ਅੰਮ੍ਰਿਤਸਰ :- ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਵਿਦੇਸ਼ੀ ਅਤੇ ਦੇਸੀ ਪਿਸਤੌਲਾਂ ਸਮੇਤ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਕਾਰਵਾਈ ਨਾਲ ਸਰਹੱਦੀ ਇਲਾਕੇ ਵਿੱਚ ਸਰਗਰਮ ਗੈਰਕਾਨੂੰਨੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਿਆ ਹੈ।
ਨਾਕਾਬੰਦੀ ਦੌਰਾਨ ਸ਼ੱਕੀ ਮੋਟਰਸਾਈਕਲ ਨੇ ਖੋਲ੍ਹੀ ਪੋਲ
ਪੁਲਿਸ ਅਧਿਕਾਰੀਆਂ ਮੁਤਾਬਕ ਐੱਸਪੀ (ਡੀ) ਅਦਿਤਿਆ ਵਾਰਿਅਰ ਅਤੇ ਡੀਐੱਸਪੀ (ਡੀ) ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਦੀ ਟੀਮ ਵੱਲੋਂ ਪਿੰਡ ਬੋਪਾਰਾਏ ਬਾਜ ਸਿੰਘ ਨੇੜੇ ਨਵੇਂ ਬਣ ਰਹੇ ਪੁਲ ਕੋਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਖੁਰਮਾਣੀਆਂ ਵੱਲੋਂ ਆ ਰਹੀ ਇੱਕ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਵਾਰ ਨੌਜਵਾਨ ਭੱਜਣ ਲੱਗ ਪਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਨੂੰ ਕਾਬੂ ਕਰ ਲਿਆ।
ਤਲਾਸ਼ੀ ’ਚ ਹਥਿਆਰਾਂ ਤੇ ਨਸ਼ਿਆਂ ਦੀ ਵੱਡੀ ਖੇਪ ਬਰਾਮਦ
ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੇ ਆਪਣੀ ਪਛਾਣ ਸੁਖਰਾਜ ਸਿੰਘ ਉਰਫ਼ ਜੋਬਨ ਅਤੇ ਜਸਕਰਨ ਸਿੰਘ ਵਜੋਂ ਕਰਵਾਈ, ਜੋ ਦੋਵੇਂ ਅਜਨਾਲਾ ਥਾਣਾ ਖੇਤਰ ਦੇ ਪਿੰਡ ਜੋਨਸ ਮੁਹਾਰ ਦੇ ਰਹਿਣ ਵਾਲੇ ਹਨ। ਪੁਲਿਸ ਤਲਾਸ਼ੀ ਦੌਰਾਨ ਦੋ ਗਲੌਕ 9 ਐੱਮਐੱਮ ਪਿਸਤੌਲ, ਦੋ .30 ਬੋਰ ਪਿਸਤੌਲ, ਕੁੱਲ 24 ਜਿੰਦਾ ਕਾਰਤੂਸ, ਇੱਕ ਕਿਲੋ ਅਫੀਮ ਅਤੇ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਦੋ ਮੋਬਾਈਲ ਫ਼ੋਨ ਅਤੇ ਇੱਕ ਮੋਟਰਸਾਈਕਲ ਵੀ ਜ਼ਬਤ ਕੀਤੀ ਗਈ।
ਸਰਹੱਦ ਪਾਰ ਸਬੰਧਾਂ ਦੀ ਸੰਭਾਵਨਾ, ਜਾਂਚ ਤੇਜ਼
ਵਿਦੇਸ਼ੀ ਬਣਾਵਟ ਵਾਲੀਆਂ ਗਲੌਕ ਪਿਸਤੌਲਾਂ ਮਿਲਣ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਥਿਆਰ ਸਰਹੱਦ ਪਾਰ ਤੋਂ ਤਸਕਰੀ ਰਾਹੀਂ ਲਿਆਂਦੇ ਗਏ ਹਨ। ਇਸ ਐੰਗਲ ਤੋਂ ਵੀ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ।
ਲੋਪੋਕੇ ਥਾਣੇ ’ਚ ਮਾਮਲਾ ਦਰਜ, ਨੈੱਟਵਰਕ ਖੰਗਾਲਿਆ ਜਾ ਰਿਹਾ
ਇਸ ਸਬੰਧ ਵਿੱਚ ਥਾਣਾ ਲੋਪੋਕੇ ਵਿੱਚ ਐੱਨਡੀਪੀਐੱਸ ਐਕਟ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਅੱਗੇ–ਪਿੱਛੇ ਜੁੜੇ ਹਰ ਵਿਅਕਤੀ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ’ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

