ਅੰਮ੍ਰਿਤਸਰ :- ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰ ਅਤੇ ਪਾਰਟੀ ਦੀ ਬੁਲਾਰਣ ਰੂਪ ਕੌਰ ਸੰਧੂ ਨਾਲ ਚੰਡੀਗੜ੍ਹ ਵਿੱਚ ਰਾਤ ਦੇ ਸਮੇਂ ਹਮਲੇ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਉਹ ਅੰਮ੍ਰਿਤਸਰ ਤੋਂ ਕਿਸੇ ਕੰਮ ਲਈ ਚੰਡੀਗੜ੍ਹ ਆਈਆਂ ਸਨ ਅਤੇ ਦੇਰ ਰਾਤ ਵਾਪਸ ਜਾਂਦੇ ਸਮੇਂ ਉਨ੍ਹਾਂ ਦੀ ਗੱਡੀ ਦਾ ਪਿੱਛਾ ਇੱਕ ਅਣਪਛਾਤੀ ਗੱਡੀ ਵੱਲੋਂ ਕੀਤਾ ਗਿਆ।
ਗੱਡੀ ਰੋਕ ਕੇ ਖਿੱਚਣ ਦੀ ਕੋਸ਼ਿਸ਼, ਬਹੁਤ ਮੁਸ਼ੱਕਤ ਨਾਲ ਬਚਾਈ ਜਾਨ
ਰੂਪ ਕੌਰ ਸੰਧੂ ਨੇ ਦੱਸਿਆ ਕਿ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਦੇ ਨੇੜੇ ਆ ਕੇ ਗਾਲਾਂ ਕੱਢੀਆਂ ਅਤੇ ਖਿੱਚ ਕੇ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਹਿੰਮਤ ਤੇ ਸਿਆਣਪ ਨਾਲ ਆਪਣੀ ਜਾਨ ਬਚਾਈ। ਇਸ ਦੌਰਾਨ ਉਨ੍ਹਾਂ ਦੇ ਹੱਥਾਂ ਤੇ ਵੀ ਸੱਟਾਂ ਆਈਆਂ।
ਪੁਲਿਸ ਨੂੰ ਦਿੱਤੀ ਸੂਚਨਾ, ਹਮਲਾਵਰ ਅਜੇ ਤੱਕ ਬੇਨਕਾਬ
ਸੰਧੂ ਨੇ ਹਮਲੇ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ ਅਤੇ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੀ ਮੰਸ਼ਾ ਅਜੇ ਤੱਕ ਸਾਹਮਣੇ ਨਹੀਂ ਆ ਸਕੀ। ਚੰਡੀਗੜ੍ਹ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੇ ਸਮੇਂ ਤੋਂ ਮਿਲ ਰਹੀਆਂ ਸਨ ਧਮਕੀਆਂ
ਰੂਪ ਕੌਰ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਧਮਕੀਆਂ ਮਿਲ ਰਹੀਆਂ ਸਨ ਕਿਉਂਕਿ ਉਹ ਸਮਾਜਿਕ ਤੇ ਰਾਜਨੀਤਿਕ ਮਸਲਿਆਂ ਉੱਤੇ ਖੁੱਲ੍ਹ ਕੇ ਬੋਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਡਰਾਉਣ ਦੀ ਕੋਸ਼ਿਸ਼ ਹਨ ਪਰ ਉਹ ਚੁੱਪ ਨਹੀਂ ਰਹਿਣਗੀਆਂ।

