Home Blog Page 707

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਮਾਂ ਬਦਲਣ ਤੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ!

ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਸਪਸ਼ਟੀਕਰਨ ਲੈਣ ਲਈ ਨਿਰਧਾਰਤ ਸਮੇਂ ‘ਚ ਤਬਦੀਲੀ ਕੀਤੇ ਜਾਣ ਮਗਰੋਂ ਸਿਆਸੀ ਅਤੇ ਧਾਰਮਿਕ ਹਲਕਿਆਂ ‘ਚ ਚਰਚਾ ਤੇਜ਼ ਹੋ ਗਈ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਵੇਰੇ 10 ਵਜੇ ਦੀ ਥਾਂ ਸ਼ਾਮ 4.30 ਵਜੇ ਹਾਜ਼ਰੀ ਲਈ ਕਹੇ ਜਾਣ ਨਾਲ ਮਾਮਲਾ ਨਵਾਂ ਮੋੜ ਲੈ ਗਿਆ ਹੈ।

ਮੁੱਖ ਮੰਤਰੀ ਵੱਲੋਂ ਸਰਵਜਨਿਕ ਪ੍ਰਤੀਕਿਰਿਆ
ਇਸ ਫ਼ੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਆਪਣਾ ਪੱਖ ਰੱਖਦਿਆਂ ਸਪਸ਼ਟ ਕੀਤਾ ਕਿ 15 ਜਨਵਰੀ ਨੂੰ ਉਨ੍ਹਾਂ ਦੀ ਕੋਈ ਹੋਰ ਸਰਕਾਰੀ ਜਾਂ ਨਿੱਜੀ ਵਿਆਸਤਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਾਸ਼ਟਰਪਤੀ ਭਵਨ ਨੂੰ ਵੀ ਅਗਾਊਂ ਸੂਚਿਤ ਕਰ ਦਿੱਤਾ ਗਿਆ ਹੈ।

ਸਵੇਰੇ 10 ਵਜੇ ਹਾਜ਼ਰੀ ਲਈ ਤਿਆਰੀ ਦਾ ਦਾਅਵਾ
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਮਾਂ ਬਦਲਣ ਬਾਰੇ ਨਾ ਤਾਂ ਉਨ੍ਹਾਂ ਵੱਲੋਂ ਅਤੇ ਨਾ ਹੀ ਮੁੱਖ ਮੰਤਰੀ ਦਫ਼ਤਰ ਵੱਲੋਂ ਕੋਈ ਅਧਿਕਾਰਤ ਪੱਤਰ ਜਾਂ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਧਾਰਮਿਕ ਮੰਚ ‘ਤੇ ਵਧੀ ਉਤਸੁਕਤਾ
CM ਮਾਨ ਦੇ ਇਸ ਬਿਆਨ ਤੋਂ ਬਾਅਦ ਅਕਾਲ ਤਖ਼ਤ ਪੇਸ਼ੀ ਦੇ ਅਸਲ ਸਮੇਂ ਨੂੰ ਲੈ ਕੇ ਉਤਸੁਕਤਾ ਹੋਰ ਵਧ ਗਈ ਹੈ। ਹੁਣ ਸਭ ਦੀਆਂ ਨਜ਼ਰਾਂ ਅਕਾਲ ਤਖ਼ਤ ਸਕੱਤਰੇਤ ਦੇ ਅਗਲੇ ਕਦਮ ‘ਤੇ ਟਿਕੀਆਂ ਹੋਈਆਂ ਹਨ, ਜਿਸ ਨਾਲ ਇਹ ਸਪਸ਼ਟ ਹੋ ਸਕੇਗਾ ਕਿ 15 ਜਨਵਰੀ ਨੂੰ ਪੇਸ਼ੀ ਕਿਹੜੇ ਸਮੇਂ ‘ਤੇ ਹੋਵੇਗੀ।

ਹਵਾਰਾ ਦੀ ਜੇਲ੍ਹ ਤਬਦੀਲੀ ਅਰਜ਼ੀ ‘ਤੇ ਸੁਣਵਾਈ ਟਲੀ, ਸੁਪਰੀਮ ਕੋਰਟ ਨੇ ਦੋ ਹਫ਼ਤਿਆਂ ਦੀ ਮਿਆਦ ਦਿੱਤੀ

ਨਵੀਂ ਦਿੱਲੀ :- ਸੁਪਰੀਮ ਕੋਰਟ ਨੇ ਬੇਅੰਤ ਸਿੰਘ ਕਤਲ ਮਾਮਲੇ ਨਾਲ ਜੁੜੇ ਦੋਸ਼ੀ ਜਗਤਾਰ ਸਿੰਘ ਹਵਾਰਾ ਵੱਲੋਂ ਦਾਇਰ ਅਰਜ਼ੀ ‘ਤੇ ਸੁਣਵਾਈ ਦੋ ਹਫ਼ਤਿਆਂ ਲਈ ਅੱਗੇ ਧੱਕ ਦਿੱਤੀ ਹੈ। ਇਹ ਅਰਜ਼ੀ ਤਿਹਾੜ ਜੇਲ੍ਹ, ਦਿੱਲੀ ਤੋਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲੀ ਦੀ ਮੰਗ ਸਬੰਧੀ ਦਾਇਰ ਕੀਤੀ ਗਈ ਹੈ।

