Home Blog Page 686

ਅੰਮ੍ਰਿਤਸਰ ਵਿੱਚ ਹਥਿਆਰ ਤਸਕਰੀ ਦਾ ਪਰਦਾਫਾਸ਼, 6 ਨਾਜਾਇਜ਼ ਪਿਸਤੌਲਾਂ ਸਮੇਤ ਦੋ ਕਾਬੂ!

ਅੰਮ੍ਰਿਤਸਰ :- ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰ ਤੋਂ ਚੱਲ ਰਹੇ ਇੱਕ ਸੁਚੱਜੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਸ ਨੇ ਦੋ ਹਥਿਆਰ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਛੇ ਆਧੁਨਿਕ ਪਿਸਤੌਲ ਬਰਾਮਦ ਕੀਤੇ ਹਨ।

ਗੈਂਗਸਟਰਾਂ ਤੱਕ ਹਥਿਆਰ ਪਹੁੰਚਾਉਣ ਦੀ ਤਿਆਰੀ

ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼ੀ, ਖ਼ਾਸ ਕਰਕੇ ਪਾਕਿਸਤਾਨ ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਪੰਜਾਬ ਦੇ ਵੱਖ-ਵੱਖ ਗੈਂਗਸਟਰ ਗਰੁੱਪਾਂ ਨੂੰ ਨਾਜਾਇਜ਼ ਹਥਿਆਰ ਸਪਲਾਈ ਕਰਨ ਦੀ ਤਿਆਰੀ ਵਿੱਚ ਸਨ।

ਗਲੌਕ ਸਮੇਤ ਆਧੁਨਿਕ ਹਥਿਆਰ ਬਰਾਮਦ

ਪੁਲਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਦੋ ਗਲੌਕ ਪਿਸਤੌਲ, ਚਾਰ .30 ਬੋਰ ਪਿਸਤੌਲ ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਬਰਾਮਦ ਹਥਿਆਰਾਂ ਨੂੰ ਕਾਫ਼ੀ ਉੱਚੀ ਕੁਆਲਟੀ ਦਾ ਦੱਸਿਆ ਜਾ ਰਿਹਾ ਹੈ, ਜੋ ਅਪਰਾਧਿਕ ਵਾਰਦਾਤਾਂ ਲਈ ਵਰਤੇ ਜਾਣੇ ਸਨ।

ਡੀਜੀਪੀ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ

ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ ਗੌਰਵ ਯਾਦਵ ਨੇ ਇਸ ਸਫ਼ਲਤਾ ਸਬੰਧੀ ਜਾਣਕਾਰੀ ਐਕਸ (ਪੁਰਾਣਾ ਟਵਿੱਟਰ) ਰਾਹੀਂ ਸਾਂਝੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਪੁਲਸ ਨੇ ਸਰਹੱਦੀ ਇਲਾਕਿਆਂ ਵਿੱਚ ਸਰਗਰਮ ਹਥਿਆਰ ਤਸਕਰੀ ਮੋਡੀਊਲ ਨੂੰ ਸਮੇਂ ਸਿਰ ਨਾਕਾਮ ਕਰ ਦਿੱਤਾ ਹੈ।

ਅਸਲਾ ਕਾਨੂੰਨ ਤਹਿਤ ਮਾਮਲਾ ਦਰਜ

ਇਸ ਮਾਮਲੇ ਸਬੰਧੀ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਗਿਰੋਹਾਂ ਤੱਕ ਪਹੁੰਚਣ ਲਈ ਜਾਂਚ ਜਾਰੀ

ਅਧਿਕਾਰੀਆਂ ਅਨੁਸਾਰ ਜਾਂਚ ਦਾ ਘੇਰਾ ਹੋਰ ਵਧਾਇਆ ਜਾ ਰਿਹਾ ਹੈ ਤਾਂ ਜੋ ਇਸ ਤਸਕਰੀ ਨੈੱਟਵਰਕ ਨਾਲ ਜੁੜੇ ਲੋਕਾਂ, ਹਥਿਆਰਾਂ ਦੇ ਸਰੋਤਾਂ ਅਤੇ ਪਿਛਲੇ ਸਮੇਂ ਦੌਰਾਨ ਕੀਤੀਆਂ ਡਿਲਿਵਰੀਆਂ ਬਾਰੇ ਪੂਰੀ ਕੜੀ ਖੋਲ੍ਹੀ ਜਾ ਸਕੇ

ਲੋਪੋਕੇ ਹਸਪਤਾਲ ਮੌਤ ਮਾਮਲਾ: ਐੱਮਪੀ ਔਜਲਾ ਨੇ ਡੀਸੀ ਨੂੰ ਲਿਖੀ ਚਿੱਠੀ, ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ :- ਅੰਮ੍ਰਿਤਸਰ ਜ਼ਿਲ੍ਹੇ ਦੇ ਲੋਪੋਕੇ ਸਰਕਾਰੀ ਹਸਪਤਾਲ ਵਿੱਚ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਨੇ ਸੂਬੇ ਦੀ ਸਿਹਤ ਪ੍ਰਣਾਲੀ ਨੂੰ ਕਟਘਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਇਸ ਗੰਭੀਰ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਚਿੱਠੀ ਲਿਖ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕੜੀ ਕਾਰਵਾਈ ਦੀ ਮੰਗ ਕੀਤੀ ਹੈ।

13 ਜਨਵਰੀ ਦੀ ਘਟਨਾ ਨੇ ਹਿਲਾਇਆ ਸਿਹਤ ਵਿਭਾਗ

ਐੱਮਪੀ ਔਜਲਾ ਨੇ ਆਪਣੀ ਚਿੱਠੀ ਵਿੱਚ 13 ਜਨਵਰੀ ਨੂੰ ਵਾਪਰੀ ਉਸ ਦੁਖਦਾਈ ਘਟਨਾ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਪਿੰਡ ਚੋਗਾਵਾਂ ਨਿਵਾਸੀ ਵਿਨੋਦ ਕੁਮਾਰ ਦੀ ਲੋਪੋਕੇ ਸਰਕਾਰੀ ਹਸਪਤਾਲ ਅੰਦਰ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਇੱਕ ਵਿਅਕਤੀ ਦੀ ਮੌਤ ਨਹੀਂ, ਸਗੋਂ ਪੂਰੇ ਸਰਕਾਰੀ ਸਿਹਤ ਤੰਤਰ ਦੀ ਕਾਰਗੁਜ਼ਾਰੀ ਉੱਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਇਲਾਜ ਲਈ ਗਿਆ ਨੌਜਵਾਨ, ਪਰ ਬੇਰੁਖੀ ਬਣੀ ਮੌਤ ਦੀ ਵਜ੍ਹਾ

ਐੱਮਪੀ ਔਜਲਾ ਨੇ ਕਿਹਾ ਕਿ ਇਹ ਬੜੀ ਵਿਡੰਮਣਾ ਹੈ ਕਿ ਕੋਈ ਵਿਅਕਤੀ ਹਸਪਤਾਲ ਜਾਨ ਬਚਾਉਣ ਦੀ ਆਸ ਨਾਲ ਪਹੁੰਚਦਾ ਹੈ, ਪਰ ਉਥੇ ਮਿਲੀ ਬੇਰੁਖੀ, ਮਾੜੇ ਪ੍ਰਬੰਧ ਅਤੇ ਅਸੰਵੇਦਨਸ਼ੀਲ ਵਿਵਹਾਰ ਉਸਨੂੰ ਮੌਤ ਵੱਲ ਧੱਕ ਦਿੰਦੇ ਹਨ।

ਪਰਿਵਾਰਕ ਮੈਂਬਰਾਂ ਅਨੁਸਾਰ ਵਿਨੋਦ ਕੁਮਾਰ ਨੂੰ ਤੇਜ਼ ਦਰਦ ਅਤੇ ਸਾਹ ਲੈਣ ਵਿੱਚ ਭਾਰੀ ਮੁਸ਼ਕਲ ਆ ਰਹੀ ਸੀ, ਪਰ ਹਸਪਤਾਲ ਸਟਾਫ਼ ਵੱਲੋਂ ਲਗਭਗ ਦੋ ਘੰਟੇ ਤੱਕ ਕੋਈ ਇਲਾਜ ਨਹੀਂ ਕੀਤਾ ਗਿਆ।

ਮਾਨਸਿਕ ਤਣਾਅ ’ਚ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਪਰਿਵਾਰ ਦਾ ਦੋਸ਼ ਹੈ ਕਿ ਦਰਦ ਨਾਲ ਜੂਝਦਾ ਵਿਨੋਦ ਕੁਮਾਰ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ। ਹਸਪਤਾਲ ਸਟਾਫ਼ ਦੇ ਕਥਿਤ ਰੁੱਖੇ ਰਵੱਈਏ ਤੋਂ ਨਿਰਾਸ਼ ਹੋ ਕੇ ਉਸ ਨੇ ਹਸਪਤਾਲ ਅੰਦਰ ਪਾਣੀ ਵਾਲੀ ਟੈਂਕੀ ਦੇ ਗਰਿੱਲ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ।

