Home Blog Page 664

ਚਾਂਦੀ ਦੀਆਂ ਕੀਮਤਾਂ ‘ਚ ਭੂਚਾਲ, ਇਕ ਹੀ ਦਿਨ ‘ਚ 65 ਹਜ਼ਾਰ ਰੁਪਏ ਡਿੱਗੀ

ਨਵੀਂ ਦਿੱਲੀ :- ਕਮੋਡਿਟੀ ਬਾਜ਼ਾਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਚਾਂਦੀ ਦੀਆਂ ਕੀਮਤਾਂ ਨੇ ਕੁਝ ਹੀ ਮਿੰਟਾਂ ਵਿੱਚ ਇਤਿਹਾਸਕ ਉਤਾਰ–ਚੜ੍ਹਾਅ ਦਰਜ ਕੀਤਾ। ਦਿਨ ਦੌਰਾਨ ਰਿਕਾਰਡ ਉੱਚਾਈ ਛੂਹ ਰਹੀ ਚਾਂਦੀ ਅਚਾਨਕ ਅਸਮਾਨ ਤੋਂ ਜ਼ਮੀਨ ‘ਤੇ ਆ ਡਿੱਗੀ। MCX ‘ਤੇ ਚਾਂਦੀ ਦੀ ਕੀਮਤਾਂ ‘ਚ ਇਕੋ ਦਿਨ ਵਿੱਚ ਲਗਭਗ 65 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ।

ਰਿਕਾਰਡ ਬਣਾਉਂਦੀ ਚਾਂਦੀ ਨੇ ਅਚਾਨਕ ਤੋੜਿਆ ਦਮ
ਕਾਰੋਬਾਰ ਸ਼ੁਰੂ ਹੋਣ ਦੇ ਨਾਲ ਹੀ ਚਾਂਦੀ ਵਿੱਚ ਜ਼ਬਰਦਸਤ ਤੇਜ਼ੀ ਵੇਖਣ ਨੂੰ ਮਿਲੀ। ਮੰਗ ਇੰਨੀ ਜ਼ਿਆਦਾ ਸੀ ਕਿ ਕੀਮਤਾਂ ₹4.20 ਲੱਖ ਪ੍ਰਤੀ ਕਿਲੋਗ੍ਰਾਮ ਦੇ ਇਤਿਹਾਸਕ ਪੱਧਰ ਤੱਕ ਪਹੁੰਚ ਗਈਆਂ। ਨਿਵੇਸ਼ਕਾਂ ਨੂੰ ਲੱਗਣ ਲੱਗਾ ਸੀ ਕਿ ਚਾਂਦੀ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੀ ਹੈ।

ਇੱਕ ਘੰਟੇ ‘ਚ 4 ਲੱਖ ਤੋਂ 3.55 ਲੱਖ ‘ਤੇ ਆ ਗਈ ਚਾਂਦੀ
ਪਰ ਸ਼ਾਮ ਕਰੀਬ 8:30 ਵਜੇ ਬਾਜ਼ਾਰ ਦੀ ਤਸਵੀਰ ਅਚਾਨਕ ਬਦਲ ਗਈ। ਮੁਨਾਫਾ ਬੁਕਿੰਗ ਸ਼ੁਰੂ ਹੋਣ ਨਾਲ ਚਾਂਦੀ ਦੀਆਂ ਕੀਮਤਾਂ ਤੇਜ਼ੀ ਨਾਲ ਲੁੜਕਣ ਲੱਗ ਪਈਆਂ। ਸਿਰਫ਼ ਇੱਕ ਘੰਟੇ ਦੇ ਅੰਦਰ ਕੀਮਤ ₹4.20 ਲੱਖ ਤੋਂ ਘਟ ਕੇ ₹3.55 ਲੱਖ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਕੁਝ ਪਲਾਂ ਲਈ ਬਾਜ਼ਾਰ ‘ਚ ਹੜਕੰਪ ਵਰਗੀ ਸਥਿਤੀ ਬਣ ਗਈ।

ਬਾਅਦ ‘ਚ ਸੰਭਲੀ ਮਾਰਕੀਟ, ਪਰ ਹਲਚਲ ਜਾਰੀ
ਤੇਜ਼ ਗਿਰਾਵਟ ਤੋਂ ਬਾਅਦ ਚਾਂਦੀ ਵਿੱਚ ਕੁਝ ਰਿਕਵਰੀ ਵੀ ਵੇਖੀ ਗਈ। ਖ਼ਬਰ ਲਿਖੇ ਜਾਣ ਤੱਕ MCX ‘ਤੇ ਚਾਂਦੀ ਲਗਭਗ ₹3.96 ਲੱਖ ਪ੍ਰਤੀ ਕਿਲੋਗ੍ਰਾਮ ਦੇ ਆਸ–ਪਾਸ ਵਪਾਰ ਕਰ ਰਹੀ ਸੀ, ਪਰ ਨਿਵੇਸ਼ਕਾਂ ਦਾ ਭਰੋਸਾ ਹਾਲੇ ਵੀ ਡੋਲਦਾ ਨਜ਼ਰ ਆ ਰਿਹਾ ਹੈ।

ਅਚਾਨਕ ਗਿਰਾਵਟ ਪਿੱਛੇ ਕੀ ਹਨ ਕਾਰਨ
ਬਾਜ਼ਾਰ ਵਿਸ਼ੇਸ਼ਗਿਆਨ ਅਨੁਸਾਰ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਇਹ ਤਿੱਖੀ ਕਮੀ ਮੁੱਖ ਤੌਰ ‘ਤੇ ਉੱਚ ਪੱਧਰਾਂ ‘ਤੇ ਭਾਰੀ ਵਿਕਰੀ ਕਾਰਨ ਹੋਈ। ਇਸ ਤੋਂ ਇਲਾਵਾ ਵਿਦੇਸ਼ੀ ਬਾਜ਼ਾਰਾਂ ਵਿੱਚ ਕੀਮਤੀ ਧਾਤਾਂ ਦੀ ਕੀਮਤਾਂ ‘ਚ ਆ ਰਹੀ ਅਸਥਿਰਤਾ ਨੇ ਭਾਰਤੀ ਕਮੋਡਿਟੀ ਮਾਰਕੀਟ ‘ਤੇ ਵੀ ਡੂੰਘਾ ਅਸਰ ਪਾਇਆ।