ਸਾਲਿਸਿਟਰ ਜਨਰਲ ਦੀ ਗੈਰਹਾਜ਼ਰੀ ਕਾਰਨ ਫੈਸਲਾ ਟਲਿਆ
ਜਸਟਿਸ ਐਮ.ਐਮ. ਸੁੰਦਰੇਸ਼ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ‘ਤੇ ਆਧਾਰਿਤ ਬੈਂਚ ਨੇ ਕੇਂਦਰ ਸਰਕਾਰ ਦੀ ਪੱਖੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਦੀ ਗੈਰਹਾਜ਼ਰੀ ਨੂੰ ਦੇਖਦੇ ਹੋਏ ਮਾਮਲੇ ‘ਚ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਨਵੀਂ ਤਾਰੀਖ਼ ਤੈਅ ਕੀਤੀ।

ਪਿਛਲੇ ਸਾਲ ਜਾਰੀ ਹੋ ਚੁੱਕੇ ਹਨ ਨੋਟਿਸ
ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਅਦਾਲਤ ਵੱਲੋਂ ਕੇਂਦਰ ਸਰਕਾਰ, ਚੰਡੀਗੜ੍ਹ ਪ੍ਰਸ਼ਾਸਨ ਅਤੇ ਦਿੱਲੀ ਤੇ ਪੰਜਾਬ ਸਰਕਾਰਾਂ ਨੂੰ ਇਸ ਮਾਮਲੇ ‘ਚ ਆਪਣਾ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਸਨ।

1995 ਦੇ ਬੰਬ ਧਮਾਕੇ ਨਾਲ ਜੁੜਿਆ ਮਾਮਲਾ
ਜਗਤਾਰ ਸਿੰਘ ਹਵਾਰਾ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਨੇੜੇ ਹੋਏ ਬੰਬ ਧਮਾਕੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਧਮਾਕੇ ‘ਚ ਪੰਜਾਬ ਦੇ ਤਦਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 16 ਹੋਰ ਲੋਕਾਂ ਦੀ ਜਾਨ ਗਈ ਸੀ।

ਪਟੀਸ਼ਨ ‘ਚ ਜੇਲ੍ਹ ਅੰਦਰ ਵਿਹਾਰ ਦਾ ਹਵਾਲਾ
ਸੁਪਰੀਮ ਕੋਰਟ ਵਿੱਚ ਦਾਇਰ ਅਰਜ਼ੀ ‘ਚ ਕਿਹਾ ਗਿਆ ਹੈ ਕਿ 2004 ‘ਚ ਜੇਲ੍ਹ ਤੋਂ ਭੱਜਣ ਦੇ ਇਕ ਮਾਮਲੇ ਨੂੰ ਛੱਡ ਕੇ ਹਵਾਰਾ ਦਾ ਜੇਲ੍ਹ ਅੰਦਰ ਰਵੱਈਆ ਸਦਾ ਠੀਕ ਰਿਹਾ ਹੈ। ਉਸ ਮਾਮਲੇ ਵਿੱਚ ਬਾਅਦ ‘ਚ ਉਸਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਪੰਜਾਬ ਨਾਲ ਸਬੰਧ ਅਤੇ ਤਬਦੀਲੀ ਦੀ ਮੰਗ
ਪਟੀਸ਼ਨ ਅਨੁਸਾਰ ਹਵਾਰਾ ਖ਼ਿਲਾਫ਼ ਦਿੱਲੀ ‘ਚ ਕੋਈ ਹੋਰ ਮਾਮਲਾ ਲੰਬਿਤ ਨਹੀਂ ਹੈ। ਉਹ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਇਸ ਲਈ ਉਸਨੂੰ ਪੰਜਾਬ ਦੀ ਜੇਲ੍ਹ ਵਿੱਚ ਰੱਖਣਾ ਜ਼ਿਆਦਾ ਉਚਿਤ ਹੈ।

ਪੰਜਾਬ ‘ਚ ਕੜਾਕੇ ਦੀ ਠੰਢ ਦਾ ਅਲਰਟ, ਕਿਸਾਨਾਂ ਤੇ ਬਾਗਬਾਨਾਂ ਨੂੰ ਪੀਏਯੂ ਦੀ ਚੇਤਾਵਨੀ

ਚੰਡੀਗੜ੍ਹ :- ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਠੰਢ ਹੋਰ ਤੇਜ਼ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਅਤੇ ਬਾਗਬਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਲਗਾਤਾਰ ਘੱਟ ਤਾਪਮਾਨ ਫਸਲਾਂ ਅਤੇ ਪਸ਼ੂ ਧਨ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।

ਤਾਪਮਾਨ ਆਮ ਤੋਂ ਹੇਠਾਂ, ਪਾਲੇ ਦੀ ਸੰਭਾਵਨਾ
ਪੀਏਯੂ ਦੇ ਮੌਸਮੀ ਤਬਦੀਲੀ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੀ ਮੁਖੀ ਡਾ. ਪੀ. ਕੇ. ਖਿੰਗਰਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੂਬੇ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤੇ ਜਾ ਰਹੇ ਹਨ। ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਗਿਆ ਹੈ, ਜੋ ਕਿ ਸਖ਼ਤ ਸਰਦੀ ਦੀ ਸ਼ੁਰੂਆਤ ਵੱਲ ਇਸ਼ਾਰਾ ਕਰਦਾ ਹੈ।

