ਅੰਮ੍ਰਿਤਸਰ :- ਏਅਰ ਇੰਡੀਆ ਨੇ ਮੰਗਲਵਾਰ ਤੋਂ ਅੰਮ੍ਰਿਤਸਰ ਤੋਂ ਆਪਣੀ ਨਵੀਂ ‘ਈਜ਼ੀ ਕਨੈਕਟ’ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਸਹੂਲਤ ਨਾਲ ਪੰਜਾਬ ਦੇ ਯਾਤਰੀਆਂ ਨੂੰ ਦਿੱਲੀ ਰਾਹੀਂ ਦੁਨੀਆ ਦੇ 27 ਤੋਂ ਵੱਧ ਅੰਤਰਰਾਸ਼ਟਰੀ ਸ਼ਹਿਰਾਂ ਤੱਕ ਆਸਾਨ ਅਤੇ ਤੇਜ਼ ਕਨੈਕਟੀਵਿਟੀ ਮਿਲੇਗੀ। ਇਹ ਪਹਿਲ ਕੇਂਦਰ ਸਰਕਾਰ ਦੇ ‘ਹੱਬ-ਐਂਡ-ਸਪੋਕ’ ਮਾਡਲ ਤਹਿਤ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦੇਸ਼ ਭਾਰਤ ਦੇ ਵੱਡੇ ਹਵਾਈ ਅੱਡਿਆਂ ਨੂੰ ਵਿਸ਼ਵ ਪੱਧਰੀ ਟ੍ਰਾਂਜ਼ਿਟ ਹੱਬ ਵਜੋਂ ਵਿਕਸਤ ਕਰਨਾ ਹੈ।
ਅੰਮ੍ਰਿਤਸਰ ਤੋਂ ਦਿੱਲੀ ਲਈ ਰੋਜ਼ਾਨਾ ਦੋ ਉਡਾਣਾਂ
ਏਅਰ ਇੰਡੀਆ ਇਸ ਸੇਵਾ ਤਹਿਤ ਹਰ ਰੋਜ਼ ਅੰਮ੍ਰਿਤਸਰ ਤੋਂ ਦਿੱਲੀ ਲਈ ਦੋ ਉਡਾਣਾਂ ਚਲਾਏਗੀ।
- ਏਆਈ-1113: ਸਵੇਰੇ 9:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ।
- ਏਆਈ-1115: ਰਾਤ 10:00 ਵਜੇ ਅੰਮ੍ਰਿਤਸਰ ਤੋਂ ਉਡਾਣ ਭਰੇਗੀ ਅਤੇ 11:20 ਵਜੇ ਦਿੱਲੀ ਪਹੁੰਚੇਗੀ।
ਇਨ੍ਹਾਂ ਉਡਾਣਾਂ ਰਾਹੀਂ ਯਾਤਰੀ ਦਿੱਲੀ ਪਹੁੰਚਣ ਤੋਂ ਕੁਝ ਘੰਟਿਆਂ ਦੇ ਅੰਦਰ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਫੜ ਸਕਣਗੇ।
ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਹੋਣਗੇ ਚੈਕ-ਇਨ ਅਤੇ ਇਮੀਗ੍ਰੇਸ਼ਨ
ਇਸ ਸੇਵਾ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਅੰਤਰਰਾਸ਼ਟਰੀ ਯਾਤਰੀਆਂ ਨੂੰ ਆਪਣੀ ਆਖ਼ਰੀ ਮੰਜ਼ਿਲ ਤੱਕ ਦਾ ਚੈਕ-ਇਨ ਅਤੇ ਇਮੀਗ੍ਰੇਸ਼ਨ ਦੀ ਕਾਰਵਾਈ ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੀ ਪੂਰੀ ਕਰਨ ਦੀ ਸਹੂਲਤ ਮਿਲੇਗੀ।
ਇਸ ਕਾਰਨ ਦਿੱਲੀ ਪਹੁੰਚਣ ਤੋਂ ਬਾਅਦ ਨਾ ਤਾਂ ਸਮਾਨ ਦੁਬਾਰਾ ਚੈਕ-ਇਨ ਕਰਵਾਉਣਾ ਪਵੇਗਾ ਅਤੇ ਨਾ ਹੀ ਟਰਮੀਨਲ ਬਦਲਣ ਦੀ ਲੋੜ ਹੋਵੇਗੀ। ਯਾਤਰੀ ਸਿੱਧੇ ਅੰਤਰਰਾਸ਼ਟਰੀ ਟ੍ਰਾਂਜ਼ਿਟ ਰਾਹੀਂ ਆਪਣੀ ਅਗਲੀ ਉਡਾਣ ਵਿੱਚ ਸਵਾਰ ਹੋ ਸਕਣਗੇ।
27 ਤੋਂ ਵੱਧ ਵਿਦੇਸ਼ੀ ਸ਼ਹਿਰਾਂ ਨਾਲ ਮਿਲੇਗੀ ਸਿੱਧੀ ਕਨੈਕਟੀਵਿਟੀ
ਇਸ ਸੇਵਾ ਰਾਹੀਂ ਲੰਡਨ, ਬਰਮਿੰਘਮ, ਪੈਰਿਸ, ਫਰੈਂਕਫਰਟ, ਰੋਮ, ਐਮਸਟਰਡਮ, ਜ਼ਿਊਰਿਖ, ਕੋਪਨਹੇਗਨ, ਵੀਅਨਾ ਅਤੇ ਮਿਲਾਨ ਵਰਗੇ ਯੂਰਪੀ ਸ਼ਹਿਰਾਂ ਨਾਲ ਕਨੈਕਟੀਵਿਟੀ ਮਿਲੇਗੀ।
