ਅੰਮ੍ਰਿਤਸਰ :- ਨੌਕਰੀ ਦੀ ਭਾਲ ਕਰ ਰਹੇ ਅੰਮ੍ਰਿਤਸਰ ਅਤੇ ਆਸ-ਪਾਸ ਦੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 22 ਜੁਲਾਈ ਨੂੰ ਵਿਸ਼ੇਸ਼ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਦੌਰਾਨ ਨਿੱਜੀ ਖੇਤਰ ਦੀਆਂ ਵੱਖ-ਵੱਖ ਕੰਪਨੀਆਂ ਯੋਗ ਉਮੀਦਵਾਰਾਂ ਦੀ ਇੰਟਰਵਿਊ ਰਾਹੀਂ ਚੋਣ ਕਰਨਗੀਆਂ।
ਪੰਜਾਬ ਸਰਕਾਰ ਦੀ ਪਹਿਲ ਤਹਿਤ ਲੱਗੇਗਾ ਕੈਂਪ
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ ਕਾਰਜਕਾਰੀ ਅਧਿਕਾਰੀ ਡਾ. ਰੁਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਰੁਜ਼ਗਾਰ ਕੈਂਪ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਨਿੱਜੀ ਖੇਤਰ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣਾ ਹੈ।
ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ ਚੋਣ ਪ੍ਰਕਿਰਿਆ
ਡਿਪਟੀ ਡਾਇਰੈਕਟਰ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੱਤੀ ਕਿ ਕੈਂਪ ਸਵੇਰੇ 10 ਵਜੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਡੀਸੀ ਦਫ਼ਤਰ ਕੰਪਲੈਕਸ, ਗਰਾਊਂਡ ਫਲੋਰ, ਸੁਵਿਧਾ ਕੇਂਦਰ ਨੇੜੇ, ਕਚਹਿਰੀ ਚੌਂਕ, ਅੰਮ੍ਰਿਤਸਰ ਵਿਖੇ ਸ਼ੁਰੂ ਹੋਵੇਗਾ। ਇਸ ਵਿੱਚ ਐਚਡੀਐੱਫਸੀ ਬੈਂਕ ਅਤੇ ਸੇਵਾ ਕੇਂਦਰ, ਬਾਬਾ ਬਕਾਲਾ ਵੱਲੋਂ ਵੱਖ-ਵੱਖ ਅਹੁਦਿਆਂ ਲਈ ਭਰਤੀ ਕੀਤੀ ਜਾਵੇਗੀ।
ਇਨ੍ਹਾਂ ਅਹੁਦਿਆਂ ਲਈ ਹੋਵੇਗੀ ਭਰਤੀ
ਕੈਂਪ ਵਿੱਚ ਬੀਮਾ ਅਤੇ ਬੱਚਤ ਸਲਾਹਕਾਰ, ਕੰਪਿਊਟਰ ਆਪਰੇਟਰ ਸਮੇਤ ਹੋਰ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਭਰਤੀ ਪ੍ਰਕਿਰਿਆ ਦੌਰਾਨ ਕੰਪਨੀਆਂ ਵੱਲੋਂ ਇੰਟਰਵਿਊ ਅਤੇ ਯੋਗਤਾ ਦੇ ਆਧਾਰ ‘ਤੇ ਉਮੀਦਵਾਰਾਂ ਦੀ ਚੋਣ ਹੋਵੇਗੀ।
10ਵੀਂ ਤੋਂ ਗ੍ਰੈਜੂਏਟ ਤੱਕ ਕਰ ਸਕਦੇ ਹਨ ਹਿੱਸਾ
ਇਸ ਰੁਜ਼ਗਾਰ ਕੈਂਪ ਵਿੱਚ 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਪਾਸ ਨੌਜਵਾਨ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਵਿਦਿਅਕ ਸਰਟੀਫਿਕੇਟ, ਪਛਾਣ ਪੱਤਰ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਮੇਂ ਸਿਰ ਕੈਂਪ ਵਿੱਚ ਪਹੁੰਚਣ।
ਵਧੇਰੇ ਜਾਣਕਾਰੀ ਲਈ ਹੈਲਪਲਾਈਨ ਜਾਰੀ
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਇਸ ਮੌਕੇ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਕੈਂਪ ਸਬੰਧੀ ਕਿਸੇ ਵੀ ਜਾਣਕਾਰੀ ਲਈ ਉਮੀਦਵਾਰ 99157-89068 ‘ਤੇ ਸੰਪਰਕ ਕਰ ਸਕਦੇ ਹਨ।