ਘਣੀ ਧੁੰਦ ਤੇ ਪਾਲਾ ਫਸਲਾਂ ਲਈ ਖ਼ਤਰਾ
ਮੌਸਮ ਵਿਭਾਗ ਦੀ ਪੇਸ਼ਗੋਈ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੇਜ਼ ਠੰਢੀ ਲਹਿਰ ਦੇ ਨਾਲ ਘਣੀ ਧੁੰਦ ਅਤੇ ਪਾਲਾ ਪੈਣ ਦੇ ਆਸਾਰ ਹਨ। ਇਸ ਤਰ੍ਹਾਂ ਦੀ ਸਥਿਤੀ ਖੇਤਾਂ ਵਿੱਚ ਲੱਗੀਆਂ ਫਸਲਾਂ, ਸਬਜ਼ੀਆਂ ਅਤੇ ਫਲਦਾਰ ਬਾਗਾਂ ‘ਤੇ ਮਾੜਾ ਅਸਰ ਪਾ ਸਕਦੀ ਹੈ।

ਸਬਜ਼ੀਆਂ ਤੇ ਨਵੇਂ ਬਾਗ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ
ਡਾ. ਖਿੰਗਰਾ ਅਨੁਸਾਰ ਖ਼ਾਸ ਕਰਕੇ ਸਬਜ਼ੀ ਫਸਲਾਂ ਅਤੇ ਨਵੇਂ ਲਗਾਏ ਗਏ ਬਾਗ ਪਾਲੇ ਅਤੇ ਠੰਢ ਨਾਲ ਜਲਦੀ ਨੁਕਸਾਨੀਦੇ ਹੋ ਸਕਦੇ ਹਨ। ਉਨ੍ਹਾਂ ਬਾਗਬਾਨਾਂ ਨੂੰ ਹਲਕੀ ਸਿੰਚਾਈ ਕਰਨ, ਮਲਚਿੰਗ ਵਰਤਣ ਅਤੇ ਉੱਤਰ-ਪੱਛਮੀ ਪਾਸੇ ਸੁਰੱਖਿਆ ਪਰਦੇ ਲਗਾਉਣ ਦੀ ਸਲਾਹ ਦਿੱਤੀ ਹੈ।

ਪਸ਼ੂ ਪਾਲਕਾਂ ਲਈ ਵੀ ਹਦਾਇਤਾਂ
ਯੂਨੀਵਰਸਿਟੀ ਨੇ ਡੇਅਰੀ ਕਿਸਾਨਾਂ ਨੂੰ ਵੀ ਅਲਰਟ ਕੀਤਾ ਹੈ। ਕਿਹਾ ਗਿਆ ਹੈ ਕਿ ਸਖ਼ਤ ਠੰਢ ਦੌਰਾਨ ਪਸ਼ੂਆਂ ਨੂੰ ਅੰਦਰ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਪੌਸ਼ਟਿਕ ਆਹਾਰ ਦਿੱਤਾ ਜਾਵੇ, ਤਾਂ ਜੋ ਸਰਦੀ ਕਾਰਨ ਬੀਮਾਰੀਆਂ ਤੋਂ ਬਚਾਵ ਹੋ ਸਕੇ।

ਕਿਸਾਨਾਂ ਨੂੰ ਨਿਗਰਾਨੀ ਤੇ ਤੁਰੰਤ ਕਦਮ ਚੁੱਕਣ ਦੀ ਅਪੀਲ
ਪੀਏਯੂ ਨੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਸਮੇਂ ਸਿਰ ਜ਼ਰੂਰੀ ਉਪਾਅ ਅਪਣਾਕੇ ਸੰਭਾਵਿਤ ਨੁਕਸਾਨ ਤੋਂ ਬਚਣ।

ਦਿੱਲੀ ਦੇ ਪੱਛਮੀ ਵਿਹਾਰ ‘ਚ ਜਿਮ ‘ਤੇ ਫਾਇਰਿੰਗ, ਲਾਰੈਂਸ ਗੈਂਗ ਦਾ ਦਾਅਵਾ,ਕੀਤਾ ਪੋਸਟ ਸਾਂਝੀ!

ਨਵੀਂ ਦਿੱਲੀ :- ਬਾਹਰੀ ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਦੇਰ ਰਾਤ ਇਕ ਜਿਮ ਨੂੰ ਨਿਸ਼ਾਨਾ ਬਣਾਕੇ ਅਣਪਛਾਤੇ ਬਦਮਾਸ਼ਾਂ ਵੱਲੋਂ ਗੋਲੀਬਾਰੀ ਕੀਤੀ ਗਈ। ਗਨੀਮਤ ਰਹੀ ਕਿ ਇਸ ਵਾਰਦਾਤ ਦੌਰਾਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ।

ਸੋਸ਼ਲ ਮੀਡੀਆ ਪੋਸਟ ਨੇ ਵਧਾਈ ਚਰਚਾ
ਘਟਨਾ ਤੋਂ ਕੁਝ ਸਮੇਂ ਬਾਅਦ ਇਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ, ਜਿਸ ‘ਚ ਲਾਰੈਂਸ ਬਿਸ਼ਨੋਈ ਗਿਰੋਹ ਵੱਲੋਂ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ। ਪੋਸਟ ‘ਚ ਕਿਹਾ ਗਿਆ ਕਿ ਜਿਮ ਮਾਲਕ ਨਾਲ ਸੰਪਰਕ ਦੀ ਕੋਸ਼ਿਸ਼ ਨਾਕਾਮ ਰਹਿਣ ਕਾਰਨ ਇਸ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਪੁਲਸ ਦੀ ਤੁਰੰਤ ਕਾਰਵਾਈ
ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਸਾਰੇ ਇਲਾਕੇ ਨੂੰ ਘੇਰ ਲਿਆ ਗਿਆ। ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਮਾਹਿਰਾਂ ਨੂੰ ਵੀ ਬੁਲਾਇਆ ਗਿਆ।

