Home Blog Page 706

ਪਹਾੜੀ ਹਵਾਵਾਂ ਨਾਲ ਠੰਢ ਦਾ ਕਹਿਰ ਤੇਜ਼, ਸੂਬੇ ‘ਚ ਸ਼ੀਤ ਲਹਿਰ ਦਾ ਔਰੇਂਜ ਅਲਰਟ

ਚੰਡੀਗੜ੍ਹ :- ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਤੋਂ ਵਹਿ ਰਹੀਆਂ ਬਰਫ਼ੀਲੀਆਂ ਹਵਾਵਾਂ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਹੋਰ ਵੀ ਸਖ਼ਤ ਬਣਾ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਠੰਢ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਸਵੇਰੇ ਅਤੇ ਰਾਤ ਦੇ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਨਵਾਂਸ਼ਹਿਰ ‘ਚ ਸੀਜ਼ਨ ਦਾ ਸਭ ਤੋਂ ਠੰਢਾ ਦਿਨ
ਇਸ ਸੀਜ਼ਨ ਵਿੱਚ ਪਹਿਲੀ ਵਾਰ ਨਵਾਂਸ਼ਹਿਰ ਵਿੱਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਸੂਬੇ ਲਈ ਗੰਭੀਰ ਠੰਢ ਦਾ ਸੰਕੇਤ ਮੰਨਿਆ ਜਾ ਰਿਹਾ ਹੈ। ਠੰਢੀ ਹਵਾਵਾਂ ਦੇ ਨਾਲ-ਨਾਲ ਤਾਪਮਾਨ ਵਿੱਚ ਆਈ ਭਾਰੀ ਗਿਰਾਵਟ ਨੇ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ।

ਸੰਘਣੀ ਧੁੰਦ ਨਾਲ ਜਨਜੀਵਨ ਪ੍ਰਭਾਵਿਤ
ਚੰਡੀਗੜ੍ਹ, ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿੱਚ ਸਵੇਰੇ ਸੰਘਣੀ ਧੁੰਦ ਛਾਈ ਰਹੀ। ਕਈ ਥਾਵਾਂ ‘ਤੇ ਵਿਜ਼ੀਵਿਲਟੀ ਲਗਭਗ ਨਾਕਾਰਾ ਹੋ ਗਈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ‘ਤੇ ਵੀ ਅਸਰ ਪਿਆ।

ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ
ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ ਲਗਭਗ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦਕਿ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਰੀਬ 6.3 ਡਿਗਰੀ ਸੈਲਸੀਅਸ ਘੱਟ ਚੱਲ ਰਿਹਾ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਸ਼ੀਤ ਲਹਿਰ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਹਲਕੀ ਬਾਰਿਸ਼ ਦੀ ਸੰਭਾਵਨਾ, ਸਕੂਲ ਖੁੱਲ੍ਹੇ
ਮੌਸਮੀ ਅਨੁਮਾਨ ਅਨੁਸਾਰ 18 ਅਤੇ 19 ਜਨਵਰੀ ਨੂੰ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਬਾਵਜੂਦ, ਪੰਜਾਬ ਵਿੱਚ ਅੱਜ ਸਕੂਲ ਖੁੱਲ੍ਹੇ ਰਹਿਣਗੇ, ਜਿਸ ਕਾਰਨ ਬੱਚਿਆਂ ਅਤੇ ਮਾਪਿਆਂ ਵਿੱਚ ਠੰਢ ਨੂੰ ਲੈ ਕੇ ਚਿੰਤਾ ਵੇਖੀ ਜਾ ਰਹੀ ਹੈ।

ਅਗਲੇ ਦਿਨਾਂ ਦਾ ਮੌਸਮ ਕਿਵੇਂ ਰਹੇਗਾ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਅਗਲੇ 48 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਬਾਅਦ ਤਾਪਮਾਨ ਹੌਲੀ-ਹੌਲੀ 3 ਤੋਂ 4 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ।

ਪੱਛਮੀ ਗੜਬੜੀ ਨਾਲ ਬਦਲ ਸਕਦਾ ਹੈ ਮੌਸਮ
15 ਜਨਵਰੀ ਦੀ ਰਾਤ ਤੋਂ ਪੱਛਮੀ ਹਿਮਾਲੀਅਨ ਖੇਤਰ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ, ਜਿਸ ਨਾਲ ਉੱਥੇ ਮੌਸਮ ਵਿੱਚ ਤਬਦੀਲੀ ਆਉਣ ਦੀ ਸੰਭਾਵਨਾ ਹੈ। ਪਹਾੜੀ ਇਲਾਕਿਆਂ ਵਿੱਚ 16 ਅਤੇ 17 ਜਨਵਰੀ ਨੂੰ ਮੌਸਮ ਕੁਝ ਹੱਦ ਤੱਕ ਸੁਹਾਵਣਾ ਰਹਿਣ ਦੀ ਉਮੀਦ ਜਤਾਈ ਗਈ ਹੈ।

ਧੁੱਪ ਨਾਲ ਮਿਲ ਸਕਦੀ ਹੈ ਰਾਹਤ
ਮੌਸਮ ਵਿਭਾਗ ਅਨੁਸਾਰ 18 ਅਤੇ 19 ਜਨਵਰੀ ਨੂੰ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਵਿੱਚ ਧੁੱਪ ਨਿਕਲਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਭ੍ਰਿਸ਼ਟਾਚਾਰ ‘ਤੇ ਜ਼ੀਰੋ ਟਾਲਰੈਂਸ ; ਪਾਰਦਰਸ਼ੀ ਸ਼ਾਸਨ ਦੀ ਪਛਾਣ ਬਣੀ ਮਾਨ ਸਰਕਾਰ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ‘ਜ਼ੀਰੋ-ਟੋਲਰੈਂਸ’ ਨੀਤੀ ਨੂੰ ਦੁਹਰਾਉਂਦੇ ਹੋਏ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਵਿੱਤ ਵਿਭਾਗ ਵਿੱਚ ਭ੍ਰਿਸ਼ਟ ਅਧਿਕਾਰੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿੰਨੇ ਵੀ ਉੱਚੇ ਅਹੁਦੇ ‘ਤੇ ਕਿਉਂ ਨਾ ਹੋਵੇ।

ਭ੍ਰਿਸ਼ਟਾਚਾਰ ਵਿਰੁੱਧ ਜਾਰੀ ਸਖ਼ਤ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਾਲ 2022 ਦੇ ਅੱਧ ਵਿੱਚ ਖ਼ਜ਼ਾਨਾ ਅਤੇ ਲੇਖਾ ਸ਼ਾਖਾ (ਮੁੱਖ ਦਫ਼ਤਰ) ਅਤੇ ਵੱਖ-ਵੱਖ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ ਵਿੱਚ ਤਾਇਨਾਤ ਚਾਰ ਮੁਲਾਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਮਿਲਦੇ ਹੀ ਵਿਭਾਗ ਨੇ ਬਿਨਾਂ ਕਿਸੇ ਦੇਰੀ ਦੇ ਕਾਰਵਾਈ ਕੀਤੀ। ਇਨ੍ਹਾਂ ਚਾਰੇ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਅਤੇ ਮਾਮਲਾ ਡੂੰਘਾਈ ਨਾਲ ਜਾਂਚ ਲਈ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ ਗਿਆ।