ਕੀ ਆਮ ਲੋਕਾਂ ਲਈ ਖਰੀਦ ਦਾ ਮੌਕਾ ਹੈ?
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਗਿਰਾਵਟ ਲੰਬੇ ਸਮੇਂ ਲਈ ਨਿਵੇਸ਼ ਕਰਨ ਵਾਲਿਆਂ ਲਈ ਮੌਕਾ ਸਾਬਤ ਹੋ ਸਕਦੀ ਹੈ। ਹਾਲਾਂਕਿ ਛੋਟੇ ਸਮੇਂ ਦੇ ਵਪਾਰੀਆਂ ਲਈ ਚਾਂਦੀ ਇਸ ਸਮੇਂ ਕਾਫ਼ੀ ਜੋਖ਼ਿਮ ਭਰੀ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ‘ਚ ਵੱਡਾ ਉਤਾਰ–ਚੜ੍ਹਾਅ ਬਣੇ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਨਿਵੇਸ਼ਕਾਂ ਨੂੰ ਸਾਵਧਾਨੀ ਦੀ ਸਲਾਹ
ਬਾਜ਼ਾਰ ਮਾਹਿਰਾਂ ਨੇ ਆਮ ਲੋਕਾਂ ਨੂੰ ਬਿਨਾਂ ਪੂਰੀ ਜਾਣਕਾਰੀ ਅਤੇ ਰਣਨੀਤੀ ਦੇ ਵੱਡੀ ਰਕਮ ਨਿਵੇਸ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਨੁਸਾਰ ਮੌਜੂਦਾ ਹਾਲਾਤਾਂ ‘ਚ ਚਾਂਦੀ ਦੀ ਚਮਕ ਜਿੰਨੀ ਤੇਜ਼ ਹੈ, ਉਸਦਾ ਜੋਖ਼ਮ ਵੀ ਉਨਾ ਹੀ ਵੱਡਾ ਹੈ।

ਕੈਨੇਡਾ ਨਾਲ ਵਪਾਰਕ ਟਕਰਾਅ ਤੇਜ਼, ਟਰੰਪ ਵੱਲੋਂ ਜਹਾਜ਼ਾਂ ‘ਤੇ ਭਾਰੀ ਟੈਰਿਫ ਦੀ ਧਮਕੀ

ਅਮਰੀਕਾ :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਵਪਾਰਕ ਮਾਮਲੇ ‘ਚ ਸਖ਼ਤ ਬਿਆਨਬਾਜ਼ੀ ਕੀਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਕੈਨੇਡਾ ਨੇ ਅਮਰੀਕੀ ਜਹਾਜ਼ਾਂ ਨਾਲ ਜੁੜੇ ਵਿਵਾਦ ਨੂੰ ਤੁਰੰਤ ਹੱਲ ਨਾ ਕੀਤਾ, ਤਾਂ ਉਸ ਨੂੰ ਭਾਰੀ ਆਰਥਿਕ ਨੁਕਸਾਨ ਭੁਗਤਣਾ ਪਵੇਗਾ। ਉਨ੍ਹਾਂ ਕੈਨੇਡਾ ਵੱਲੋਂ ਅਮਰੀਕੀ ਜਹਾਜ਼ਾਂ ਦੀ ਮਾਰਕੀਟ ਰੋਕਣ ਦੇ ਦੋਸ਼ ਵੀ ਲਗਾਏ ਹਨ।

ਅਮਰੀਕੀ ਜੈੱਟਾਂ ਨੂੰ ਸਰਟੀਫਿਕੇਟ ਨਾ ਦੇਣ ਦਾ ਇਲਜ਼ਾਮ
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ ਕਿ ਕੈਨੇਡਾ ਨੇ ਅਮਰੀਕੀ ਕੰਪਨੀ ਦੇ Gulfstream 500, 600, 700 ਅਤੇ 800 ਮਾਡਲ ਜੈੱਟਾਂ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਇਸ ਕਦਮ ਨੂੰ “ਗੈਰ-ਕਾਨੂੰਨੀ ਅਤੇ ਗਲਤ ਨੀਅਤ ਵਾਲਾ” ਕਰਾਰ ਦਿੱਤਾ ਅਤੇ ਕਿਹਾ ਕਿ ਇਹ ਜਹਾਜ਼ ਦੁਨੀਆ ਦੇ ਸਭ ਤੋਂ ਅਧੁਨਿਕ ਕਾਰੋਬਾਰੀ ਜੈੱਟ ਹਨ।

ਅਮਰੀਕਾ ਵੱਲੋਂ ਜਵਾਬੀ ਕਾਰਵਾਈ ਦਾ ਐਲਾਨ
ਟਰੰਪ ਨੇ ਐਲਾਨ ਕੀਤਾ ਕਿ ਜੇਕਰ ਕੈਨੇਡਾ ਨੇ ਆਪਣਾ ਰੁਖ਼ ਨਹੀਂ ਬਦਲਿਆ, ਤਾਂ ਅਮਰੀਕਾ ਵੀ ਕੈਨੇਡਾ ਦੇ Bombardier Global Express ਸਮੇਤ ਹੋਰ ਸਾਰੇ ਕੈਨੇਡੀਅਨ ਜਹਾਜ਼ਾਂ ਦੀ ਮਾਨਤਾ ਰੱਦ ਕਰ ਸਕਦਾ ਹੈ। ਇਸ ਨਾਲ ਅਮਰੀਕੀ ਹਵਾਈ ਮਾਰਕੀਟ ‘ਚ ਕੈਨੇਡੀਅਨ ਜਹਾਜ਼ਾਂ ਦੀ ਵਿਕਰੀ ‘ਤੇ ਸਿੱਧਾ ਅਸਰ ਪਵੇਗਾ।

50 ਫੀਸਦੀ ਤੱਕ ਟੈਰਿਫ ਲਗਾਉਣ ਦੀ ਧਮਕੀ
ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਕਿ ਜੇਕਰ ਕੈਨੇਡਾ ਨੇ ਰੈਗੂਲੇਟਰੀ ਪ੍ਰਕਿਰਿਆ ਦੇ ਨਾਂ ‘ਤੇ ਅਮਰੀਕੀ ਉਤਪਾਦਾਂ ਦੀ ਵਿਕਰੀ ‘ਚ ਰੁਕਾਵਟਾਂ ਜਾਰੀ ਰੱਖੀਆਂ, ਤਾਂ ਅਮਰੀਕਾ ਵਿੱਚ ਵੇਚੇ ਜਾਣ ਵਾਲੇ ਹਰ ਕੈਨੇਡੀਅਨ ਜਹਾਜ਼ ‘ਤੇ 50 ਫੀਸਦੀ ਤੱਕ ਟੈਰਿਫ ਲਗਾਇਆ ਜਾਵੇਗਾ।