ਕਾਰਤੂਸ ਬਰਾਮਦ, ਜਾਂਚ ਜਾਰੀ
ਪੁਲਸ ਨੇ ਮੌਕੇ ਤੋਂ ਇਕ ਖਾਲੀ ਕਾਰਤੂਸ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ‘ਚ ਕੇਸ ਦਰਜ ਕਰਕੇ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਗੈਂਗ ਦਾਅਵੇ ‘ਤੇ ਸਾਵਧਾਨੀ
ਸੀਨੀਅਰ ਪੁਲਸ ਅਧਿਕਾਰੀ ਨੇ ਸਾਫ਼ ਕੀਤਾ ਕਿ ਸੋਸ਼ਲ ਮੀਡੀਆ ‘ਤੇ ਆਈ ਪੋਸਟ ਦੀ ਪ੍ਰਮਾਣਿਕਤਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਪਹਿਲਾਂ ਕਿਸੇ ਵੀ ਗਿਰੋਹ ਦੀ ਭੂਮਿਕਾ ‘ਤੇ ਨਤੀਜਾ ਕੱਢਣਾ ਠੀਕ ਨਹੀਂ ਹੋਵੇਗਾ।

ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ
ਘਟਨਾ ਦੀ ਕੜੀ ਜੋੜਣ ਅਤੇ ਬਦਮਾਸ਼ਾਂ ਦੇ ਭੱਜਣ ਦੇ ਰਸਤੇ ਦਾ ਪਤਾ ਲਗਾਉਣ ਲਈ ਨੇੜਲੇ ਇਲਾਕਿਆਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਦਾ ਕਹਿਣਾ ਹੈ ਕਿ ਹਰ ਸੰਭਾਵਿਤ ਪੱਖ ਨੂੰ ਧਿਆਨ ‘ਚ ਰੱਖ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।

ਗਾਇਕ ਅਰਜਨ ਢਿੱਲੋਂ ਦੇ ਪਿਤਾ ਦਾ ਦੇਹਾਂਤ, ਪਾਲੀਵੁੱਡ ’ਚ ਸੋਗ ਦੀ ਲਹਿਰ

ਚੰਡੀਗੜ੍ਹ :- ਪੰਜਾਬੀ ਸੰਗੀਤ ਜਗਤ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਗਾਇਕ ਅਰਜਨ ਢਿੱਲੋਂ ਦੇ ਪਿਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਹੈ, ਜਿਸ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਜਿੱਥੇ ਇੱਕ ਪਾਸੇ ਪੰਜਾਬ ਭਰ ਵਿੱਚ ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਸੀ, ਉੱਥੇ ਹੀ ਢਿੱਲੋਂ ਪਰਿਵਾਰ ਦੇ ਘਰ ਸੋਗ ਦੀ ਚਾਦਰ ਛਾ ਗਈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦੇ ਹੀ ਸੰਗੀਤ ਅਤੇ ਫਿਲਮੀ ਜਗਤ ਨਾਲ ਜੁੜੀਆਂ ਹਸਤੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਅਤੇ ਮਰਹੂਮ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੁੱਖ ਮੰਤਰੀ ਦੀ ਪੇਸ਼ੀ ਦਾ ਸਮਾਂ ਬਦਲਿਆ, ਹੁਣ ਸ਼ਾਮ ਨੂੰ ਦੇਣਗੇ ਸਪੱਸ਼ਟੀਕਰਨ!

  1. ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਣ ਵਾਲੀ ਪੇਸ਼ੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਅਕਾਲ ਤਖ਼ਤ ਸਕੱਤਰੇਤ ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਹੁਣ ਮੁੱਖ ਮੰਤਰੀ 15 ਜਨਵਰੀ ਨੂੰ ਸਵੇਰੇ 10 ਵਜੇ ਦੀ ਬਜਾਏ ਸ਼ਾਮ 4.30 ਵਜੇ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪਣਾ ਸਪੱਸ਼ਟੀਕਰਨ ਪੇਸ਼ ਕਰਨਗੇ।

ਬਿਆਨਾਂ ਅਤੇ ਵਾਇਰਲ ਵੀਡੀਓ ਨੂੰ ਲੈ ਕੇ ਮੰਗਿਆ ਗਿਆ ਹੈ ਜਵਾਬ

ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਤੋਂ ਉਨ੍ਹਾਂ ਦੇ ਕੁਝ ਜਨਤਕ ਬਿਆਨਾਂ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੇਸ਼ੀ ਨਿਸ਼ਚਿਤ ਕੀਤੀ ਗਈ ਹੈ।

ਰਾਸ਼ਟਰਪਤੀ ਦੇ ਦੌਰੇ ਕਾਰਨ ਬਣੀ ਸਮੇਂ ਵਿੱਚ ਤਬਦੀਲੀ

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ 15 ਜਨਵਰੀ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਅੰਮ੍ਰਿਤਸਰ ਦੌਰਾ ਨਿਧਾਰਤ ਹੈ, ਪਰ ਉਹ ਉਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਥਾਂ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਨੂੰ ਤਰਜੀਹ ਦੇਣਗੇ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੀ ਪੇਸ਼ੀ ਦਾ ਸਮਾਂ ਬਦਲਿਆ ਗਿਆ ਹੈ।

