ਅਜਨਾਲਾ :- ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਆਮ ਜਨਜੀਵਨ ਦੇ ਨਾਲ–ਨਾਲ ਸੜਕ ਸੁਰੱਖਿਆ ਲਈ ਵੀ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਹਰ ਰੋਜ਼ ਵਧ ਰਹੀਆਂ ਦੁਰਘਟਨਾਵਾਂ ਦਰਮਿਆਨ ਅਜਨਾਲਾ ਤੋਂ ਇੱਕ ਡਰਾਉਣੀ ਘਟਨਾ ਸਾਹਮਣੇ ਆਈ ਹੈ, ਜਿੱਥੇ ਸਵੇਰ ਵੇਲੇ ਸੰਘਣੀ ਧੁੰਦ ਕਾਰਨ ਸਕੂਲ ਵੈਨ ਅਤੇ ਇੱਕ ਆਲਟੋ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ।
ਬੱਚਿਆਂ ਸਮੇਤ ਪਰਿਵਾਰ ਬਾਲ–ਬਾਲ ਬਚਿਆ
ਹਾਦਸੇ ਵਿੱਚ ਆਲਟੋ ਕਾਰ ਚਾਲਕ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਸਰਕਾਰੀ ਹਸਪਤਾਲ ਨੇੜੇ ਅਚਾਨਕ ਸਾਹਮਣੇ ਆਈ ਸਕੂਲ ਵੈਨ ਨਾਲ ਟੱਕਰ ਹੋ ਗਈ। ਟੱਕਰ ਇੰਨੀ ਤੇਜ਼ ਸੀ ਕਿ ਮੌਕੇ ‘ਤੇ ਹੜਕੰਪ ਮਚ ਗਿਆ, ਪਰ ਖੁਸ਼ਕਿਸਮਤੀ ਨਾਲ ਕਿਸੇ ਦੀ ਜਾਨ ਨਹੀਂ ਗਈ।
ਵੈਨ ਚਾਲਕ ਧੁੰਦ ਦਾ ਫਾਇਦਾ ਚੁੱਕ ਕੇ ਫਰਾਰ
ਹਾਦਸੇ ਤੋਂ ਬਾਅਦ ਸਕੂਲ ਵੈਨ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਕਾਰ ਚਾਲਕ ਦਾ ਦਾਅਵਾ ਹੈ ਕਿ ਜਦ ਉਸ ਨੇ ਵੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਕੋਲੋਂ ਸ਼ਰਾਬ ਦੀ ਬੂ ਆ ਰਹੀ ਸੀ ਅਤੇ ਉਹ ਧੁੰਦ ਦੀ ਆੜ ਲੈ ਕੇ ਭੱਜ ਨਿਕਲਿਆ।
ਪੁਲਿਸ ਨੇ ਜਾਂਚ ਸ਼ੁਰੂ ਕੀਤੀ
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵੇਂ ਹਾਦਸਾਗ੍ਰਸਤ ਵਾਹਨ ਥਾਣੇ ਭੇਜੇ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸਰਕਾਰ ਤੋਂ ਛੁੱਟੀਆਂ ਦੀ ਮੰਗ
ਘਟਨਾ ਤੋਂ ਬਾਅਦ ਮਾਪਿਆਂ ਵਿੱਚ ਚਿੰਤਾ ਦਾ ਮਾਹੌਲ ਹੈ। ਲੋਕਾਂ ਨੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਤੁਰੰਤ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਅਣਚਾਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।