ਚੰਡੀਗੜ੍ਹ :- ਚੰਡੀਗੜ੍ਹ-ਮੁਹਾਲੀ ਸਰਹੱਦ ’ਤੇ ਸੈਕਟਰ 48 ਨੇੜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਾਇਆ ਗਿਆ ਪੱਕਾ ਮੋਰਚਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਮੋਰਚੇ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਲਗਾਤਾਰ ਪਹੁੰਚ ਰਹੇ ਹਨ। ਕਿਸਾਨਾਂ ਦੀ ਵਧ ਰਹੀ ਸ਼ਮੂਲੀਅਤ ਕਾਰਨ ਵਿਰੋਧ ਸਥਾਨ ’ਤੇ ਸਰਗਰਮੀਆਂ ਲਗਾਤਾਰ ਜਾਰੀ ਹਨ।
ਰੇਸ਼ਮ ਸਿੰਘ ਅਨਮੋਲ ਕਿਸਾਨਾਂ ਦੇ ਸਮਰਥਨ ’ਚ ਪਹੁੰਚੇ
ਇਸ ਦੌਰਾਨ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਕਿਸਾਨਾਂ ਦੇ ਸਮਰਥਨ ਵਿੱਚ ਮੋਰਚੇ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਨੇ ਕਿਸਾਨ ਆਗੂਆਂ ਅਤੇ ਮੋਰਚੇ ਵਿੱਚ ਮੌਜੂਦ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਅੰਦੋਲਨ ਪ੍ਰਤੀ ਆਪਣਾ ਸਮਰਥਨ ਪ੍ਰਗਟਾਇਆ।
ਲੰਗਰ ਸੇਵਾ ’ਚ ਵੀ ਕੀਤੀ ਸ਼ਮੂਲੀਅਤ
ਰੇਸ਼ਮ ਸਿੰਘ ਅਨਮੋਲ ਨੇ ਵਿਰੋਧ ਸਥਾਨ ’ਤੇ ਚੱਲ ਰਹੀ ਲੰਗਰ ਸੇਵਾ ਵਿੱਚ ਵੀ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਲੰਗਰ ਦੀ ਸੇਵਾ ਕਰ ਰਹੀਆਂ ਬਜ਼ੁਰਗ ਬੀਬੀਆਂ ਦੇ ਪੈਰ ਘੁੱਟ ਕੇ ਸੇਵਾ ਕੀਤੀ। ਉਨ੍ਹਾਂ ਦੀ ਇਸ ਸ਼ਮੂਲੀਅਤ ਨਾਲ ਮੋਰਚੇ ਵਿੱਚ ਮੌਜੂਦ ਕਿਸਾਨਾਂ ਅਤੇ ਸਮਰਥਕਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ।
1 ਤੋਂ 7 ਸਤੰਬਰ ਤੱਕ ਲੱਗਿਆ ਹੈ ਪੱਕਾ ਮੋਰਚਾ
ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਸੱਤ ਦਿਨਾਂ ਦਾ ਪੱਕਾ ਮੋਰਚਾ 1 ਸਤੰਬਰ ਤੋਂ ਸ਼ੁਰੂ ਕੀਤਾ ਗਿਆ ਹੈ, ਜੋ 7 ਸਤੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮੋਰਚੇ ਵਿੱਚ ਪਹੁੰਚ ਰਹੇ ਹਨ।