ਨੰਗੇ ਪੈਰ ਜਾਣ ਦੀ ਘੋਸ਼ਣਾ, ਲਾਈਵ ਪ੍ਰਸਾਰਨ ਦੀ ਮੰਗ

ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਇਹ ਕਹਿ ਚੁੱਕੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੰਗੇ ਪੈਰ ਜਾ ਕੇ ਆਪਣੀ ਗੱਲ ਰੱਖਣਗੇ। ਨਾਲ ਹੀ ਉਨ੍ਹਾਂ ਨੇ ਇਹ ਬੇਨਤੀ ਵੀ ਕੀਤੀ ਸੀ ਕਿ ਗੋਲਕ ਨਾਲ ਸਬੰਧਿਤ ਬਿਆਨ ਅਤੇ ਸਬੂਤ ਪੇਸ਼ ਕਰਦੇ ਸਮੇਂ ਇਸ ਕਾਰਵਾਈ ਦਾ ਲਾਈਵ ਪ੍ਰਸਾਰਨ ਕੀਤਾ ਜਾਵੇ।

ਸਕੱਤਰੇਤ ਵਿੱਚ ਹੋਵੇਗੀ ਪੇਸ਼ੀ

ਕਿਉਂਕਿ ਮੁੱਖ ਮੰਤਰੀ ਅੰਮ੍ਰਿਤਧਾਰੀ ਸਿੱਖ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ਦੀ ਫਸੀਲ ’ਤੇ ਪੇਸ਼ ਹੋਣ ਦੀ ਬਜਾਏ ਸਕੱਤਰੇਤ ਵਿੱਚ ਹੀ ਹਾਜ਼ਰੀ ਭਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ’ਚ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।

ਬੱਚਿਆਂ ਦੀਆਂ ਮੌਜਾਂ, ਸਕੂਲਾਂ ਦੀਆਂ ਛੁੱਟੀਆਂ 17 ਜਨਵਰੀ ਤੱਕ ਵਧੀਆਂ!

ਚੰਡੀਗੜ੍ਹ :- ਉੱਤਰੀ ਭਾਰਤ ਸਮੇਤ ਇਲਾਕੇ ਵਿੱਚ ਕੋਹਰੇ ਅਤੇ ਕੜਾਕੇ ਦੀ ਠੰਢ ਦਾ ਦੌਰ ਜਾਰੀ ਰਹਿਣ ਕਾਰਨ ਪ੍ਰਸ਼ਾਸਨ ਨੇ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਬੱਚਿਆਂ ਦੀ ਸਿਹਤ ਨੂੰ ਪਹਿਲ ਦੇਂਦਿਆਂ ਹੁਣ ਸਾਰੇ ਸਕੂਲ 17 ਜਨਵਰੀ ਤੱਕ ਬੰਦ ਰਹਿਣਗੇ। ਪਹਿਲਾਂ ਇਹ ਸਕੂਲ 14 ਜਨਵਰੀ ਨੂੰ ਖੁੱਲ੍ਹਣੇ ਨਿਰਧਾਰਤ ਸਨ।

ਸਵੇਰ ਦੀ ਭਾਰੀ ਠੰਢ ਬਣੀ ਚਿੰਤਾ ਦਾ ਕਾਰਨ

ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਨਿੱਕੇ ਬੱਚਿਆਂ ਦੇ ਬਿਮਾਰ ਹੋਣ ਦਾ ਖਤਰਾ ਵਧ ਗਿਆ ਹੈ। ਠੰਢੀ ਹਵਾ ਅਤੇ ਸੰਘਣੇ ਕੋਹਰੇ ਨੂੰ ਦੇਖਦਿਆਂ ਇਹ ਫ਼ੈਸਲਾ ਲਾਜ਼ਮੀ ਮੰਨਿਆ ਜਾਵੇ।

ਸਰਕਾਰੀ ਅਤੇ ਪ੍ਰਾਈਵੇਟ ਦੋਵੇਂ ਸਕੂਲ ਰਹਿਣਗੇ ਬੰਦ

ਇਹ ਹੁਕਮ ਸਰਕਾਰੀ ਅਤੇ ਨਿੱਜੀ ਦੋਵੇਂ ਤਰ੍ਹਾਂ ਦੇ ਸਕੂਲਾਂ ’ਤੇ ਇਕਸਾਰ ਲਾਗੂ ਹੋਵੇਗਾ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਸਕੂਲ ਭੌਤਿਕ ਤੌਰ ’ਤੇ ਨਹੀਂ ਖੁੱਲ੍ਹੇਗਾ, ਹਾਲਾਂਕਿ ਆਨਲਾਈਨ ਕਲਾਸਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।

ਮਾਪਿਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ

ਪ੍ਰਸ਼ਾਸਨ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕੱਪੜੇ ਪਹਿਨਾਏ ਜਾਣ ਅਤੇ ਬਿਨਾਂ ਲੋੜ ਘਰੋਂ ਬਾਹਰ ਨਾ ਭੇਜਿਆ ਜਾਵੇ। ਨਾਲ ਹੀ ਕਿਹਾ ਗਿਆ ਹੈ ਕਿ ਮੌਸਮ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇਕਰ ਲੋੜ ਪਈ ਤਾਂ ਅੱਗੇ ਵੀ ਫ਼ੈਸਲਾ ਸਮੀਖਿਆ ਦੇ ਆਧਾਰ ’ਤੇ ਲਿਆ ਜਾਵੇਗਾ

