ਅੰਮ੍ਰਿਤਸਰ :- (GNDU) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਲੋਂ ਲੰਮੇ ਸਮੇਂ ਤੋਂ ਚੱਲ ਰਹੀ ਬੇਰੁਖ਼ੀ ਅਤੇ ਅਣਗੌਲੀਆਂ ਕਾਰਨ ਕਾਫ਼ੀ ਸਮੇਂ ਤੋਂ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਅੱਜ ਵਿਦਿਆਰਥੀ ਸੰਗਠਨ ਸੱਥ ਨੇ ਡੀਨ ਵਿਦਿਆਰਥੀ ਭਲਾਈ ਦਫਤਰ ‘ਤੇ ਘਿਰਾਓ ਕਰਕੇ ਆਪਣਾ ਅਸੰਤੋਸ਼ ਪ੍ਰਗਟਾਇਆ ਅਤੇ ਦਫਤਰ ਬੰਦ ਕਰਨ ਦਾ ਐਲਾਨ ਕੀਤਾ।
ਇਸ ਦੌਰਾਨ ਸੱਥ ਦੇ ਨੁਮਾਇੰਦਿਆਂ ਨੇ ਡੀਨ ਪ੍ਰੋਫੈਸਰ ਹਰਵਿੰਦਰ ਸਿੰਘ ਸੈਣੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਡੀਨ ਵੱਲੋਂ ਸੰਵਾਦ ਦੌਰਾਨ ਗ਼ਲਤ ਸ਼ਬਦਾਵਲੀ ਅਤੇ ਬਦਤਮੀਜ਼ੀ ਕੀਤੀ ਗਈ, ਜਿਸ ਨਾਲ ਗੱਲਬਾਤ ਅਸਫਲ ਰਹੀ।
ਖਾਲੀ ਹੋਸਟਲ ਸੀਟਾਂ ਦੀ ਸੂਚੀ ਜਾਰੀ ਕਰਨ ਅਤੇ ਗੈਸਟ ਅਲਾਟਮੈਂਟ ਸਿਸਟਮ ਲਾਗੂ ਕਰਨ ਦੀ ਮੰਗ
ਸੱਥ ਵਲੋਂ ਯੂਨੀਵਰਸਿਟੀ ਤੋਂ ਮੰਗ ਕੀਤੀ ਗਈ ਕਿ ਹੋਸਟਲਾਂ ਵਿੱਚ ਕੁੱਲ ਸੀਟਾਂ ਅਤੇ ਖਾਲੀ ਪਈਆਂ ਸੀਟਾਂ ਦੀ ਜਾਣਕਾਰੀ ਸਾਰਵਜਨਿਕ ਤੌਰ ‘ਤੇ ਜਾਰੀ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਹੋਸਟਲ ਪ੍ਰਾਪਤ ਕਰਨ ਵਿਚ ਪਾਰਦਰਸ਼ਤਾ ਮਿਲ ਸਕੇ।
ਇਸ ਤੋਂ ਇਲਾਵਾ, ਸੱਥ ਨੇ ਸਲਾਨਾ ਹੋਸਟਲ ਖਾਲੀ ਕਰਾਉਣ ਦੀ ਲੋੜ ਤੋਂ ਇਨਕਾਰ ਕਰਦਿਆਂ ਇਸ ਨੀਤੀ ਨੂੰ ਖ਼ਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਹੋਸਟਲ ਆਵਾਸ ਲਈ ਗੈਸਟ ਅਲਾਟਮੈਂਟ ਪ੍ਰਕਿਰਿਆ ਨੂੰ ਜਲਦ ਲਾਗੂ ਕਰਨ ਦੀ ਵੀ ਸਿਫਾਰਸ਼ ਕੀਤੀ, ਜਿਹੜੀ ਹੋਰ ਵੱਡੀਆਂ ਯੂਨੀਵਰਸਿਟੀਆਂ ਵਿੱਚ ਵਰਤੀ ਜਾਂਦੀ ਹੈ, ਜਿਸ ਨਾਲ ਹੋਸਟਲ ਆਵਾਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਆਸਾਨ ਅਤੇ ਤੇਜ਼ ਹੋਵੇਗੀ।
ਸਰਕਾਰੀ ਸਮਾਗਮਾਂ ਕਾਰਨ ਵਿਦਿਆਰਥੀ ਸੇਵਾਵਾਂ ‘ਤੇ ਪ੍ਰਭਾਵ
ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਬੰਧਨ ਨੂੰ ਸਮਝਾਇਆ ਕਿ ਸਰਕਾਰੀ ਸਮਾਗਮ ਅਤੇ ਪ੍ਰੋਗਰਾਮਾਂ ਦੇ ਕਾਰਨ ਬਹੁਤ ਵਾਰ ਪ੍ਰਬੰਧਕੀ ਕੰਮ ਪਿੱਛੇ ਰਹਿ ਜਾਂਦੇ ਹਨ, ਜਿਸ ਨਾਲ ਵਿਦਿਆਰਥੀਆਂ ਦੇ ਮੂਲ ਮਸਲੇ ਹੱਲ ਨਹੀਂ ਹੁੰਦੇ। ਇਸ ਲਈ, ਉਨ੍ਹਾਂ ਨੇ ਅਪੀਲ ਕੀਤੀ ਕਿ ਅਗਲੇ ਸਮੇਂ ਲਈ ਸਰਕਾਰੀ ਸਮਾਗਮਾਂ ਤੋਂ ਧਿਆਨ ਹਟਾ ਕੇ ਵਿਦਿਆਰਥੀਆਂ ਦੀਆਂ ਸੇਵਾਵਾਂ ਨੂੰ ਪਹਿਲ ਦਿੱਤੀ ਜਾਵੇ।
ਇਸਦੇ ਨਾਲ-ਨਾਲ ਸੱਥ ਨੇ ਸਰਕਾਰ ਕੋਲੋਂ ਨਵੇਂ ਹੋਸਟਲ ਬਣਾਉਣ ਲਈ ਵਿੱਤੀ ਗਰਾਂਟ ਦੇਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਦੀ ਰਹਾਇਸ਼ ਸੰਬੰਧੀ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ।
ਡੀਨ ਦਾ ਅਸੰਤੋਸ਼ਜਨਕ ਰਵੱਈਆ, ਜਵਾਬ ਦੇਣ ਤੋਂ ਇਨਕਾਰ
ਜਦੋਂ ਸੱਥ ਨੇ ਡੀਨ ਵਿਦਿਆਰਥੀ ਭਲਾਈ ਨੂੰ ਆਪਣੀਆਂ ਮੰਗਾਂ ਅਤੇ ਮੁੱਦਿਆਂ ਨਾਲ ਸੰਬੰਧਿਤ ਸਵਾਲ ਪੁੱਛੇ, ਤਾਂ ਡੀਨ ਨੇ ਬਿਨਾਂ ਕਿਸੇ ਤਸੱਲੀ ਬਖ਼ਸ਼ ਜਵਾਬ ਦੇਣ ਤੋਂ ਇਨਕਾਰ ਕਰਦਿਆਂ ਦਫਤਰ ਛੱਡ ਦਿੱਤਾ। ਉਹਨਾਂ ਨੇ ਵਿਦਿਆਰਥੀਆਂ ਉੱਤੇ ਵੱਖ-ਵੱਖ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਮਾਮਲੇ ਉਸਦੇ ਖੇਤਰ ਵਿੱਚ ਨਹੀਂ ਆਉਂਦੇ ਅਤੇ ਉਹ ਕੁਝ ਕਰ ਨਹੀਂ ਸਕਦੇ। ਇਸ ਤਰ੍ਹਾਂ ਡੀਨ ਦਾ ਰਵੱਈਆ ਵਿਦਿਆਰਥੀਆਂ ਵਿੱਚ ਨਾਰਾਜ਼ਗੀ ਦਾ ਕਾਰਣ ਬਣਿਆ।
ਅਹੁਦੇਦਾਰਾਂ ਦੀ ਜ਼ਿੰਮੇਵਾਰੀ ‘ਤੇ ਸਵਾਲ, ਸੱਥ ਵੱਲੋਂ ਤੁਰੰਤ ਕਾਰਵਾਈ ਦੀ ਮੰਗ
ਵਿਦਿਆਰਥੀ ਸੰਗਠਨ ਸੱਥ ਨੇ ਇਸ ਮਾਮਲੇ ‘ਚ ਉੱਚੇ ਅਹੁਦੇਦਾਰਾਂ ਤੇ ਸਖ਼ਤ ਨਿਸ਼ਾਨਾ ਸਾਧਿਆ। ਓਨ੍ਹਾਂ ਨੇ ਕਿਹਾ ਕਿ ਜੇਕਰ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰਥ ਹਨ ਤਾਂ ਉਹ ਅਹੁਦੇ ਤੋਂ ਹਟਾ ਦਿੱਤੇ ਜਾਣ ਤਾਂ ਜੋ ਕੋਈ ਜਿੰਮੇਵਾਰ ਵਿਅਕਤੀ ਵਿਦਿਆਰਥੀਆਂ ਦੇ ਮੁੱਦਿਆਂ ਦਾ ਹੱਲ ਕਰ ਸਕੇ।
ਸੱਥ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੇ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਲੈ ਕੇ ਫੌਰੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।