ਵਿਭਾਗੀ ਜਾਂਚ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਮੁਕੰਮਲ ਜਾਂਚ ਤੋਂ ਬਾਅਦ ਦਸੰਬਰ 2025 ਵਿੱਚ ਨਿਰਣਾਇਕ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੁਪਰਡੈਂਟ ਗ੍ਰੇਡ-2 ਦੇ ਅਹੁਦੇ ‘ਤੇ ਤਾਇਨਾਤ ਇੱਕ ਅਧਿਕਾਰੀ ਨੂੰ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਤਿੰਨ ਕਰਮਚਾਰੀਆਂ ਨੂੰ ਸੇਵਾ ਨਿਯਮਾਂ ਅਨੁਸਾਰ ਸਖ਼ਤ ਸਜ਼ਾ ਦਿੱਤੀ ਗਈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਕਾਨੂੰਨੀ ਕਾਰਵਾਈ ਨੂੰ ਵੀ ਤਰਕਪੂਰਨ ਅੰਤ ਤੱਕ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਰੇਂਜ ਵੱਲੋਂ ਬਰਖ਼ਾਸਤ ਕੀਤੇ ਸੁਪਰਡੈਂਟ ਗ੍ਰੇਡ-2 ਵਿਰੁੱਧ ਐਫ.ਆਈ.ਆਰ ਨੰਬਰ 1/2026 ਦਰਜ ਕੀਤੀ ਗਈ। ਉਕਤ ਮੁਲਜ਼ਮ ਨੂੰ 11 ਜਨਵਰੀ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸ਼ੁਰੂਆਤੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ 12 ਜਨਵਰੀ 2026 ਨੂੰ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ, ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਗਲੇਰੀ ਪੁੱਛਗਿੱਛ ਲਈ ਮੁਲਜ਼ਮ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।

ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਹੋਰ ਅੱਗੇ ਵਧਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੁਲਾਸਾ ਕੀਤਾ ਕਿ ਚਾਰ ਮੁਲਜ਼ਮ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਦੀ ਜਾਂਚ ਦੌਰਾਨ 22 ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸਬੰਧਤ ਸ਼ੱਕੀ ਵਿੱਤੀ ਲੈਣ-ਦੇਣ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਪੂਰੀ ਨਿਰਪੱਖਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਇਨ੍ਹਾਂ ਲੈਣ-ਦੇਣ ਦੀ ਜਾਂਚ ਇੱਕ ਸੇਵਾਮੁਕਤ ਜੱਜ ਤੋਂ ਕਰਵਾਈ ਗਈ। ਇਸ ਨਿਰਪੱਖ ਜਾਂਚ ਦੇ ਆਧਾਰ ‘ਤੇ ਹੁਣ ਇਨ੍ਹਾਂ ਸਾਰੇ 22 ਅਧਿਕਾਰੀਆਂ ਵਿਰੁੱਧ ਨਿਯਮਾਂ ਅਨੁਸਾਰ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਪਾਰਦਰਸ਼ੀ, ਜ਼ਿੰਮੇਵਾਰ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਭ੍ਰਿਸ਼ਟਾਚਾਰ ਸਾਹਮਣੇ ਆਵੇਗਾ, ਉੱਥੇ ਅਧਿਕਾਰੀ ਦੇ ਅਹੁਦੇ ਦੀ ਪਰਵਾਹ ਕੀਤੇ ਬਿਨਾਂ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੋਰ ਦਿੰਦਿਆਂ ਕਿਹਾ ਕਿ ਇਹ ਕਾਰਵਾਈਆਂ ਇੱਕ ਸਪੱਸ਼ਟ ਸੰਦੇਸ਼ ਹਨ ਕਿ ਕਿਸੇ ਵੀ ਹਾਲਤ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਅਤੇ ਮਾੜੇ ਆਚਰਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਪਹਿਲ ਪੰਜਾਬ ਦੇ ਲੋਕਾਂ ਲਈ ਇੱਕ ਇਮਾਨਦਾਰ ਅਤੇ ਭਰੋਸੇਮੰਦ ਪ੍ਰਸ਼ਾਸਨਿਕ ਢਾਂਚਾ ਤਿਆਰ ਕਰਨਾ ਹੈ।

ਦਹਿਸ਼ਤਗਰਦੀ ਨਾਲ ਜੁੜੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ, ਜੰਮੂ-ਕਸ਼ਮੀਰ ‘ਚ ਪੰਜ ਬਰਖਾਸਤ

ਜਮੂੰ :- ਜੰਮੂ-ਕਸ਼ਮੀਰ ਵਿੱਚ ਦਹਿਸ਼ਤਗਰਦੀ ਨਾਲ ਜੁੜੇ ਢਾਂਚੇ ਨੂੰ ਤੋੜਨ ਵੱਲ ਵੱਡੀ ਕਾਰਵਾਈ ਕਰਦਿਆਂ ਲੈਫ਼ਟੀਨੈਂਟ ਗਵਰਨਰ ਮਨੋਜ ਸਿੰਹਾ ਨੇ ਮੰਗਲਵਾਰ ਨੂੰ ਪੰਜ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਉਨ੍ਹਾਂ ਦੇ ਆਤੰਕੀ ਸੰਗਠਨਾਂ ਨਾਲ ਸਿੱਧੇ ਜਾਂ ਅਪਰਾਧਿਕ ਸਬੰਧ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ।

ਕਈ ਦਹਾਕਿਆਂ ਤੋਂ ਸਾਜ਼ਿਸ਼ ਰਾਹੀਂ ਕੀਤੀ ਗਈ ਘੁਸਪੈਠ
ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਆਤੰਕੀ ਸੰਗਠਨਾਂ ਅਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਵੱਲੋਂ ਕਈ ਸਾਲਾਂ ਦੌਰਾਨ ਆਪਣੇ ਸਰਗਰਮ ਸਾਥੀਆਂ ਨੂੰ ਸਰਕਾਰੀ ਵਿਭਾਗਾਂ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਦਾ ਮਕਸਦ ਪ੍ਰਸ਼ਾਸਨ ਨੂੰ ਅੰਦਰੋਂ ਕਮਜ਼ੋਰ ਕਰਨਾ ਅਤੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਨਾ ਸੀ।

ਸੰਵਿਧਾਨ ਦੇ ਆਰਟੀਕਲ 311 ਅਧੀਨ ਕਾਰਵਾਈ
ਇਨ੍ਹਾਂ ਪੰਜਾਂ ਕਰਮਚਾਰੀਆਂ ਨੂੰ ਭਾਰਤੀ ਸੰਵਿਧਾਨ ਦੇ ਆਰਟੀਕਲ 311 (2)(c) ਤਹਿਤ ਤੁਰੰਤ ਨੌਕਰੀ ਤੋਂ ਹਟਾਇਆ ਗਿਆ। ਇਹ ਧਾਰਾ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਸਰਕਾਰ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ।

ਕੌਣ ਹਨ ਬਰਖਾਸਤ ਕੀਤੇ ਕਰਮਚਾਰੀ
ਜਾਂਚ ਏਜੰਸੀਆਂ ਅਨੁਸਾਰ ਬਰਖਾਸਤ ਕੀਤਿਆਂ ਵਿੱਚ ਇੱਕ ਅਧਿਆਪਕ ਸ਼ਾਮਲ ਹੈ, ਜਿਸ ਦੇ ਲਸ਼ਕਰ-ਏ-ਤੋਇਬਾ ਨਾਲ ਸਬੰਧ ਦੱਸੇ ਜਾ ਰਹੇ ਹਨ। ਇਸ ਵਿਅਕਤੀ ਨੂੰ ਅਪ੍ਰੈਲ 2022 ਵਿੱਚ ਜੰਮੂ-ਕਸ਼ਮੀਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਪੁਲਿਸ ਖ਼ਿਲਾਫ਼ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸੀ। ਹੋਰਾਂ ਵਿੱਚ ਇੱਕ ਲੈਬ ਟੈਕਨੀਸ਼ਨ, ਇੱਕ ਅਸਿਸਟੈਂਟ ਲਾਈਨਮੈਨ, ਫ਼ਾਰੈਸਟ ਵਿਭਾਗ ਦਾ ਫ਼ੀਲਡ ਵਰਕਰ ਅਤੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦਾ ਡਰਾਈਵਰ ਸ਼ਾਮਲ ਹਨ, ਜਿਨ੍ਹਾਂ ਦੇ ਵੱਖ-ਵੱਖ ਆਤੰਕੀ ਗਰੁੱਪਾਂ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ।