ਮਰਹੂਮ ਦੇ ਵੱਡੇ ਭਰਾ ਸੰਜੀਵ ਕੁਮਾਰ ਮੁਤਾਬਕ ਵਿਨੋਦ ਲਗਾਤਾਰ ਡਾਕਟਰਾਂ ਨੂੰ ਮਿੰਨਤਾਂ ਕਰਦਾ ਰਿਹਾ ਕਿ ਉਸਨੂੰ ਬਚਾਇਆ ਜਾਵੇ ਅਤੇ ਤੁਰੰਤ ਅੰਮ੍ਰਿਤਸਰ ਰੈਫਰ ਕੀਤਾ ਜਾਵੇ, ਪਰ ਕੋਈ ਸੁਣਵਾਈ ਨਹੀਂ ਹੋਈ।

ਸਟਾਫ਼ ਉੱਤੇ ਧਮਕੀਆਂ ਦੇ ਗੰਭੀਰ ਆਰੋਪ

ਪਰਿਵਾਰ ਨੇ ਦੋਸ਼ ਲਗਾਇਆ ਕਿ ਕੁਝ ਕਰਮਚਾਰੀਆਂ ਵੱਲੋਂ ਉਸ ਨਾਲ ਰੁੱਖਾ ਵਿਵਹਾਰ ਕੀਤਾ ਗਿਆ ਅਤੇ ਧਮਕੀਆਂ ਤੱਕ ਦਿੱਤੀਆਂ ਗਈਆਂ। ਇੱਥੋਂ ਤੱਕ ਕਿਹਾ ਗਿਆ ਕਿ ਉਸਨੂੰ ਹਸਪਤਾਲ ਤੋਂ ਬਾਹਰ ਸੁੱਟ ਦਿੱਤਾ ਜਾਵੇਗਾ। ਪਰਿਵਾਰ ਵੱਲੋਂ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਨਾ ਤਾਂ ਰੈਫਰ ਕੀਤਾ ਗਿਆ ਅਤੇ ਨਾ ਹੀ ਤੁਰੰਤ ਇਲਾਜ ਮੁਹੱਈਆ ਕਰਵਾਇਆ ਗਿਆ।

ਪੋਸਟਮਾਰਟਮ ਤੋਂ ਬਾਅਦ 14 ਜਨਵਰੀ ਨੂੰ ਸਸਕਾਰ

ਮ੍ਰਿਤਕ ਦਾ ਪੋਸਟਮਾਰਟਮ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ ਅਤੇ 14 ਜਨਵਰੀ ਨੂੰ ਦੁਰਗਿਆਣਾ ਮੰਦਰ ਨੇੜੇ ਸ਼ਿਵ ਪੁਰੀ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਹੋਇਆ।

ਇੱਕ ਹਫ਼ਤਾ ਬੀਤਣ ਬਾਵਜੂਦ ਇਨਸਾਫ਼ ਨਹੀਂ: ਔਜਲਾ

ਐੱਮਪੀ ਔਜਲਾ ਨੇ ਹੈਰਾਨੀ ਜਤਾਈ ਕਿ ਘਟਨਾ ਨੂੰ ਇੱਕ ਹਫ਼ਤੇ ਤੋਂ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਲੋਪੋਕੇ ਥਾਣੇ ਵੱਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ ਅਤੇ ਨਾ ਹੀ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਸੌਂਪੀ ਗਈ ਹੈ, ਜੋ ਮਾਮਲੇ ਨੂੰ ਹੋਰ ਸ਼ੱਕੀ ਬਣਾਉਂਦੀ ਹੈ।

ਸਿਹਤ ਪ੍ਰਣਾਲੀ ਦੀ ਜਵਾਬਦੇਹੀ ’ਤੇ ਵੱਡਾ ਸਵਾਲ

ਚਿੱਠੀ ਵਿੱਚ ਐੱਮਪੀ ਔਜਲਾ ਨੇ ਸਪਸ਼ਟ ਲਿਖਿਆ ਕਿ ਜੇ ਸਮੇਂ ਸਿਰ ਮੁੱਢਲੀ ਐਮਰਜੈਂਸੀ ਸੇਵਾ ਦਿੱਤੀ ਜਾਂਦੀ ਤਾਂ ਇੱਕ ਕੀਮਤੀ ਜਾਨ ਬਚ ਸਕਦੀ ਸੀ। ਉਨ੍ਹਾਂ ਤੁਰੰਤ ਉੱਚ ਪੱਧਰੀ ਜਾਂਚ, ਦੋਸ਼ੀਆਂ ਵਿਰੁੱਧ ਕੜੀ ਕਾਰਵਾਈ ਅਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ।

ਸਿਹਤ ਵਿਭਾਗ ਤੋਂ ਮੰਗੀ ਗਈ ਰਿਪੋਰਟ

ਹਾਲਾਂਕਿ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਅਜੇ ਤੱਕ ਸਰਕਾਰੀ ਤੌਰ ’ਤੇ ਕੋਈ ਜਵਾਬ ਨਹੀਂ ਆਇਆ, ਪਰ ਸੂਤਰਾਂ ਅਨੁਸਾਰ ਸਿਹਤ ਵਿਭਾਗ ਨੇ ਲੋਪੋਕੇ ਸਰਕਾਰੀ ਹਸਪਤਾਲ ਦੇ ਐਸਐਮਓ ਕੋਲੋਂ ਪੂਰੇ ਮਾਮਲੇ ਦੀ ਰਿਪੋਰਟ ਤਲਬ ਕਰ ਲਈ ਹੈ। ਪੁਲਿਸ ਵੀ ਇਸ ਗੰਭੀਰ ਮਾਮਲੇ ਦੀ ਜਾਂਚ ਵਿੱਚ ਸਰਗਰਮ ਦਿਖਾਈ ਦੇ ਰਹੀ ਹੈ।

ਦਿਹਾਤੀ ਸਿਹਤ ਸੇਵਾਵਾਂ ’ਤੇ ਭਰੋਸਾ ਡੋਲਿਆ

ਇਸ ਘਟਨਾ ਨੇ ਸ਼ਹਿਰੀ ਹੀ ਨਹੀਂ ਸਗੋਂ ਦਿਹਾਤੀ ਖੇਤਰਾਂ ਵਿੱਚ ਸਰਕਾਰੀ ਹਸਪਤਾਲਾਂ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਵੀ ਝਟਕਾ ਦਿੱਤਾ ਹੈ। ਸਟਾਫ਼ ਦੀ ਕਮੀ, ਅਧੂਰੀਆਂ ਸਹੂਲਤਾਂ ਅਤੇ ਅਣਗੰਭੀਰ ਰਵੱਈਆ ਇੱਕ ਵਾਰ ਫਿਰ ਸਰਕਾਰੀ ਦਾਵਿਆਂ ਦੀ ਹਕੀਕਤ ਬਿਆਨ ਕਰ ਰਿਹਾ ਹੈ।

ਐੱਮਪੀ ਗੁਰਜੀਤ ਸਿੰਘ ਔਜਲਾ ਨੇ ਦੁਹਰਾਇਆ ਕਿ ਪੀੜਤ ਪਰਿਵਾਰ ਨੂੰ ਹਰ ਹਾਲਤ ਵਿੱਚ ਇਨਸਾਫ਼ ਦਿਵਾਇਆ ਜਾਵੇਗਾ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਪੂਰੇ ਸਿਹਤ ਸਿਸਟਮ ਦੀ ਜਵਾਬਦੇਹੀ ਤੈਅ ਕਰਵਾਈ ਜਾਵੇਗੀ।

ਬਜਟ ਸੈਸ਼ਨ ‘ਚ ਹਾਜ਼ਰੀ ਲਈ ਅੰਮ੍ਰਿਤਪਾਲ ਸਿੰਘ ਨੇ ਮੁੜ ਖਟਖਟਾਇਆ ਹਾਈਕੋਰਟ ਦਾ ਦਰਵਾਜ਼ਾ, ਸਾਂਸਦ ਵੱਲੋਂ ਪਟੀਸ਼ਨ ਦਾਇਰ, ਕੱਲ੍ਹ ਹੋਵੇਗੀ ਅਹਿਮ ਸੁਣਵਾਈ

ਚੰਡੀਗੜ੍ਹ :- ਖਡੂਰ ਸਾਹਿਬ ਤੋਂ ਲੋਕ ਸਭਾ ਸਾਂਸਦ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਕਾਨੂੰਨੀ ਰਾਹ ਅਪਣਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਆਉਣ ਵਾਲੇ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗਦਿਆਂ ਉਨ੍ਹਾਂ ਵੱਲੋਂ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ’ਤੇ ਕੱਲ੍ਹ ਹਾਈਕੋਰਟ ਵਿੱਚ ਸੁਣਵਾਈ ਨਿਸ਼ਚਿਤ ਕੀਤੀ ਗਈ ਹੈ।

ਬਜਟ ਸੈਸ਼ਨ ਨੂੰ ਲੈ ਕੇ ਦਾਇਰ ਹੋਈ ਨਵੀਂ ਅਰਜ਼ੀ

ਸੂਤਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਇਸ ਕਾਰਨ ਉਹ ਸੰਸਦ ਦੀ ਕਾਰਵਾਈ ਵਿੱਚ ਹਾਜ਼ਰ ਨਹੀਂ ਹੋ ਸਕੇ। ਹੁਣ ਬਜਟ ਸੈਸ਼ਨ ਨੇੜੇ ਆਉਣ ਦੇ ਨਾਲ ਹੀ ਸਾਂਸਦ ਵੱਲੋਂ ਅਦਾਲਤ ਕੋਲ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਸੰਸਦ ਵਿੱਚ ਹਾਜ਼ਰੀ ਦਾ ਅਧਿਕਾਰ ਦਿੱਤਾ ਜਾਵੇ, ਤਾਂ ਜੋ ਉਹ ਆਪਣੇ ਹਲਕੇ ਦੀ ਨੁਮਾਇੰਦਗੀ ਕਰ ਸਕਣ।

