Home Blog Page 670

ਕੈਨੇਡਾ ਦੇ ਸਰੀ ਸ਼ਹਿਰ ’ਚ ਅਪਰਾਧਾਂ ਦਾ ਕਹਿਰ, ਕੌਂਸਲ ਵੱਲੋਂ ਐਮਰਜੈਂਸੀ ਲਾਗੂ

ਕੈਨੇਡਾ :- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਅਧੀਨ ਆਉਂਦੇ ਸਰੀ ਸ਼ਹਿਰ ਵਿੱਚ ਵਧ ਰਹੀਆਂ ਫਿਰੌਤੀ ਅਤੇ ਹਿੰਸਕ ਵਾਰਦਾਤਾਂ ਨੇ ਪੂਰੇ ਭਾਈਚਾਰੇ ਨੂੰ ਦਹਿਸ਼ਤ ਵਿੱਚ ਧੱਕ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਰੀ ਸਿਟੀ ਕੌਂਸਲ ਨੇ ਸ਼ਹਿਰ ਵਿੱਚ ਸਥਾਨਕ ਐਮਰਜੈਂਸੀ ਲਾਗੂ ਕਰਨ ਦਾ ਐਤਿਹਾਸਿਕ ਫ਼ੈਸਲਾ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾ ਦੀ ਕਿਸੇ ਚੁਣੀ ਹੋਈ ਮਿਊਂਸਪਲ ਕੌਂਸਲ ਨੇ ਅਪਰਾਧਾਂ ਖ਼ਿਲਾਫ਼ ਐਮਰਜੈਂਸੀ ਵਰਗਾ ਕਦਮ ਚੁੱਕਿਆ ਹੋਵੇ।

ਗੈਂਗਸਟਰਾਂ ਵੱਲੋਂ ਦੱਖਣੀ ਏਸ਼ੀਆਈ ਭਾਈਚਾਰਾ ਨਿਸ਼ਾਨੇ ’ਤੇ

ਪੁਲਿਸ ਅਤੇ ਖੁਫੀਆ ਰਿਪੋਰਟਾਂ ਮੁਤਾਬਕ ਫਿਰੌਤੀ ਦੇ ਮਾਮਲਿਆਂ ਪਿੱਛੇ ਸੰਗਠਿਤ ਅਪਰਾਧੀ ਗਿਰੋਹ ਸਰਗਰਮ ਹਨ, ਜੋ ਵੱਡੇ ਪੱਧਰ ’ਤੇ ਦੱਖਣੀ ਏਸ਼ੀਆਈ ਮੂਲ ਦੇ ਵਪਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਪਰਾਧੀ ਫੋਨ ਕਾਲਾਂ, ਵਾਇਸ ਨੋਟਾਂ, ਸੋਸ਼ਲ ਮੀਡੀਆ ਸੁਨੇਹਿਆਂ ਅਤੇ ਚਿੱਠੀਆਂ ਰਾਹੀਂ ਲੱਖਾਂ ਡਾਲਰਾਂ ਦੀ ਮੰਗ ਕਰਦੇ ਹਨ। ਰਕਮ ਅਦਾ ਨਾ ਕਰਨ ਦੀ ਸੂਰਤ ਵਿੱਚ ਕਾਰੋਬਾਰਕ ਸਥਾਨਾਂ ਅਤੇ ਰਹਾਇਸ਼ੀ ਘਰਾਂ ’ਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ।

ਅੰਕੜਿਆਂ ਨੇ ਵਧਾਈ ਚਿੰਤਾ

ਸਾਲ 2025 ਦੌਰਾਨ ਫਿਰੌਤੀ ਨਾਲ ਜੁੜੇ 44 ਮਾਮਲੇ ਦਰਜ ਹੋਏ ਸਨ, ਪਰ 2026 ਦੇ ਸਿਰਫ਼ ਪਹਿਲੇ ਤਿੰਨ ਹਫ਼ਤਿਆਂ ਵਿੱਚ ਹੀ 35 ਕੇਸ ਸਾਹਮਣੇ ਆ ਜਾਣਾ ਪ੍ਰਸ਼ਾਸਨ ਲਈ ਵੱਡੀ ਚੇਤਾਵਨੀ ਬਣ ਗਿਆ ਹੈ।ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਜੇ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਸਾਲ ਦੇ ਅੰਤ ਤੱਕ ਇਹ ਗਿਣਤੀ ਸੈਂਕੜਿਆਂ ਤੋਂ ਉੱਪਰ ਜਾ ਸਕਦੀ ਹੈ।

ਮੇਅਰ ਬਰੈਂਡਾ ਲੋਕ ਨੇ ਸੰਘੀ ਸਰਕਾਰ ਕੋਲ ਮੰਗੀ ਦਖ਼ਲਅੰਦਾਜ਼ੀ

ਸਰੀ ਦੀ ਮੇਅਰ ਬਰੈਂਡਾ ਲੋਕ ਨੇ 26 ਜਨਵਰੀ ਨੂੰ ਕੌਂਸਲ ਮੀਟਿੰਗ ਦੌਰਾਨ ਕਿਹਾ ਕਿ ਸ਼ਹਿਰ ਦੇ ਮੌਜੂਦਾ ਸਰੋਤ ਅਪਰਾਧ ਦੇ ਇਸ ਜਾਲ ਨੂੰ ਤੋੜਨ ਲਈ ਕਾਫ਼ੀ ਨਹੀਂ ਰਹੇ। ਉਨ੍ਹਾਂ ਨੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਪੱਧਰ ’ਤੇ ਐਮਰਜੈਂਸੀ ਲਗਾਈ ਜਾਵੇ। ਨਾਲ ਹੀ ਇੱਕ ਵਿਸ਼ੇਸ਼ ਐਕਸਟੌਰਸ਼ਨ ਕਮਿਸ਼ਨਰ ਨਿਯੁਕਤ ਕਰਨ, ਗੈਰ-ਨਾਗਰਿਕ ਦੋਸ਼ੀਆਂ ਨੂੰ ਤੁਰੰਤ ਡਿਪੋਰਟ ਕਰਨ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਣ ਦੀ ਮੰਗ ਕੀਤੀ ਗਈ ਹੈ।

ਕੈਫੇ ’ਤੇ ਤਿੰਨ ਵਾਰ ਗੋਲੀਬਾਰੀ, ਲੋਕਾਂ ’ਚ ਗੁੱਸਾ

ਸਰੀ ਦੇ ਮਸ਼ਹੂਰ ‘ਕੈਪਸ ਕੈਫੇ’ ’ਤੇ ਕੁਝ ਦਿਨਾਂ ਦੇ ਅੰਦਰ ਤਿੰਨ ਵਾਰ ਹੋਈ ਗੋਲੀਬਾਰੀ ਨੇ ਅਪਰਾਧੀਆਂ ਦੀ ਨਿਡਰਤਾ ਨੂੰ ਬੇਨਕਾਬ ਕਰ ਦਿੱਤਾ ਹੈ।ਇਨ੍ਹਾਂ ਘਟਨਾਵਾਂ ਤੋਂ ਬਾਅਦ ਇੰਡੋ-ਕੈਨੇਡੀਅਨ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਈ ਸੰਗਠਨਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਕਾਰਨ ਹਾਲਾਤ ਬੇਕਾਬੂ ਹੋਏ ਹਨ, ਜਿਸਨੂੰ ਕੁਝ ਲੋਕ ਨਸਲੀ ਅਣਗਹਿਲੀ ਨਾਲ ਵੀ ਜੋੜ ਰਹੇ ਹਨ।

ਸੂਚਨਾ ਦੇਣ ਵਾਲਿਆਂ ਲਈ ਵੱਡਾ ਇਨਾਮ

ਸਰੀ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਤੱਕ ਪਹੁੰਚਣ ਲਈ ਜਾਣਕਾਰੀ ਮੁਹੱਈਆ ਕਰਵਾਉਣ ਵਾਲਿਆਂ ਨੂੰ 2 ਲੱਖ 50 ਹਜ਼ਾਰ ਡਾਲਰ ਤੱਕ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਮੇਅਰ ਨੇ ਦੋ ਟੁੱਕ ਕਿਹਾ ਹੈ ਕਿ ਇਹ ਸਿਰਫ਼ ਇੱਕ ਸ਼ਹਿਰ ਦੀ ਸਮੱਸਿਆ ਨਹੀਂ ਰਹੀ, ਸਗੋਂ ਕੈਨੇਡਾ ਦੀ ਅੰਦਰੂਨੀ ਸੁਰੱਖਿਆ ਨਾਲ ਜੁੜਿਆ ਰਾਸ਼ਟਰੀ ਮੁੱਦਾ ਬਣ ਚੁੱਕਾ ਹੈ।

ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ, ਚਾਰ ਤਸਕਰ ਗ੍ਰਿਫ਼ਤਾਰ, ਹੈਰੋਇਨ, ਪਿਸਤੌਲ ਅਤੇ ਡਰੱਗ ਮਨੀ ਬਰਾਮਦ!