2021 ਤੋਂ ਲਗਾਤਾਰ ਚੱਲ ਰਹੀ ਮੁਹਿੰਮ
ਸੁਰੱਖਿਆ ਸੂਤਰਾਂ ਮੁਤਾਬਕ ਲੈਫ਼ਟੀਨੈਂਟ ਗਵਰਨਰ ਮਨੋਜ ਸਿੰਹਾ ਨੇ 2021 ਤੋਂ ਆਤੰਕੀ ਨੈੱਟਵਰਕ ਨੂੰ ਤੋੜਨ ਲਈ ਵਿਸਤ੍ਰਿਤ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਫੰਡਿੰਗ ਤੋਂ ਲੈ ਕੇ ਜਮੀਨੀ ਸਹਾਇਤਾ ਤੱਕ, ਦਹਿਸ਼ਤਗਰਦੀ ਨਾਲ ਜੁੜੇ ਹਰੇਕ ਤੱਤ ‘ਤੇ ਕਾਰਵਾਈ ਕੀਤੀ ਗਈ। ਹੁਣ ਤੱਕ 85 ਤੋਂ ਵੱਧ ਸਰਕਾਰੀ ਕਰਮਚਾਰੀਆਂ ਨੂੰ ਆਤੰਕੀ ਸਬੰਧਾਂ ਕਾਰਨ ਬਰਖਾਸਤ ਕੀਤਾ ਜਾ ਚੁੱਕਾ ਹੈ।

ਸਰਕਾਰੀ ਤੰਤਰ ਦੀ ਸਫ਼ਾਈ ਦਾ ਦਾਅਵਾ
ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਸਰਕਾਰੀ ਮਸ਼ੀਨਰੀ ਨੂੰ ਆਤੰਕੀ ਪ੍ਰਭਾਵ ਤੋਂ ਮੁਕਤ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ, ਸਖ਼ਤ ਫ਼ੈਸਲਿਆਂ ਨਾਲ ਪ੍ਰਸ਼ਾਸਨ ਦੀ ਭਰੋਸੇਯੋਗਤਾ ਮਜ਼ਬੂਤ ਹੋਵੇਗੀ ਅਤੇ ਲੋਕਾਂ ਦਾ ਵਿਸ਼ਵਾਸ ਵਧੇਗਾ।

ਕੇਂਦਰੀ ਗ੍ਰਹਿ ਮੰਤਰੀ ਦਾ ਸਖ਼ਤ ਸੰਦੇਸ਼
ਇਹ ਕਦਮ ਉਸ ਤੋਂ ਬਾਅਦ ਸਾਹਮਣੇ ਆਇਆ ਹੈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਰੱਖਿਆ ਸਮੀਖਿਆ ਮੀਟਿੰਗ ਦੌਰਾਨ ਸਾਰੀਆਂ ਏਜੰਸੀਆਂ ਨੂੰ ਆਤੰਕੀ ਢਾਂਚੇ ਅਤੇ ਫੰਡਿੰਗ ਖ਼ਿਲਾਫ਼ ਮਿਸ਼ਨ ਮੋਡ ‘ਚ ਕਾਰਵਾਈ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਮਿਲੀ ਸਫ਼ਲਤਾ ਨੂੰ ਕਾਇਮ ਰੱਖਣਾ ਅਤੇ ਜੰਮੂ-ਕਸ਼ਮੀਰ ਨੂੰ ਦਹਿਸ਼ਤਗਰਦੀ ਤੋਂ ਮੁਕਤ ਬਣਾਉਣਾ ਸਰਕਾਰ ਦੀ ਪਹਿਲ ਹੈ।

ਆਤੰਕ ਮੁਕਤ ਜੰਮੂ-ਕਸ਼ਮੀਰ ਦਾ ਟੀਚਾ
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਜੰਮੂ-ਕਸ਼ਮੀਰ ਵਿੱਚ ਸਥਾਈ ਅਮਨ ਕਾਇਮ ਕਰਨ ਅਤੇ ਦਹਿਸ਼ਤਗਰਦੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ ਹੈ, ਜਿਸ ਲਈ ਹਰ ਲੋੜੀਂਦਾ ਸਾਧਨ ਉਪਲਬਧ ਕਰਵਾਇਆ ਜਾਵੇਗਾ।

ਪਠਾਨਕੋਟ ‘ਚ ਧੀਆਂ ਦੀ ਲੋਹੜੀ ਰਾਹੀਂ ਸਮਾਜ ਨੂੰ ਨਵਾਂ ਸੰਦੇਸ਼ ਦਿੱਤਾ!

ਪਠਾਨਕੋਟ :- ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਜ਼ਿਲ੍ਹਾ ਪਠਾਨਕੋਟ ਵਿੱਚ ਇੱਕ ਅਜਿਹੀ ਪਹਿਲ ਸਾਹਮਣੇ ਆਈ, ਜਿਸ ਨੇ ਸਿਰਫ਼ ਤਿਉਹਾਰ ਦੀ ਖੁਸ਼ੀ ਹੀ ਨਹੀਂ, ਸਗੋਂ ਸਮਾਜਕ ਸੋਚ ਨੂੰ ਵੀ ਨਵੀਂ ਦਿਸ਼ਾ ਦਿੱਤੀ। ਸਿਵਲ ਹਸਪਤਾਲ ਪਠਾਨਕੋਟ ਵਿੱਚ “ਧੀਆਂ ਦੀ ਲੋਹੜੀ” ਮਨਾਕੇ ਧੀ-ਪੁੱਤਰ ਦੀ ਬਰਾਬਰੀ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ।

ਕੈਬਨਿਟ ਮੰਤਰੀ ਦਾ ਸੰਬੋਧਨ, ਪੰਜਾਬ ਭਰ ਲਈ ਅਪੀਲ
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪਠਾਨਕੋਟ ਸਮੇਤ ਪੂਰੇ ਪੰਜਾਬ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪਠਾਨਕੋਟ ਵੱਲੋਂ ਧੀਆਂ ਦੀ ਲੋਹੜੀ ਮਨਾਉਣਾ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਸੋਚ ਬਦਲਣ ਵੱਲ ਵੱਡਾ ਕਦਮ ਹੈ। ਉਨ੍ਹਾਂ ਅਪੀਲ ਕੀਤੀ ਕਿ ਸਮਾਜ ਵਿੱਚ ਧੀਆਂ ਨੂੰ ਵੀ ਪੁੱਤਰਾਂ ਵਰਗਾ ਹੀ ਮਾਣ, ਸਨਮਾਨ ਅਤੇ ਦਰਜਾ ਦਿੱਤਾ ਜਾਵੇ।

ਲੋਹੜੀ: ਸੱਭਿਆਚਾਰ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ
ਕੈਬਨਿਟ ਮੰਤਰੀ ਨੇ ਕਿਹਾ ਕਿ ਲੋਹੜੀ ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਤਿਉਹਾਰ ਹੈ, ਜੋ ਪੁਰਾਣੀ ਰੁੱਤ ਦੇ ਵਿਦਾ ਹੋਣ ਅਤੇ ਨਵੀਂ ਰੁੱਤ ਦੇ ਆਗਮਨ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਮਾਜ ਨੂੰ ਜੋੜਨ ਦੇ ਨਾਲ-ਨਾਲ ਸਕਾਰਾਤਮਕ ਸੋਚ ਨੂੰ ਵੀ ਜਨਮ ਦਿੰਦੇ ਹਨ।