ਡੈਮੋਕ੍ਰੇਟਿਕ ਪਾਰਟੀ ਵੱਲੋਂ ਤਿੱਖੀ ਆਲੋਚਨਾ
ਟਰੰਪ ਦੇ ਇਸ ਰੁਖ਼ ਨੂੰ ਲੈ ਕੇ ਅਮਰੀਕਾ ਅੰਦਰ ਵੀ ਸਿਆਸੀ ਤਣਾਅ ਨਜ਼ਰ ਆ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਦੀ ਸੀਨੀਅਰ ਸੈਨੇਟਰ ਕਿਰਸਟਨ ਗਿਲੀਬ੍ਰੈਂਡ ਨੇ ਇਸ ਫੈਸਲੇ ਨੂੰ “ਲਾਪਰਵਾਹ ਅਤੇ ਖ਼ਤਰਨਾਕ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਟਰੰਪ ਆਪਣੇ ਸਾਥੀ ਦੇਸ਼ਾਂ ਖ਼ਿਲਾਫ਼ ਲਗਾਤਾਰ ਟੈਰਿਫ ਦੀ ਧਮਕੀ ਦੇ ਰਹੇ ਹਨ, ਜਿਸ ਦਾ ਸਿੱਧਾ ਨੁਕਸਾਨ ਆਮ ਲੋਕਾਂ ਅਤੇ ਛੋਟੇ ਵਪਾਰੀਆਂ ਨੂੰ ਹੋ ਰਿਹਾ ਹੈ।

ਅਮਰੀਕਾ–ਕੈਨੇਡਾ ਵਪਾਰਕ ਰਿਸ਼ਤਿਆਂ ‘ਤੇ ਖਤਰਾ
ਕੈਨੇਡਾ ਅਮਰੀਕਾ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ‘ਚੋਂ ਇੱਕ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਹਾਜ਼ਾਂ ਦੀ ਸਰਟੀਫਿਕੇਸ਼ਨ ਤੋਂ ਸ਼ੁਰੂ ਹੋਇਆ ਇਹ ਵਿਵਾਦ ਦੋਵੇਂ ਦੇਸ਼ਾਂ ਦੇ ਵਪਾਰਕ ਅਤੇ ਕੂਟਨੀਤਿਕ ਸਬੰਧਾਂ ਵਿੱਚ ਗੰਭੀਰ ਦਰਾੜ ਪਾ ਸਕਦਾ ਹੈ।

ਟੈਰਿਫ ਵਧੇ ਤਾਂ ਮਹਿੰਗਾਈ ਹੋ ਸਕਦੀ ਹੈ ਭਾਰੀ
ਆਰਥਿਕ ਵਿਸ਼ੇਸ਼ਗਿਆਨ ਅਨੁਸਾਰ ਜੇਕਰ ਕੈਨੇਡੀਅਨ ਉਤਪਾਦਾਂ ‘ਤੇ 100 ਫੀਸਦੀ ਤੱਕ ਟੈਰਿਫ ਲਗਾਇਆ ਗਿਆ, ਤਾਂ ਨਿਊਯਾਰਕ ਸਮੇਤ ਕਈ ਅਮਰੀਕੀ ਰਾਜਾਂ ‘ਚ ਖੁਰਾਕੀ ਸਮਾਨ, ਬਿਜਲੀ ਅਤੇ ਕਾਰ ਪਾਰਟਸ ਵਰਗੀਆਂ ਜ਼ਰੂਰੀ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਸਾਲ ਦੇ ਟੈਰਿਫਾਂ ਕਾਰਨ ਹੀ ਨਿਊਯਾਰਕ ਦੇ ਪਰਿਵਾਰਾਂ ‘ਤੇ ਲਗਭਗ 4,200 ਡਾਲਰ ਦਾ ਵਾਧੂ ਬੋਝ ਪਿਆ ਸੀ।

ਵਪਾਰਕ ਜੰਗ ਵਧਣ ਦੇ ਆਸਾਰ
ਫਿਲਹਾਲ ਦੋਵਾਂ ਦੇਸ਼ਾਂ ਵੱਲੋਂ ਸਰਕਾਰੀ ਪੱਧਰ ‘ਤੇ ਗੱਲਬਾਤ ਦੀ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਟਰੰਪ ਦੇ ਤਿੱਖੇ ਬਿਆਨਾਂ ਤੋਂ ਇਹ ਸਾਫ਼ ਹੈ ਕਿ ਅਮਰੀਕਾ–ਕੈਨੇਡਾ ਵਿਚਕਾਰ ਵਪਾਰਕ ਤਣਾਅ ਆਉਣ ਵਾਲੇ ਦਿਨਾਂ ‘ਚ ਹੋਰ ਗਹਿਰਾ ਹੋ ਸਕਦਾ ਹੈ।

ਪੀ.ਟੀ. ਉਸ਼ਾ ਨੂੰ ਵੱਡਾ ਸਦਮਾ, ਪਤੀ ਵੀ. ਸ਼੍ਰੀਨਿਵਾਸਨ ਦਾ ਅਕਾਲ ਦੇਹਾਂਤ

ਨਵੀਂ ਦਿੱਲੀ :- ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀ.ਟੀ. ਉਸ਼ਾ ਲਈ ਸ਼ੁੱਕਰਵਾਰ ਦਾ ਦਿਨ ਗਹਿਰੇ ਦੁੱਖ ਦੀ ਖ਼ਬਰ ਲੈ ਕੇ ਆਇਆ। ਉਨ੍ਹਾਂ ਦੇ ਪਤੀ ਵੀ. ਸ਼੍ਰੀਨਿਵਾਸਨ ਦਾ ਅੱਜ ਤੜਕੇ ਅਕਾਲ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਪਰਿਵਾਰਕ ਸੂਤਰਾਂ ਮੁਤਾਬਕ ਸਵੇਰੇ ਆਪਣੇ ਘਰ ‘ਤੇ ਹੀ ਅਚਾਨਕ ਉਹ ਬੇਹੋਸ਼ ਹੋ ਗਏ ਸਨ।

ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਨਾ ਬਚ ਸਕੀ ਜਾਨ
ਪਰਿਵਾਰ ਵੱਲੋਂ ਤੁਰੰਤ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕਾਫ਼ੀ ਕੋਸ਼ਿਸ਼ਾਂ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਦੇਹਾਂਤ ਦੀ ਪੁਸ਼ਟੀ ਹੋਣ ਤੋਂ ਬਾਅਦ ਪਰਿਵਾਰ ‘ਚ ਸੋਗ ਦਾ ਮਾਹੌਲ ਬਣ ਗਿਆ।