ਅੰਮ੍ਰਿਤਸਰ :- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਅਤੇ ਹਥਿਆਰ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਸਰਹੱਦ ਪਾਰੋਂ ਚੱਲ ਰਹੇ ਇੱਕ ਸੰਗਠਿਤ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਚਾਰ ਮੁੱਖ ਕਾਰਕੁਨਾਂ ਨੂੰ ਕਾਬੂ ਕਰਕੇ ਭਾਰੀ ਮਾਤਰਾ ਵਿੱਚ ਨਸ਼ਾ, ਆਧੁਨਿਕ ਹਥਿਆਰ ਅਤੇ ਨਕਦੀ ਬਰਾਮਦ ਕੀਤੀ ਗਈ ਹੈ।

ਪੁਲਿਸ ਅਨੁਸਾਰ ਇਹ ਮਾਡਿਊਲ ਲੰਬੇ ਸਮੇਂ ਤੋਂ ਸਰਹੱਦੀ ਖੇਤਰ ਰਾਹੀਂ ਗੈਰਕਾਨੂੰਨੀ ਸਰਗਰਮੀਆਂ ਚਲਾ ਰਿਹਾ ਸੀ।

ਹੈਰੋਇਨ, ਆਧੁਨਿਕ ਪਿਸਤੌਲ ਤੇ ਨਕਦੀ ਕਬਜ਼ੇ ’ਚ

ਪੁਲਿਸ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਦੋਸ਼ੀਆਂ ਕੋਲੋਂ ਲਗਭਗ ਡੇਢ ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸਦੇ ਨਾਲ ਹੀ ਦੋ ਅਧੁਨਿਕ ਪਿਸਤੌਲ — ਇਕ 9 ਐਮਐਮ ਅਤੇ ਇਕ .30 ਬੋਰ — ਜ਼ਿੰਦਾ ਕਾਰਤੂਸਾਂ ਸਮੇਤ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਤਸਕਰੀ ਰਾਹੀਂ ਇਕੱਠੀ ਕੀਤੀ ਗਈ ਕਰੀਬ ਦੋ ਲੱਖ ਰੁਪਏ ਦੇ ਨੇੜੇ ਡਰੱਗ ਮਨੀ ਵੀ ਪੁਲਿਸ ਦੇ ਹੱਥ ਲੱਗੀ ਹੈ।

ਵਿਦੇਸ਼ੀ ਹੈਂਡਲਰਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਜ਼ਰੀਏ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ।

ਇਹ ਹੈਂਡਲਰ ਪਾਕਿਸਤਾਨ ਅਧਾਰਤ ਤਸਕਰਾਂ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀਆਂ ਖੇਪਾਂ ਭੇਜੀਆਂ ਜਾਂਦੀਆਂ ਸਨ। ਦੋਸ਼ੀ ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਸਮੱਗਰੀ ਇਕੱਠੀ ਕਰਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਰਹੇ।

ਸਿਵਲ ਲਾਈਨਜ਼ ਥਾਣੇ ’ਚ ਕੇਸ ਦਰਜ

ਇਸ ਸਬੰਧੀ ਅੰਮ੍ਰਿਤਸਰ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਡਿਊਲ ਨਾਲ ਜੁੜੇ ਅਗਲੇ–ਪਿਛਲੇ ਸਬੰਧਾਂ, ਫੰਡਿੰਗ ਨੈੱਟਵਰਕ ਅਤੇ ਹੋਰ ਸਾਥੀਆਂ ਦੀ ਪਛਾਣ ਲਈ ਡੂੰਘੀ ਜਾਂਚ ਜਾਰੀ ਹੈ।

ਸੰਗਠਿਤ ਅਪਰਾਧ ਖ਼ਤਮ ਕਰਨ ਲਈ ਪੁਲਿਸ ਵਚਨਬੱਧ

ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਨਸ਼ਾ ਤਸਕਰੀ ਅਤੇ ਗੈਰਕਾਨੂੰਨੀ ਹਥਿਆਰਾਂ ਦੇ ਨੈੱਟਵਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ। ਸੂਬੇ ਵਿੱਚ ਅਮਨ–ਕਾਨੂੰਨ ਬਣਾਈ ਰੱਖਣ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਬਠਿੰਡਾ ਦੇ ਪਿੰਡ ‘ਚ ਪੰਚਾਇਤ ਦਾ ਵੱਡਾ ਫ਼ੈਸਲਾ, ਪਿੰਡ ਵਿੱਚ ਪਤੰਗ ਵੇਚਣ ਤੇ ਉਡਾਉਣ ’ਤੇ ਪੂਰਨ ਰੋਕ!

ਚੰਡੀਗੜ੍ਹ :- ਪੰਜਾਬ ਦੇ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਭੈਣੀ ਚੂਹੜ ਵਿੱਚ ਪੰਚਾਇਤ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਕ ਅਹੰਕਾਰਪੂਰਕ ਫ਼ੈਸਲਾ ਲਿਆ ਗਿਆ ਹੈ। ਪਿੰਡ ਦੀ ਗ੍ਰਾਮ ਪੰਚਾਇਤ ਨੇ ਸਰਬ-ਸੰਮਤੀ ਨਾਲ ਪਤੰਗਬਾਜ਼ੀ ’ਤੇ ਪੂਰਨ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ।

ਇਸ ਫ਼ੈਸਲੇ ਅਧੀਨ ਹੁਣ ਪਿੰਡ ਦੀ ਹੱਦ ਅੰਦਰ ਨਾ ਤਾਂ ਪਤੰਗ ਵੇਚੀ ਜਾ ਸਕੇਗੀ ਅਤੇ ਨਾ ਹੀ ਕਿਸੇ ਨੂੰ ਪਤੰਗ ਉਡਾਉਣ ਦੀ ਇਜਾਜ਼ਤ ਹੋਵੇਗੀ।

ਕਿਉਂ ਲੋੜ ਪਈ ਇਹ ਕੜਾ ਕਦਮ ਚੁੱਕਣ ਦੀ

ਮਿਲੀ ਜਾਣਕਾਰੀ ਮੁਤਾਬਕ ਰਾਮਾ ਮੰਡੀ ਖੇਤਰ ਅਧੀਨ ਆਉਂਦੇ ਇਸ ਪਿੰਡ ਵਿੱਚ ਪਿਛਲੇ ਕੁਝ ਸਮੇਂ ਤੋਂ ਚਾਈਨਾ ਡੋਰ ਦੀ ਵਰਤੋਂ ਵਧ ਰਹੀ ਸੀ। ਇਸ ਖ਼ਤਰਨਾਕ ਡੋਰ ਨਾਲ ਵਾਪਰ ਰਹੇ ਹਾਦਸਿਆਂ ਨੇ ਪੰਚਾਇਤ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ।

ਚਾਈਨਾ ਡੋਰ ਕਾਰਨ ਨਾ ਸਿਰਫ਼ ਮੋਟਰਸਾਈਕਲ ਸਵਾਰਾਂ ਅਤੇ ਰਾਹਗੀਰਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ, ਸਗੋਂ ਕਈ ਥਾਵਾਂ ’ਤੇ ਪੰਛੀਆਂ ਦੀ ਮੌਤ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸਾਰੇ ਪੱਖਾਂ ਨੂੰ ਵੇਖਦਿਆਂ ਪੰਚਾਇਤ ਨੇ ਸਖ਼ਤ ਫ਼ੈਸਲਾ ਲੈਣਾ ਜ਼ਰੂਰੀ ਸਮਝਿਆ।

ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ

ਪਿੰਡ ਭੈਣੀ ਚੂਹੜ ਦੀ ਪੰਚਾਇਤ ਨੇ ਸਾਫ਼ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਇਸ ਫ਼ੈਸਲੇ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੰਚਾਇਤ ਨੇ ਇਹ ਵੀ ਕਿਹਾ ਹੈ ਕਿ ਇਹ ਫ਼ੈਸਲਾ ਕਿਸੇ ਇਕ ਵਿਅਕਤੀ ਨਹੀਂ, ਸਗੋਂ ਪੂਰੇ ਪਿੰਡ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ।

ਚਾਈਨਾ ਡੋਰ ਬਣ ਚੁੱਕੀ ਹੈ ਮੌਤ ਦਾ ਕਾਰਨ

ਗੌਰਤਲਬ ਹੈ ਕਿ ਸਿਰਫ਼ ਪੰਜਾਬ ਹੀ ਨਹੀਂ, ਦੇਸ਼ ਦੇ ਕਈ ਸੂਬਿਆਂ ਵਿੱਚ ਚਾਈਨਾ ਡੋਰ ਅਤੇ ਪਤੰਗ ਲੁੱਟਣ ਦੌਰਾਨ ਵਾਪਰੀਆਂ ਘਟਨਾਵਾਂ ਵਿੱਚ ਅਨੇਕਾਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਸਿੱਖ ਲੈਂਦਿਆਂ ਭੈਣੀ ਚੂਹੜ ਪੰਚਾਇਤ ਵੱਲੋਂ ਲਿਆ ਗਿਆ ਇਹ ਫ਼ੈਸਲਾ ਹੁਣ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਮਾਨਸਾ ਨੇੜੇ ਭਿਆਨਕ ਸੜਕ ਹਾਦਸਾ, ਦੋ ਕਾਰਾਂ ਦੀ ਆਮਨੇ-ਸਾਮਨੇ ਟੱਕਰ ’ਚ ਪਤੀ-ਪਤਨੀ ਸਮੇਤ ਤਿੰਨ ਦੀ ਮੌਤ, ਇੱਕ ਨੌਜਵਾਨ ਗੰਭੀਰ

ਮਾਨਸਾ :- ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਨੇੜੇ ਮੰਗਲਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਦੋ ਕਾਰਾਂ ਦੀ ਆਮਨੇ-ਸਾਮਨੇ ਹੋਈ ਜ਼ੋਰਦਾਰ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।

ਟੱਕਰ ਇੰਨੀ ਭਿਆਨਕ ਕਿ ਵਾਹਨ ਪੂਰੀ ਤਰ੍ਹਾਂ ਨੁਕਸਾਨੀ

ਮਿਲੀ ਜਾਣਕਾਰੀ ਅਨੁਸਾਰ ਦੋਵੇਂ ਸਵਿਫਟ ਕਾਰਾਂ ਖਿਆਲਾ ਕਲਾਂ ਪਿੰਡ ਨੇੜੇ ਅਚਾਨਕ ਆਮਨੇ-ਸਾਮਨੇ ਟਕਰਾ ਗਈਆਂ। ਟੱਕਰ ਇੰਨੀ ਤੇਜ਼ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਸਵਾਰੀਆਂ ਨੂੰ ਸੰਭਲਣ ਦਾ ਮੌਕਾ ਤੱਕ ਨਾ ਮਿਲ ਸਕਿਆ।

ਮ੍ਰਿਤਕਾਂ ਦੀ ਹੋਈ ਪਛਾਣ

ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਉਪਕਾਰ ਸਿੰਘ ਅਤੇ ਉਸ ਦੀ ਪਤਨੀ ਸੁਪਿੰਦਰ ਕੌਰ ਸ਼ਾਮਲ ਹਨ, ਜੋ ਹਰਿਆਣਾ ਦੇ ਰਤੀਆ ਸ਼ਹਿਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਦੋਵੇਂ ਮਾਨਸਾ ਵੱਲ ਰਵਾਨਾ ਹੋਏ ਸਨ।

ਦੂਜੇ ਵਾਹਨ ਵਿੱਚ ਸਵਾਰ ਬਲਕਾਰ ਸਿੰਘ, ਜੋ ਪਿੰਡ ਖਿਆਲਾ ਦਾ ਨਿਵਾਸੀ ਸੀ, ਦੀ ਵੀ ਹਾਦਸੇ ਦੌਰਾਨ ਮੌਕੇ ’ਤੇ ਹੀ ਮੌਤ ਹੋ ਗਈ।

ਇੱਕ ਨੌਜਵਾਨ ਦੀ ਹਾਲਤ ਨਾਜ਼ੁਕ

ਇਸ ਹਾਦਸੇ ਵਿੱਚ ਬਲਕਾਰ ਸਿੰਘ ਦਾ ਸਾਥੀ ਅਮਨਪ੍ਰੀਤ ਸਿੰਘ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਉਸਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਉੱਚ ਇਲਾਜ ਲਈ ਬਾਹਰਲੇ ਹਸਪਤਾਲ ਰੈਫਰ ਕਰ ਦਿੱਤਾ।

ਐਸਐਮਓ ਵੱਲੋਂ ਮੌਤਾਂ ਦੀ ਪੁਸ਼ਟੀ

ਸਿਵਲ ਹਸਪਤਾਲ ਦੇ ਐਸਐਮਓ ਡਾ. ਗੁਰਮੀਤ ਗੁਰਮੇਲ ਸਿੰਘ ਨੇ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਟੱਕਰ ਬਹੁਤ ਭਿਆਨਕ ਹੋਣ ਕਾਰਨ ਤਿੰਨੇ ਵਿਅਕਤੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ।

ਪੁਲਿਸ ਵੱਲੋਂ ਜਾਂਚ ਸ਼ੁਰੂ

ਘਟਨਾ ਦੀ ਸੂਚਨਾ ਮਿਲਦੇ ਹੀ ਭਿੱਖੀ ਥਾਣਾ ਪੁਲਿਸ ਮੌਕੇ ’ਤੇ ਪਹੁੰਚ ਗਈ। ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਕਿਸਾਨਾਂ ਦੀ ਨੀਂਦ ਉੱਡੀ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ – ਗੜ੍ਹੇਮਾਰੀ ਨਾਲ ਫਸਲਾਂ ਨੂੰ ਭਾਰੀ ਨੁਕਸਾਨ

ਪਟਿਆਲਾ :- ਪੰਜਾਬ ਵਿੱਚ ਮੌਸਮ ਨੇ ਅਚਾਨਕ ਕਰਵਟ ਲੈਂਦਿਆਂ ਇੱਕ ਵਾਰ ਫਿਰ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਤੜਕੇ ਤੋਂ ਹੀ ਸੂਬੇ ਦੇ ਕਈ ਹਿੱਸਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ, ਜਦਕਿ ਕਈ ਜ਼ਿਲ੍ਹਿਆਂ ਵਿੱਚ ਭਾਰੀ ਗੜ੍ਹੇਮਾਰੀ ਨੇ ਹਾਲਾਤ ਹੋਰ ਗੰਭੀਰ ਬਣਾ ਦਿੱਤੇ। ਕਈ ਥਾਵਾਂ ‘ਤੇ ਗੜ੍ਹਿਆਂ ਕਾਰਨ ਸੜਕਾਂ ਉੱਤੇ ਸਫੈਦ ਚਾਦਰ ਵਰਗੀ ਪਰਤ ਨਜ਼ਰ ਆਈ।

ਪਟਿਆਲਾ ਤੇ ਸਨੌਰ ਖੇਤਰ ਸਭ ਤੋਂ ਵੱਧ ਪ੍ਰਭਾਵਿਤ

ਪਟਿਆਲਾ ਅਤੇ ਸਨੌਰ ਇਲਾਕੇ ਵਿੱਚ ਲਗਾਤਾਰ ਹੋਈ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ। ਖੇਤਾਂ ਵਿੱਚ ਖੜ੍ਹੀ ਕਣਕ, ਸਰੋਂ, ਟਮਾਟਰ ਅਤੇ ਬੈਂਗਣ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਈ ਥਾਵਾਂ ‘ਤੇ ਫਸਲ ਪੂਰੀ ਤਰ੍ਹਾਂ ਡਿੱਗ ਗਈ ਹੈ। ਕਿਸਾਨ ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਮੁਤਾਬਕ ਜੇ ਮੌਸਮ ਨੇ ਫਿਰ ਮਾਰ ਮਾਰੀ ਤਾਂ ਨੁਕਸਾਨ ਹੋਰ ਵੀ ਵਧ ਸਕਦਾ ਹੈ।