ਨਵਜੰਮੀਆਂ ਧੀਆਂ ਲਈ ਖ਼ਾਸ ਉਪਰਾਲਾ
ਸਮਾਗਮ ਦੌਰਾਨ ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਨਵਜੰਮੀਆਂ ਬੱਚੀਆਂ ਦੀ ਲੋਹੜੀ ਖ਼ਾਸ ਤੌਰ ‘ਤੇ ਮਨਾਈ ਗਈ। ਪ੍ਰਸ਼ਾਸਨ ਨੇ ਨਵਜੰਮੀਆਂ ਧੀਆਂ ਨੂੰ ਲੋਹੜੀ ਦਾ ਸਮਾਨ, ਗਰਮ ਕੰਬਲ ਅਤੇ ਨਕਦ ਇਨਾਮ ਭੇਂਟ ਕਰਕੇ ਉਨ੍ਹਾਂ ਦੇ ਸੁਹਾਣੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪਠਾਨਕੋਟ ਤੋਂ ਉਠਿਆ ਮਿਸਾਲੀ ਸੰਦੇਸ਼
ਧੀਆਂ ਦੀ ਲੋਹੜੀ ਦਾ ਇਹ ਉਪਰਾਲਾ ਨਾ ਸਿਰਫ਼ ਪਠਾਨਕੋਟ, ਸਗੋਂ ਪੂਰੇ ਪੰਜਾਬ ਲਈ ਪ੍ਰੇਰਣਾ ਬਣਿਆ ਹੈ। ਇਹ ਸਮਾਗਮ ਇਸ ਗੱਲ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਕਿ ਜਦੋਂ ਤਿਉਹਾਰਾਂ ਨਾਲ ਸਮਾਜਕ ਸੰਦੇਸ਼ ਜੁੜ ਜਾਵੇ, ਤਾਂ ਉਹ ਸਿਰਫ਼ ਰਸਮ ਨਹੀਂ ਰਹਿੰਦੇ, ਸਗੋਂ ਬਦਲਾਅ ਦੀ ਸ਼ੁਰੂਆਤ ਬਣ ਜਾਂਦੇ ਹਨ।

ਗਿਗ ਵਰਕਰਾਂ ਦੀ ਹੜਤਾਲ ਦਾ ਅਸਰ, 10 ਮਿੰਟ ਡਿਲੀਵਰੀ ਨਿਯਮ ਖ਼ਤਮ – ਕੇਂਦਰ ਨੇ ਸੁਰੱਖਿਆ ਨੂੰ ਦਿੱਤੀ ਤਰਜੀਹ

ਨਵੀਂ ਦਿੱਲੀ :- ਦੇਸ਼ ਭਰ ਵਿੱਚ ਗਿਗ ਵਰਕਰਾਂ ਵੱਲੋਂ ਕੀਤੀ ਗਈ ਹੜਤਾਲ ਅੱਜ ਪ੍ਰਭਾਵਸ਼ਾਲੀ ਸਾਬਤ ਹੋਈ, ਜਿਸ ਦਾ ਸਿੱਧਾ ਅਸਰ ਔਨਲਾਈਨ ਫੂਡ ਅਤੇ ਗ੍ਰੋਸਰੀ ਡਿਲੀਵਰੀ ਕੰਪਨੀਆਂ ਦੀ ਨੀਤੀ ‘ਤੇ ਵੇਖਣ ਨੂੰ ਮਿਲਿਆ। ਡਿਲੀਵਰੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ।

10 ਮਿੰਟ ਡਿਲੀਵਰੀ ਦਾ ਦਾਅਵਾ ਹਟਾਇਆ
ਕਿਰਤ ਮੰਤਰੀ ਮਨਸੁਖ ਮੰਡਾਵੀਆ ਦੇ ਦਖ਼ਲ ਮਗਰੋਂ ਬਲਿੰਕਿਟ ਵੱਲੋਂ ਆਪਣੇ ਸਾਰੇ ਪਲੇਟਫਾਰਮਾਂ ਤੋਂ 10 ਮਿੰਟ ਵਿੱਚ ਡਿਲੀਵਰੀ ਕਰਨ ਦਾ ਦਾਅਵਾ ਹਟਾ ਦਿੱਤਾ ਗਿਆ ਹੈ। ਇਸ ਨਾਲ ਸਪਸ਼ਟ ਹੋ ਗਿਆ ਹੈ ਕਿ ਹੁਣ ਡਿਲੀਵਰੀ ਪਾਰਟਨਰਾਂ ‘ਤੇ ਅਤਿ-ਤੀਜ਼ ਸੇਵਾ ਦੇ ਦਬਾਅ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੰਪਨੀਆਂ ਨਾਲ ਉੱਚ ਪੱਧਰੀ ਮੀਟਿੰਗ
ਇਸ ਮਾਮਲੇ ‘ਚ ਕੇਂਦਰੀ ਮੰਤਰੀ ਨੇ ਬਲਿੰਕਿਟ, ਜ਼ੈਪਟੋ, ਸਵਿਗੀ ਅਤੇ ਜੋਮੈਟੋ ਦੇ ਉੱਚ ਅਧਿਕਾਰੀਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਮੀਟਿੰਗ ਦੌਰਾਨ ਡਿਲੀਵਰੀ ਪਾਰਟਨਰਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਸਮਾਂ-ਸੀਮਾਵਾਂ ਨਾਲ ਜੁੜੇ ਦਬਾਅ ਨੂੰ ਖ਼ਤਮ ਕਰਨ ‘ਤੇ ਧਿਆਨ ਕੇਂਦਰਿਤ ਰਿਹਾ।

ਸਰਕਾਰ ਦਾ ਸਖ਼ਤ ਸੰਦੇਸ਼
ਸਰਕਾਰ ਵੱਲੋਂ ਕੰਪਨੀਆਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਗਿਆ ਕਿ ਤੇਜ਼ ਡਿਲੀਵਰੀ ਦੇ ਨਾਂ ‘ਤੇ ਕਿਸੇ ਵੀ ਡਿਲੀਵਰੀ ਪਾਰਟਨਰ ਦੀ ਜਾਨ ਨੂੰ ਖ਼ਤਰੇ ਵਿੱਚ ਨਹੀਂ ਪਾਇਆ ਜਾ ਸਕਦਾ। ਮਨੁੱਖੀ ਸੁਰੱਖਿਆ ਹਰ ਤਰ੍ਹਾਂ ਦੀ ਕਾਰੋਬਾਰੀ ਦੌੜ ਤੋਂ ਉੱਪਰ ਹੈ।

ਫੈਸਲੇ ਦੀ ਪਿਛੋਕੜ
10 ਮਿੰਟ ਦੀ ਡਿਲੀਵਰੀ ਦੀ ਸ਼ਰਤ ਕਾਰਨ ਡਿਲੀਵਰੀ ਪਾਰਟਨਰਾਂ ‘ਤੇ ਹੱਦ ਤੋਂ ਵੱਧ ਜਲਦੀ ਕਰਨ ਦਾ ਦਬਾਅ ਬਣ ਰਿਹਾ ਸੀ, ਜਿਸ ਨਾਲ ਸੜਕ ਹਾਦਸਿਆਂ ਅਤੇ ਹੋਰ ਸੁਰੱਖਿਆ ਖ਼ਤਰਿਆਂ ਦੀ ਸੰਭਾਵਨਾ ਵਧ ਗਈ ਸੀ। ਇਨ੍ਹਾਂ ਹੀ ਚਿੰਤਾਵਾਂ ਨੂੰ ਲੈ ਕੇ ਗਿਗ ਵਰਕਰਾਂ ਨੇ 31 ਦਸੰਬਰ ਦੀ ਰਾਤ ਨੂੰ ਹੜਤਾਲ ਕਰਕੇ ਸਰਕਾਰ ਦਾ ਧਿਆਨ ਖਿੱਚਿਆ ਸੀ।