ਕੇਂਦਰੀ ਸਰਕਾਰੀ ਸੇਵਾ ਨਾਲ ਜੁੜਿਆ ਰਿਹਾ ਜੀਵਨ
ਵੀ. ਸ਼੍ਰੀਨਿਵਾਸਨ ਇੱਕ ਸਾਬਕਾ ਕੇਂਦਰੀ ਸਰਕਾਰੀ ਕਰਮਚਾਰੀ ਰਹੇ ਹਨ। ਉਹ ਸਾਦਗੀਪੂਰਨ ਜੀਵਨ ਜੀਊਣ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਸਨ ਅਤੇ ਪਰਿਵਾਰਕ ਜੀਵਨ ਤੋਂ ਦੂਰ ਕਦੇ ਵੀ ਚਰਚਾ ‘ਚ ਨਹੀਂ ਰਹੇ।

ਪੀ.ਟੀ. ਉਸ਼ਾ ਦੇ ਹਰ ਸਫ਼ਰ ‘ਚ ਬਣੇ ਮਜ਼ਬੂਤ ਸਹਾਰਾ
ਖੇਡਾਂ ਤੋਂ ਲੈ ਕੇ ਰਾਜਨੀਤੀ ਤੱਕ ਪੀ.ਟੀ. ਉਸ਼ਾ ਦੇ ਲੰਮੇ ਸਫ਼ਰ ਦੌਰਾਨ ਵੀ. ਸ਼੍ਰੀਨਿਵਾਸਨ ਹਮੇਸ਼ਾ ਉਨ੍ਹਾਂ ਦੇ ਨਾਲ ਡੱਟ ਕੇ ਖੜ੍ਹੇ ਰਹੇ। ਉਸ਼ਾ ਦੀਆਂ ਕਈ ਵੱਡੀਆਂ ਉਪਲਬਧੀਆਂ ਪਿੱਛੇ ਉਨ੍ਹਾਂ ਦਾ ਮਾਨਸਿਕ ਸਮਰਥਨ ਅਤੇ ਹੌਸਲਾ ਇੱਕ ਅਹਿਮ ਭੂਮਿਕਾ ਵਜੋਂ ਵੇਖਿਆ ਜਾਂਦਾ ਰਿਹਾ।

ਇੱਕ ਪੁੱਤਰ ਉੱਜਵਲ ਛੱਡ ਗਏ ਪਿੱਛੇ
ਵੀ. ਸ਼੍ਰੀਨਿਵਾਸਨ ਆਪਣੇ ਪਿੱਛੇ ਪਤਨੀ ਪੀ.ਟੀ. ਉਸ਼ਾ ਅਤੇ ਪੁੱਤਰ ਉੱਜਵਲ ਨੂੰ ਛੱਡ ਗਏ ਹਨ। ਪਰਿਵਾਰ ਲਈ ਇਹ ਘਾਟ ਕਦੇ ਨਾ ਪੂਰੀ ਹੋਣ ਵਾਲੀ ਮੰਨੀ ਜਾ ਰਹੀ ਹੈ।

ਖੇਡ ਜਗਤ ਅਤੇ ਸਿਆਸੀ ਵਰਗ ‘ਚ ਸੋਗ ਦੀ ਲਹਿਰ
ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਖੇਡ ਜਗਤ, ਸਿਆਸੀ ਗਲਿਆਰਿਆਂ ਅਤੇ ਉਸ਼ਾ ਦੇ ਪ੍ਰਸ਼ੰਸਕਾਂ ਵਿੱਚ ਗਹਿਰਾ ਦੁੱਖ ਛਾ ਗਿਆ। ਕਈ ਪ੍ਰਸਿੱਧ ਖਿਡਾਰੀਆਂ, ਖੇਡ ਸੰਸਥਾਵਾਂ ਅਤੇ ਰਾਜਨੀਤਿਕ ਆਗੂਆਂ ਵੱਲੋਂ ਸ਼ੋਕ ਸੰਦੇਸ਼ ਜਾਰੀ ਕਰਕੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਜਾ ਰਹੀ ਹੈ।

ਪੰਜਾਬ–ਚੰਡੀਗੜ੍ਹ ‘ਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ ਜਾਰੀ, ਮੀਂਹ ਦੀ ਸੰਭਾਵਨਾ

ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਵੀ ਸਖ਼ਤ ਠੰਢ ਅਤੇ ਸੰਘਣੀ ਧੁੰਦ ਦਾ ਦੌਰ ਜਾਰੀ ਹੈ। ਸਵੇਰ ਦੇ ਸਮੇਂ ਦ੍ਰਿਸ਼ਟਤਾ ਕਈ ਥਾਵਾਂ ‘ਤੇ ਬਹੁਤ ਘੱਟ ਰਹੀ, ਜਿਸ ਕਾਰਨ ਸੜਕ ਅਤੇ ਰੇਲ ਆਵਾਜਾਈ ‘ਤੇ ਵੀ ਅਸਰ ਪਿਆ। ਮੌਸਮ ਵਿਭਾਗ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੂਬੇ ਲਈ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ।

ਫਰੀਦਕੋਟ ਸਭ ਤੋਂ ਠੰਢਾ, ਤਾਪਮਾਨ 3 ਡਿਗਰੀ ‘ਤੇ ਆ ਟਿਕਿਆ
ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ ਦਰਜ ਕੀਤਾ ਗਿਆ, ਜਿੱਥੇ ਪਾਰਾ 3 ਡਿਗਰੀ ਸੈਲਸੀਅਸ ਤੱਕ ਲੁੜਕ ਗਿਆ। ਹਾਲਾਂਕਿ ਦਿਨ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 1.4 ਡਿਗਰੀ ਦਾ ਹਲਕਾ ਵਾਧਾ ਹੋਣ ਨਾਲ ਦੁਪਹਿਰ ਸਮੇਂ ਕੁਝ ਹੱਦ ਤੱਕ ਰਾਹਤ ਮਹਿਸੂਸ ਕੀਤੀ ਗਈ।

ਇਨ੍ਹਾਂ ਜ਼ਿਲ੍ਹਿਆਂ ‘ਚ ਬਣੀ ਰਹੇਗੀ ਸੀਤ ਲਹਿਰ
ਮੌਸਮ ਮਾਹਿਰਾਂ ਅਨੁਸਾਰ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ ਸਮੇਤ ਕਈ ਹੋਰ ਇਲਾਕਿਆਂ ਵਿੱਚ ਅਗਲੇ ਕੁਝ ਸਮੇਂ ਤੱਕ ਸੀਤ ਲਹਿਰ ਦਾ ਅਸਰ ਕਾਇਮ ਰਹੇਗਾ। ਸਵੇਰ ਅਤੇ ਰਾਤ ਦੇ ਵੇਲੇ ਸੰਘਣੀ ਧੁੰਦ ਬਣਨ ਦੀ ਸੰਭਾਵਨਾ ਜ਼ਿਆਦਾ ਰਹੇਗੀ, ਜਿਸ ਨਾਲ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।