ਮੋਹਾਲੀ ‘ਚ ਮੀਂਹ ਨਾਲ ਵਧੀ ਠੰਢ

ਮੋਹਾਲੀ ਖੇਤਰ ਵਿੱਚ ਸਵੇਰ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਮੌਸਮ ਨੂੰ ਫਿਰ ਤੋਂ ਠੰਢਾ ਕਰ ਦਿੱਤਾ। ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਅਗਲੇ 48 ਘੰਟਿਆਂ ਦੌਰਾਨ ਮੀਂਹ ਦੇ ਨਾਲ ਠੰਢ ਵਧਣ ਦੇ ਆਸਾਰ ਬਣੇ ਹੋਏ ਹਨ।

ਬਨੂੜ ‘ਚ ਗੜ੍ਹੇਮਾਰੀ ਤੇ ਤੇਜ਼ ਹਵਾਵਾਂ

ਬਨੂੜ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਬੱਦਲ ਛਾਏ ਰਹੇ ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਤੇ ਗੜ੍ਹੇਮਾਰੀ ਹੋਈ। ਕਿਸਾਨਾਂ ਅਨੁਸਾਰ ਕਣਕ ਅਤੇ ਆਲੂਆਂ ਦੀ ਫਸਲ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਪਹਿਲਾਂ ਹੀ 27 ਅਤੇ 28 ਜਨਵਰੀ ਲਈ ਅਲਰਟ ਜਾਰੀ ਕਰ ਚੁੱਕਾ ਸੀ।

ਬਟਾਲਾ ‘ਚ ਤਾਪਮਾਨ ਵਿੱਚ ਆਈ ਗਿਰਾਵਟ

ਬਟਾਲਾ ਅਤੇ ਨੇੜਲੇ ਇਲਾਕਿਆਂ ਵਿੱਚ ਸਵੇਰੇ ਕਰੀਬ 9 ਵਜੇ ਮੀਂਹ ਸ਼ੁਰੂ ਹੋਇਆ, ਜਿਸ ਨਾਲ ਤਾਪਮਾਨ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਕੁਝ ਦਿਨ ਪਹਿਲਾਂ ਤਿੱਖੀ ਧੁੱਪ ਨਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਸੀ, ਪਰ ਬਰਸਾਤ ਨੇ ਇੱਕ ਵਾਰ ਫਿਰ ਸਰਦੀ ਵਾਪਸ ਲਿਆ ਦਿੱਤੀ।

ਠੰਢ ਨੇ ਫਿਰ ਫੜਿਆ ਜ਼ੋਰ

ਮੀਂਹ ਅਤੇ ਗੜ੍ਹੇਮਾਰੀ ਤੋਂ ਬਾਅਦ ਸੂਬੇ ਭਰ ਵਿੱਚ ਦਿਨ ਦੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਮੁਤਾਬਕ 27 ਜਨਵਰੀ ਨੂੰ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 28 ਜਨਵਰੀ ਦੀ ਸਵੇਰ ਤੱਕ ਵੀ ਮੌਸਮ ਖ਼ਰਾਬ ਰਹਿ ਸਕਦਾ ਹੈ।

ਅਚਾਨਕ ਬਦਲੇ ਮੌਸਮ ਨੇ ਇੱਕ ਪਾਸੇ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਕਿਸਾਨਾਂ ਲਈ ਇਹ ਮੀਂਹ ਤੇ ਗੜ੍ਹੇਮਾਰੀ ਵੱਡੀ ਚਿੰਤਾ ਬਣ ਕੇ ਸਾਹਮਣੇ ਆਈ ਹੈ। ਹੁਣ ਸਭ ਦੀ ਨਜ਼ਰ ਅਗਲੇ ਦੋ ਦਿਨਾਂ ਦੇ ਮੌਸਮ ‘ਤੇ ਟਿਕੀ ਹੋਈ ਹੈ।

ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਆਉਣਗੇ ਪੰਜਾਬ!

ਚੰਡੀਗੜ੍ਹ :- ਪੰਜਾਬ ਲਈ ਇੱਕ ਅਹਿਮ ਦੌਰੇ ਦੀ ਤਿਆਰੀ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫ਼ਰਵਰੀ ਨੂੰ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਜਲੰਧਰ ਪਹੁੰਚ ਕੇ ਸ੍ਰੀ ਗੁਰੂ ਰਵਿਦਾਸ ਜਯੰਤੀ ਦੇ ਮੌਕੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ।

ਇਹ ਦੌਰਾ ਧਾਰਮਿਕ ਦੇ ਨਾਲ ਨਾਲ ਸਮਾਜਿਕ ਅਤੇ ਰਾਜਨੀਤਿਕ ਪੱਖੋਂ ਵੀ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਡੇਰਾ ਸੱਚਖੰਡ ਬੱਲਾਂ ਦਾ ਦਲਿਤ ਸਮਾਜ ਵਿੱਚ ਵਿਸ਼ਾਲ ਪ੍ਰਭਾਵ ਹੈ।

ਪਦਮਸ਼੍ਰੀ ਐਲਾਨ ਤੋਂ ਬਾਅਦ ਦੌਰੇ ਨੂੰ ਮਿਲੀ ਹੋਰ ਅਹਿਮੀਅਤ

ਗੌਰਤਲਬ ਹੈ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਮਹਾਰਾਜ ਨੂੰ ਪਦਮਸ਼੍ਰੀ ਸਨਮਾਨ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਡੇਰੇ ‘ਚ ਨਤਮਸਤਕ ਹੋਣਾ ਸਿਆਸੀ ਹਲਕਿਆਂ ਵਿੱਚ ਖਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਭਾਜਪਾ ਨੇ ਕੀਤੀ ਦੌਰੇ ਦੀ ਪੁਸ਼ਟੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਵੱਲੋਂ ਪ੍ਰਧਾਨ ਮੰਤਰੀ ਦੇ ਇਸ ਪੰਜਾਬ ਦੌਰੇ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪ੍ਰੋਗਰਾਮ ਦੀ ਤਿਆਰੀ ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸਨ ਵੱਲੋਂ ਤੈਅ ਪ੍ਰੋਟੋਕਾਲ ਅਨੁਸਾਰ ਕੀਤੀ ਜਾ ਰਹੀ ਹੈ।

ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਅਲਰਟ

ਪ੍ਰਧਾਨ ਮੰਤਰੀ ਦੇ ਦੌਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਰੂਟ ਪਲਾਨ, ਹੈਲੀਪੈਡ ਅਤੇ ਸਮਾਗਮ ਸਥੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੀ ਰਾਜਨੀਤੀ ‘ਚ ਵਧੇਗੀ ਗਰਮੀ

ਗੁਰੂ ਰਵਿਦਾਸ ਜਯੰਤੀ ਮੌਕੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਰਾਜਨੀਤੀ ‘ਚ ਨਵੀਂ ਗਰਮੀ ਪੈਦਾ ਕਰ ਸਕਦਾ ਹੈ। ਖ਼ਾਸ ਕਰਕੇ ਦਲਿਤ ਸਮਾਜ ਨਾਲ ਜੁੜੇ ਮੁੱਦਿਆਂ ਅਤੇ ਕੇਂਦਰ–ਰਾਜ ਸੰਬੰਧਾਂ ‘ਤੇ ਇਸ ਦੌਰੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ‘ਤੇ ਸੂਬੇ ਭਰ ਦੀ ਨਜ਼ਰ ਟਿਕੀ ਹੋਈ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਇਸ ਸਬੰਧੀ ਅਧਿਕਾਰਕ ਸ਼ਡਿਊਲ ਜਾਰੀ ਹੋਣ ਦੀ ਸੰਭਾਵਨਾ ਹੈ।

ਬੱਚਿਆਂ ਦੀ ਡਿਜ਼ੀਟਲ ਦੁਨੀਆ ‘ਤੇ ਫਰਾਂਸ ਦਾ ਵੱਡਾ ਵਾਰ, 15 ਸਾਲ ਤੋਂ ਘੱਟ ਉਮਰ ਲਈ ਸੋਸ਼ਲ ਮੀਡੀਆ ਬੰਦ!

