ਮਾਨਸਾ :- ਪੰਜਾਬ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਚਿੰਤਾ ਵਿਚਕਾਰ ਮਾਨਸਾ ਜ਼ਿਲ੍ਹੇ ਤੋਂ ਦੋ ਨੌਜਵਾਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਮੌਤਾਂ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਜੋੜੀਆਂ ਜਾ ਰਹੀਆਂ ਹਨ। ਹਾਲਾਂਕਿ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਅਤੇ ਹੋਰ ਜਾਂਚ ਰਿਪੋਰਟਾਂ ਤੋਂ ਬਾਅਦ ਹੀ ਹੋਵੇਗੀ।
ਪਿੰਡ ਖਿਆਲਾ ਦੇ ਨੌਜਵਾਨ ਦੀ ਘਰ ਪਹੁੰਚਣ ਮਗਰੋਂ ਵਿਗੜੀ ਹਾਲਤ
ਪਹਿਲਾ ਮਾਮਲਾ ਪਿੰਡ ਖਿਆਲਾ ਨਾਲ ਸਬੰਧਤ ਹੈ, ਜਿੱਥੇ ਮਲਕੀਤ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਬੀਤੀ ਰਾਤ ਦੋ ਨੌਜਵਾਨ ਉਸ ਨੂੰ ਆਪਣੇ ਨਾਲ ਲੈ ਕੇ ਗਏ ਸਨ। ਕੁਝ ਸਮੇਂ ਬਾਅਦ ਜਦੋਂ ਉਹ ਉਸ ਨੂੰ ਘਰ ਛੱਡ ਕੇ ਗਏ ਤਾਂ ਉਸ ਦੀ ਹਾਲਤ ਨਾਜ਼ੁਕ ਸੀ ਅਤੇ ਉਹ ਬੇਹੋਸ਼ ਸੀ। ਪਰਿਵਾਰ ਦਾ ਦਾਅਵਾ ਹੈ ਕਿ ਉਸ ਨੇ ਨਸ਼ਾ ਕੀਤਾ ਹੋਇਆ ਲੱਗ ਰਿਹਾ ਸੀ। ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਭੇਜੀ ਗਈ ਹੈ।
ਮਾਨਸਾ ਸ਼ਹਿਰ ਦੇ ਨੌਜਵਾਨ ਦੀ ਵੀ ਸ਼ੱਕੀ ਹਾਲਾਤ ਵਿੱਚ ਮੌਤ
ਦੂਜਾ ਮਾਮਲਾ ਮਾਨਸਾ ਸ਼ਹਿਰ ਦੇ ਵਾਰਡ ਨੰਬਰ 23 ਨਾਲ ਸਬੰਧਤ ਹੈ। ਇੱਥੇ ਹਰਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਵੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮੁੱਢਲੇ ਤੌਰ ‘ਤੇ ਇਸ ਮੌਤ ਨੂੰ ਵੀ ਕਥਿਤ ਨਸ਼ੇ ਦੀ ਓਵਰਡੋਜ਼ ਨਾਲ ਜੋੜਿਆ ਜਾ ਰਿਹਾ ਹੈ। ਉਸ ਦੀ ਲਾਸ਼ ਵੀ ਸਿਵਲ ਹਸਪਤਾਲ ਮਾਨਸਾ ਵਿੱਚ ਪੋਸਟਮਾਰਟਮ ਲਈ ਰੱਖੀ ਗਈ ਹੈ।
ਦੋਵੇਂ ਮਾਮਲਿਆਂ ਦੀ ਜਾਂਚ ਵਿੱਚ ਜੁਟੀ ਪੁਲਿਸ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਘਟਨਾਵਾਂ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਅਤੇ ਹੋਰ ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਹੀ ਮੌਤ ਦਾ ਸਹੀ ਕਾਰਨ ਸਾਹਮਣੇ ਆਵੇਗਾ। ਜੇ ਜਾਂਚ ਦੌਰਾਨ ਕਿਸੇ ਵਿਅਕਤੀ ਦੀ ਭੂਮਿਕਾ, ਲਾਪਰਵਾਹੀ ਜਾਂ ਕਿਸੇ ਅਪਰਾਧਿਕ ਸਾਜ਼ਿਸ਼ ਦੇ ਸਬੂਤ ਮਿਲਦੇ ਹਨ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