ਅੱਜ ਮੌਸਮ ਸੁੱਕਾ, ਪਰ ਹਵਾਵਾਂ ਰਹਿਣਗੀਆਂ ਠੰਢੀਆਂ
ਫਿਲਹਾਲ ਅੱਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਪਰ ਉੱਤਰ ਵੱਲੋਂ ਚੱਲ ਰਹੀਆਂ ਠੰਢੀਆਂ ਹਵਾਵਾਂ ਕਾਰਨ ਤਾਪਮਾਨ ਵਿੱਚ ਵੱਡੀ ਗਿਰਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

31 ਜਨਵਰੀ ਤੋਂ ਬਦਲੇਗਾ ਮੌਸਮੀ ਮਿਜ਼ਾਜ
ਪਹਾੜੀ ਖੇਤਰਾਂ ‘ਚ ਸਰਗਰਮ ਹੋ ਰਹੀ ਪੱਛਮੀ ਗੜਬੜੀ ਦੇ ਅਸਰ ਹੇਠ 31 ਜਨਵਰੀ ਤੋਂ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਰੁਖ ਬਦਲ ਸਕਦਾ ਹੈ। ਇਸ ਦੌਰਾਨ ਆਕਾਸ਼ ਵਿੱਚ ਬੱਦਲ ਛਾਉਣ ਅਤੇ ਹਵਾਵਾਂ ਤੇਜ਼ ਹੋਣ ਦੇ ਆਸਾਰ ਹਨ।

ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ 31 ਜਨਵਰੀ ਅਤੇ 1 ਫਰਵਰੀ ਨੂੰ ਪਠਾਨਕੋਟ, ਗੁਰਦਾਸਪੁਰ, ਮੋਹਾਲੀ ਅਤੇ ਜਲੰਧਰ ਵਰਗੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੁਝ ਥਾਵਾਂ ‘ਤੇ ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ।

ਰਾਤ ਦੀ ਠੰਢ ‘ਚ ਆ ਸਕਦੀ ਹੈ ਕਮੀ
ਅਗਲੇ ਦੋ ਦਿਨਾਂ ਤੱਕ ਘੱਟੋ-ਘੱਟ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਵੇਗਾ, ਪਰ ਉਸ ਤੋਂ ਬਾਅਦ ਤਿੰਨ ਤੋਂ ਚਾਰ ਡਿਗਰੀ ਤੱਕ ਵਾਧਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਨਾਲ ਰਾਤ ਸਮੇਂ ਪੈਂਦੀ ਕੜਾਕੇ ਦੀ ਠੰਢ ਤੋਂ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ‘ਤੇ ਈ.ਡੀ ਦੀ ਲੰਮੀ ਛਾਪੇਮਾਰੀ, 48 ਘੰਟਿਆਂ ਬਾਅਦ ਵੀ ਜਾਂਚ ਜਾਰੀ

ਚੰਡੀਗੜ੍ਹ :- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹੁਸ਼ਿਆਰਪੁਰ ਸਥਿਤ ਰਿਹਾਇਸ਼ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਲਗਾਤਾਰ ਦੂਜੇ ਦਿਨ ਵੀ ਜਾਰੀ ਰਹੀ। ਇਸ ਕਾਰਵਾਈ ਨੂੰ ਹੁਣ ਤੱਕ 48 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਜਾਂਚ ਟੀਮਾਂ ਅਜੇ ਵੀ ਰਿਹਾਇਸ਼ ਦੇ ਅੰਦਰ ਦਸਤਾਵੇਜ਼ਾਂ ਦੀ ਤਲਾਸ਼ ਵਿੱਚ ਜੁਟੀਆਂ ਹੋਈਆਂ ਹਨ।

ਬੁੱਧਵਾਰ ਸਵੇਰੇ ਹੋਈ ਸੀ ਅਚਾਨਕ ਐਂਟਰੀ
ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ ਕਰੀਬ 7 ਵਜੇ ਕੇਂਦਰੀ ਜਾਂਚ ਏਜੰਸੀਆਂ ਦੀਆਂ ਟੀਮਾਂ ਅਚਾਨਕ ਅਰੋੜਾ ਦੀ ਕੋਠੀ ‘ਤੇ ਪਹੁੰਚੀਆਂ ਸਨ। ਇਸ ਤੋਂ ਬਾਅਦ ਘਰ ਦੇ ਮੁੱਖ ਗੇਟ ਅੰਦਰੋਂ ਬੰਦ ਕਰ ਦਿੱਤੇ ਗਏ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕਾਰਵਾਈ ਦੌਰਾਨ ਘਰ ਅੰਦਰ ਆਉਣ–ਜਾਣ ਪੂਰੀ ਤਰ੍ਹਾਂ ਰੋਕੀ ਰਹੀ।

ਦਸਤਾਵੇਜ਼ਾਂ ਤੇ ਵਿੱਤੀ ਰਿਕਾਰਡ ਖੰਗਾਲ ਰਹੀ ਟੀਮ
ਸੂਤਰਾਂ ਅਨੁਸਾਰ ਜਾਂਚ ਅਧਿਕਾਰੀ ਘਰ ਅੰਦਰ ਮੌਜੂਦ ਵਿੱਤੀ ਕਾਗਜ਼ਾਤ, ਬੈਂਕ ਰਿਕਾਰਡ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਹਾਲਾਂਕਿ ਇਸ ਛਾਪੇਮਾਰੀ ਦੇ ਕਾਰਨਾਂ ਬਾਰੇ ਨਾ ਤਾਂ ਈ.ਡੀ. ਅਤੇ ਨਾ ਹੀ ਇਨਕਮ ਟੈਕਸ ਵਿਭਾਗ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ।

ਪਹਿਲਾਂ ਹੀ ਕਰਪਸ਼ਨ ਮਾਮਲਿਆਂ ‘ਚ ਘਿਰੇ ਹੋਏ ਹਨ ਅਰੋੜਾ
ਜ਼ਿਕਰਯੋਗ ਹੈ ਕਿ ਸੁੰਦਰ ਸ਼ਾਮ ਅਰੋੜਾ ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਚਰਚਾ ‘ਚ ਰਹੇ ਹਨ। ਉਨ੍ਹਾਂ ‘ਤੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਦੌਰਾਨ ਕਥਿਤ ਗੜਬੜੀਆਂ ਕਰਨ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲੱਗ ਚੁੱਕੇ ਹਨ।