ਨਾਭਾ ਜੇਲ੍ਹ ’ਚ ਮਜੀਠੀਆ ਦੀ ਸੁਰੱਖਿਆ ’ਤੇ ਸਵਾਲ, ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਤੁਰੰਤ ਰਿਪੋਰਟ ਮੰਗੀ

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਾਭਾ ਜੇਲ੍ਹ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਇਸ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਮਲੇ ਨੂੰ ਗੰਭੀਰ ਮੰਨਦਿਆਂ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਮਾਮਲੇ ਦੀ ਤਤਕਾਲ ਸੁਣਵਾਈ ਦੇ ਹੁਕਮ

ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਅਤਿ ਸੰਵੇਦਨਸ਼ੀਲ ਹੈ ਅਤੇ ਇਸ ਨੂੰ ਆਮ ਕਾਰਵਾਈ ਵਾਂਗ ਨਹੀਂ ਲਿਆ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਮੰਗਲਵਾਰ ਨੂੰ ਜ਼ਰੂਰੀ ਮਾਮਲਿਆਂ ਦੀ ਸੂਚੀ ਤੋਂ ਬਾਅਦ ਸਭ ਤੋਂ ਪਹਿਲਾਂ ਇਸ ਪਟੀਸ਼ਨ ’ਤੇ ਸੁਣਵਾਈ ਕੀਤੀ ਜਾਵੇਗੀ।

ਇੰਟੈਲੀਜੈਂਸ ਰਿਪੋਰਟ ਨਾਲ ਵਧੀ ਚਿੰਤਾ

ਸੁਣਵਾਈ ਦੌਰਾਨ ਮਜੀਠੀਆ ਦੇ ਵਕੀਲ ਵੱਲੋਂ ਏਡੀਜੀਪੀ ਇੰਟੈਲੀਜੈਂਸ ਦੇ ਇਕ ਤਾਜ਼ਾ ਪੱਤਰ ਦਾ ਹਵਾਲਾ ਦਿੱਤਾ ਗਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਜੀਠੀਆ ਨੂੰ ਜੇਲ੍ਹ ਅੰਦਰੋਂ ਵੀ ਖ਼ਤਰੇ ਦੀ ਸੰਭਾਵਨਾ ਹੈ। ਦੱਸਿਆ ਗਿਆ ਕਿ ਇਹ ਖ਼ਤਰਾ ਇੱਕ ਪਾਬੰਦੀਸ਼ੁਦਾ ਅੱਤਵਾਦੀ ਗਰੁੱਪ ਨਾਲ ਜੁੜਿਆ ਹੋ ਸਕਦਾ ਹੈ, ਜਿਸ ਕਾਰਨ ਸੁਰੱਖਿਆ ਪ੍ਰਬੰਧਾਂ ’ਤੇ ਮੁੜ ਵਿਚਾਰ ਲਾਜ਼ਮੀ ਬਣਦਾ ਹੈ।

ਸਰਕਾਰ ਤੋਂ ਵਿਸਤ੍ਰਿਤ ਜਾਣਕਾਰੀ ਦੀ ਮੰਗ

ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਹੁਕਮ ਦਿੱਤਾ ਹੈ ਕਿ ਉਹ ਨਾਭਾ ਜੇਲ੍ਹ ਦੇ ਸੁਪਰਡੈਂਟ ਅਤੇ ਸੰਬੰਧਤ ਆਈਜੀ ਤੋਂ ਤੁਰੰਤ ਪੂਰੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰਨ। ਇਸ ਵਿੱਚ ਮੌਜੂਦਾ ਸੁਰੱਖਿਆ ਪ੍ਰਬੰਧ, ਸੰਭਾਵਿਤ ਧਮਕੀਆਂ ਦਾ ਅੰਕਲਨ ਅਤੇ ਕੀਤੇ ਜਾ ਰਹੇ ਸਾਵਧਾਨੀ ਕਦਮਾਂ ਦੇ ਵੇਰਵੇ ਸ਼ਾਮਲ ਹੋਣ।

ਅਦਾਲਤ ਦੀ ਸਖ਼ਤ ਟਿੱਪਣੀ

ਅਦਾਲਤ ਨੇ ਇਹ ਵੀ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਕੈਦੀ ਦੀ ਜਾਨ ਨੂੰ ਖ਼ਤਰੇ ਵਿੱਚ ਨਹੀਂ ਪਾਇਆ ਜਾ ਸਕਦਾ ਅਤੇ ਜੇਲ੍ਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਪੱਖੋਂ ਸੁਰੱਖਿਆ ਯਕੀਨੀ ਬਣਾਵੇ।

ਬਰਨਾਲਾ ਪੁਲਸ ਨੇ ਤੜਕੇ ਕੀਤਾ ਐਨਕਾਉੰਟਰ, ਦੋ ਲੋੜੀਂਦੇ ਬਦਮਾਸ਼ ਕਾਬੂ!

