ਪਟਿਆਲਾ :- ਪਟਿਆਲਾ ਦੇ ਮਾਡਲ ਟਾਊਨ ਇਲਾਕੇ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਿਗ ਲੜਕੀਆਂ ਨੂੰ ਪਟਿਆਲਾ ਪੁਲਿਸ ਨੇ ਹਰਿਆਣਾ ਦੇ ਇੱਕ ਸ਼ਹਿਰ ਤੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਲੜਕੀਆਂ ਦੀ ਸੁਰੱਖਿਅਤ ਬਰਾਮਦਗੀ ਪਟਿਆਲਾ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਤੋਂ ਬਾਅਦ ਸੰਭਵ ਹੋਈ।
15 ਅਗਸਤ ਦੀ ਪਰੇਡ ਲਈ ਸਕੂਲ ਗਈਆਂ, ਮੁੜ ਘਰ ਨਹੀਂ ਪਰਤੀਆਂ
ਜਾਣਕਾਰੀ ਅਨੁਸਾਰ ਤਿੰਨੋਂ ਲੜਕੀਆਂ 15 ਅਗਸਤ ਨੂੰ ਪਰੇਡ ਵਿੱਚ ਹਿੱਸਾ ਲੈਣ ਲਈ ਸਕੂਲ ਗਈਆਂ ਸਨ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚੀਆਂ। ਪਰਿਵਾਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੋਂ ਬਾਅਦ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਭਾਲ ਸ਼ੁਰੂ ਕੀਤੀ ਗਈ। ਪੁਲਿਸ ਟੀਮਾਂ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਸਮੇਤ ਹੋਰ ਸੁਰਾਗਾਂ ਦੀ ਜਾਂਚ ਕੀਤੀ।
ਪੁਲਿਸ ਨੇ ਹਰਿਆਣਾ ਪਹੁੰਚ ਕੇ ਤਿੰਨਾਂ ਨੂੰ ਲੱਭਿਆ
ਪੁਲਿਸ ਦੀ ਜਾਂਚ ਦੌਰਾਨ ਤਿੰਨੋਂ ਲੜਕੀਆਂ ਦਾ ਪਤਾ ਹਰਿਆਣਾ ਦੇ ਇੱਕ ਸ਼ਹਿਰ ਵਿੱਚ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਲੜਕੀਆਂ ਦੇ ਮਿਲਣ ਨਾਲ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੜਕੀਆਂ ਦੇ ਪਟਿਆਲਾ ਤੋਂ ਹਰਿਆਣਾ ਪਹੁੰਚਣ ਸਬੰਧੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