ਵਿਜੀਲੈਂਸ ਤੋਂ ਬਾਅਦ ਹੁਣ ਕੇਂਦਰੀ ਏਜੰਸੀਆਂ ਸਰਗਰਮ
ਇਸ ਤੋਂ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਵੀ ਅਰੋੜਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਹੁਣ ਮਾਮਲੇ ਵਿੱਚ ਈ.ਡੀ. ਅਤੇ ਇਨਕਮ ਟੈਕਸ ਵਿਭਾਗ ਦੀ ਸ਼ਮੂਲੀਅਤ ਨਾਲ ਜਾਂਚ ਹੋਰ ਗੰਭੀਰ ਰੂਪ ਧਾਰਨ ਕਰ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਮਨੀ ਲਾਂਡਰਿੰਗ ਨਾਲ ਜੁੜੇ ਪੱਖਾਂ ਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ।

ਖ਼ਾਮੋਸ਼ੀ ਬਣੀ ਹੋਈ, ਨਤੀਜਿਆਂ ‘ਤੇ ਸਭ ਦੀ ਨਜ਼ਰ
ਭਾਵੇਂ ਜਾਂਚ ਕਾਫ਼ੀ ਲੰਬੀ ਖਿੱਚ ਗਈ ਹੈ, ਪਰ ਏਜੰਸੀਆਂ ਵੱਲੋਂ ਅਜੇ ਤੱਕ ਕੋਈ ਅੰਤਿਮ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਸਿਆਸੀ ਹਲਕਿਆਂ ਤੋਂ ਲੈ ਕੇ ਪ੍ਰਸ਼ਾਸਨਿਕ ਵਰਗ ਤੱਕ ਹਰ ਕਿਸੇ ਦੀ ਨਜ਼ਰ ਇਸ ਛਾਪੇਮਾਰੀ ਦੇ ਨਤੀਜਿਆਂ ‘ਤੇ ਟਿਕੀ ਹੋਈ ਹੈ।

ਸੰਤਾਂ ਤੇ ਧਾਰਮਿਕ ਸੰਪਰਦਾਵਾਂ ਦੀ ਅਗਵਾਈ ‘ਚ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਮਨਾਏਗੀ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ: ਪੰਜਾਬ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ‘ਤੇ ਮਨਾਏਗੀ। ਸਾਲ ਭਰ ਚੱਲਣ ਵਾਲੇ ਇਹ ਸਮਾਗਮ ਸੰਤਾਂ, ਮਹਾਂਪੁਰਸ਼ਾਂ ਤੇ ਧਾਰਮਿਕ ਸੰਪਰਦਾਵਾਂ ਦੀ ਅਗਵਾਈ ਵਿੱਚ ਹੋਣਗੇ। ਇਨ੍ਹਾਂ ਸਮਾਗਮਾਂ ਦਾ ਆਰੰਭ 4 ਫਰਵਰੀ, 2026 ਨੂੰ ਖੁਰਾਲਗੜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨਾਲ ਹੋਵੇਗਾ ਅਤੇ ਇਨ੍ਹਾਂ ਸਮਾਗਮਾਂ ਦੀ ਸਮਾਪਤੀ ਫਰਵਰੀ 2027 ਵਿੱਚ ਹੋਵੇਗੀ। ਨਵੰਬਰ 2026 ਵਿੱਚ ਖੁਰਾਲਗੜ ਸਾਹਿਬ ਵਿਖੇ ਕਥਾ ਕੀਰਤਨ ਦਰਬਾਰ ਅਤੇ ਬੇਗਮਪੁਰਾ ਸਮਾਗਮ ਹੋਵੇਗਾ, ਜਿਸ ਵਿੱਚ ਧਾਰਮਿਕ ਤੇ ਹੋਰ ਸਖਸ਼ੀਅਤਾਂ ਵੀ ਸ਼ਮੂਲੀਅਤ ਕਰਨਗੀਆਂ।

ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਵਿੱਚ ਅੱਜ ਇੱਥੇ ਹੋਈ ਕਮੇਟੀ ਦੀ ਪਲੇਠੀ ਮੀਟਿੰਗ ਵਿੱਚ ਮੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ, ਤਰੁਨਪ੍ਰੀਤ ਸਿੰਘ ਸੌਂਦ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ, ਸਕੱਤਰ ਟੂਰਿਜ਼ਮ ਕੁਮਾਰ ਅਮਿਤ, ਡਾਇਰਕਟਰ ਟੂਰਿਜ਼ਮ ਡਾ. ਸੰਜੀਵ ਤਿਵਾੜੀ ਹਾਜ਼ਰ ਸਨ। ਅੱਜ ਦੀ ਮੀਟਿੰਗ ਵਿੱਚ ਸ਼ਤ ਨਿਰਮਲ ਦਾਸ ਜੀ, ਸੰਤ ਇੰਦਰ ਦਾਸ ਜੀ, ਸੰਤ ਜਗੀਰ ਸਿੰਘ ਜੀ, ਸ੍ਰੀ ਸਤਿਆਵਾਨ ਜੀ, ਸ੍ਰੀ ਕ੍ਰਿਸ਼ਨ ਕੁਮਾਰ ਜੀ ਤੇ ਸ੍ਰੀ ਰਾਜ ਕਪੂਰ ਜੀ ਡੇਰਾ ਬੱਲਾਂ, ਬੀਬੀ ਸੰਤੋਸ਼ ਕੁਮਾਰੀ, ਸਕਾਲਰ ਡਾ. ਰਾਜ ਕੁਮਾਰ ਹੰਸ, ਡਾ. ਸੋਮਾ ਅਤਰੀ, ਸ੍ਰੀ ਵਿਜੇ ਆਦਿ ਨੇ ਸ਼ਮੂਲੀਅਤ ਕੀਤੀ।