ਸਰਦ ਰੁੱਤ ਸੈਸ਼ਨ ਦੌਰਾਨ ਵੀ ਦਾਇਰ ਹੋਈ ਸੀ ਪਟੀਸ਼ਨ

ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਰਦ ਰੁੱਤ ਸੈਸ਼ਨ ਸਮੇਂ ਇਸੇ ਮੰਗ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਰ ਉਸ ਵੇਲੇ ਪੰਜਾਬ ਸਰਕਾਰ ਦੇ ਵਕੀਲ ਦੀ ਗੈਰਹਾਜ਼ਰੀ ਅਤੇ ਵਕੀਲਾਂ ਦੀ ਹੜਤਾਲ ਕਾਰਨ ਮਾਮਲੇ ਦੀ ਸੁਣਵਾਈ ਅੱਗੇ ਨਹੀਂ ਵੱਧ ਸਕੀ।

ਅਦਾਲਤ ਨੇ ਦਿੱਤਾ ਸੀ ਮੁੜ ਪਟੀਸ਼ਨ ਦਾਇਰ ਕਰਨ ਦਾ ਸੰਕੇਤ

ਵਕੀਲ ਖਾਰਾ ਨੇ ਦੱਸਿਆ ਕਿ 18 ਦਸੰਬਰ ਨੂੰ ਵਕੀਲਾਂ ਦੀ ਹੜਤਾਲ ਖ਼ਤਮ ਹੋਈ ਸੀ, ਜਦਕਿ 19 ਦਸੰਬਰ ਨੂੰ ਸੰਸਦ ਸੈਸ਼ਨ ਦਾ ਆਖ਼ਰੀ ਦਿਨ ਸੀ। ਇਸ ਦੌਰਾਨ ਮਾਣਯੋਗ ਅਦਾਲਤ ਨੇ ਇਹ ਸਪਸ਼ਟ ਕੀਤਾ ਸੀ ਕਿ ਜਦੋਂ ਅਗਲਾ ਸੰਸਦੀ ਸੈਸ਼ਨ ਸ਼ੁਰੂ ਹੋਵੇਗਾ, ਤਦ ਪਟੀਸ਼ਨਕਰਤਾ ਮੁੜ ਅਦਾਲਤ ਦਾ ਰੁਖ ਕਰ ਸਕਦਾ ਹੈ।

ਅਦਾਲਤੀ ਨਿਰਦੇਸ਼ਾਂ ਅਧੀਨ ਦੁਬਾਰਾ ਅਰਜ਼ੀ

ਵਕੀਲ ਅਨੁਸਾਰ ਅਦਾਲਤ ਵੱਲੋਂ ਦਿੱਤੇ ਗਏ ਇਨ੍ਹਾਂ ਨਿਰਦੇਸ਼ਾਂ ਦੇ ਅਨੁਸਾਰ ਹੀ ਹੁਣ ਬਜਟ ਸੈਸ਼ਨ ਤੋਂ ਪਹਿਲਾਂ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਨੂੰ ਸੰਸਦ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਕੱਲ੍ਹ ਦੀ ਸੁਣਵਾਈ ’ਤੇ ਟਿਕੀਆਂ ਨਜ਼ਰਾਂ

ਹੁਣ ਸਾਰੀਆਂ ਨਿਗਾਹਾਂ ਕੱਲ੍ਹ ਹੋਣ ਵਾਲੀ ਹਾਈਕੋਰਟ ਦੀ ਸੁਣਵਾਈ ’ਤੇ ਟਿਕੀਆਂ ਹੋਈਆਂ ਹਨ, ਜਿਸ ਦੌਰਾਨ ਇਹ ਤੈਅ ਹੋਵੇਗਾ ਕਿ ਖਡੂਰ ਸਾਹਿਬ ਤੋਂ ਚੁਣੇ ਗਏ ਸਾਂਸਦ ਨੂੰ ਬਜਟ ਸੈਸ਼ਨ ਵਿੱਚ ਹਾਜ਼ਰੀ ਦਾ ਅਧਿਕਾਰ ਮਿਲੇਗਾ ਜਾਂ ਨਹੀਂ। ਮਾਮਲਾ ਨਾ ਸਿਰਫ਼ ਕਾਨੂੰਨੀ ਪੱਖੋਂ, ਸਗੋਂ ਸਿਆਸੀ ਤੌਰ ’ਤੇ ਵੀ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ

ਸਰਬਜੀਤ ਕੌਰ ਮਾਮਲੇ ’ਚ ਨਵਾਂ ਮੋੜ, ਲਾਹੌਰ ਸੈਸ਼ਨ ਕੋਰਟ ’ਚ ਐਫਆਈਆਰ ਲਈ ਪਟੀਸ਼ਨ ਦਾਇਰ

ਨਵੀਂ ਦਿੱਲੀ :- ਪਾਕਿਸਤਾਨ ਵਿੱਚ ਚਰਚਿਤ ਸਰਬਜੀਤ ਕੌਰ ਮਾਮਲੇ ਨੂੰ ਲੈ ਕੇ ਹੁਣ ਇੱਕ ਅਹਿਮ ਕਾਨੂੰਨੀ ਮੋੜ ਸਾਹਮਣੇ ਆਇਆ ਹੈ। ਲਾਹੌਰ ਦੀ ਸੈਸ਼ਨ ਕੋਰਟ ਵਿੱਚ ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕਰਦਿਆਂ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਹ ਪਟੀਸ਼ਨ 20 ਜਨਵਰੀ 2026 ਨੂੰ ਵਕੀਲ ਅਲੀ ਚੰਗੇਜ਼ੀ ਸੰਧੂ ਵੱਲੋਂ ਅਦਾਲਤ ਵਿੱਚ ਪੇਸ਼ ਕੀਤੀ ਗਈ।

ਸਾਬਕਾ ਵਿਧਾਇਕ ਦੀ ਓਰੋਂ ਅਦਾਲਤ ਤੱਕ ਪਹੁੰਚ

ਇਹ ਕਾਨੂੰਨੀ ਅਰਜ਼ੀ ਪਾਕਿਸਤਾਨੀ ਸਿੱਖ ਭਾਈਚਾਰੇ ਨਾਲ ਜੁੜੇ ਸਾਬਕਾ ਵਿਧਾਇਕ ਮਹਿੰਦਰ ਪਾਲ ਸਿੰਘ ਦੀ ਤਰਫ਼ੋਂ ਦਾਇਰ ਕੀਤੀ ਗਈ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਦੋਵਾਂ ਵਿਅਕਤੀਆਂ ਖ਼ਿਲਾਫ਼ ਪਾਕਿਸਤਾਨ ਦੇ ਅਪਰਾਧਿਕ ਕਾਨੂੰਨ ਅਧੀਨ ਧਾਰਾ 22-ਏ ਅਤੇ 22-ਬੀ ਤਹਿਤ ਤੁਰੰਤ ਐਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਜਾਣ।

ਵਿਦੇਸ਼ੀ ਕਾਨੂੰਨ ਦੀ ਉਲੰਘਣਾ ਦੇ ਆਰੋਪ

ਪਟੀਸ਼ਨ ਅਨੁਸਾਰ ਸਰਬਜੀਤ ਕੌਰ ਉੱਤੇ ਪਾਕਿਸਤਾਨ ਦੇ ਫ਼ੋਰਿਨਰ ਐਕਟ 1946 ਦੀ ਸਿੱਧੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਹਨ। ਦਾਅਵਾ ਕੀਤਾ ਗਿਆ ਹੈ ਕਿ ਉਸਨੇ ਸਿੱਖ ਯਾਤਰੀ ਵੀਜ਼ੇ ਦੀ ਗਲਤ ਵਰਤੋਂ ਕੀਤੀ ਅਤੇ ਵੀਜ਼ਾ ਮਿਆਦ ਖ਼ਤਮ ਹੋਣ ਮਗਰੋਂ ਵੀ ਪਾਕਿਸਤਾਨ ਵਿੱਚ ਗੈਰਕਾਨੂੰਨੀ ਤੌਰ ’ਤੇ ਰਹਿਣਾ ਜਾਰੀ ਰੱਖਿਆ। ਦਸਤਾਵੇਜ਼ਾਂ ਮੁਤਾਬਕ ਉਸਦਾ ਵੀਜ਼ਾ 13 ਨਵੰਬਰ 2025 ਨੂੰ ਸਮਾਪਤ ਹੋ ਚੁੱਕਾ ਸੀ।

ਐਫਆਈਏ ਕੋਲ ਅਰਜ਼ੀ, ਪਰ ਕਾਰਵਾਈ ਨਹੀਂ ਹੋਈ

ਵਕੀਲ ਅਲੀ ਚੰਗੇਜ਼ੀ ਸੰਧੂ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਸਬੰਧੀ ਦਸੰਬਰ 2025 ਵਿੱਚ ਸੰਘੀ ਜਾਂਚ ਏਜੰਸੀ (ਐਫਆਈਏ) ਦੇ ਡਾਇਰੈਕਟਰ ਕੋਲ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ, ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਇਨ੍ਹਾਂ ਹਾਲਾਤਾਂ ਦੇ ਚਲਦੇ ਹੁਣ ਨਿਆਂ ਲਈ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਗਿਆ ਹੈ।

