ਅੰਮ੍ਰਿਤਸਰ:- ਸਰਹੱਦ ਪਾਰ ਨਸ਼ਾ-ਅੱਤਵਾਦ ਨੈੱਟਵਰਕਾਂ ਨੂੰ ਤਬਾਹੀ ਦਾ ਸਮਨਾ ਕਰਾਉਂਦਿਆਂ ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੇ ਹੈਰੋਇਨ ਤਸਕਰੀ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਛਾਪੇਮਾਰੀ ਦੌਰਾਨ ਪੁਲਿਸ ਨੇ 8 ਕਿਲੋਗ੍ਰਾਮ 187 ਗ੍ਰਾਮ ਹੈਰੋਇਨ ਬਰਾਮਦ ਕਰਕੇ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਵਿੱਚ ਸੋਨੀ ਸਿੰਘ ਉਰਫ਼ ਸੋਨੀ ਵੀ ਸ਼ਾਮਲ ਹੈ, ਜਿਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਐਨ.ਡੀ.ਪੀ.ਐੱਸ. ਦੇ ਕੇਸ ਦਰਜ ਹਨ।
ਹੋਟਲਾਂ ‘ਡੰਪ ਸੈਂਟਰ’ ਵਜੋਂ ਵਰਤੇ ਜਾ ਰਹੇ ਸਨ
ਪੁਲਿਸ ਦੇ ਅਨੁਸਾਰ ਇਹ ਗੈਂਗ ਪਾਕਿਸਤਾਨ ਤੋਂ ਡਰੋਨ ਰਾਹੀਂ ਆਉਣ ਵਾਲੀਆਂ ਹੈਰੋਇਨ ਖੇਪਾਂ ਨੂੰ ਅੱਗੇ ਵੰਡਣ ਲਈ ਹੋਟਲਾਂ ਨੂੰ ‘ਡੰਪ ਸੈਂਟਰ’ ਵਜੋਂ ਵਰਤਦਾ ਸੀ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਗੈਂਗ ਦੇ ਮੈਂਬਰ ਫਿਲਮੀ ਅੰਦਾਜ਼ ਨਾਲ ਸਮੱਗਰੀ ਭੀੜ ਵਾਲੇ ਬਾਜ਼ਾਰਾਂ ਜਾਂ ਰਸ਼ ਵਾਲੇ ਇਲਾਕਿਆਂ ਵਿੱਚ ਛੱਡ ਕੇ ਅੱਗੇ ਸਪਲਾਈ ਕਰਦੇ, ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
ਗੈਂਗ ਵਿੱਚ ਪ੍ਰਾਈਵੇਟ ਅਧਿਆਪਕ ਵੀ ਸ਼ਾਮਲ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਟੀਮ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ। ਸੋਨੀ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਛੇ ਕੇਸ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਉਹ ਬਦਨਾਮ ਤਸਕਰ ਹੈ। ਗੈਂਗ ਦੇ ਹੋਰ ਮੈਂਬਰਾਂ ਵਿੱਚ ਗੁਰਸੇਵਕ ਸਿੰਘ, ਜੋ ਪੇਸ਼ੇ ਨਾਲ ਪ੍ਰਾਈਵੇਟ ਅਧਿਆਪਕ ਹੈ, ਵੀ ਸ਼ਾਮਲ ਹੈ। ਉਹ ਹੋਟਲਾਂ ਵਿੱਚ ਕਮਰੇ ਲੈ ਕੇ ਬੈਗਾਂ ਵਿੱਚ ਹੈਰੋਇਨ ਛੁਪਾਉਂਦਾ ਅਤੇ ਸਮਾਂ ਦੇਖ ਕੇ ਸਪਲਾਈ ਕਰਦਾ।
ਹੋਰ ਗ੍ਰਿਫ਼ਤਾਰ ਮੈਂਬਰਾਂ ਦੇ ਖ਼ਿਲਾਫ਼ ਮਾਮਲੇ
ਇਸ ਦੌਰਾਨ ਵਿਸ਼ਾਲਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਵਿਸ਼ਾਲਦੀਪ ਦੇ ਖ਼ਿਲਾਫ਼ ਪਹਿਲਾਂ ਲੁਧਿਆਣਾ ਵਿੱਚ ਕੇਸ ਦਰਜ ਹੈ, ਜਦਕਿ ਅਰਸ਼ਦੀਪ ਅੰਮ੍ਰਿਤਸਰ ਰੂਰਲ ਵਿੱਚ ਚੱਲ ਰਹੇ ਮਾਮਲੇ ਦਾ ਹਿੱਸਾ ਹੈ।