ਮੀਟਿੰਗ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸਮਾਗਮ ਮਨਾਏਗੀ। ਅੱਜ ਕਮੇਟੀ ਦੇ ਸਨਮੁੱਖ ਤਜਵੀਜਤ ਸਮਾਗਮਾਂ ਦੀ ਪੇਸ਼ਕਾਰੀ ਮਗਰੋਂ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਸਿੱਖਿਆ, ਯਾਤਰਾਵਾਂ ਸਬੰਧੀ ਪੰਜਾਬ ਭਰ ‘ਚ ਪਿੰਡ-ਪਿੰਡ ‘ਚ ਫਰਵਰੀ 27 ਤੋਂ ਫਰਵਰੀ 2027 ਤੱਕ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸੈਮੀਨਾਰ ਤੇ ਵਰਕਸ਼ਾਪਾਂ, ਵਿਸ਼ੇਸ਼ ਕੀਰਤਨ ਸਮਾਗਮ, ਤੀਰਥ ਯਾਤਰਾ, ਸਕੂਲ ਪੱਧਰੀ ਮੁਕਾਬਲੇ, ਡਾਕੂਮੈਂਟਰੀ ਸ਼ੋਅ, ਡਰੋਨ ਸ਼ੋਅ, ਗੁਰੂ ਜੀ ਯਾਦਗਾਰੀ ਸਿੱਕਾ ਜਾਰੀ ਕਰਨਾ, ਖੂਨਦਾਨ ਕੈਂਪ, ਪਲਾਂਟੇਸ਼ਨ ਮੁਹਿੰਮ, ਮੈਰਾਥਨ, ਸ਼ੋਭਾ ਯਾਤਰਾ, ਸਾਈਕਡ ਰੈਲੀਆਂ ਆਦਿ ਸਮਾਗਮਾਂ ਦੀ ਤਜਵੀਜ਼ ਬਣਾਈ ਗਈ ਹੈ, ਜੋ ਸੰਤਾਂ, ਮਹਾਂਪੁਰਸ਼ਾਂ ਤੇ ਮਾਹਿਰਾਂ ਦੀ ਸਲਾਹ ਨਾਲ ਹੀ ਮਨਾਏ ਜਾਣਗੇ।

ਸ. ਚੀਮਾ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਲੜੀ ਵਿੱਚ ਮਹੀਨਾਵਾਰ ਸਮਾਗਮ ਉਲੀਕੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 4 ਸ਼ੋਭਾ ਯਾਤਰਾਵਾਂ ਵਾਰਾਨਸੀ-ਖੁਰਾਲਗੜ ਸਾਹਿਬ, ਫ਼ਰੀਦਕੋਟ-ਖੁਰਾਲਗੜ ਸਾਹਿਬ,ਬਠਿੰਡਾ-ਖੁਰਾਲਗੜ ਸਾਹਿਬ ਅਤੇ ਜੰਮੂ-ਖੁਰਾਲਗੜ ਸਾਹਿਬ ਆਦਿ ਸਜਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਸਬੰਧੀ ਇੱਕ ਵਿਸ਼ੇਸ਼ ਲੋਗੋ ਵੀ ਤਿਆਰ ਕੀਤਾ ਜਾਵੇਗਾ ਅਤੇ ਸ੍ਰੀ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਇੱਕ ਸਿੱਕਾ ਵੀ ਜਾਰੀ ਕੀਤਾ ਜਾਵੇਗਾ।

ਵਿੱਤ ਮੰਤਰੀ ਨੇ ਵਿਸ਼ੇਸ਼ ਤੌਰ ‘ਤੇ ਮੀਟਿੰਗ ਵਿੱਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਸ਼ਰਧਾ ਭਾਵਨਾ ਨਾਲ ਇਹ ਸਮਾਗਮ ਕਰਵਾ ਰਹੀ ਹੈ ਅਤੇ ਸੰਤਾਂ, ਮਹਾਂਪੁਰਸ਼ਾਂ ਤੇ ਮਾਹਿਰਾਂ, ਸਕਾਲਰਾਂ ਦੀ ਅਗਵਾਈ ਤੇ ਸਲਾਹ ਨਾਲ ਸਮੁੱਚੇ ਸਮਾਗਮ ਮਨਾਏ ਜਾਣਗੇ।

ਹਿੰਸਾ ਨੂੰ ਸੱਤਾ ਦਾ ਹਥਿਆਰ ਬਣਾਉਣਾ ਕਾਂਗਰਸ ਦੀ ਕਾਲੀ ਰਾਜਨੀਤੀ, ਵੜਿੰਗ ਤੇ ਬਾਜਵਾ ਦੀ ਚੁੱਪ ‘ਤੇ ਪੰਨੂ ਦੇ ਸਖ਼ਤ ਸਵਾਲ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਗਏ ਹੈਰਾਨ ਕਰਨ ਵਾਲੇ ਬਿਆਨਾਂ ‘ਤੇ ਕਾਂਗਰਸੀ ਲੀਡਰਸ਼ਿਪ ਦੀ “ਅਪਰਾਧਿਕ ਚੁੱਪ” ਲਈ ਤਿੱਖਾ ਹਮਲਾ ਕੀਤਾ। ਭੱਠਲ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਕਾਂਗਰਸ ਸਰਕਾਰ ਦੀ ਵਾਪਸੀ ਲਈ ਪੰਜਾਬ ਵਿੱਚ ਬੰਬ ਧਮਾਕੇ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ।

ਵੀਰਵਾਰ ਨੂੰ ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਨੂ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਇੰਟਰਵਿਊ ਵਾਇਰਲ ਹੋਣ ਦੇ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਰਜਿੰਦਰ ਕੌਰ ਭੱਠਲ ਅਤੇ ਨਾ ਹੀ ਕਿਸੇ ਸੀਨੀਅਰ ਕਾਂਗਰਸੀ ਆਗੂ ਨੇ ਇਸ ਬਿਆਨ ‘ਤੇ ਸਪੱਸ਼ਟੀਕਰਨ ਦਿੱਤਾ ਹੈ ਅਤੇ ਨਾ ਹੀ ਇਸ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਚੁੱਪ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਕੀ ਇਹ ਬਿਆਨ ਸੱਚ ਹਨ, ਜਾਂ ਕਾਂਗਰਸ ਕਿਸੇ ਬਹੁਤ ਹੀ ਕੌੜੀ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ?

ਪੰਨੂ ਨੇ ਯਾਦ ਦਿਵਾਇਆ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੇ ਖੁਲਾਸੇ ਹੋਏ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਹਿਲਾਂ ਨੌਜਵਾਨਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ ਅੱਗੇ ਪੇਸ਼ ਕਰਨ ਅਤੇ ਬਾਅਦ ਵਿੱਚ ਉਨ੍ਹਾਂ ਦੇ ਕਤਲ ਹੋਣ ਬਾਰੇ ਗੱਲ ਕੀਤੀ ਸੀ, ਜਿਨ੍ਹਾਂ ਦਾਅਵਿਆਂ ਦੀ ਕਦੇ ਵੀ ਜਾਂਚ ਨਹੀਂ ਕੀਤੀ ਗਈ। ਪੰਨੂ ਨੇ ਸਵਾਲ ਉਠਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਲਾਂ ਬੱਧੀ ਪੰਜਾਬ ‘ਤੇ ਰਾਜ ਕਰਨ ਦੇ ਬਾਵਜੂਦ ਕਦੇ ਵੀ ਉਨ੍ਹਾਂ ਨੌਜਵਾਨਾਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾਂ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਕਿਉਂ ਨਹੀਂ ਮੰਗਿਆ?