ਇਸ ਤੋਂ ਇਲਾਵਾ ਨਿਊਯਾਰਕ, ਨੇਵਾਰਕ, ਸੈਨ ਫਰਾਂਸਿਸਕੋ, ਸ਼ਿਕਾਗੋ, ਟੋਰਾਂਟੋ, ਵੈਨਕੂਵਰ, ਮੈਲਬੋਰਨ, ਸਿਡਨੀ, ਸਿੰਗਾਪੁਰ, ਦੁਬਈ, ਫੁਕੇਟ ਅਤੇ ਬਾਲੀ ਸਮੇਤ ਕਈ ਹੋਰ ਅੰਤਰਰਾਸ਼ਟਰੀ ਮੰਜ਼ਿਲਾਂ ਤੱਕ ਵੀ ਯਾਤਰਾ ਆਸਾਨ ਹੋ ਜਾਵੇਗੀ।
ਕੇਂਦਰੀ ਹਵਾਬਾਜ਼ੀ ਮੰਤਰੀ ਨੇ ਕੀਤੀ ਸੇਵਾ ਦੀ ਸ਼ੁਰੂਆਤ
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਸ ਸੇਵਾ ਦੀ ਸ਼ੁਰੂਆਤ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲ ਪੰਜਾਬ ਨੂੰ ਵਿਸ਼ਵ ਪੱਧਰੀ ਹਵਾਈ ਸੰਪਰਕ ਨਾਲ ਹੋਰ ਮਜ਼ਬੂਤੀ ਨਾਲ ਜੋੜੇਗੀ ਅਤੇ ਇਸ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ, ਸੈਰ-ਸਪਾਟੇ, ਵਪਾਰ ਅਤੇ ਨਿਵੇਸ਼ ਨੂੰ ਵੀ ਲਾਭ ਮਿਲੇਗਾ।
ਏਅਰ ਇੰਡੀਆ ਨੇ ਦੱਸੇ ਸੇਵਾ ਦੇ ਫ਼ਾਇਦੇ
ਏਅਰ ਇੰਡੀਆ ਦੇ ਗਰੁੱਪ ਹੈੱਡ ਪੀ. ਬਾਲਾਜੀ ਨੇ ਕਿਹਾ ਕਿ ਪੰਜਾਬ ਦੁਨੀਆ ਭਰ ਵਿੱਚ ਵੱਸਦੇ ਭਾਰਤੀਆਂ ਦੀਆਂ ਸਭ ਤੋਂ ਵੱਡੀਆਂ ਕਮਿਊਨਿਟੀਆਂ ਵਿੱਚੋਂ ਇੱਕ ਹੈ। ‘ਈਜ਼ੀ ਕਨੈਕਟ’ ਸੇਵਾ ਨਾਲ ਯਾਤਰੀ ਆਪਣੇ ਸ਼ਹਿਰ ਤੋਂ ਹੀ ਅੰਤਰਰਾਸ਼ਟਰੀ ਯਾਤਰਾ ਦੀਆਂ ਸਾਰੀਆਂ ਮੁੱਖ ਰਸਮਾਂ ਪੂਰੀਆਂ ਕਰ ਸਕਣਗੇ, ਜਿਸ ਨਾਲ ਸਮਾਂ ਵੀ ਬਚੇਗਾ ਅਤੇ ਯਾਤਰਾ ਹੋਰ ਸੁਖਾਲੀ ਬਣੇਗੀ।
ਹੋਰ ਸ਼ਹਿਰਾਂ ਤੱਕ ਵੀ ਵਧੇਗੀ ਸੇਵਾ
ਏਅਰ ਇੰਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਸੇਵਾ ਹੋਰ ਸ਼ਹਿਰਾਂ ਤੱਕ ਵੀ ਫੈਲਾਈ ਜਾਵੇਗੀ। ਅੰਮ੍ਰਿਤਸਰ ਅਤੇ ਵਾਰਾਣਸੀ ਤੋਂ ਬਾਅਦ ਅਹਿਮਦਾਬਾਦ, ਗੋਆ, ਕੋਚੀ ਅਤੇ ਹੋਰ ਸ਼ਹਿਰਾਂ ਨੂੰ ਵੀ ਇਸ ਯੋਜਨਾ ਨਾਲ ਜੋੜਿਆ ਜਾਵੇਗਾ।
ਡਿਜੀਯਾਤਰਾ ਰਜਿਸਟ੍ਰੇਸ਼ਨ ਹੋਵੇਗੀ ਲਾਜ਼ਮੀ
ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸੇਵਾ ਦਾ ਲਾਭ ਲੈਣ ਵਾਲੇ ਭਾਰਤੀ ਪਾਸਪੋਰਟ ਧਾਰਕਾਂ ਲਈ ਡਿਜੀਯਾਤਰਾ ‘ਤੇ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਯਾਤਰੀ ਇਸ ਸੇਵਾ ਦੀ ਬੁਕਿੰਗ ਏਅਰ ਇੰਡੀਆ ਦੀ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ, ਕਾਲ ਸੈਂਟਰ ਜਾਂ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਕਰ ਸਕਣਗੇ।