ਸੁਰੱਖਿਆ ਲਈ ਸਰਕਾਰ ਕੋਲ ਅਪੀਲ
ਹੜਤਾਲ ਕਰ ਰਹੇ ਡਿਲੀਵਰੀ ਪਾਰਟਨਰਾਂ ਨੇ ਸਰਕਾਰ ਕੋਲ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਸੁਰੱਖਿਆ, ਕੰਮ ਦੇ ਹਾਲਾਤ ਅਤੇ ਦਬਾਅ ਰਹਿਤ ਡਿਲੀਵਰੀ ਪ੍ਰਣਾਲੀ ਨੂੰ ਯਕੀਨੀ ਬਣਾਇਆ ਜਾਵੇ। ਹੁਣ 10 ਮਿੰਟ ਡਿਲੀਵਰੀ ਨਿਯਮ ਹਟਾਏ ਜਾਣ ਨੂੰ ਗਿਗ ਵਰਕਰਾਂ ਲਈ ਇੱਕ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।

328 ਪਾਵਨ ਸਰੂਪਾਂ ਦੇ ਮਾਮਲੇ ‘ਚ ਸਿੱਟ ਦੀ ਸਖ਼ਤੀ ਵਧੀ, ਅੰਮ੍ਰਿਤਸਰ ਤੋਂ ਬਾਅਦ ਚੰਡੀਗੜ੍ਹ SGPC ਦਫ਼ਤਰ ‘ਚ ਪਹੁੰਚੀ ਜਾਂਚ ਟੀਮ

ਚੰਡੀਗੜ੍ਹ :- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਨਾਲ ਜੁੜੇ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਹੁਣ ਨਵੇਂ ਮੋੜ ‘ਤੇ ਪਹੁੰਚ ਗਈ ਹੈ। ਵਿਸ਼ੇਸ਼ ਜਾਂਚ ਕਮੇਟੀ ਵੱਲੋਂ ਇਸ ਕੇਸ ਵਿੱਚ ਕਾਰਵਾਈ ਹੋਰ ਤੇਜ਼ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਸਿੱਟ ਦੀ ਟੀਮ ਅੰਮ੍ਰਿਤਸਰ ਤੋਂ ਬਾਅਦ ਹੁਣ ਚੰਡੀਗੜ੍ਹ ਵਿਖੇ ਸਰਗਰਮ ਹੋ ਗਈ ਹੈ।

SGPC ਦੇ ਚੰਡੀਗੜ੍ਹ ਦਫ਼ਤਰ ‘ਚ ਪੜਤਾਲ
ਸਿੱਟ ਦੀ ਟੀਮ ਚੰਡੀਗੜ੍ਹ ਦੇ ਸੈਕਟਰ-5 ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਪਹੁੰਚੀ, ਜਿੱਥੇ ਪਾਵਨ ਸਰੂਪਾਂ ਨਾਲ ਸਬੰਧਿਤ ਦਸਤਾਵੇਜ਼ੀ ਰਿਕਾਰਡ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ। ਇਸ ਤੋਂ ਪਹਿਲਾਂ ਟੀਮ ਅੰਮ੍ਰਿਤਸਰ ਸਥਿਤ SGPC ਦਫ਼ਤਰ ਵਿੱਚ ਵੀ ਰਿਕਾਰਡ ਦੀ ਜਾਂਚ ਕਰ ਚੁੱਕੀ ਹੈ।

ਰਿਕਾਰਡ ਲਈ SGPC ਨੂੰ ਲਿਖਤੀ ਪੱਤਰ
ਸਿੱਟ ਦੇ ਇਕ ਮੈਂਬਰ ਨੇ ਦੱਸਿਆ ਕਿ ਜਾਂਚ ਲਈ ਜਿਹੜਾ ਖ਼ਾਸ ਰਿਕਾਰਡ ਲੋੜੀਂਦਾ ਹੈ, ਉਸ ਸਬੰਧੀ SGPC ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ ਗਿਆ ਹੈ। SGPC ਵੱਲੋਂ ਸਿੱਟ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪ੍ਰਧਾਨ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਮੰਗਿਆ ਗਿਆ ਰਿਕਾਰਡ ਜਲਦੀ ਉਪਲਬਧ ਕਰਵਾ ਦਿੱਤਾ ਜਾਵੇਗਾ।

ਰਿਕਾਰਡ ਮਿਲਣ ਮਗਰੋਂ ਅਗਲਾ ਕਦਮ
ਸਿੱਟ ਅਧਿਕਾਰੀਆਂ ਮੁਤਾਬਕ ਜਿਵੇਂ ਹੀ ਸੰਬੰਧਿਤ ਦਸਤਾਵੇਜ਼ ਪ੍ਰਾਪਤ ਹੁੰਦੇ ਹਨ, ਉਸ ਤੋਂ ਬਾਅਦ ਜਾਂਚ ਦੀ ਦਿਸ਼ਾ ਹੋਰ ਅੱਗੇ ਵਧਾਈ ਜਾਵੇਗੀ ਅਤੇ ਮਾਮਲੇ ਦੇ ਹਰੇਕ ਪੱਖ ਨੂੰ ਬਾਰੀਕੀ ਨਾਲ ਖੰਗਾਲਿਆ ਜਾਵੇਗਾ।

ਹਰ ਪਹਿਲੂ ਦੀ ਡੂੰਘੀ ਜਾਂਚ ਦਾ ਦਾਅਵਾ
ਸਿੱਟ ਮੈਂਬਰ ਨੇ ਕਿਹਾ ਕਿ ਇਹ ਮਸਲਾ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਅਤੇ ਬੇਹੱਦ ਗੰਭੀਰ ਹੈ। ਇਸ ਲਈ ਜਾਂਚ ਦੌਰਾਨ ਕੋਈ ਵੀ ਕੜੀ ਅਣਡਿੱਠੀ ਨਹੀਂ ਛੱਡੀ ਜਾ ਰਹੀ।

ਲੋੜ ਪੈਣ ‘ਤੇ ਸੰਮਨ ਜਾਰੀ ਹੋਣਗੇ
ਸਿੱਟ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਜਾਂਚ ਨੂੰ ਪੂਰੀ ਤਰ੍ਹਾਂ ਨਤੀਜੇ ਤੱਕ ਪਹੁੰਚਾਉਣ ਲਈ ਜੇਕਰ ਕਿਸੇ ਵੀ ਵਿਅਕਤੀ ਦੀ ਭੂਮਿਕਾ ਜਾਂ ਜਾਣਕਾਰੀ ਲੋੜੀਂਦੀ ਹੋਈ ਤਾਂ ਉਸ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਜਾਵੇਗਾ।

ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨਾਲ ਦਿੱਲੀ ਦੀ ਹਵਾ , AQI 300 ਤੋਂ ਪਾਰ, ਆਨੰਦ ਵਿਹਾਰ 400 ਦੇ ਨੇੜੇ

ਨਵੀਂ ਦਿੱਲੀ :- ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਗੰਭੀਰ ਹਵਾ ਪ੍ਰਦੂਸ਼ਣ ਦੀ ਚਪੇਟ ਵਿੱਚ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕਾਂਕ 300 ਤੋਂ ਉੱਪਰ ਦਰਜ ਕੀਤਾ ਗਿਆ ਹੈ, ਜੋ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ। ਆਨੰਦ ਵਿਹਾਰ ਖੇਤਰ ਵਿੱਚ ਹਾਲਾਤ ਸਭ ਤੋਂ ਚਿੰਤਾਜਨਕ ਰਹੇ, ਜਿੱਥੇ AQI 400 ਤੱਕ ਪਹੁੰਚ ਗਿਆ।