ਨਾਸਿਰ ਹੁਸੈਨ ਉੱਤੇ ਪਨਾਹ ਦੇਣ ਦੇ ਦੋਸ਼

ਪਟੀਸ਼ਨ ਵਿੱਚ ਨਾਸਿਰ ਹੁਸੈਨ ਦੀ ਭੂਮਿਕਾ ਨੂੰ ਵੀ ਗੰਭੀਰ ਕਰਾਰ ਦਿੱਤਾ ਗਿਆ ਹੈ। ਆਰੋਪ ਹੈ ਕਿ ਉਸਨੇ ਸਰਬਜੀਤ ਕੌਰ ਨੂੰ ਜਾਣਬੂਝ ਕੇ ਗੈਰਕਾਨੂੰਨੀ ਤੌਰ ’ਤੇ ਪਨਾਹ ਦਿੱਤੀ ਅਤੇ ਪੂਰੇ ਮਾਮਲੇ ਵਿੱਚ ਸਾਥੀ ਵਜੋਂ ਕੰਮ ਕੀਤਾ।

ਨਨਕਾਣਾ ਸਾਹਿਬ ਤੋਂ ਭੱਜਣ ਦਾ ਦਾਅਵਾ

ਅਰਜ਼ੀ ਵਿੱਚ ਇਹ ਵੀ ਉਲੇਖ ਕੀਤਾ ਗਿਆ ਹੈ ਕਿ 4 ਅਤੇ 5 ਨਵੰਬਰ 2025 ਦੀ ਦਰਮਿਆਨੀ ਰਾਤ ਸਰਬਜੀਤ ਕੌਰ ਨਾਸਿਰ ਹੁਸੈਨ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਚਲੀ ਗਈ ਸੀ, ਜੋ ਕਿ ਪਾਕਿਸਤਾਨੀ ਕਾਨੂੰਨਾਂ ਅਨੁਸਾਰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।

ਵੀਜ਼ਾ ਪ੍ਰਣਾਲੀ ਦੀ ਪਵਿੱਤਰਤਾ ਬਚਾਉਣ ਦੀ ਮੰਗ

ਪਟੀਸ਼ਨਕਰਤਾ ਮਹਿੰਦਰ ਪਾਲ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਦੋਵਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਕੇ ਐਫਆਈਆਰ ਦਰਜ ਕੀਤੀ ਜਾਵੇ, ਤਾਂ ਜੋ ਧਾਰਮਿਕ ਯਾਤਰੀ ਵੀਜ਼ੇ ਦੀ ਪਵਿੱਤਰਤਾ, ਨਿਯਮਾਂ ਅਤੇ ਅੰਤਰਰਾਸ਼ਟਰੀ ਭਰੋਸੇ ਦੀ ਰੱਖਿਆ ਕੀਤੀ ਜਾ ਸਕੇ।

ਹੁਣ ਇਸ ਮਾਮਲੇ ’ਚ ਲਾਹੌਰ ਸੈਸ਼ਨ ਕੋਰਟ ਦੇ ਅਗਲੇ ਫੈਸਲੇ ’ਤੇ ਸਭ ਦੀ ਨਿਗਾਹ ਟਿਕੀ ਹੋਈ ਹੈ, ਜੋ ਇਹ ਤੈਅ ਕਰੇਗਾ ਕਿ ਕੀ ਦੋਵਾਂ ਖ਼ਿਲਾਫ਼ ਫੌਜਦਾਰੀ ਕਾਰਵਾਈ ਦੀ ਸ਼ੁਰੂਆਤ ਹੁੰਦੀ ਹੈ ਜਾਂ ਨਹੀਂ।

ਪੁਰੀ ਦੇ ਜਗਨਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਪ੍ਰਬੰਧ ਅਲਰਟ ਮੋਡ ’ਚ

ਪੁਰੀ :- ਓਡੀਸ਼ਾ ਦੀ ਤੀਰਥ ਨਗਰੀ ਪੁਰੀ ਸਥਿਤ 12ਵੀਂ ਸਦੀ ਦੇ ਪ੍ਰਸਿੱਧ ਜਗਨਨਾਥ ਮੰਦਰ ਨੂੰ ਸੋਸ਼ਲ ਮੀਡੀਆ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਚੌਕੰਨਾ ਹੋ ਗਿਆ ਹੈ। ਧਮਕੀ ਸਾਹਮਣੇ ਆਉਣ ਮਗਰੋਂ ਮੰਦਰ ਕੰਪਲੈਕਸ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਤੁਰੰਤ ਸਖ਼ਤ ਕਰ ਦਿੱਤੇ ਗਏ ਹਨ। ਅਧਿਕਾਰੀਆਂ ਵਲੋਂ ਬੁੱਧਵਾਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ।

ਫੇਸਬੁੱਕ ਪੋਸਟ ਨਾਲ ਮਿਲੀ ਧਮਕੀ

ਪੁਲਸ ਅਧਿਕਾਰੀਆਂ ਮੁਤਾਬਕ ਮੰਗਲਵਾਰ ਨੂੰ ਇੱਕ ਫੇਸਬੁੱਕ ਪੋਸਟ ਸਾਹਮਣੇ ਆਈ ਸੀ, ਜਿਸ ਵਿੱਚ ਜਗਨਨਾਥ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ। ਇਸ ਪੋਸਟ ਵਿੱਚ ਬੀਜੂ ਜਨਤਾ ਦਲ ਦੇ ਰਾਜ ਸਭਾ ਮੈਂਬਰ ਸੁਭਾਸ਼ੀਸ਼ ਖੁੰਟੀਆ ਅਤੇ ਪੁਰੀ ਸ਼ਹਿਰ ਦੇ ਇੱਕ ਸ਼ਾਪਿੰਗ ਕੰਪਲੈਕਸ ਉੱਤੇ ਹਮਲੇ ਦੀ ਧਮਕੀ ਦਾ ਵੀ ਜ਼ਿਕਰ ਕੀਤਾ ਗਿਆ ਸੀ।

ਮਹਿਲਾ ਦੇ ਨਾਮ ’ਤੇ ਬਣੀ ਜਾਅਲੀ ਆਈਡੀ ਦਾ ਸ਼ੱਕ

ਜਿਸ ਮਹਿਲਾ ਦੇ ਸੋਸ਼ਲ ਮੀਡੀਆ ਖਾਤੇ ਤੋਂ ਇਹ ਪੋਸਟ ਕੀਤੀ ਗਈ ਦੱਸੀ ਜਾ ਰਹੀ ਹੈ, ਉਸ ਨੇ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਸਾਫ਼ ਇਨਕਾਰ ਕੀਤਾ ਹੈ। ਮਹਿਲਾ ਦਾ ਕਹਿਣਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਉਸਦੇ ਨਾਮ ’ਤੇ ਜਾਅਲੀ ਯੂਜ਼ਰ ਆਈਡੀ ਤਿਆਰ ਕੀਤੀ ਹੋ ਸਕਦੀ ਹੈ।

ਇਕ ਵਿਅਕਤੀ ਹਿਰਾਸਤ ’ਚ, ਸਾਈਬਰ ਪੁਲਸ ਕਰ ਰਹੀ ਜਾਂਚ

ਮਹਿਲਾ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ ਪੁੱਛਗਿੱਛ ਲਈ ਇੱਕ ਆਦਮੀ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਮਾਮਲੇ ਸਬੰਧੀ ਪੁਰੀ ਸਾਈਬਰ ਪੁਲਸ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਡਿਜ਼ੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਮੰਦਰ ਖੇਤਰ ਪੂਰੀ ਤਰ੍ਹਾਂ ਸੁਰੱਖਿਆ ਘੇਰੇ ’ਚ

ਪੁਲਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਤੋਂ ਬਾਅਦ ਜਗਨਨਾਥ ਮੰਦਰ ਕੰਪਲੈਕਸ ਦੇ ਅੰਦਰ, ਪ੍ਰਵੇਸ਼ ਦਵਾਰਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵਾਧੂ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਹਰ ਆਉਣ-ਜਾਣ ਵਾਲੇ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਏਜੰਸੀਆਂ ਅਲਰਟ ਮੋਡ ’ਤੇ ਹਨ।

ਰਾਜ ਸਭਾ ਮੈਂਬਰ ਨੇ ਪੁਲਸ ਨਾਲ ਕੀਤੀ ਗੱਲਬਾਤ

ਇਸ ਮਾਮਲੇ ’ਤੇ ਰਾਜ ਸਭਾ ਮੈਂਬਰ ਸੁਭਾਸ਼ੀਸ਼ ਖੁੰਟੀਆ ਨੇ ਕਿਹਾ ਕਿ ਉਨ੍ਹਾਂ ਨੇ ਪੁਰੀ ਦੇ ਪੁਲਸ ਸੁਪਰਡੈਂਟ ਨਾਲ ਸੰਪਰਕ ਕਰਕੇ ਤੁਰੰਤ ਅਤੇ ਕੜੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਕ ਅਣਜਾਣ ਵਿਅਕਤੀ ਵਲੋਂ ਧਮਕੀ ਭਰਿਆ ਫੋਨ ਕਾਲ ਵੀ ਮਿਲੀ ਹੈ।