ਫਰਾਂਸ :- ਯੂਰਪ ਦੇ ਦੇਸ਼ ਫਰਾਂਸ ਨੇ ਬੱਚਿਆਂ ਦੀ ਜ਼ਿੰਦਗੀ ਵਿੱਚ ਵਧ ਰਹੀ ਡਿਜ਼ੀਟਲ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਸਖ਼ਤ ਰੁਖ ਅਪਣਾਉਂਦਿਆਂ ਇੱਕ ਵੱਡਾ ਕਾਨੂੰਨੀ ਕਦਮ ਚੁੱਕਿਆ ਹੈ। ਫਰਾਂਸ ਦੀ ਸੰਸਦ ਨੇ ਨਵਾਂ ਕਾਨੂੰਨ ਮਨਜ਼ੂਰ ਕਰ ਦਿੱਤਾ ਹੈ, ਜਿਸ ਅਨੁਸਾਰ 15 ਸਾਲ ਤੋਂ ਘੱਟ ਉਮਰ ਦੇ ਬੱਚੇ ਹੁਣ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਨਹੀਂ ਕਰ ਸਕਣਗੇ।

ਇਸ ਫੈਸਲੇ ਨਾਲ ਫਰਾਂਸ ਦੁਨੀਆ ਦੇ ਉਹਨਾਂ ਗਿਣਤੀ ਦੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਜਿੱਥੇ ਨਾਬਾਲਿਗਾਂ ਲਈ ਸੋਸ਼ਲ ਮੀਡੀਆ ਨੂੰ ਕਾਨੂੰਨੀ ਤੌਰ ‘ਤੇ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਕਦਮ ਸਿਰਫ਼ ਆਸਟ੍ਰੇਲੀਆ ਵੱਲੋਂ ਹੀ ਚੁੱਕਿਆ ਗਿਆ ਸੀ।

ਬੱਚਿਆਂ ਦੀ ਸੋਚ ‘ਤੇ ਵਿਦੇਸ਼ੀ ਕੰਟਰੋਲ ਨਹੀਂ ਚਾਹੁੰਦਾ ਫਰਾਂਸ

ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਕਿਹਾ ਕਿ ਦੇਸ਼ ਦੇ ਬੱਚਿਆਂ ਦੀ ਧਿਆਨ ਸ਼ਕਤੀ, ਭਾਵਨਾਤਮਕ ਵਿਕਾਸ ਅਤੇ ਮਨੋਵਿਗਿਆਨਿਕ ਸੁਰੱਖਿਆ ਕਿਸੇ ਵੀ ਅੰਤਰਰਾਸ਼ਟਰੀ ਟੈਕਨਾਲੋਜੀ ਕੰਪਨੀ ਦੇ ਵਪਾਰਕ ਹਿੱਤਾਂ ਦੇ ਹਵਾਲੇ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਮੁਤਾਬਕ ਡਿਜ਼ੀਟਲ ਪਲੇਟਫਾਰਮ ਅਕਸਰ ਐਲਗੋਰਿਦਮ ਰਾਹੀਂ ਨੌਜਵਾਨ ਦਿਮਾਗਾਂ ਨੂੰ ਪ੍ਰਭਾਵਿਤ ਕਰ ਰਹੇ ਹਨ, ਜੋ ਭਵਿੱਖ ਲਈ ਗੰਭੀਰ ਚਿੰਤਾ ਹੈ।

ਵਧਦੀ ਸਕ੍ਰੀਨ ਲਤ ਬਣੀ ਚਿੰਤਾ ਦਾ ਕਾਰਨ

ਸਰਕਾਰੀ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਬੱਚਿਆਂ ਵਿੱਚ ਮੋਬਾਈਲ ਨਸ਼ਾ, ਧਿਆਨ ਦੀ ਕਮੀ, ਚਿੜਚਿੜਾਪਨ, ਨੀਂਦ ਦੀ ਸਮੱਸਿਆ ਅਤੇ ਸਾਈਬਰ ਧੱਕੇਸ਼ਾਹੀ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਸਰਕਾਰ ਨੇ ਨਰਮ ਨਹੀਂ ਸਗੋਂ ਕਠੋਰ ਕਾਨੂੰਨ ਲਿਆਉਣ ਦਾ ਫੈਸਲਾ ਕੀਤਾ।

2026 ਤੋਂ ਹੋਵੇਗੀ ਸਖ਼ਤ ਲਾਗੂਅਤ

ਫਰਾਂਸੀਸੀ ਸਰਕਾਰ ਅਨੁਸਾਰ ਇਹ ਕਾਨੂੰਨ ਸਤੰਬਰ 2026 ਤੋਂ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਸੋਸ਼ਲ ਮੀਡੀਆ ਕੰਪਨੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ 31 ਦਸੰਬਰ 2026 ਤੱਕ ਉਹ ਸਾਰੇ ਅਕਾਊਂਟ ਹਟਾਏ ਜਾਣ ਜੋ ਉਮਰ ਦੀ ਸ਼ਰਤ ‘ਤੇ ਖਰੇ ਨਹੀਂ ਉਤਰਦੇ।

ਸਕੂਲਾਂ ਵਿੱਚ ਮੋਬਾਈਲ ਫੋਨ ਵੀ ਰਹਿਣਗੇ ਬਾਹਰ

ਇਸ ਦੇ ਨਾਲ ਹੀ ਹਾਈ ਸਕੂਲਾਂ ਵਿੱਚ ਮੋਬਾਈਲ ਫੋਨ ਲਿਜਾਣ ‘ਤੇ ਵੀ ਪਾਬੰਦੀ ਲਗਾਈ ਜਾਵੇਗੀ, ਤਾਂ ਜੋ ਵਿਦਿਆਰਥੀ ਕਲਾਸਰੂਮ ਵਿੱਚ ਡਿਜ਼ੀਟਲ ਵਿਘਨ ਤੋਂ ਦੂਰ ਰਹਿ ਸਕਣ ਅਤੇ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰ ਸਕਣ।

ਸਿੱਖਿਆ ਨਾਲ ਜੁੜੇ ਪਲੇਟਫਾਰਮਾਂ ਨੂੰ ਛੂਟ

ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਨੂੰਨ ਕੇਵਲ ਮਨੋਰੰਜਨ ਅਤੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਾਂ ਤੱਕ ਹੀ ਸੀਮਿਤ ਰਹੇਗਾ। ਆਨਲਾਈਨ ਪਾਠਕ੍ਰਮ, ਸਿੱਖਿਆ ਵੈਬਸਾਈਟਾਂ ਅਤੇ ਡਿਜ਼ੀਟਲ ਲਾਇਬ੍ਰੇਰੀਆਂ ਇਸ ਪਾਬੰਦੀ ਤੋਂ ਬਾਹਰ ਰਹਿਣਗੀਆਂ।

ਦੇਸ਼ ਦੇ ਭਵਿੱਖ ਨਾਲ ਜੁੜਿਆ ਕਾਨੂੰਨ

ਸਾਬਕਾ ਪ੍ਰਧਾਨ ਮੰਤਰੀ ਗੈਬਰੀਅਲ ਅਟਲ ਨੇ ਕਿਹਾ ਕਿ ਇਹ ਕਾਨੂੰਨ ਸਿਰਫ਼ ਸੋਸ਼ਲ ਮੀਡੀਆ ਖ਼ਿਲਾਫ਼ ਨਹੀਂ, ਸਗੋਂ ਬੱਚਿਆਂ ਦੇ ਦਿਮਾਗਾਂ ‘ਤੇ ਹੋ ਰਹੇ ਡਿਜ਼ੀਟਲ ਹਮਲੇ ਦੇ ਵਿਰੁੱਧ ਇੱਕ ਰਾਸ਼ਟਰੀ ਸੁਰੱਖਿਆ ਕਦਮ ਹੈ।

ਭਾਰੀ ਬਰਫ਼ਬਾਰੀ ਨੇ ਕਸ਼ਮੀਰ ਦੀ ਹਵਾਈ ਆਵਾਜਾਈ ਕੀਤੀ ਠੱਪ, ਸ੍ਰੀਨਗਰ ਏਅਰਪੋਰਟ ਤੋਂ ਕਰੀਬ 50 ਉਡਾਣਾਂ ਰੱਦ!