ਤਾਪਮਾਨ ਵਿੱਚ ਤੇਜ਼ ਗਿਰਾਵਟ, ਅਲਰਟ ਜਾਰੀ
ਭਾਰਤੀ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਸਫ਼ਦਰਜੰਗ ਵਿੱਚ ਤਾਪਮਾਨ 3.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਠੰਢ ਦੀ ਇਸ ਤੀਖੀ ਲਹਿਰ ਨੂੰ ਦੇਖਦੇ ਹੋਏ ਦਿੱਲੀ ਅਤੇ ਐਨਸੀਆਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜੋ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ।

ਧੁੰਦ ਨੇ ਵਧਾਈ ਮੁਸ਼ਕਲ
ਕੜਾਕੇ ਦੀ ਠੰਢ ਦੇ ਨਾਲ-ਨਾਲ ਘਣੀ ਧੁੰਦ ਨੇ ਵੀ ਜਨਜੀਵਨ ਪ੍ਰਭਾਵਿਤ ਕੀਤਾ ਹੈ। ਕਈ ਥਾਵਾਂ ‘ਤੇ ਵਿਜ਼ੀਬਿਲਟੀ ਬਹੁਤ ਘੱਟ ਰਹੀ, ਜਿਸ ਕਾਰਨ ਸੜਕਾਂ ‘ਤੇ ਟਰੈਫਿਕ ਦੀ ਰਫ਼ਤਾਰ ਸੁਸਤ ਪਈ ਅਤੇ ਰੇਲ ਆਵਾਜਾਈ ‘ਚ ਵੀ ਦੇਰੀਆਂ ਦਰਜ ਕੀਤੀਆਂ ਗਈਆਂ।

ਪ੍ਰਦੂਸ਼ਣ ਪਿੱਛੇ ਮੁੱਖ ਕਾਰਨ
ਮਾਹਿਰਾਂ ਦਾ ਕਹਿਣਾ ਹੈ ਕਿ ਠੰਢੀ ਲਹਿਰ ਦੌਰਾਨ ਹਵਾ ਦੀ ਗਤੀ ਘੱਟ ਹੋ ਜਾਂਦੀ ਹੈ, ਜਿਸ ਨਾਲ ਵਾਹਨਾਂ ਦਾ ਧੂੰਆਂ ਅਤੇ ਹੋਰ ਪ੍ਰਦੂਸ਼ਕ ਤੱਤ ਹਵਾ ਵਿੱਚ ਹੀ ਠਹਿਰ ਜਾਂਦੇ ਹਨ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ ਅਤੇ ਹਾਲਾਤ ਲੰਮੇ ਸਮੇਂ ਤੱਕ ਖ਼ਰਾਬ ਬਣੇ ਰਹਿੰਦੇ ਹਨ।

ਲੋਕਾਂ ਲਈ ਚੇਤਾਵਨੀ
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਖ਼ਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਦਮਾ ਜਾਂ ਸਾਹ ਸੰਬੰਧੀ ਬਿਮਾਰੀਆਂ ਵਾਲੇ ਵਿਅਕਤੀਆਂ ਨੂੰ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

ਪ੍ਰਸ਼ਾਸਨ ਦੀ ਨਜ਼ਰ ਹਾਲਾਤਾਂ ‘ਤੇ
ਅਧਿਕਾਰੀਆਂ ਮੁਤਾਬਕ ਸਥਿਤੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋੜ ਪੈਣ ‘ਤੇ ਪ੍ਰਦੂਸ਼ਣ ਘਟਾਉਣ ਲਈ ਵਾਧੂ ਕਦਮ ਚੁੱਕੇ ਜਾਣਗੇ।

ਸਰਦੀ ਦਾ ਪੁਰਾਣਾ ਸੰਕਟ ਫਿਰ ਬੇਨਕਾਬ
ਇਹ ਹਾਲਾਤ ਇੱਕ ਵਾਰ ਫਿਰ ਦਿੱਲੀ ਦੇ ਸਰਦੀ ਦੌਰਾਨ ਆਉਣ ਵਾਲੇ ਪ੍ਰਦੂਸ਼ਣ ਸੰਕਟ ਨੂੰ ਉਜਾਗਰ ਕਰਦੇ ਹਨ, ਜਿੱਥੇ ਘੱਟ ਹਵਾ, ਠੰਢਾ ਮੌਸਮ ਅਤੇ ਧੁੰਦ ਮਿਲ ਕੇ ਹਵਾ ਨੂੰ ਲੰਮੇ ਸਮੇਂ ਲਈ ਜ਼ਹਿਰੀਲਾ ਬਣਾ ਦਿੰਦੇ ਹਨ।

ਆਤਿਸ਼ੀ ਵੀਡੀਓ ਮਾਮਲਾ: ਦਿੱਲੀ ਸਪੀਕਰ ਦੀ ਪੰਜਾਬ ਪੁਲਸ ਨੂੰ ਤਿੰਨ ਦਿਨਾਂ ਦਾ ਅਲਟੀਮੇਟਮ

ਨਵੀਂ ਦਿੱਲੀ :- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਜੁੜੇ ਵੀਡੀਓ ਵਿਵਾਦ ਨੇ ਹੁਣ ਸੰਵਿਧਾਨਕ ਟਕਰਾਅ ਦਾ ਰੂਪ ਧਾਰ ਲਿਆ ਹੈ। ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਸੁਰ ਵਿਚ ਤਿੰਨ ਦਿਨਾਂ ਅੰਦਰ ਆਪਣਾ ਜਵਾਬ ਦਾਖਲ ਕਰਨ ਲਈ ਕਿਹਾ ਹੈ। ਇਸ ਤਹਿਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਸਾਈਬਰ ਕ੍ਰਾਈਮ ਦੇ ਸਪੈਸ਼ਲ ਡੀਜੀਪੀ ਵੀ. ਨੀਰਜਾ ਅਤੇ ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ 72 ਘੰਟਿਆਂ ਦੀ ਮਿਆਦ ਦਿੱਤੀ ਗਈ ਹੈ।

ਪਹਿਲਾਂ 24 ਘੰਟੇ, ਫਿਰ ਪੁਲਸ ਨੇ ਮੰਗਿਆ ਸਮਾਂ

ਜ਼ਿਕਰਯੋਗ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਦਿੱਲੀ ਵਿਧਾਨ ਸਭਾ ਵੱਲੋਂ ਪੰਜਾਬ ਪੁਲਸ ਨੂੰ 24 ਘੰਟਿਆਂ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ, ਪੰਜਾਬ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਸਪੀਕਰ ਨੂੰ ਪੱਤਰ ਭੇਜ ਕੇ ਮਾਮਲੇ ਦੇ ਸਾਰੇ ਤੱਥ ਇਕੱਠੇ ਕਰਨ ਲਈ ਵਧੇਰੇ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਸੋਮਵਾਰ ਸ਼ਾਮ ਨੂੰ ਸਪੀਕਰ ਨੇ ਤਿੰਨ ਦਿਨਾਂ ਦੀ ਹੋਰ ਮਿਆਦ ਦੇਣ ਦਾ ਫੈਸਲਾ ਕੀਤਾ।