ਪੁਲਸ ਅਧਿਕਾਰੀਆਂ ਮੁਤਾਬਕ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਪਰ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਜਾਂਚ ਅਤੇ ਸੁਰੱਖਿਆ ਦੋਵੇਂ ਪੱਧਰਾਂ ’ਤੇ ਕੋਈ ਵੀ ਢਿਲਾਈ ਨਹੀਂ ਵਰਤੀ ਜਾ ਰਹੀ।

ਫਰੀਦਕੋਟ ਅਦਾਲਤ ਵਲੋਂ ਗੁਰਪ੍ਰੀਤ ਹਰੀ ਨੌਂ ਕਤਲ ਮਾਮਲੇ ’ਚ ਵੱਡੀ ਕਾਰਵਾਈ,12 ਮੁਲਜ਼ਮਾਂ ਖ਼ਿਲਾਫ ਦੋਸ਼ ਤੈਅ, MP ਅੰਮ੍ਰਿਤਪਾਲ ਵੀ ਨਾਮਜ਼ਦ

ਚੰਡੀਗੜ੍ਹ :- ਫਰੀਦਕੋਟ ਜ਼ਿਲ੍ਹੇ ਦੇ ਬਹੁਚਰਚਿਤ ਗੁਰਪ੍ਰੀਤ ਸਿੰਘ ਹਰੀ ਨੌਂ ਕਤਲ ਕੇਸ ਵਿੱਚ ਅਦਾਲਤੀ ਕਾਰਵਾਈ ਨੇ ਅਹਿਮ ਮੋੜ ਲੈਂਦਿਆਂ ਵੱਡਾ ਫੈਸਲਾ ਸਾਹਮਣੇ ਲਿਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਵਲੋਂ ਇਸ ਮਾਮਲੇ ਵਿੱਚ 12 ਦੋਸ਼ੀਆਂ ਖ਼ਿਲਾਫ ਰਸਮੀ ਤੌਰ ’ਤੇ ਦੋਸ਼ ਤੈਅ ਕਰ ਦਿੱਤੇ ਗਏ ਹਨ, ਜਦਕਿ 5 ਕਥਿਤ ਦੋਸ਼ੀਆਂ ਖ਼ਿਲਾਫ ਅਜੇ ਕਾਰਵਾਈ ਅਧੂਰੀ ਹੈ।

ਅਕਤੂਬਰ 2024 ’ਚ ਹੋਇਆ ਸੀ ਕਤਲ

ਜਾਣਕਾਰੀ ਮੁਤਾਬਕ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਜੁੜੇ ਰਹੇ ਅਤੇ ਦੀਪ ਸਿੱਧੂ ਦੇ ਨਜ਼ਦੀਕੀ ਮੰਨੇ ਜਾਂਦੇ ਗੁਰਪ੍ਰੀਤ ਸਿੰਘ ਹਰੀ ਨੌਂ ਦੀ ਅਕਤੂਬਰ 2024 ਵਿੱਚ ਉਸ ਦੇ ਪਿੰਡ ਅੰਦਰ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਨੇ ਉਸ ਸਮੇਂ ਸੂਬੇ ਭਰ ਵਿੱਚ ਭਾਰੀ ਚਰਚਾ ਛੇੜ ਦਿੱਤੀ ਸੀ।

ਪੁਲਿਸ ਵਲੋਂ 17 ਲੋਕ ਨਾਮਜ਼ਦ

ਫਰੀਦਕੋਟ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਕਤਲ ਮਾਮਲੇ ਵਿੱਚ ਕੁੱਲ 17 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਇਨ੍ਹਾਂ ਵਿੱਚ ਗੈਂਗਸਟਰ ਅਰਸ਼ ਡੱਲਾ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਨਾਮ ਵੀ ਸ਼ਾਮਲ ਕੀਤੇ ਗਏ ਸਨ।

12 ਗ੍ਰਿਫ਼ਤਾਰ, 5 ਹਾਲੇ ਕਾਨੂੰਨੀ ਕਾਰਵਾਈ ਤੋਂ ਬਾਹਰ

ਪੁਲਿਸ ਵਲੋਂ ਨਾਮਜ਼ਦ ਕੀਤੇ ਗਏ 17 ਵਿੱਚੋਂ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਨ੍ਹਾਂ ਖ਼ਿਲਾਫ ਹੁਣ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹਨ। ਬਾਕੀ 5 ਕਥਿਤ ਦੋਸ਼ੀਆਂ ਖ਼ਿਲਾਫ ਅਜੇ ਦੋਸ਼ ਤੈਅ ਨਹੀਂ ਹੋ ਸਕੇ।

ਵਿਦੇਸ਼ੀ ਮੌਜੂਦਗੀ ਅਤੇ ਜੇਲ੍ਹ ਕਾਰਨ ਅੜਚਣ

ਜਾਂਚ ਏਜੰਸੀਆਂ ਮੁਤਾਬਕ ਗੈਂਗਸਟਰ ਅਰਸ਼ ਡੱਲਾ ਅਤੇ ਉਸ ਨਾਲ ਸੰਬੰਧਿਤ ਤਿੰਨ ਹੋਰ ਨਾਮਜ਼ਦ ਵਿਅਕਤੀ ਇਸ ਸਮੇਂ ਵਿਦੇਸ਼ ਵਿੱਚ ਮੌਜੂਦ ਹਨ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ। ਦੂਜੇ ਪਾਸੇ MP ਅੰਮ੍ਰਿਤਪਾਲ ਸਿੰਘ ਇਸ ਵੇਲੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ, ਜਿਸ ਕਾਰਨ ਨਾ ਤਾਂ ਉਨ੍ਹਾਂ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ ਅਤੇ ਨਾ ਹੀ ਪੁੱਛਗਿੱਛ।

ਅਦਾਲਤੀ ਕਾਰਵਾਈ ਅਗਲੇ ਪੜਾਅ ਵੱਲ

ਅਦਾਲਤ ਵਲੋਂ 12 ਮੁਲਜ਼ਮਾਂ ਖ਼ਿਲਾਫ ਦੋਸ਼ ਤੈਅ ਹੋਣ ਨਾਲ ਹੁਣ ਮਾਮਲਾ ਟ੍ਰਾਇਲ ਦੇ ਅਗਲੇ ਪੜਾਅ ਵਿੱਚ ਦਾਖ਼ਲ ਹੋ ਗਿਆ ਹੈ। ਦੂਜੇ ਪਾਸੇ ਬਾਕੀ ਰਹਿੰਦੇ ਨਾਮਜ਼ਦਾਂ ਖ਼ਿਲਾਫ ਕਾਰਵਾਈ ਉਨ੍ਹਾਂ ਦੀ ਹਾਜ਼ਰੀ ਅਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਅੱਗੇ ਵਧ ਸਕੇਗੀ।

ਫਰੀਦਕੋਟ ਦਾ ਇਹ ਕਤਲ ਕੇਸ ਸਿਆਸੀ, ਅਪਰਾਧਿਕ ਅਤੇ ਕਾਨੂੰਨੀ ਪੱਖੋਂ ਪਹਿਲਾਂ ਹੀ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ ਅਤੇ ਅਦਾਲਤੀ ਫੈਸਲੇ ’ਤੇ ਸੂਬੇ ਭਰ ਦੀ ਨਜ਼ਰ ਟਿਕੀ ਹੋਈ ਹੈ।

ਮਾਹਲ ਬੇਅਦਬੀ ਮਾਮਲਾ ਗੰਭੀਰ: ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਜਾਂਚ ਦੇ ਹੁਕਮ ਜਾਰੀ

ਅੰਮ੍ਰਿਤਸਰ :- ਜਲੰਧਰ ਜ਼ਿਲ੍ਹੇ ਦੇ ਪਿੰਡ ਮਾਹਲ ਵਿੱਚ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਕੀਤੀ ਗਈ ਘੌਰ ਬੇਅਦਬੀ ਦੀ ਘਟਨਾ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਨੋਟਿਸ ਲਿਆ ਹੈ। ਉਨ੍ਹਾਂ ਇਸ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਦੇ ਹੁਕਮ ਜਾਰੀ ਕਰਦਿਆਂ ਇਸ ਕੁਰੂਤ ਨੂੰ ਸਿੱਖ ਕੌਮ ਦੀ ਆਤਮਾ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਗੁਰੂ ਹਨ’

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੇ ਜਾਗਤ ਜੋਤ ਗੁਰੂ ਹਨ ਅਤੇ ਉਨ੍ਹਾਂ ਦੇ ਮਾਣ–ਸਤਿਕਾਰ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਸਿੱਖ ਪੰਥ ਦੀ ਹੋਂਦ ਕਾਇਮ ਹੈ ਅਤੇ ਇਸ ਪਵਿੱਤਰ ਸਰੂਪ ਦੀ ਰੱਖਿਆ ਹਰ ਸਿੱਖ ਦੀ ਨੈਤਿਕ ਜ਼ਿੰਮੇਵਾਰੀ ਹੈ।