ਕਸ਼ਮੀਰ :- ਕਸ਼ਮੀਰ ਘਾਟੀ ਵਿੱਚ ਮੰਗਲਵਾਰ ਸਵੇਰ ਤੋਂ ਹੋ ਰਹੀ ਤਾਜ਼ਾ ਬਰਫ਼ਬਾਰੀ ਨੇ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਹਵਾਈ ਆਵਾਜਾਈ ਨੂੰ ਭਾਰੀ ਝਟਕਾ ਦਿੱਤਾ। ਮਾੜੇ ਮੌਸਮੀ ਹਾਲਾਤਾਂ ਕਾਰਨ ਦਿਨ ਭਰ ਲਈ ਲਗਭਗ 50 ਉਡਾਣਾਂ ਰੱਦ ਕਰਨੀ ਪਈਆਂ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਲੈਂਡਿੰਗ ਤੇ ਟੇਕਆਫ਼ ਦੋਵੇਂ ਪ੍ਰਭਾਵਿਤ

ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਲਗਾਤਾਰ ਬਰਫ਼ਬਾਰੀ ਅਤੇ ਘੱਟ ਦ੍ਰਿਸ਼ਟਤਾ ਕਾਰਨ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ਅਸੰਭਵ ਹੋ ਗਈ। ਇਸ ਦੌਰਾਨ 25 ਆਉਣ ਵਾਲੀਆਂ ਅਤੇ 25 ਜਾਣ ਵਾਲੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ।

ਚਾਰ ਉਡਾਣਾਂ ਉੱਤੇ ਅਣਸ਼ਚਿਤਤਾ

ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਦਿਨ ਦੇ ਬਾਅਦਲੇ ਹਿੱਸੇ ਵਿੱਚ ਚਾਰ ਹੋਰ ਉਡਾਣਾਂ ਦੇ ਸ੍ਰੀਨਗਰ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਸੀ, ਪਰ ਮੌਸਮ ਖ਼ਰਾਬ ਰਹਿਣ ਕਾਰਨ ਉਨ੍ਹਾਂ ਦੀ ਲੈਂਡਿੰਗ ਵੀ ਅਣਸ਼ਚਿਤ ਬਣੀ ਰਹੀ।

ਯਾਤਰੀਆਂ ਨੂੰ ਏਅਰਲਾਈਨਾਂ ਨਾਲ ਸੰਪਰਕ ਦੀ ਅਪੀਲ

ਏਏਆਈ ਅਧਿਕਾਰੀਆਂ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤਾਜ਼ਾ ਜਾਣਕਾਰੀ, ਰੀ-ਸ਼ੈਡਿਊਲਿੰਗ ਅਤੇ ਵਿਕਲਪਿਕ ਯਾਤਰਾ ਪ੍ਰਬੰਧਾਂ ਲਈ ਆਪਣੀ-ਆਪਣੀ ਏਅਰਲਾਈਨ ਕੰਪਨੀ ਨਾਲ ਸਿੱਧਾ ਸੰਪਰਕ ਬਣਾਈ ਰੱਖਣ।

ਸੈਲਾਨੀਆਂ ਸਮੇਤ ਸੈਂਕੜੇ ਯਾਤਰੀ ਪ੍ਰਭਾਵਿਤ

ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਕਾਰਨ ਸੈਂਕੜੇ ਯਾਤਰੀ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚ ਉਹ ਸੈਲਾਨੀ ਵੀ ਸ਼ਾਮਲ ਹਨ ਜੋ ਹਫ਼ਤੇ ਅੰਤ ਅਤੇ ਗਣਤੰਤਰ ਦਿਵਸ ਦੀ ਛੁੱਟੀ ਮਨਾ ਕੇ ਵਾਪਸ ਘਰ ਪਰਤ ਰਹੇ ਸਨ। ਕਈ ਯਾਤਰੀ ਹਵਾਈ ਅੱਡੇ ਅਤੇ ਨੇੜਲੇ ਹੋਟਲਾਂ ਵਿੱਚ ਉਡਾਣਾਂ ਦੀ ਬਹਾਲੀ ਦੀ ਉਡੀਕ ਕਰਦੇ ਨਜ਼ਰ ਆਏ।

ਮੌਸਮ ਸਾਧਰਣ ਹੋਣ ‘ਤੇ ਹੀ ਸੇਵਾਵਾਂ ਬਹਾਲ

ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਬਰਫ਼ਬਾਰੀ ਰੁਕਣ, ਦ੍ਰਿਸ਼ਟਤਾ ਸੁਧਰਣ ਅਤੇ ਰਨਵੇ ਸੁਰੱਖਿਅਤ ਘੋਸ਼ਿਤ ਹੋਣ ਤੋਂ ਬਾਅਦ ਹੀ ਹਵਾਈ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਘੰਟਿਆਂ ਤੱਕ ਬਰਫ਼ਬਾਰੀ ਜਾਰੀ ਰਹਿਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

ਈਰਾਨ ਮਾਮਲੇ ‘ਚ ਅਮਰੀਕਾ ਦਾ ਵੱਡਾ ਕਦਮ, ਜੰਗੀ ਜਹਾਜ਼ੀ ਬੇੜੇ ਮੱਧ ਪੂਰਬ ਪਹੁੰਚੇ!

ਅਮਰੀਕਾ :- ਅਮਰੀਕਾ ਅਤੇ ਈਰਾਨ ਦਰਮਿਆਨ ਵਧਦੇ ਤਣਾਅ ਦੇ ਵਿਚਕਾਰ ਮੱਧ ਪੂਰਬ ਇੱਕ ਵਾਰ ਫਿਰ ਗੰਭੀਰ ਜੰਗੀ ਹਾਲਾਤਾਂ ਵੱਲ ਵਧਦਾ ਨਜ਼ਰ ਆ ਰਿਹਾ ਹੈ। ਇੰਡੋ-ਪੈਸੀਫਿਕ ਖੇਤਰ ਤੋਂ ਦਿਸ਼ਾ ਬਦਲ ਕੇ ਅਮਰੀਕੀ ਜਲ ਸੈਨਾ ਦਾ ਸਭ ਤੋਂ ਤਾਕਤਵਰ ਜਹਾਜ਼ੀ ਬੇੜਾ USS ਅਬ੍ਰਾਹਮ ਲਿੰਕਨ ਕੈਰੀਅਰ ਸਟ੍ਰਾਈਕ ਗਰੁੱਪ ਸੋਮਵਾਰ ਨੂੰ ਅਮਰੀਕੀ ਸੈਂਟਰਲ ਕਮਾਂਡ ਦੇ ਇਲਾਕੇ ਵਿੱਚ ਦਾਖਲ ਹੋ ਗਿਆ ਹੈ। ਇਸ ਕਦਮ ਨਾਲ ਖੇਤਰ ਵਿੱਚ ਸੁਰੱਖਿਆ ਸੰਤੁਲਨ ਹਿਲਦਾ ਦਿੱਸ ਰਿਹਾ ਹੈ ਅਤੇ ਹਵਾਈ ਹਮਲਿਆਂ ਦੀ ਸੰਭਾਵਨਾ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ।