ਜਲੰਧਰ ਤੋਂ ਸ਼ੁਰੂ ਹੋਇਆ ਸੀ ਵਿਵਾਦ

ਇਹ ਪੂਰਾ ਮਾਮਲਾ 7 ਜਨਵਰੀ ਦੀ ਰਾਤ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਜਲੰਧਰ ਕਮਿਸ਼ਨਰੇਟ ਪੁਲਸ ਨੇ ਇੱਕ ਐਫਆਈਆਰ ਦਰਜ ਕੀਤੀ। ਪੁਲਸ ਅਨੁਸਾਰ, ਭਾਜਪਾ ਆਗੂ ਕਪਿਲ ਮਿਸ਼ਰਾ ਦੇ ਸੋਸ਼ਲ ਮੀਡੀਆ ਖਾਤੇ ਤੋਂ ਮਿਲੀ ਆਤਿਸ਼ੀ ਦੀ ਵੀਡੀਓ ਦੀ ਫੋਰੈਂਸਿਕ ਜਾਂਚ ਦੌਰਾਨ ਉਸਦੇ ਨਾਲ ਛੇੜਛਾੜ ਹੋਣ ਦੀ ਪੁਸ਼ਟੀ ਹੋਈ ਸੀ। ਇਹ ਸ਼ਿਕਾਇਤ ‘ਆਪ’ ਸਮਰਥਕ ਇਕਬਾਲ ਸਿੰਘ ਵੱਲੋਂ ਦਰਜ ਕਰਵਾਈ ਗਈ ਸੀ, ਜਿਸ ਵਿੱਚ ਕਈ ਰਾਜਨੀਤਕ ਆਗੂਆਂ ਦੇ ਨਾਂ ਸ਼ਾਮਲ ਕੀਤੇ ਗਏ ਸਨ।

ਸਪੀਕਰ ਦਾ ਕੜਕ ਬਿਆਨ: ਸੰਵਿਧਾਨੀ ਹੱਕਾਂ ਨਾਲ ਖਿਲਵਾੜ

ਸਪੀਕਰ ਵਿਜੇਂਦਰ ਗੁਪਤਾ ਨੇ ਇਸ ਕਾਰਵਾਈ ਨੂੰ ਬਹੁਤ ਹੀ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਇਹ ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਵੀਡੀਓ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ, ਉਹ ਸਦਨ ਦੀ ਅਧਿਕਾਰਤ ਰਿਕਾਰਡਿੰਗ ਹੈ ਅਤੇ ਨਿੱਜੀ ਸਮੱਗਰੀ ਨਹੀਂ। ਸਦਨ ਦੀ ਜਾਇਦਾਦ ਨਾਲ ਇਸ ਤਰ੍ਹਾਂ ਸਲੂਕ ਕਰਨਾ ਸੰਵਿਧਾਨਕ ਮਰਿਆਦਾਵਾਂ ਦੇ ਉਲਟ ਹੈ।

ਅਗਲਾ ਕਦਮ ਜਵਾਬਾਂ ਤੋਂ ਬਾਅਦ

ਸਪੀਕਰ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਸ ਵੱਲੋਂ ਦਿੱਤੇ ਜਾਣ ਵਾਲੇ ਜਵਾਬਾਂ ਦੇ ਆਧਾਰ ‘ਤੇ ਹੀ ਅਗਲੀ ਕਾਰਵਾਈ ਬਾਰੇ ਫੈਸਲਾ ਲਿਆ ਜਾਵੇਗਾ। ਦਿੱਲੀ ਵਿਧਾਨ ਸਭਾ ਦੇ ਸੂਤਰਾਂ ਅਨੁਸਾਰ, ਜੇਕਰ ਜਵਾਬ ਸੰਤੋਸ਼ਜਨਕ ਨਾ ਹੋਇਆ ਤਾਂ ਮਾਮਲਾ ਹੋਰ ਗੰਭੀਰ ਰੁਖ਼ ਅਖਤਿਆਰ ਕਰ ਸਕਦਾ ਹੈ।

ਅਵਾਰਾ ਕੁੱਤਿਆਂ ਕਾਰਨ ਹੋਣ ਵਾਲੇ ਹਾਦਸਿਆਂ ਲਈ ਰਾਜ ਸਰਕਾਰ ਜਵਾਬਦੇਹ ਹੋਵੇਗੀ: ਸੁਪਰੀਮ ਕੋਰਟ

ਨਵੀਂ ਦਿੱਲੀ :- ਅਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇ ਕਿਸੇ ਬੱਚੇ ਜਾਂ ਬਜ਼ੁਰਗ ਦੀ ਅਵਾਰਾ ਕੁੱਤੇ ਦੇ ਕੱਟਣ ਨਾਲ ਮੌਤ ਜਾਂ ਗੰਭੀਰ ਸੱਟ ਹੁੰਦੀ ਹੈ ਤਾਂ ਉਸ ਦੀ ਸਿੱਧੀ ਜਵਾਬਦੇਹੀ ਰਾਜ ਸਰਕਾਰ ਦੀ ਹੋਵੇਗੀ, ਕਿਉਂਕਿ ਸਰਕਾਰ ਇਸ ਮੁੱਦੇ ‘ਤੇ ਪ੍ਰਭਾਵਸ਼ਾਲੀ ਕਦਮ ਚੁੱਕਣ ਵਿੱਚ ਅਸਫਲ ਰਹੀ ਹੈ।

ਕੁੱਤਿਆਂ ਨੂੰ ਖੁਆਉਣ ਵਾਲਿਆਂ ‘ਤੇ ਵੀ ਉੱਠੇ ਸਵਾਲ

ਜਸਟਿਸ ਵਿਕਰਮ ਨਾਥ ਨੇ ਕਿਹਾ ਕਿ ਜਿਹੜੇ ਲੋਕ ਸੜਕਾਂ ‘ਤੇ ਅਵਾਰਾ ਕੁੱਤਿਆਂ ਨੂੰ ਖੁਆਉਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਵੀ ਆਪਣੀ ਜਵਾਬਦੇਹੀ ਸਮਝਣੀ ਪਵੇਗੀ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਜੇ ਕਿਸੇ ਨੂੰ ਕੁੱਤਿਆਂ ਨਾਲ ਇੰਨਾ ਹੀ ਪਿਆਰ ਹੈ ਤਾਂ ਉਨ੍ਹਾਂ ਨੂੰ ਆਪਣੇ ਘਰ ਰੱਖਿਆ ਜਾਵੇ। ਸੜਕਾਂ ‘ਤੇ ਘੁੰਮਦੇ ਕੁੱਤੇ ਲੋਕਾਂ ਲਈ ਡਰ ਅਤੇ ਖ਼ਤਰਾ ਬਣ ਰਹੇ ਹਨ।

ਭਾਵਨਾਵਾਂ ਨਹੀਂ, ਜਨ-ਸੁਰੱਖਿਆ ਪਹਿਲਾਂ

ਸੁਣਵਾਈ ਦੌਰਾਨ ਵਕੀਲ ਮੇਨਕਾ ਗੁਰੂਸਵਾਮੀ ਵੱਲੋਂ ਇਸ ਮਸਲੇ ਨੂੰ ਭਾਵਨਾਤਮਕ ਦੱਸਣ ‘ਤੇ ਬੈਂਚ ਨੇ ਕਿਹਾ ਕਿ ਹੁਣ ਤੱਕ ਦੀਆਂ ਦਲੀਲਾਂ ਵਿੱਚ ਜਾਨਵਰਾਂ ਪ੍ਰਤੀ ਸੰਵੇਦਨਾ ਤਾਂ ਨਜ਼ਰ ਆ ਰਹੀ ਹੈ, ਪਰ ਮਨੁੱਖੀ ਸੁਰੱਖਿਆ ਨਜ਼ਰਅੰਦਾਜ਼ ਹੋ ਰਹੀ ਹੈ। ਹਾਲਾਂਕਿ ਵਕੀਲ ਵੱਲੋਂ ਮਨੁੱਖਾਂ ਪ੍ਰਤੀ ਵੀ ਚਿੰਤਾ ਜ਼ਾਹਰ ਕੀਤੀ ਗਈ।