ਬਰਨਾਲਾ :- ਬਰਨਾਲਾ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਚੁਣੌਤੀ ਦੇਣ ਵਾਲਿਆਂ ਖ਼ਿਲਾਫ਼ ਪੁਲਸ ਨੇ ਤੜਕੇ ਸਖ਼ਤ ਕਾਰਵਾਈ ਕਰਦਿਆਂ ਦੋ ਲੋੜੀਂਦੇ ਅਪਰਾਧੀਆਂ ਨੂੰ ਐਨਕਾਊਂਟਰ ਮਗਰੋਂ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਜ਼ਿਲ੍ਹਾ ਪੁਲਸ ਮੁਖੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਚਲਾਈ ਗਈ, ਜੋ 11 ਜਨਵਰੀ ਦੀ ਰਾਤ ਨੂੰ ਹੋਈ ਗੋਲੀਬਾਰੀ ਦੀ ਘਟਨਾ ਨਾਲ ਸਬੰਧਿਤ ਸੀ।

ਗੁਪਤ ਸੂਚਨਾ ਦੇ ਆਧਾਰ ’ਤੇ ਤਿਆਰ ਹੋਈ ਰਣਨੀਤੀ

ਪੁਲਸ ਅਧਿਕਾਰੀਆਂ ਅਨੁਸਾਰ ਘਟਨਾ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਸੀ, ਜਿਸ ਨੇ ਤਕਨੀਕੀ ਸਰੋਤਾਂ ਅਤੇ ਮੈਦਾਨੀ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਦੀ ਹਿਲਜੁਲ ’ਤੇ ਨਿਗਾਹ ਬਣਾਈ ਰੱਖੀ। ਲੰਬੇ ਸਮੇਂ ਤੋਂ ਪੁਲਸ ਨੂੰ ਦੋਵੇਂ ਮੁਲਜ਼ਮਾਂ ਦੀ ਭਾਲ ਸੀ।

ਘੇਰੇਬੰਦੀ ਦੌਰਾਨ ਚਲੀਆਂ ਗੋਲੀਆਂ

ਅੱਜ ਸਵੇਰੇ ਜਦੋਂ ਪੁਲਸ ਨੇ ਸ਼ੱਕੀ ਥਾਂ ’ਤੇ ਘੇਰੇਬੰਦੀ ਕੀਤੀ ਤਾਂ ਬਦਮਾਸ਼ਾਂ ਨੇ ਫੜੇ ਜਾਣ ਦੇ ਡਰ ਨਾਲ ਫਾਇਰਿੰਗ ਕਰ ਦਿੱਤੀ। ਪੁਲਸ ਨੇ ਤੁਰੰਤ ਆਤਮ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇਕ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ। ਇਸ ਤੋਂ ਬਾਅਦ ਦੋਵੇਂ ਨੂੰ ਕਾਬੂ ਕਰ ਲਿਆ ਗਿਆ।

ਗੈਂਗ ਰੰਜਿਸ਼ ਨਾਲ ਜੁੜੀ ਵਾਰਦਾਤ

ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਇਲਾਕੇ ਵਿੱਚ ਸਰਗਰਮ ਦੋ ਅਪਰਾਧਿਕ ਧਿਰਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਸੀ। ਦੋਵੇਂ ਪੱਖ ਆਪਣੇ ਪ੍ਰਭਾਵ ਨੂੰ ਕਾਇਮ ਰੱਖਣ ਲਈ ਹਿੰਸਕ ਰਸਤਾ ਅਪਣਾ ਰਹੇ ਸਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਸੀ।

ਪੁਲਸ ਦਾ ਸਖ਼ਤ ਰੁਖ਼

ਐੱਸਐੱਸਪੀ ਮੁਹੰਮਦ ਸਰਫਰਾਜ਼ ਆਲਮ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਸੰਬੰਧਿਤ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ ਅਤੇ ਹੋਰ ਸੰਭਾਵਿਤ ਸ਼ਮੂਲੀਅਤਾਂ ਦੀ ਜਾਂਚ ਜਾਰੀ ਹੈ।

Ind vs NZ – ਸੀਰੀਜ਼ ਦਾ ਦੂਜਾ ਮੁਕਾਬਲਾ, ਰਾਜਕੋਟ ਵਨਡੇ: ਭਾਰਤ ਸੀਰੀਜ਼ ਜਿੱਤ ਦੇ ਨੇੜੇ, ਕੀ ਅਰਸ਼ਦੀਪ ਨੂੰ ਮੌਕਾ ਮਿਲੇਗਾ!

ਨਵੀਂ ਦਿੱਲੀ :- ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਦੂਜਾ ਮੁਕਾਬਲਾ ਬੁੱਧਵਾਰ ਨੂੰ ਰਾਜਕੋਟ ਦੇ ਮੈਦਾਨ ‘ਚ ਖੇਡਿਆ ਜਾਵੇਗਾ, ਜਿੱਥੇ ਮੀਜ਼ਬਾਨ ਟੀਮ ਦਾ ਹੌਸਲਾ ਕਾਫ਼ੀ ਬੁਲੰਦ ਨਜ਼ਰ ਆ ਰਿਹਾ ਹੈ। ਵਡੋਦਰਾ ‘ਚ ਪਹਿਲਾ ਵਨਡੇ ਚਾਰ ਵਿਕਟਾਂ ਨਾਲ ਜਿੱਤ ਕੇ ਭਾਰਤੀ ਟੀਮ ਪਹਿਲਾਂ ਹੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾਏ ਬੈਠੀ ਹੈ। ਰਾਜਕੋਟ ‘ਚ ਜਿੱਤ ਦਰਜ ਕਰਕੇ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਸੀਰੀਜ਼ ‘ਚ ਅਜੇਤੂ ਬੜ੍ਹਤ ਹਾਸਲ ਕਰਨ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ।