ਮਲੱਕਾ ਸਟ੍ਰੇਟ ਤੋਂ ਮੱਧ ਪੂਰਬ ਤੱਕ ਜੰਗੀ ਯਾਤਰਾ

ਨਿਮਿਟਜ਼ ਕਲਾਸ ਨਾਲ ਸਬੰਧਤ ਪ੍ਰਮਾਣੂ-ਸੰਚਾਲਿਤ ਏਅਰਕ੍ਰਾਫਟ ਕੈਰੀਅਰ USS ਅਬ੍ਰਾਹਮ ਲਿੰਕਨ (CVN-72) ਨੇ 19 ਜਨਵਰੀ ਨੂੰ ਮਲੱਕਾ ਸਟ੍ਰੇਟ ਪਾਰ ਕੀਤਾ ਸੀ। ਇਸ ਜਹਾਜ਼ ਨੂੰ ਤਿੰਨ ਅਧੁਨਿਕ ਗਾਈਡਡ ਮਿਜ਼ਾਈਲ ਡਿਸਟ੍ਰਾਇਰਾਂ USS ਫ੍ਰੈਂਕ ਈ. ਪੀਟਰਸਨ ਜੂਨੀਅਰ, USS ਸਪ੍ਰੂਆਂਸ ਅਤੇ USS ਮਾਈਕਲ ਮਰਫੀ ਦੀ ਸੁਰੱਖਿਆ ਹਾਸਲ ਹੈ। ਇਹ ਬੇੜਾ ਕੈਰੀਅਰ ਸਟ੍ਰਾਈਕ ਗਰੁੱਪ–3 ਦਾ ਮੁੱਖ ਹਿੱਸਾ ਹੈ, ਜੋ ਅਮਰੀਕਾ ਦੀ ਸਮੁੰਦਰੀ ਫੌਜੀ ਤਾਕਤ ਦਾ ਕੇਂਦਰ ਮੰਨਿਆ ਜਾਂਦਾ ਹੈ।

ਸੈਂਟਰਲ ਕਮਾਂਡ ਦਾ ਬਿਆਨ

ਅਮਰੀਕੀ ਸੈਂਟਰਲ ਕਮਾਂਡ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਰੀਅਰ ਸਟ੍ਰਾਈਕ ਗਰੁੱਪ ਨੂੰ ਖੇਤਰੀ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਲਈ ਮੱਧ ਪੂਰਬ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਅਕਤੂਬਰ ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਅਮਰੀਕੀ ਏਅਰਕ੍ਰਾਫਟ ਕੈਰੀਅਰ ਮੁੜ ਮੱਧ ਪੂਰਬੀ ਪਾਣੀਆਂ ਵਿੱਚ ਦਾਖਲ ਹੋਇਆ ਹੈ।

ਟਰੰਪ ਦੇ ਬਿਆਨ ਨਾਲ ਵਧੀ ਚਿੰਤਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਫੌਜੀ ਹਿਲਚਲ ਨੂੰ ਈਰਾਨ ‘ਤੇ ਦਬਾਅ ਬਣਾਉਣ ਦੀ ਰਣਨੀਤੀ ਨਾਲ ਜੋੜਿਆ ਹੈ। ਉਨ੍ਹਾਂ ਪਿਛਲੇ ਹਫ਼ਤੇ ਕਿਹਾ ਸੀ ਕਿ ਜਲ ਸੈਨਾ ਦੀ ਇਹ ਤਾਇਨਾਤੀ ਸਾਵਧਾਨੀ ਵਜੋਂ ਕੀਤੀ ਗਈ ਹੈ ਅਤੇ ਸ਼ਾਇਦ ਇਸਦੀ ਵਰਤੋਂ ਕਰਨ ਦੀ ਲੋੜ ਨਾ ਪਵੇ। ਹਾਲਾਂਕਿ ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਵਿਰੋਧ ਪ੍ਰਦਰਸ਼ਨਕਾਰੀਆਂ ਜਾਂ ਕੈਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਫੌਜੀ ਰਸਤਾ ਅਪਣਾ ਸਕਦਾ ਹੈ।

ਵਿਰੋਧ ਪ੍ਰਦਰਸ਼ਨ ਅਤੇ ਮਨੁੱਖੀ ਅਧਿਕਾਰਾਂ ‘ਤੇ ਵਿਵਾਦ

ਮਨੁੱਖੀ ਅਧਿਕਾਰ ਸੰਸਥਾਵਾਂ ਮੁਤਾਬਕ ਈਰਾਨ ਵਿੱਚ ਹੋਏ ਵਿਆਪਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਅਤੇ ਦਸਾਂ ਹਜ਼ਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਮਰੀਕੀ ਦਾਵਿਆਂ ਅਨੁਸਾਰ ਸੈਂਕੜੇ ਕੈਦੀਆਂ ਨੂੰ ਫਾਂਸੀ ਦੇਣ ਦੀ ਯੋਜਨਾ ਵੀ ਬਣਾਈ ਗਈ ਸੀ, ਜਿਸਨੂੰ ਬਾਅਦ ਵਿੱਚ ਰੋਕਣ ਦੀ ਗੱਲ ਕਹੀ ਗਈ। ਤਹਿਰਾਨ ਸਰਕਾਰ ਨੇ ਇਹ ਸਾਰੇ ਦਾਅਵੇ ਰੱਦ ਕਰ ਦਿੱਤੇ ਹਨ।

ਪੈਂਟਾਗਨ ਵੱਲੋਂ ਫੌਜੀ ਮੌਜੂਦਗੀ ਵਿੱਚ ਵੱਡਾ ਵਾਧਾ

ਕੈਰੀਅਰ ਗਰੁੱਪ ਦੀ ਤਾਇਨਾਤੀ ਦੇ ਨਾਲ ਹੀ ਪੈਂਟਾਗਨ ਨੇ ਲੜਾਕੂ ਜਹਾਜ਼ਾਂ, ਕਾਰਗੋ ਉਡਾਣਾਂ ਅਤੇ ਹੋਰ ਫੌਜੀ ਸਾਧਨਾਂ ਨੂੰ ਵੀ ਖੇਤਰ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਈਰਾਨ ਦੇ ਆਲੇ ਦੁਆਲੇ ਅਮਰੀਕੀ ਫੌਜੀ ਘੇਰਾ ਹੋਰ ਮਜ਼ਬੂਤ ਹੋ ਰਿਹਾ ਹੈ।

ਈਰਾਨ ਦੀ ਸਖ਼ਤ ਚੇਤਾਵਨੀ

ਈਰਾਨੀ ਅਧਿਕਾਰੀਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਕਿਸੇ ਵੀ ਕਿਸਮ ਦੀ ਅਮਰੀਕੀ ਫੌਜੀ ਕਾਰਵਾਈ ਦਾ ਜਵਾਬ ਤਿੱਖੇ ਬਦਲੇ ਨਾਲ ਦਿੱਤਾ ਜਾਵੇਗਾ। ਉਨ੍ਹਾਂ ਅਨੁਸਾਰ ਇਸ ਨਾਲ ਸਿਰਫ਼ ਦੋ ਦੇਸ਼ਾਂ ਹੀ ਨਹੀਂ, ਸਗੋਂ ਪੂਰੇ ਮੱਧ ਪੂਰਬ ਵਿੱਚ ਅਸਥਿਰਤਾ ਫੈਲ ਸਕਦੀ ਹੈ।

ਪੁਰਾਣੀ ਤਣਾਅਪੂਰਨ ਸਥਿਤੀ ਦਾ ਡਰ

ਮੌਜੂਦਾ ਹਾਲਾਤ ਪਿਛਲੇ ਸਾਲ ਦੀ ਉਸ ਸਥਿਤੀ ਦੀ ਯਾਦ ਦਵਾਉਂਦੇ ਹਨ, ਜਦੋਂ ਅਮਰੀਕਾ ਨੇ ਪ੍ਰਮਾਣੂ ਢਾਂਚਿਆਂ ‘ਤੇ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਪੈਟ੍ਰਿਅਟ ਮਿਜ਼ਾਈਲ ਪ੍ਰਣਾਲੀਆਂ ਤਾਇਨਾਤ ਕੀਤੀਆਂ ਸਨ। ਉਸ ਸਮੇਂ ਈਰਾਨ ਵੱਲੋਂ ਅਲ ਉਦੀਦ ਏਅਰ ਬੇਸ ‘ਤੇ ਮਿਜ਼ਾਈਲ ਹਮਲੇ ਕੀਤੇ ਗਏ ਸਨ, ਜਿਸ ਨਾਲ ਪੂਰਾ ਖੇਤਰ ਜੰਗ ਦੇ ਕਿਨਾਰੇ ਖੜ੍ਹਾ ਹੋ ਗਿਆ ਸੀ।

