਦੀਆਂ ਚੁਣੌਤੀਆਂ ਅਤੇ ਇਨ੍ਹਾਂ ਇਲਾਕਿਆਂ ਦੇ ਸਕੂਲਾਂ ਨੂੰ ਆ ਰਹੀਆਂ ਦਿੱਕਤਾਂ ‘ਤੇ ਵਿਸਥਾਰ ਨਾਲ ਵਿਚਾਰ ਕੀਤਾ ਜਾਵੇਗਾ।

