ਚੰਡੀਗੜ੍ਹ :- ਅਗਲੇ ਹਫ਼ਤੇ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ’ਚ ਕੋਈ ਵੱਡਾ ਬਦਲਾਅ ਨਹੀਂ ਆਵੇਗਾ। ਮੌਸਮ ਵਿਭਾਗ ਮੁਤਾਬਕ ਸੂਬੇ ’ਚ ਅਗਲੇ ਸੱਤ ਦਿਨ ਖੁਸ਼ਕ ਮੌਸਮ ਬਣਿਆ ਰਹੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਇਸ ਸਮੇਂ ਦੌਰਾਨ ਦਿਨ ਤੇ ਰਾਤ ਦੇ ਤਾਪਮਾਨ ’ਚ ਵੀ ਕੋਈ ਖਾਸ ਫ਼ਰਕ ਨਹੀਂ ਆਵੇਗਾ।
ਤਾਪਮਾਨ ਆਮ ਹੱਦਾਂ ਦੇ ਨੇੜੇ ਪਹੁੰਚਿਆ
ਪਿਛਲੇ 24 ਘੰਟਿਆਂ ਵਿੱਚ ਪੰਜਾਬ ਦਾ ਔਸਤ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਸੈਲਸੀਅਸ ਘਟਿਆ ਹੈ, ਜਿਸ ਨਾਲ ਇਹ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਹਾਲਾਂਕਿ ਦਿਨ ਦੇ ਸਮੇਂ ਗਰਮੀ ਅਜੇ ਵੀ ਮਹਿਸੂਸ ਹੋ ਰਹੀ ਹੈ, ਪਰ ਸਵੇਰ ਤੇ ਸ਼ਾਮ ਦੇ ਵੇਲੇ ਹਵਾ ’ਚ ਠੰਢਕ ਆਉਣ ਲੱਗੀ ਹੈ।
ਬਠਿੰਡਾ ਸਭ ਤੋਂ ਗਰਮ ਸ਼ਹਿਰ ਦਰਜ
ਮੰਗਲਵਾਰ ਨੂੰ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਇਲਾਕਾ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਿਰੋਜ਼ਪੁਰ ’ਚ ਤਾਪਮਾਨ 32.3 ਡਿਗਰੀ, ਪਟਿਆਲਾ ’ਚ 32.6 ਡਿਗਰੀ, ਮੋਹਾਲੀ ’ਚ 31.7 ਡਿਗਰੀ, ਲੁਧਿਆਣਾ ਤੇ ਹੁਸ਼ਿਆਰਪੁਰ ’ਚ 30.8 ਡਿਗਰੀ, ਗੁਰਦਾਸਪੁਰ ’ਚ 30.0 ਡਿਗਰੀ ਅਤੇ ਅੰਮ੍ਰਿਤਸਰ ’ਚ 30.6 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਆਮ ਨਾਲੋਂ 1.7 ਡਿਗਰੀ ਘੱਟ ਰਿਹਾ।
ਦੀਵਾਲੀ ਤੋਂ ਬਾਅਦ ਮੌਸਮ ਬਦਲ ਸਕਦਾ ਹੈ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਸੂਬੇ ਵਿੱਚ ਠੰਢ ਵਧ ਸਕਦੀ ਹੈ। ਇਸ ਦੌਰਾਨ ਦੋ ਪੱਛਮੀ ਹਵਾਈ ਗੜਬੜੀਆਂ ਸਰਗਰਮ ਹੋਣ ਦੀ ਸੰਭਾਵਨਾ ਹੈ। ਜੇਹੇ ਹਾਲਾਤ ਬਣੇ, ਤਾਂ ਪੰਜਾਬ ਦੇ ਕੁਝ ਹਿੱਸਿਆਂ ’ਚ ਹਲਕਾ ਮੀਂਹ ਪੈ ਸਕਦਾ ਹੈ, ਜਦੋਂ ਕਿ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦੇ ਚਾਂਸ ਹਨ।
ਲੋਕਾਂ ਲਈ ਸਲਾਹ
ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਵੇਰ ਤੇ ਰਾਤ ਦੇ ਵੇਲੇ ਹਲਕਾ ਗਰਮ ਕੱਪੜਾ ਪਹਿਨਣ ਦੀ ਸ਼ੁਰੂਆਤ ਕਰਨ। ਖ਼ਾਸਕਰ ਬਜ਼ੁਰਗਾਂ ਅਤੇ ਬੱਚਿਆਂ ਨੂੰ ਠੰਢ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਲੋੜ ਹੈ।