ਮੌਜੂਦਾ ਤਾਇਨਾਤੀ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਮੱਧ ਪੂਰਬ ਸ਼ਾਂਤੀ ਵੱਲ ਵਧੇਗਾ ਜਾਂ ਇੱਕ ਨਵੀਂ ਵੱਡੀ ਟਕਰਾਅ ਦੀ ਦਹਲੀਜ਼ ‘ਤੇ ਖੜ੍ਹਾ ਹੈ।

ਐਸਵਾਈਐਲ ਮਸਲੇ ‘ਤੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ, ਹਰਿਆਣਾ ਨੂੰ ਦੱਸਿਆ ਛੋਟਾ ਭਰਾ

ਚੰਡੀਗੜ੍ਹ :- ਸਤਲੁਜ–ਯਮੁਨਾ ਲਿੰਕ ਨਹਿਰ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਕਾਰ ਅੱਜ ਚੰਡੀਗੜ੍ਹ ਵਿੱਚ ਹੋਈ ਅਹਿਮ ਮੀਟਿੰਗ ਖਤਮ ਹੋ ਗਈ ਹੈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਧੀ ਤੌਰ ‘ਤੇ ਹਿੱਸਾ ਲਿਆ।

ਦੋਵੇਂ ਰਾਜਾਂ ਦੇ ਮੰਤਰੀ ਅਤੇ ਉੱਚ ਅਧਿਕਾਰੀ ਰਹੇ ਹਾਜ਼ਰ
ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਹਰਿਆਣਾ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੇ। ਇਸ ਤੋਂ ਇਲਾਵਾ ਦੋਵਾਂ ਸੂਬਿਆਂ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਬੈਠਕ ਵਿੱਚ ਸ਼ਮੂਲੀਅਤ ਕੀਤੀ।

ਕਾਨੂੰਨੀ ਅਤੇ ਪਾਣੀ ਵੰਡ ਮਸਲਿਆਂ ‘ਤੇ ਚਰਚਾ
ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਐਸਵਾਈਐਲ ਨਾਲ ਜੁੜੇ ਕਾਨੂੰਨੀ, ਤਕਨੀਕੀ ਅਤੇ ਅੰਤਰਰਾਜੀ ਪਾਣੀ ਵੰਡ ਦੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਦੋਵੇਂ ਪੱਖਾਂ ਵੱਲੋਂ ਆਪਣੇ-ਆਪਣੇ ਰਾਜਾਂ ਦੀ ਸਥਿਤੀ ਅਤੇ ਦਲੀਲਾਂ ਮੀਟਿੰਗ ਵਿੱਚ ਰੱਖੀਆਂ ਗਈਆਂ।

ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਹੋਈ ਬੈਠਕ
ਦੱਸਣਯੋਗ ਹੈ ਕਿ ਇਹ ਮੀਟਿੰਗ ਸੁਪਰੀਮ ਕੋਰਟ ਵੱਲੋਂ ਦੋਵੇਂ ਰਾਜਾਂ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਲੱਭਣ ਦੇ ਨਿਰਦੇਸ਼ਾਂ ਤੋਂ ਬਾਅਦ ਕੀਤੀ ਗਈ। ਮੀਟਿੰਗ ਸਮਾਪਤ ਹੋਣ ਮਗਰੋਂ ਦੋਵੇਂ ਮੁੱਖ ਮੰਤਰੀਆਂ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ।

ਮੀਟਿੰਗ ਸੁਖਾਵੇਂ ਮਾਹੌਲ ‘ਚ ਹੋਈ: ਮੁੱਖ ਮੰਤਰੀ
ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੀ ਬੈਠਕ ਬਹੁਤ ਹੀ ਸੁਖਾਵੇਂ ਅਤੇ ਸਕਾਰਾਤਮਕ ਮਾਹੌਲ ਵਿੱਚ ਹੋਈ। ਦੋਹਾਂ ਆਗੂਆਂ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਸਾਨੂੰ ਆਪਸੀ ਭਾਈਚਾਰੇ ਅਤੇ ਸੰਵਾਦ ਦਾ ਰਾਹ ਦਿਖਾਉਂਦੀ ਹੈ।

ਅਧਿਕਾਰੀਆਂ ਦੀਆਂ ਨਿਯਮਤ ਮੀਟਿੰਗਾਂ ‘ਤੇ ਸਹਿਮਤੀ
ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਸਭ ਤੋਂ ਪਹਿਲਾਂ ਦੋਵੇਂ ਰਾਜਾਂ ਦੇ ਅਧਿਕਾਰੀ ਨਿਯਮਤ ਤੌਰ ‘ਤੇ ਆਪਸੀ ਮੀਟਿੰਗਾਂ ਕਰਨਗੇ। ਅਧਿਕਾਰੀਆਂ ਵੱਲੋਂ ਤਿਆਰ ਕੀਤੇ ਜਾਣ ਵਾਲੇ ਖਾਕੇ ਦੇ ਆਧਾਰ ‘ਤੇ ਅਗਲੀ ਕਾਰਵਾਈ ਬਾਰੇ ਫੈਸਲਾ ਦੋਵੇਂ ਮੁੱਖ ਮੰਤਰੀ ਆਪਸੀ ਸਲਾਹ ਨਾਲ ਕਰਨਗੇ।

ਭਾਈ ਘਨੱਈਆ ਦਾ ਹਵਾਲਾ ਦਿੰਦਿਆਂ ਮਾਨ ਦਾ ਸੰਦੇਸ਼
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਭਾਈ ਘਨੱਈਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰਿਆਣਾ ਪੰਜਾਬ ਦਾ ਦੁਸ਼ਮਣ ਨਹੀਂ, ਸਗੋਂ ਛੋਟਾ ਭਰਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸੂਬਿਆਂ ਦੇ ਲੋਕਾਂ ਦੇ ਹਿੱਤ ਪਹਿਲ ਹਨ ਅਤੇ ਫੈਸਲੇ ਵੀ ਉਸੇ ਸੋਚ ਅਧੀਨ ਲਏ ਜਾਣਗੇ।

ਕਈ ਦਹਾਕਿਆਂ ਤੋਂ ਲਟਕਦਾ ਆ ਰਿਹਾ ਹੈ ਮੁੱਦਾ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਐਸਵਾਈਐਲ ਦਾ ਮਸਲਾ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਇਸੇ ਕਾਰਨ ਅੱਜ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ, ਜਲ ਮੰਤਰੀ ਅਤੇ ਉੱਚ ਅਧਿਕਾਰੀ ਇਕੱਠੇ ਬੈਠ ਕੇ ਇਸ ਸੰਵੇਦਨਸ਼ੀਲ ਮਸਲੇ ‘ਤੇ ਗੰਭੀਰ ਚਰਚਾ ਕਰਨ ਲਈ ਇਕ ਮੰਚ ‘ਤੇ ਇਕੱਠੇ ਹੋਏ ਹਨ।

ਅਗਲਾ ਫੈਸਲਾ ਅਧਿਕਾਰੀਆਂ ਦੀ ਰਿਪੋਰਟ ਤੋਂ ਬਾਅਦ
ਮੀਟਿੰਗ ਤੋਂ ਬਾਅਦ ਇਹ ਸਪਸ਼ਟ ਕੀਤਾ ਗਿਆ ਕਿ ਅਗਲੇ ਕਦਮ ਅਧਿਕਾਰੀਆਂ ਦੀਆਂ ਮੀਟਿੰਗਾਂ ਅਤੇ ਤਿਆਰ ਕੀਤੀ ਜਾਣ ਵਾਲੀ ਰਿਪੋਰਟ ਤੋਂ ਬਾਅਦ ਹੀ ਤੈਅ ਕੀਤੇ ਜਾਣਗੇ। ਫਿਲਹਾਲ ਦੋਵੇਂ ਰਾਜਾਂ ਨੇ ਟਕਰਾਅ ਦੀ ਥਾਂ ਗੱਲਬਾਤ ਦੇ ਰਾਹ ‘ਤੇ ਅੱਗੇ ਵਧਣ ਦਾ ਸੰਕੇਤ ਦਿੱਤਾ ਹੈ।