ਚੰਡੀਗੜ੍ਹ :- ਪੰਜਾਬ ਵਿੱਚ ਹੜ੍ਹ ਅਤੇ ਲਗਾਤਾਰ ਬਾਰਸ਼ਾਂ ਕਾਰਨ ਸਿਹਤ ਸੰਕਟ ਖੜ੍ਹਾ ਹੋ ਸਕਦਾ ਹੈ। ਮਾਹਰਾਂ ਮੁਤਾਬਕ ਸੂਬੇ ਵਿੱਚ ਚਾਰ ਪੱਧਰਾਂ ‘ਚ ਹੈਲਥ ਅਟੈਕ ਦਾ ਖ਼ਤਰਾ ਹੈ, ਜਿਸ ਨਾਲ ਮਹਾਮਾਰੀ ਫੈਲਣ ਦੀ ਸੰਭਾਵਨਾ ਹੈ।
ਪਹਿਲਾ ਪੱਧਰ – ਪਾਣੀ ਨਾਲ ਸੰਬੰਧਿਤ ਬੀਮਾਰੀਆਂ
ਹੜ੍ਹਾਂ ਮਗਰੋਂ ਮੱਛਰਾਂ ਅਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬੀਮਾਰੀਆਂ ਵਧਣ ਦੀ ਸੰਭਾਵਨਾ ਹੈ। ਹੈਜਾ, ਡਾਇਰੀਆ, ਟਾਈਫਾਇਡ, ਹੈਪੇਟਾਈਟਸ ਏ, ਗੈਸਟ੍ਰਿਕ ਬੀਮਾਰੀਆਂ ਅਤੇ ਖੜ੍ਹੇ ਪਾਣੀ ਨਾਲ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਵੱਧ ਸਕਦੇ ਹਨ।
ਦੂਜਾ ਪੱਧਰ – ਫੰਗਲ ਅਤੇ ਸਾਹ ਦੀਆਂ ਬੀਮਾਰੀਆਂ
ਗਿੱਲੇ ਫਰਨੀਚਰ ਅਤੇ ਨਮੀ ਕਾਰਨ ਫੰਗਲ ਇੰਫੈਕਸ਼ਨ ਫੈਲ ਸਕਦਾ ਹੈ। ਇਸ ਨਾਲ ਸਾਹ ਰੋਗ, ਐਲਰਜੀ, ਨਿਮੋਨੀਆ, ਫੇਫੜਿਆਂ ਦੀਆਂ ਸਮੱਸਿਆਵਾਂ ਵਧਣ ਦੇ ਚਿੰਨ੍ਹ ਹਨ, ਜਦਕਿ ਦਮਾ ਪੀੜਤਾਂ ਲਈ ਸਥਿਤੀ ਹੋਰ ਖ਼ਰਾਬ ਹੋ ਸਕਦੀ ਹੈ।
ਤੀਜਾ ਪੱਧਰ – ਕਮਜ਼ੋਰ ਵਰਗਾਂ ‘ਤੇ ਅਸਰ
ਬੱਚਿਆਂ, ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਕਾਰਨ ਗੰਭੀਰ ਦਿੱਕਤਾਂ ਆ ਸਕਦੀਆਂ ਹਨ। ਡਾਇਲਸਿਸ ਅਤੇ ਕੀਮੋਥੈਰੇਪੀ ਵਾਲੇ ਮਰੀਜ਼ਾਂ ਲਈ ਵੀ ਹਾਲਾਤ ਖ਼ਤਰਨਾਕ ਹੋ ਸਕਦੇ ਹਨ।
ਚੌਥਾ ਪੱਧਰ – ਮਾਨਸਿਕ ਸਿਹਤ ਸੰਕਟ