ਗੁਰਦੁਆਰਾ ਸਾਹਿਬਾਂ ਵਿੱਚ ਸੁਰੱਖਿਆ ਪ੍ਰਬੰਧਾਂ ’ਤੇ ਚਿੰਤਾ

ਕਾਰਜਕਾਰੀ ਜਥੇਦਾਰ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਂ ਅੰਦਰ ਹਰ ਵੇਲੇ ਪਹਿਰੇਦਾਰੀ, ਸੁਚੱਜਾ ਪ੍ਰਬੰਧ ਅਤੇ ਮਜ਼ਬੂਤ ਸੁਰੱਖਿਆ ਪ੍ਰਣਾਲੀ ਹੋਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਕਈ ਥਾਵਾਂ ’ਤੇ ਅਜੇ ਵੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਵਿੱਚ ਗੰਭੀਰ ਢਿੱਲ ਵੇਖੀ ਜਾ ਰਹੀ ਹੈ, ਜੋ ਚਿੰਤਾਜਨਕ ਹੈ।

ਪ੍ਰਬੰਧਕਾਂ ਦੀ ਲਾਪਰਵਾਹੀ ’ਤੇ ਵੀ ਉਠੇ ਸਵਾਲ

ਜਥੇਦਾਰ ਗੜਗੱਜ ਨੇ ਕਿਹਾ ਕਿ ਕੁਝ ਥਾਵਾਂ ’ਤੇ ਇਹ ਭਾਵਨਾ ਬਣ ਰਹੀ ਹੈ ਕਿ ਗੁਰੂ ਘਰ ਦੀ ਮਰਿਆਦਾ ਨਾਲੋਂ ਵੱਧ ਤਰਜੀਹ ਆਪਣੀ ਚੌਧਰ ਨੂੰ ਦਿੱਤੀ ਜਾ ਰਹੀ ਹੈ, ਜੋ ਸਿੱਖ ਸਿਧਾਂਤਾਂ ਦੇ ਸਰਾਸਰ ਉਲਟ ਹੈ। ਉਨ੍ਹਾਂ ਸਿੱਖ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਹਰ ਗੁਰਦੁਆਰਾ ਸਾਹਿਬ ਵਿੱਚ ਲਗਾਤਾਰ ਪਹਿਰੇਦਾਰੀ, ਚੱਲਦੀ ਹਾਲਤ ਵਿੱਚ ਸੀਸੀਟੀਵੀ ਕੈਮਰੇ ਅਤੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾਣ।

ਸ਼੍ਰੋਮਣੀ ਕਮੇਟੀ ਨਾਲ ਸੰਪਰਕ, ਨਿਰਪੱਖ ਜਾਂਚ ਦੇ ਨਿਰਦੇਸ਼

ਕਾਰਜਕਾਰੀ ਜਥੇਦਾਰ ਨੇ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਅਤੇ ਇਲਾਕੇ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਪੂਰੀ ਘਟਨਾ ਦੀ ਨਿਰਪੱਖ ਅਤੇ ਡੂੰਘੀ ਜਾਂਚ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਹਨ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਟੀਮ ਮੌਕੇ ਵੱਲ ਰਵਾਨਾ

ਜਥੇਦਾਰ ਗੜਗੱਜ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੁਗਿੰਦਰ ਸਿੰਘ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਤੁਰੰਤ ਇੱਕ ਟੀਮ ਲੈ ਕੇ ਘਟਨਾ ਸਥਾਨ ’ਤੇ ਪਹੁੰਚਣ। ਟੀਮ ਵੱਲੋਂ ਗੁਰਦੁਆਰਾ ਸਾਹਿਬ ਦੇ ਸਮੁੱਚੇ ਪ੍ਰਬੰਧਾਂ, ਸੁਰੱਖਿਆ ਹਾਲਾਤ ਅਤੇ ਬੇਅਦਬੀ ਨਾਲ ਜੁੜੇ ਤੱਥਾਂ ਬਾਰੇ ਵਿਸਥਾਰਪੂਰਕ ਰਿਪੋਰਟ ਤਖ਼ਤ ਸਾਹਿਬ ਨੂੰ ਭੇਜੀ ਜਾਵੇਗੀ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਲੈਣਗੇ ਜਾਇਜ਼ਾ

ਜਥੇਦਾਰ ਗੜਗੱਜ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਵੀ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ।

ਸਰਕਾਰ ਨੂੰ ਸਾਜ਼ਿਸ਼ਘਾੜਿਆਂ ਨੂੰ ਬੇਨਕਾਬ ਕਰਨ ਦੀ ਮੰਗ

ਕਾਰਜਕਾਰੀ ਜਥੇਦਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਬੇਅਦਬੀ ਦੇ ਪਿੱਛੇ ਕੰਮ ਕਰ ਰਹੇ ਸਾਜ਼ਿਸ਼ਘਾੜਿਆਂ ਅਤੇ ਮੁੱਖ ਦੋਸ਼ੀਆਂ ਦੀ ਪਛਾਣ ਜਲਦ ਤੋਂ ਜਲਦ ਜਨਤਕ ਕੀਤੀ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਪ੍ਰਬੰਧਕਾਂ ਖ਼ਿਲਾਫ਼ ਵੀ ਹੋ ਸਕਦੀ ਹੈ ਕਾਰਵਾਈ

ਜਥੇਦਾਰ ਗੜਗੱਜ ਨੇ ਸਪਸ਼ਟ ਕੀਤਾ ਕਿ ਜੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸੰਬੰਧਿਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪ੍ਰਬੰਧ ਪੂਰੇ ਨਹੀਂ ਸਨ, ਤਾਂ ਇਸ ਮਾਮਲੇ ਵਿੱਚ ਗੁਰਦੁਆਰਾ ਪ੍ਰਬੰਧਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ ਅਤੇ ਹਰ ਪਾਸੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਿਸਾਲੀ ਸਜ਼ਾ ਦੇਣ ਦੀ ਮੰਗ ਉੱਠ ਰਹੀ ਹੈ।

ਪਿੰਡ ਮਾਹਲਾ ਬੇਅਦਬੀ ਮਾਮਲਾ: ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ!

ਅੰਮ੍ਰਿਤਸਰ :- ਜਲੰਧਰ ਜ਼ਿਲ੍ਹੇ ਦੇ ਪਿੰਡ ਮਾਹਲਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਪਾੜ ਕੇ ਕੀਤੀ ਗਈ ਘੌਰ ਬੇਅਦਬੀ ਦੀ ਘਟਨਾ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਇਸ ਘਟਨਾ ਨੂੰ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਉੱਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਕਾਮ ਦੱਸਿਆ ਹੈ।

ਲਗਾਤਾਰ ਵੱਧ ਰਹੀਆਂ ਬੇਅਦਬੀਆਂ ਚਿੰਤਾ ਦਾ ਵਿਸ਼ਾ

ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਆਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਸਮੂਹ ਸਿੱਖ ਸਮਾਜ ਲਈ ਡੂੰਘੀ ਚਿੰਤਾ ਦਾ ਕਾਰਨ ਬਣ ਚੁੱਕਾ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ।

ਦੋਸ਼ੀਆਂ ਖ਼ਿਲਾਫ਼ ਮਿਸਾਲੀ ਕਾਰਵਾਈ ਨਾ ਹੋਣ ’ਤੇ ਉਠੇ ਸਵਾਲ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਬਹੁਤੀਆਂ ਘਟਨਾਵਾਂ ਵਿੱਚ ਦੋਸ਼ੀਆਂ ਦੀ ਪਛਾਣ ਹੋਣ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਅਜਿਹੀ ਕੋਈ ਕਾਰਵਾਈ ਨਹੀਂ ਹੋਈ ਜੋ ਭਵਿੱਖ ਵਿੱਚ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਲਈ ਸਬਕ ਬਣ ਸਕੇ। ਇਸ ਕਾਰਨ ਸਿੱਖ ਭਾਵਨਾਵਾਂ ਨੂੰ ਵਾਰ-ਵਾਰ ਗਹਿਰੀ ਠੇਸ ਪਹੁੰਚ ਰਹੀ ਹੈ।

ਮਾਹਲਾ ਘਟਨਾ ਨੂੰ ਵੱਡੀ ਸਾਜ਼ਿਸ਼ ਨਾਲ ਜੋੜਿਆ

ਐਡਵੋਕੇਟ ਧਾਮੀ ਨੇ ਕਿਹਾ ਕਿ ਪਿੰਡ ਮਾਹਲਾ ਵਿੱਚ ਪਾਵਨ ਅੰਗ ਪਾੜੇ ਜਾਣ ਦੀ ਘਟਨਾ ਸਿਰਫ਼ ਇਕ ਅਪਰਾਧ ਨਹੀਂ, ਸਗੋਂ ਇਹ ਕਿਸੇ ਸੋਚੀ-ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਉਸ ਸਮੇਂ ਬੰਦ ਮਿਲੇ, ਜੋ ਮਾਮਲੇ ਨੂੰ ਹੋਰ ਵੀ ਗੰਭੀਰ ਬਣਾਉਂਦਾ ਹੈ।

ਸਰਕਾਰ ’ਤੇ ਲਾਪਰਵਾਹੀ ਦੇ ਦੋਸ਼

ਉਨ੍ਹਾਂ ਕਿਹਾ ਕਿ ਦੁੱਖਦਾਇਕ ਗੱਲ ਇਹ ਹੈ ਕਿ ਸਰਕਾਰ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਕੋਈ ਗੰਭੀਰ ਰਵੱਈਆ ਨਹੀਂ ਅਪਣਾਇਆ ਜਾ ਰਿਹਾ, ਜਿਸ ਕਾਰਨ ਅਜਿਹੇ ਮਾਮਲੇ ਰੁਕਣ ਦੀ ਬਜਾਏ ਵਧਦੇ ਜਾ ਰਹੇ ਹਨ। ਇਹ ਸਿੱਧਾ ਤੌਰ ’ਤੇ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਖੜੇ ਕਰਦਾ ਹੈ।

