ਅੰਮ੍ਰਿਤਸਰ :- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਇਸ ਸੇਵਾ ਦਾ ਮਕਸਦ ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਪਹੁੰਚਣ ਵਾਲੇ ਸ਼ਰਧਾਲੂਆਂ ਦਾ ਫੁੱਲਾਂ ਦੀ ਸਜਾਵਟ ਰਾਹੀਂ ਸਵਾਗਤ ਕਰਨਾ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖ਼ੁਸ਼ੀਆਂ ਨਾਲ ਜੋੜਨਾ ਹੈ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਇਹ ਸੇਵਾ ਸ਼ੁਰੂ ਕੀਤੀ ਗਈ।
ਹਵਾਈ ਅੱਡੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਜਾਵਟ
ਸੇਵਾ ਵਿੱਚ ਜੁੜੇ ਸੇਵਾਦਾਰਾਂ ਨੇ ਦੱਸਿਆ ਕਿ ਹਵਾਈ ਅੱਡੇ ਦੇ ਆਗਮਨ ਅਤੇ ਰਵਾਨਗੀ ਵਾਲੇ ਖੇਤਰਾਂ ਤੋਂ ਇਲਾਵਾ ਇਮੀਗ੍ਰੇਸ਼ਨ ਕਾਊਂਟਰਾਂ ਅਤੇ ਹੋਰ ਥਾਵਾਂ ਨੂੰ ਵੀ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਹਵਾਈ ਅੱਡੇ ’ਤੇ ਗੁਰੂ ਸਾਹਿਬਾਨ ਦੇ ਸਰੂਪਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵੱਡੇ ਮਾਡਲ ਨੂੰ ਵੀ ਸਜਾਵਟ ਦਾ ਹਿੱਸਾ ਬਣਾਇਆ ਗਿਆ ਹੈ, ਜੋ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇਗਾ।
ਦਿੱਲੀ ਤੇ ਕੋਲਕਾਤਾ ਤੋਂ ਪਹੁੰਚੇ ਸੇਵਾਦਾਰ
ਸ਼ਰਧਾਲੂਆਂ ਅਨੁਸਾਰ ਇਸ ਸੇਵਾ ਲਈ ਦੇਸ਼-ਵਿਦੇਸ਼ ਤੋਂ ਲਿਆਂਦੇ 25 ਤੋਂ 30 ਕਿਸਮਾਂ ਦੇ ਫੁੱਲ ਵਰਤੇ ਜਾ ਰਹੇ ਹਨ। ਦਿੱਲੀ ਅਤੇ ਕੋਲਕਾਤਾ ਤੋਂ ਪਹੁੰਚੇ ਸ਼ਰਧਾਲੂ, ਗੁਰੂ ਘਰ ਦੇ ਪ੍ਰੇਮੀ ਅਤੇ ਕਾਰੀਗਰ ਮਿਲ ਕੇ ਸਜਾਵਟ ਦੀ ਸੇਵਾ ਨਿਭਾਅ ਰਹੇ ਹਨ। ਇਸ ਉਪਰਾਲੇ ਰਾਹੀਂ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੀਆਂ ਨੂੰ ਫੁੱਲਾਂ ਦੀ ਮਹਿਕ ਅਤੇ ਸਜਾਵਟ ਨਾਲ ਪ੍ਰਕਾਸ਼ ਪੁਰਬ ਦੇ ਮਾਹੌਲ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੇਲਵੇ ਸਟੇਸ਼ਨ ਤੇ ਬੱਸ ਅੱਡੇ ਤੇ ਵੀ ਜਾਰੀ ਰਹੇਗੀ ਸੇਵਾ
ਸੇਵਾਦਾਰਾਂ ਨੇ ਦੱਸਿਆ ਕਿ ਇਹ ਉਪਰਾਲਾ ਸਿਰਫ਼ ਹਵਾਈ ਅੱਡੇ ਤੱਕ ਸੀਮਤ ਨਹੀਂ ਰਹੇਗਾ। ਰੇਲਵੇ ਸਟੇਸ਼ਨ, ਬੱਸ ਅੱਡੇ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੀ ਸੇਵਾ ਕੀਤੀ ਜਾਵੇਗੀ। ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਕੀਰਤਨ ਅਤੇ ਮੁੱਖ ਸਮਾਗਮਾਂ ਤੱਕ ਇਸ ਸੇਵਾ ਨੂੰ ਜਾਰੀ ਰੱਖਣ ਦੀ ਯੋਜਨਾ ਹੈ।
ਇਹ ਉਪਰਾਲਾ ਸ੍ਰੀ ਗੁਰੂ ਰਾਮਦਾਸ ਜੀ ਪ੍ਰਤੀ ਸ਼ਰਧਾ ਅਤੇ ਸੇਵਾ ਭਾਵਨਾ ਦਾ ਪ੍ਰਗਟਾਵਾ ਹੈ। ਇਸ ਰਾਹੀਂ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂਆਂ ਦਾ ਸਵਾਗਤ ਕਰਨ ਦੇ ਨਾਲ-ਨਾਲ ਸ਼ਹਿਰ ਵਿੱਚ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਨੂੰ ਵੀ ਵਧਾਇਆ ਜਾ ਰਿਹਾ ਹੈ।