ਹੜ੍ਹ ਕਾਰਨ ਘਰਾਂ ਅਤੇ ਜਾਇਦਾਦ ਦਾ ਨੁਕਸਾਨ ਭੋਗਣ ਵਾਲੇ ਲੋਕਾਂ ‘ਚ ਮਾਨਸਿਕ ਸਮੱਸਿਆਵਾਂ ਵਧ ਸਕਦੀਆਂ ਹਨ। ਆਰਥਿਕ ਤੌਰ ‘ਤੇ ਪਿੱਛੇ ਹਟਣ ਨਾਲ ਡਿਪ੍ਰੈਸ਼ਨ ਅਤੇ ਮਾਨਸਿਕ ਬੀਮਾਰੀਆਂ ਵਧਣ ਦੀ ਸੰਭਾਵਨਾ ਹੈ।
ਸਿਹਤ ਵਿਭਾਗ ਦੀ ਕਾਰਵਾਈ
138 ਨਵੇਂ ਮੈਡੀਕਲ ਅਧਿਕਾਰੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਤਾਇਨਾਤ
818 ਰੈਪਿਡ ਰਿਸਪਾਂਸ ਅਤੇ ਮੋਬਾਈਲ ਮੈਡੀਕਲ ਟੀਮਾਂ ਸਰਗਰਮ
ਵੈਕਟਰ ਬੀਮਾਰੀਆਂ ਰੋਕਣ ਲਈ ਫੌਗਿੰਗ ਮੁਹਿੰਮ
424 ਐਂਬੂਲੈਂਸਾਂ ਦੀ ਤਾਇਨਾਤੀ
ਲਗਭਗ 1000 ਮੈਡੀਕਲ ਕੈਂਪ ਲਗਾਏ ਗਏ
ਕੈਂਪਾਂ ਵਿੱਚ 66 ਜ਼ਰੂਰੀ ਦਵਾਈਆਂ ਉਪਲਬਧ
11,103 ਤੋਂ ਵੱਧ ਆਸ਼ਾ ਵਰਕਰ ਮੈਦਾਨ ਵਿੱਚ
ਗੰਭੀਰ ਮਰੀਜ਼ਾਂ ਲਈ ਐਮਰਜੈਂਸੀ ਏਅਰਲਿਫਟ ਸੇਵਾ ਸ਼ੁਰੂ
ਸਾਫ਼ ਪਾਣੀ ਅਤੇ ਦਵਾਈਆਂ ਦੀ ਸਪਲਾਈ
ਡਾ. ਹਤਿੰਦਰ ਕੌਰ, ਡਾਇਰੈਕਟਰ ਹੈਲਥ ਸਰਵਿਸਿਜ਼, ਨੇ ਦੱਸਿਆ ਕਿ ਸੂਬੇ ‘ਚ ਸਾਫ਼ ਪਾਣੀ ਪਹੁੰਚਾਇਆ ਜਾ ਰਿਹਾ ਹੈ, ਕਲੋਰੀਨ ਗੋਲੀਆਂ ਵੰਡੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਉਬਲਿਆ ਹੋਇਆ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ।
ਮਾਹਰਾਂ ਦੀ ਚੇਤਾਵਨੀ
ਡਾ. ਵਿਕਰਮ ਸਿੰਘ ਬੇਦੀ ਮੁਤਾਬਕ, ਹੜ੍ਹਾਂ ਤੋਂ ਬਾਅਦ ਫੰਗਲ ਅਤੇ ਬੈਕਟੀਰੀਅਲ ਇੰਫੈਕਸ਼ਨ ਵਧ ਸਕਦੇ ਹਨ। ਡਾ. ਜੀ. ਧਾਮੀ ਨੇ ਕਿਹਾ ਕਿ ਨਮੀ ਕਾਰਨ ਫੰਗਲ ਇੰਫੈਕਸ਼ਨ ਅਤੇ ਚਮੜੀ ਰੋਗਾਂ ਦੇ ਕੇਸ ਵਧਣ ਦਾ ਖ਼ਤਰਾ ਹੈ।