ਦੋਸ਼ੀਆਂ ਨੂੰ ਬੇਨਕਾਬ ਕਰਨ ਦੀ ਮੰਗ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਅਤੇ ਇਸ ਦੇ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਨੂੰ ਬਿਨਾਂ ਕਿਸੇ ਦੇਰੀ ਦੇ ਬੇਨਕਾਬ ਕੀਤਾ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਨਿਆਂ ਨਾ ਦਿੱਤਾ ਤਾਂ ਸਿੱਖ ਸੰਗਤਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪੈ ਸਕਦਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਟੀਮ ਮੌਕੇ ’ਤੇ ਭੇਜੀ ਗਈ

ਐਡਵੋਕੇਟ ਧਾਮੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਮੈਂਬਰ ਸ. ਰਣਜੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਮੌ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਉਨ੍ਹਾਂ ਨੂੰ ਹਰ ਪੱਧਰ ’ਤੇ ਕਾਰਵਾਈ ਕਰਨ ਦੇ ਸਪਸ਼ਟ ਨਿਰਦੇਸ਼ ਦਿੱਤੇ ਗਏ ਹਨ।

ਗੁਰਦੁਆਰਾ ਕਮੇਟੀਆਂ ਲਈ ਸਖ਼ਤ ਹਦਾਇਤਾਂ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਹਰ ਗੁਰਦੁਆਰਾ ਸਾਹਿਬ ਵਿੱਚ ਸੇਵਾਦਾਰਾਂ ਦੀ ਲਗਾਤਾਰ ਤਾਇਨਾਤੀ ਯਕੀਨੀ ਬਣਾਈ ਜਾਵੇ ਅਤੇ ਨਿਗਰਾਨੀ ਲਈ ਸੀਸੀਟੀਵੀ ਕੈਮਰਿਆਂ ਦਾ ਮਜ਼ਬੂਤ ਪ੍ਰਬੰਧ ਕੀਤਾ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਜਲੰਧਰ ਦੇ ਪਿੰਡ ਮਾਹਲ ‘ਚ ਗੁਰਦੁਆਰਾ ਸਾਹਿਬ ਅੰਦਰ ਬੇਅਦਬੀ, ਸੰਗਤਾਂ ਵਿੱਚ ਭਾਰੀ ਰੋਸ

ਜਲੰਧਰ :- ਜਲੰਧਰ ਜ਼ਿਲ੍ਹੇ ਦੇ ਪਿੰਡ ਮਾਹਲ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਘਟਨਾ ਦੀ ਖ਼ਬਰ ਫੈਲਦੇ ਹੀ ਪਿੰਡ ਸਮੇਤ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ ਅਤੇ ਸੰਗਤਾਂ ਵਿੱਚ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।

ਛੇ ਪਵਿੱਤਰ ਅੰਗ ਪਾੜੇ ਜਾਣ ਦੀ ਪੁਸ਼ਟੀ

ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਸ਼ਰਾਰਤੀ ਤੱਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੇ ਪਵਿੱਤਰ ਅੰਗ ਪਾੜ ਕੇ ਬੇਅਦਬੀ ਕੀਤੀ ਗਈ। ਸਵੇਰੇ ਜਦੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਰਹੇ ਸੇਵਾਦਾਰਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਤੁਰੰਤ ਸੰਗਤ ਨੂੰ ਸੂਚਿਤ ਕੀਤਾ ਗਿਆ।

ਸੰਗਤਾਂ ਨੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਕੀਤੀ ਮੰਗ

ਗੁਰਦੁਆਰਾ ਸਾਹਿਬ ਵਿੱਚ ਇਕੱਠੀ ਹੋਈ ਸੰਗਤ ਨੇ ਇਸ ਵਾਰਦਾਤ ਨੂੰ ਧਾਰਮਿਕ ਭਾਵਨਾਵਾਂ ‘ਤੇ ਗੰਭੀਰ ਹਮਲਾ ਕਰਾਰ ਦਿੰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਸਮਾਜਿਕ ਸਾਂਝ ਨੂੰ ਢਾਹ ਲਗਾਉਂਦੀਆਂ ਹਨ, ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਦਸ਼ਮੇਸ਼ ਤਰੁਣਾ ਦਲ ਵੱਲੋਂ ਮੋਰਚੇ ਦਾ ਐਲਾਨ

ਦਸ਼ਮੇਸ਼ ਤਰੁਣਾ ਦਲ ਵੱਲੋਂ ਮੌਕੇ ‘ਤੇ ਪਹੁੰਚੇ ਬਾਬਾ ਸਤੀਸ਼ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਬੇਅਦਬੀ ਦੀ ਸੂਚਨਾ ਮਿਲੀ ਸੀ। ਜਾਣਕਾਰੀ ਮਿਲਦੇ ਹੀ ਉਹ ਆਪਣੀ ਜਥੇਬੰਦੀ ਸਮੇਤ ਗੁਰਦੁਆਰਾ ਸਾਹਿਬ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਘਿਨੌਣੀ ਕਰਤੂਤ ਕਰਨ ਵਾਲਾ ਵਿਅਕਤੀ ਕਿਸੇ ਵੀ ਹਾਲਤ ਵਿੱਚ ਬਖ਼ਸ਼ਣਯੋਗ ਨਹੀਂ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦ ਤੱਕ ਦੋਸ਼ੀ ਗ੍ਰਿਫ਼ਤਾਰ ਨਹੀਂ ਹੁੰਦਾ, ਤਦ ਤੱਕ ਗੁਰਦੁਆਰਾ ਸਾਹਿਬ ਵਿੱਚ ਮੋਰਚਾ ਜਾਰੀ ਰਹੇਗਾ ਅਤੇ ਰਹਿਤ ਮਰਯਾਦਾ ਅਨੁਸਾਰ ਇਨਸਾਫ਼ ਲਿਆ ਜਾਵੇਗਾ।

ਪੁਲਿਸ ਵੱਲੋਂ ਜਾਂਚ ਤੇਜ਼, ਸੀਸੀਟੀਵੀ ਖੰਗਾਲੇ ਜਾ ਰਹੇ

ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਭਰਤ ਮਸੀਹ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਇੱਕ ਸੰਦੇਹੀ ਦੀ ਪਛਾਣ, ਕਈ ਲੋਕ ਹਿਰਾਸਤ ‘ਚ

ਡੀਐਸਪੀ ਮੁਤਾਬਕ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਇੱਕ ਸੰਦੇਹੀ ਦੀ ਪਛਾਣ ਹੋ ਚੁੱਕੀ ਹੈ, ਜਦਕਿ ਕਈ ਹੋਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਜਾਰੀ ਹੈ। ਗੁਰਦੁਆਰਾ ਕਮੇਟੀ ਅਤੇ ਸੇਵਾਦਾਰਾਂ ਨਾਲ ਵੀ ਪੁਲਿਸ ਵੱਲੋਂ ਵਿਸਥਾਰ ਨਾਲ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

ਦੋਸ਼ੀ ਕਿਸੇ ਵੀ ਸੂਰਤ ਵਿੱਚ ਨਹੀਂ ਬਖ਼ਸ਼ਿਆ ਜਾਵੇਗਾ: ਪੁਲਿਸ

ਪੁਲਿਸ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਕਿਸੇ ਵੀ ਹਾਲਤ ਵਿੱਚ ਛੱਡਿਆ ਨਹੀਂ ਜਾਵੇਗਾ ਅਤੇ ਜਲਦ ਹੀ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ। ਫਿਲਹਾਲ ਪਿੰਡ ਮਾਹਲ ਵਿੱਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਘਟਨਾ ਨਾਲ ਜੁੜੀਆਂ ਹੋਰ ਅਧਿਕਾਰਿਕ ਜਾਣਕਾਰੀਆਂ ਦੀ ਉਡੀਕ ਕੀਤੀ ਜਾ ਰਹੀ ਹੈ।

27 ਸਾਲਾਂ ਬਾਅਦ ਨਾਸਾ ਨੂੰ ਅਲਵਿਦਾ: ਸੁਨੀਤਾ ਵਿਲੀਅਮਸ ਦੀ ਇਤਿਹਾਸਕ ਪੁਲਾੜ ਯਾਤਰਾ ਦਾ ਸਮਾਪਨ

ਨਵੀਂ ਦਿੱਲੀ :- ਨਾਸਾ ਦੀ ਦੁਨੀਆ ਪ੍ਰਸਿੱਧ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਨੇ ਕਰੀਬ 27 ਸਾਲਾਂ ਦੀ ਲੰਬੀ, ਸ਼ਾਨਦਾਰ ਅਤੇ ਇਤਿਹਾਸਕ ਸੇਵਾ ਤੋਂ ਬਾਅਦ ਨਾਸਾ ਤੋਂ ਸੇਵਾਮੁਕਤੀ ਲੈ ਲਈ ਹੈ। ਉਨ੍ਹਾਂ ਦੀ ਰਿਟਾਇਰਮੈਂਟ 27 ਦਸੰਬਰ 2025 ਤੋਂ ਸਰਕਾਰੀ ਤੌਰ ’ਤੇ ਪ੍ਰਭਾਵੀ ਹੋ ਚੁੱਕੀ ਹੈ। ਸੁਨੀਤਾ ਵਿਲੀਅਮਸ ਦਾ ਨਾਮ ਅਜਿਹੀਆਂ ਪੁਲਾੜ ਹਸਤੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੇ ਮਨੁੱਖੀ ਪੁਲਾੜ ਉਡਾਣ ਦੇ ਇਤਿਹਾਸ ਨੂੰ ਨਵੀਂ ਦਿਸ਼ਾ ਦਿੱਤੀ।