ਸੁੰਦਰ ਦੀ ਸੱਟ ਨੇ ਵਧਾਈ ਟੀਮ ਦੀ ਚਿੰਤਾ

ਮੁਕਾਬਲੇ ਤੋਂ ਪਹਿਲਾਂ ਭਾਰਤੀ ਕੈਂਪ ਤੋਂ ਆਈ ਖ਼ਬਰ ਨੇ ਟੀਮ ਪ੍ਰਬੰਧਨ ਦੀ ਯੋਜਨਾ ਨੂੰ ਝਟਕਾ ਦਿੱਤਾ ਹੈ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸੱਟ ਕਾਰਨ ਸੀਰੀਜ਼ ਦੇ ਬਾਕੀ ਦੋ ਵਨਡੇ ਮੈਚਾਂ ਤੋਂ ਬਾਹਰ ਹੋ ਗਏ ਹਨ। ਪਹਿਲੇ ਮੈਚ ਦੌਰਾਨ ਗੇਂਦਬਾਜ਼ੀ ਸਮੇਂ ਲੱਗੀ ਸੱਟ ਤੋਂ ਬਾਅਦ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ, ਜਿਸ ਨਾਲ ਟੀਮ ਨੂੰ ਸੰਯੋਗ ਬਦਲਣੇ ਪਏ ਹਨ।

ਬਦੋਨੀ ਨੂੰ ਮਿਲ ਸਕਦਾ ਹੈ ਡੈਬਿਊ ਦਾ ਮੌਕਾ

ਸੁੰਦਰ ਦੀ ਗੈਰਹਾਜ਼ਰੀ ‘ਚ ਦਿੱਲੀ ਦੇ 26 ਸਾਲਾ ਆਯੂਸ਼ ਬਦੋਨੀ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਰਾਜਕੋਟ ‘ਚ ਬਦੋਨੀ ਭਾਰਤ ਲਈ ਆਪਣਾ ਪਹਿਲਾ ਵਨਡੇ ਖੇਡ ਸਕਦੇ ਹਨ। ਮੱਧ ਕ੍ਰਮ ‘ਚ ਅਜਿਹੇ ਖਿਡਾਰੀ ਦੀ ਲੋੜ ਹੈ ਜੋ ਬੱਲੇਬਾਜ਼ੀ ਦੇ ਨਾਲ ਗੇਂਦਬਾਜ਼ੀ ‘ਚ ਵੀ ਯੋਗਦਾਨ ਪਾ ਸਕੇ, ਅਤੇ ਬਦੋਨੀ ਇਸ ਭੂਮਿਕਾ ਲਈ ਮਾਫ਼ਿਕ ਮੰਨੇ ਜਾ ਰਹੇ ਹਨ। ਵਿਜੇ ਹਜ਼ਾਰੇ ਟਰਾਫੀ ‘ਚ ਉਨ੍ਹਾਂ ਦਾ ਪ੍ਰਦਰਸ਼ਨ ਵੀ ਟੀਮ ਚੋਣਕਾਰਾਂ ਦੇ ਹੱਕ ‘ਚ ਗਿਆ ਹੈ।

ਪਲੇਇੰਗ ਇਲੈਵਨ ‘ਚ ਵੱਡੇ ਬਦਲਾਅ ਦੀ ਸੰਭਾਵਨਾ ਘੱਟ

ਹਾਲਾਂਕਿ ਟੀਮ ਕੋਲ ਨੀਤੀਸ਼ ਕੁਮਾਰ ਰੈੱਡੀ ਅਤੇ ਧਰੁਵ ਜੁਰੇਲ ਵਰਗੇ ਹੋਰ ਵਿਕਲਪ ਵੀ ਮੌਜੂਦ ਹਨ, ਪਰ ਦੂਜੇ ਵਨਡੇ ਲਈ ਬਦੋਨੀ ਨੂੰ ਤਰਜੀਹ ਮਿਲਣ ਦੀ ਸੰਭਾਵਨਾ ਵੱਧ ਦਿਖਾਈ ਦੇ ਰਹੀ ਹੈ। ਟੀਮ ਪ੍ਰਬੰਧਨ ਵੱਡੇ ਬਦਲਾਅ ਕਰਨ ਦੇ ਮੂਡ ‘ਚ ਨਹੀਂ ਜਾਪਦਾ, ਜਿਸ ਕਾਰਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਇੱਕ ਵਾਰ ਫਿਰ ਬੈਂਚ ‘ਤੇ ਰਹਿਣਾ ਪੈ ਸਕਦਾ ਹੈ।

ਦੂਜੇ ਵਨਡੇ ਲਈ ਭਾਰਤ ਦੀ ਸੰਭਾਵਿਤ ਟੀਮ

ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਆਯੂਸ਼ ਬਦੋਨੀ, ਕੇਐਲ ਰਾਹੁਲ (ਵਿਕਟਕੀਪਰ), ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਪ੍ਰਸਿੱਧ ਕ੍ਰਿਸ਼ਨਾ।

ਰਾਜਕੋਟ ‘ਚ ਭਾਰਤੀ ਟੀਮ ਦੀ ਕੋਸ਼ਿਸ਼ ਰਹੇਗੀ ਕਿ ਘਰੇਲੂ ਮੈਦਾਨ ਦਾ ਫਾਇਦਾ ਚੁੱਕਦਿਆਂ ਨਿਊਜ਼ੀਲੈਂਡ ‘ਤੇ ਦਬਾਅ ਬਣਾਇਆ ਜਾਵੇ ਅਤੇ ਸੀਰੀਜ਼ ਨੂੰ ਆਪਣੇ ਨਾਂ ਕੀਤਾ ਜਾਵੇ।