ਹਰ ਕੁੱਤੇ ਨੂੰ ਹਟਾਉਣ ਦਾ ਹੁਕਮ ਨਹੀਂ

ਸੁਪਰੀਮ ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਦਾਲਤ ਵੱਲੋਂ ਗਲੀਆਂ ਤੋਂ ਸਾਰੇ ਕੁੱਤੇ ਹਟਾਉਣ ਦਾ ਕੋਈ ਹੁਕਮ ਨਹੀਂ ਦਿੱਤਾ ਗਿਆ। ਅਦਾਲਤ ਦਾ ਜ਼ੋਰ ਪਸ਼ੂ ਜਨਮ ਨਿਯੰਤਰਣ ਕਾਨੂੰਨ ਦੇ ਤਹਿਤ ਅਵਾਰਾ ਕੁੱਤਿਆਂ ਨਾਲ ਵਿਗਿਆਨਕ ਅਤੇ ਕਾਨੂੰਨੀ ਢੰਗ ਨਾਲ ਨਿਪਟਣ ‘ਤੇ ਹੈ।

ਡਰ ਅਤੇ ਪਿਛਲੇ ਤਜਰਬੇ ਨਾਲ ਹਮਲੇ ਵਧਦੇ ਹਨ

ਅਦਾਲਤ ਨੇ ਕਿਹਾ ਕਿ ਅਕਸਰ ਕੁੱਤੇ ਉਨ੍ਹਾਂ ਲੋਕਾਂ ‘ਤੇ ਹਮਲਾ ਕਰਦੇ ਹਨ ਜੋ ਪਹਿਲਾਂ ਡਰ ਚੁੱਕੇ ਹੁੰਦੇ ਹਨ ਜਾਂ ਜਿਨ੍ਹਾਂ ਨਾਲ ਪਹਿਲਾਂ ਹਾਦਸਾ ਹੋ ਚੁੱਕਾ ਹੁੰਦਾ ਹੈ। ਇਸ ਨਾਲ ਸਾਫ਼ ਹੈ ਕਿ ਇਹ ਸਮੱਸਿਆ ਸਿਰਫ ਜਾਨਵਰਾਂ ਦੀ ਨਹੀਂ, ਸਗੋਂ ਲੋਕਾਂ ਦੀ ਜਾਨ-ਮਾਲ ਨਾਲ ਜੁੜੀ ਹੋਈ ਹੈ।

328 ਪਾਵਨ ਸਰੂਪਾਂ ਦੇ ਗੁੰਮ ਹੋਣ ਮਾਮਲੇ ‘ਚ SIT ਦਾ ਐਕਸ਼ਨ ਤੇਜ਼, SGPC ਦਫ਼ਤਰਾਂ ‘ਚ ਜਾਂਚ ਸ਼ੁਰੂ!

ਅੰਮ੍ਰਿਤਸਰ :- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਗੰਭੀਰ ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਵਲੋਂ ਤੇਜ਼ ਕਰ ਦਿੱਤੀ ਗਈ ਹੈ। ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸਿੱਟ ਨੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਤੱਕ ਜਾਂਚੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SGPC ਅੰਮ੍ਰਿਤਸਰ ਦਫ਼ਤਰ ‘ਚ ਸਿੱਟ ਦੀ ਹਾਜ਼ਰੀ

ਜਾਣਕਾਰੀ ਅਨੁਸਾਰ ਅੱਜ ਵਿਸ਼ੇਸ਼ ਜਾਂਚ ਟੀਮ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪੁੱਜੀ, ਜਿੱਥੇ ਪਾਵਨ ਸਰੂਪਾਂ ਨਾਲ ਸੰਬੰਧਿਤ ਰਿਕਾਰਡ ਅਤੇ ਦਸਤਾਵੇਜ਼ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਸਿੱਟ ਵਲੋਂ ਪਿਛਲੇ ਸਾਲਾਂ ਦੌਰਾਨ ਹੋਏ ਲੈਣ-ਦੇਣ ਅਤੇ ਪ੍ਰਬੰਧਕੀ ਫੈਸਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਸਥਿਤ SGPC ਦਫ਼ਤਰ ਵੀ ਜਾਂਚ ਦੇ ਘੇਰੇ ‘ਚ

ਸੂਤਰਾਂ ਮੁਤਾਬਕ ਸਿੱਟ ਦੀ ਟੀਮ ਚੰਡੀਗੜ੍ਹ ਦੇ ਸੈਕਟਰ-5 ਵਿਚ ਸਥਿਤ SGPC ਦਫ਼ਤਰ ਵੀ ਪਹੁੰਚੇਗੀ, ਜਿੱਥੇ ਮਾਮਲੇ ਨਾਲ ਜੁੜੇ ਹੋਰ ਅਹਿਮ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ। ਇਸ ਕਦਮ ਨਾਲ ਜਾਂਚ ਦਾ ਦਾਇਰਾ ਹੋਰ ਵਿਸਤਾਰਿਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ SGPC ਵਲੋਂ ਸਹਿਯੋਗ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਪਹਿਲਾਂ ਹੀ SGPC ਨੂੰ ਸਿੱਟ ਨਾਲ ਪੂਰਾ ਸਹਿਯੋਗ ਕਰਨ ਦੇ ਨਿਰਦੇਸ਼ ਦੇ ਚੁੱਕੇ ਹਨ। ਜਥੇਦਾਰ ਗੜਗੱਜ ਨੇ ਸਪੱਸ਼ਟ ਕੀਤਾ ਸੀ ਕਿ ਭਾਵੇਂ ਖ਼ਾਲਸਾ ਪੰਥ ਨੇ ਹਮੇਸ਼ਾ ਆਪਣੀ ਸੰਸਥਾਗਤ ਖੁਦਮੁਖਤਿਆਰੀ ਨੂੰ ਕਾਇਮ ਰੱਖਿਆ ਹੈ, ਪਰ ਪਾਵਨ ਸਰੂਪਾਂ ਦੇ ਮਾਮਲੇ ‘ਚ ਪੰਥਕ ਹਿੱਤ ਸਭ ਤੋਂ ਉੱਪਰ ਹਨ।

ਪੰਥਕ ਹਿੱਤਾਂ ਲਈ ਸਰਕਾਰ ਨਾਲ ਸਹਿਯੋਗ ਜ਼ਰੂਰੀ

ਗਿਆਨੀ ਗੜਗੱਜ ਨੇ ਇਹ ਵੀ ਕਿਹਾ ਸੀ ਕਿ ਕੁਝ ਤੱਤਾਂ ਵਲੋਂ ਸੰਗਤ ਵਿਚ ਪੈਦਾ ਕੀਤੀ ਜਾ ਰਹੀ ਭ੍ਰਮਕ ਸਥਿਤੀ ਨੂੰ ਖ਼ਤਮ ਕਰਨ ਅਤੇ ਸੱਚ ਸਾਹਮਣੇ ਲਿਆਉਣ ਲਈ ਮੌਜੂਦਾ ਜਾਂਚ ‘ਚ ਸਰਕਾਰ ਨਾਲ ਬਣਦਾ ਸਹਿਯੋਗ ਕਰਨਾ ਲਾਜ਼ਮੀ ਹੈ, ਤਾਂ ਜੋ ਪੰਥਕ ਮਰਿਆਦਾ ਅਤੇ ਆਸਥਾ ‘ਤੇ ਕੋਈ ਆਂਚ ਨਾ ਆਵੇ।