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਤਿੰਨ ਮਿਸ਼ਨ ਸਫ਼ਲ

ਆਪਣੇ ਲੰਬੇ ਕਰੀਅਰ ਦੌਰਾਨ ਸੁਨੀਤਾ ਵਿਲੀਅਮਸ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਤਿੰਨ ਮਹੱਤਵਪੂਰਨ ਮਿਸ਼ਨ ਪੂਰੇ ਕੀਤੇ। ਨਾਸਾ ਮੁਤਾਬਕ ਉਹ ਕੁੱਲ 608 ਦਿਨ ਪੁਲਾੜ ਵਿੱਚ ਰਹੀ, ਜੋ ਕਿ ਕਿਸੇ ਵੀ ਅਮਰੀਕੀ ਪੁਲਾੜ ਯਾਤਰੀ ਵੱਲੋਂ ਬਿਤਾਇਆ ਗਿਆ ਦੂਜਾ ਸਭ ਤੋਂ ਵੱਧ ਸਮਾਂ ਹੈ। ਇਹ ਅੰਕੜਾ ਆਪਣੇ ਆਪ ਵਿੱਚ ਉਨ੍ਹਾਂ ਦੀ ਸਮਰੱਥਾ ਅਤੇ ਅਟੱਲ ਹੌਂਸਲੇ ਦੀ ਗਵਾਹੀ ਦਿੰਦਾ ਹੈ।

ਸਪੇਸਵਾਕ ਵਿੱਚ ਬਣਾਇਆ ਨਵਾਂ ਰਿਕਾਰਡ

ਸੁਨੀਤਾ ਵਿਲੀਅਮਸ ਨੇ ਕੁੱਲ 9 ਸਪੇਸਵਾਕ ਕੀਤੇ, ਜਿਨ੍ਹਾਂ ਦੀ ਮਿਆਦ 62 ਘੰਟੇ 6 ਮਿੰਟ ਰਹੀ। ਇਹ ਕਿਸੇ ਵੀ ਮਹਿਲਾ ਪੁਲਾੜ ਯਾਤਰੀ ਵੱਲੋਂ ਕੀਤਾ ਗਿਆ ਸਭ ਤੋਂ ਵੱਧ ਸਪੇਸਵਾਕ ਸਮਾਂ ਹੈ। ਕੁੱਲ ਪੁਲਾੜ ਯਾਤਰੀਆਂ ਦੀ ਸੂਚੀ ਵਿੱਚ ਉਹ ਇਸ ਮਾਮਲੇ ’ਚ ਚੌਥੇ ਸਥਾਨ ’ਤੇ ਦਰਜ ਹੈ। ਇਸ ਤੋਂ ਇਲਾਵਾ ਉਹ ਪੁਲਾੜ ਵਿੱਚ ਮੈਰਾਥਨ ਦੌੜਨ ਵਾਲੀ ਦੁਨੀਆ ਦੀ ਪਹਿਲੀ ਵਿਅਕਤੀ ਵੀ ਬਣੀ।

ਨਾਸਾ ਪ੍ਰਸ਼ਾਸਨ ਵੱਲੋਂ ਸਨਮਾਨ ਭਰੇ ਸ਼ਬਦ

ਨਾਸਾ ਦੇ ਪ੍ਰਸ਼ਾਸਕ ਜੈਰੇਡ ਇਸਾਕਮੈਨ ਨੇ ਕਿਹਾ ਕਿ ਸੁਨੀਤਾ ਵਿਲੀਅਮਸ ਮਨੁੱਖੀ ਪੁਲਾੜ ਉਡਾਣ ਦੇ ਖੇਤਰ ਦੀ ਮੋਹਰੀ ਰਹੀ ਹੈ। ਉਨ੍ਹਾਂ ਦੀ ਅਗਵਾਈ ਅਤੇ ਤਜਰਬੇ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਮਿਸ਼ਨਾਂ ਨੂੰ ਮਜ਼ਬੂਤੀ ਦਿੱਤੀ ਅਤੇ ਭਵਿੱਖ ਦੇ ਚੰਦਰਮਾ ਅਤੇ ਮੰਗਲ ਗ੍ਰਹਿ ਮਿਸ਼ਨਾਂ ਲਈ ਮਜ਼ਬੂਤ ਬੁਨਿਆਦ ਤਿਆਰ ਕੀਤੀ।

2006 ਤੋਂ ਸ਼ੁਰੂ ਹੋਇਆ ਸੁਪਨੇ ਵਰਗਾ ਸਫ਼ਰ

ਸੁਨੀਤਾ ਵਿਲੀਅਮਸ ਨੇ ਆਪਣੀ ਪਹਿਲੀ ਪੁਲਾੜ ਉਡਾਣ ਦਸੰਬਰ 2006 ਵਿੱਚ ਸਪੇਸ ਸ਼ਟਲ ਡਿਸਕਵਰੀ ਰਾਹੀਂ ਭਰੀ ਸੀ। ਇਸ ਤੋਂ ਬਾਅਦ 2012 ਵਿੱਚ ਉਹ ਕਜ਼ਾਕਿਸਤਾਨ ਦੇ ਬੈਕੋਨੂਰ ਕੋਸਮੋਡ੍ਰੋਮ ਤੋਂ ਪੁਲਾੜ ਗਈ ਅਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਕਮਾਂਡਰ ਵਜੋਂ ਵੀ ਸੇਵਾ ਨਿਭਾਈ। ਹਾਲ ਹੀ ਵਿੱਚ ਜੂਨ 2024 ਦੌਰਾਨ ਉਹ ਬੋਇੰਗ ਸਟਾਰਲਾਈਨਰ ਮਿਸ਼ਨ ’ਤੇ ਪੁਲਾੜ ਗਈ ਅਤੇ ਮਾਰਚ 2025 ਵਿੱਚ ਧਰਤੀ ’ਤੇ ਵਾਪਸ ਆਈ।

ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ

ਨਾਸਾ ਦੇ ਜੌਹਨਸਨ ਸਪੇਸ ਸੈਂਟਰ ਦੀ ਡਾਇਰੈਕਟਰ ਵੈਨੇਸਾ ਵਿਚ ਨੇ ਕਿਹਾ ਕਿ ਸੁਨੀਤਾ ਵਿਲੀਅਮਸ ਦਾ ਕਰੀਅਰ ਲੀਡਰਸ਼ਿਪ, ਅਨੁਸ਼ਾਸਨ ਅਤੇ ਅਟੱਲ ਜਜ਼ਬੇ ਦੀ ਮਿਸਾਲ ਹੈ। ਉਨ੍ਹਾਂ ਦੀ ਯਾਤਰਾ ਭਵਿੱਖ ਦੇ ਪੁਲਾੜ ਯਾਤਰੀਆਂ ਨੂੰ ਸਾਲਾਂ ਤੱਕ ਪ੍ਰੇਰਿਤ ਕਰਦੀ ਰਹੇਗੀ।

ਸੇਵਾਮੁਕਤੀ ’ਤੇ ਸੁਨੀਤਾ ਵਿਲੀਅਮਸ ਦਾ ਭਾਵੁਕ ਬਿਆਨ

ਸੇਵਾਮੁਕਤੀ ਤੋਂ ਬਾਅਦ ਸੁਨੀਤਾ ਵਿਲੀਅਮਸ ਨੇ ਕਿਹਾ ਕਿ ਪੁਲਾੜ ਹਮੇਸ਼ਾਂ ਉਸਦੀ ਮਨਪਸੰਦ ਜਗ੍ਹਾ ਰਹੀ ਹੈ ਅਤੇ ਨਾਸਾ ਵਿੱਚ ਬਿਤਾਇਆ ਸਮਾਂ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੈ। ਉਸਨੇ ਆਸ ਜਤਾਈ ਕਿ ਉਸਦਾ ਕੰਮ ਭਵਿੱਖ ਵਿੱਚ ਚੰਦਰਮਾ ਅਤੇ ਮੰਗਲ ਗ੍ਰਹਿ ਵੱਲ ਮਨੁੱਖੀ ਯਾਤਰਾ ਦੇ ਰਾਹ ਹੋਰ ਸੁਗਮ ਬਣਾਏਗਾ।

ਸੁਨੀਤਾ ਵਿਲੀਅਮਸ ਦਾ ਨਾਮ ਹੁਣ ਕੇਵਲ ਇੱਕ ਪੁਲਾੜ ਯਾਤਰੀ ਨਹੀਂ, ਸਗੋਂ ਹਿੰਮਤ, ਸਮਰਪਣ ਅਤੇ ਵਿਗਿਆਨਕ ਇਨਕਲਾਬ ਦੀ ਪਹਿਚਾਣ ਬਣ ਚੁੱਕਾ ਹੈ।