ਚੰਡੀਗੜ੍ਹ :- 15 ਅਗਸਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵੱਲੋਂ ਕੱਢੇ ਗਏ ਰੋਸ ਮਾਰਚ ਦੌਰਾਨ ਪੁਲਿਸ ਕਾਰਵਾਈ ’ਚ ਜ਼ਖ਼ਮੀ ਹੋਏ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫ਼ਰਾਂਸ ਦੀ ਸਿਹਤ ਵਿਗੜਨ ਮਗਰੋਂ ਉਨ੍ਹਾਂ ਨੂੰ ਸ਼ਾਹਕੋਟ ਦੇ ਸੁਰਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੋਰਚੇ ਵੱਲੋਂ ਪੁਲਿਸ ਕਾਰਵਾਈ ਦੇ ਵਿਰੋਧ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਫੇਫੜਿਆਂ ਤੇ ਪਿਆ ਪ੍ਰਭਾਵ
ਸੁਰਿੰਦਰਾ ਹਸਪਤਾਲ ਦੇ ਡਾਕਟਰ ਗੁਰਪ੍ਰੀਤ ਸਿੰਘ ਚੰਦੀ ਨੇ ਦੱਸਿਆ ਕਿ 15 ਅਗਸਤ ਦੀ ਪੁਲਿਸ ਕਾਰਵਾਈ ਦੌਰਾਨ ਅੱਥਰੂ ਗੈਸ ਅਤੇ ਰਸਾਇਣਕ ਪਾਣੀ ਦੀਆਂ ਬੁਛਾਰਾਂ ਕਾਰਨ ਭਾਈ ਪਾਲ ਸਿੰਘ ਦੇ ਫੇਫੜੇ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਦੇ ਨਾਲ-ਨਾਲ ਸਰੀਰ ’ਤੇ ਜਲਨ ਦੀ ਸਮੱਸਿਆ ਵੀ ਹੋ ਰਹੀ ਹੈ। ਡਾਕਟਰ ਨੇ ਦੱਸਿਆ ਕਿ ਇਲਾਜ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਉਣ ਦੀ ਉਮੀਦ ਹੈ।
ਪੁਲਿਸ ਕਾਰਵਾਈ ਨੂੰ ਲੈ ਕੇ ਲਾਏ ਦੋਸ਼
ਹਸਪਤਾਲ ਵਿੱਚ ਗੱਲਬਾਤ ਕਰਦਿਆਂ ਭਾਈ ਪਾਲ ਸਿੰਘ ਨੇ ਦੋਸ਼ ਲਾਇਆ ਕਿ 15 ਅਗਸਤ ਨੂੰ ਕੱਢਿਆ ਗਿਆ ਰੋਸ ਮਾਰਚ ਸ਼ਾਂਤਮਈ ਸੀ। ਉਨ੍ਹਾਂ ਮੁਤਾਬਕ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕਰਨ ਦੇ ਨਾਲ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਰਸਾਇਣਕ ਪਾਣੀ ਦੀਆਂ ਬੁਛਾਰਾਂ ਦੀ ਵਰਤੋਂ ਕੀਤੀ ਗਈ।
ਉਨ੍ਹਾਂ ਦਾਅਵਾ ਕੀਤਾ ਕਿ ਮੋਰਚੇ ਵਾਲੀ ਥਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਨੇੜੇ ਵੀ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।
ਬੰਦੀ ਸਿੰਘਾਂ ਦੀ ਰਿਹਾਈ ਤੱਕ ਮੋਰਚਾ ਜਾਰੀ ਰੱਖਣ ਦਾ ਐਲਾਨ
ਭਾਈ ਪਾਲ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੌਮੀ ਇਨਸਾਫ਼ ਮੋਰਚਾ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਪੁਲਿਸ ਕਾਰਵਾਈ ਦੇ ਵਿਰੋਧ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 21 ਅਗਸਤ ਨੂੰ ਪੰਜਾਬ ਬੰਦ ਕੀਤਾ ਜਾਵੇਗਾ।
ਉਨ੍ਹਾਂ ਦੁਕਾਨਦਾਰਾਂ, ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਸਕੂਲ-ਕਾਲਜ ਪ੍ਰਬੰਧਕਾਂ ਨੂੰ ਪੰਜਾਬ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