ਭੱਠਲ ਦੀ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਪੰਨੂ ਨੇ ਕਿਹਾ ਕਿ ਇਹ ਦਾਅਵਾ ਕਰਨਾ ਕਿ ਸੀਨੀਅਰ ਆਗੂਆਂ, ਸਲਾਹਕਾਰਾਂ ਜਾਂ ਅਧਿਕਾਰੀਆਂ ਨੇ ਚੋਣ ਜਿੱਤਣ ਲਈ ਜਨਤਕ ਥਾਵਾਂ ‘ਤੇ ਬੰਬ ਧਮਾਕੇ ਕਰਨ ਦਾ ਸੁਝਾਅ ਦਿੱਤਾ ਸੀ, ਇੱਕ ਬਹੁਤ ਹੀ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸੰਤਾਪ ਦੌਰਾਨ ਹਿੰਸਾ ਦੀ ਬਹੁਤ ਵੱਡੀ ਕੀਮਤ ਚੁੱਕਾਈ ਹੈ। ਪਰਿਵਾਰ ਉਜੜ ਗਏ, ਜਵਾਨੀ ਖਤਮ ਹੋ ਗਈ ਅਤੇ ਸੂਬਾ ਅੱਜ ਵੀ ਸਮਾਜਿਕ, ਆਰਥਿਕ ਅਤੇ ਭਾਵਨਾਤਮਕ ਤੌਰ ‘ਤੇ ਉਹ ਬੋਝ ਢੋ ਰਿਹਾ ਹੈ। ਅੱਤਵਾਦ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਦਾ ਸੁਝਾਅ ਦੇਣਾ ਵੀ ਨਾ-ਮਾਫ਼ੀਯੋਗ ਹੈ।

ਪੰਨੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਆਗੂਆਂ ਦੀ ਚੁੱਪ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ ਕਾਂਗਰਸ ਪੰਜਾਬੀਆਂ ਨੂੰ ਇਹ ਤਾਂ ਦੱਸੇ ਕਿ ਰਜਿੰਦਰ ਕੌਰ ਭੱਠਲ ਝੂਠ ਬੋਲ ਰਹੀ ਹੈ ਜਾਂ ਸੱਚ? ਉਹ ਕਿਹੜੇ ਆਗੂ, ਅਫ਼ਸਰ ਅਤੇ ਸਲਾਹਕਾਰ ਸਨ ਜਿਨ੍ਹਾਂ ਨੇ ਅਜਿਹੀ ਸਲਾਹ ਦਿੱਤੀ ਸੀ?

ਉਨ੍ਹਾਂ ਨੇ ਇਸ ਬਿਆਨ ਨੂੰ 2017 ਦੀਆਂ ਚੋਣਾਂ ਤੋਂ ਪਹਿਲਾਂ ਹੋਏ ਬੰਬ ਧਮਾਕੇ ਨਾਲ ਵੀ ਜੋੜਿਆ, ਜਿਸ ਵਿੱਚ ਬੱਚਿਆਂ ਸਮੇਤ ਕਈ ਬੇਕਸੂਰ ਜਾਨਾਂ ਗਈਆਂ ਸਨ। ਪੰਨੂ ਨੇ ਪੂਰੀ ਜਵਾਬਦੇਹੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਭੱਠਲ ਦਾ ਬਿਆਨ ਸੱਚ ਹੈ, ਤਾਂ ਪੰਜਾਬੀਆਂ ਨੂੰ ਇਹ ਪੁੱਛਣ ਦਾ ਪੂਰਾ ਹੱਕ ਹੈ ਕਿ ਕੀ ਅਜਿਹੀਆਂ ਘਟਨਾਵਾਂ ਸੱਤਾ ਹਾਸਲ ਕਰਨ ਦੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਸਨ।

ਰਵਾਇਤੀ ਪਾਰਟੀਆਂ ਦੀ ਤੁਲਨਾ ਕਰਦਿਆਂ ਪੰਨੂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਸਿਆਸੀ ਸਹੂਲਤ ਲਈ ਐਸਵਾਈਐਲ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਜਾਂ ਬੀਬੀਐਮਬੀ ਵਰਗੇ ਪੰਜਾਬ ਦੇ ਹਿੱਤਾਂ ਨਾਲ ਵਾਰ-ਵਾਰ ਸਮਝੌਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸੱਚ ਨੂੰ ਦਬਾ ਕੇ ਅਤੇ ਪੰਜਾਬ ਦੇ ਹੱਕਾਂ ਦੀ ਕੁਰਬਾਨੀ ਦੇ ਕੇ ਰਾਜ ਕੀਤਾ। ਅੱਜ ਉਨ੍ਹਾਂ ਦੇ ਆਪਣੇ ਆਗੂ ਹੀ ਉਸ ਕਾਲੇ ਇਤਿਹਾਸ ਨੂੰ ਬੇਨਕਾਬ ਕਰ ਰਹੇ ਹਨ।

ਪੰਨੂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਨੇ ਪੰਜਾਬ ਦੇ ਹੱਕਾਂ ਅਤੇ ਸਨਮਾਨ ਨਾਲ ਜੁੜੇ ਹਰ ਮੁੱਦੇ ‘ਤੇ ਅਟੱਲ ਸਟੈਂਡ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਪੰਜਾਬੀਆਂ ਨੂੰ ਭਰੋਸਾ ਦਿੰਦੀ ਹੈ ਕਿ ਸੂਬੇ ਨੂੰ ਦੁਬਾਰਾ ਕਦੇ ਵੀ ਸਿਆਸੀ ਤਜ਼ਰਬਿਆਂ ਦੀ ਪ੍ਰਯੋਗਸ਼ਾਲਾ ਨਹੀਂ ਬਣਨ ਦਿੱਤਾ ਜਾਵੇਗਾ। ਪੰਜਾਬ ਦੀ ਸ਼ਾਂਤੀ, ਹੱਕ ਅਤੇ ਭਵਿੱਖ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।

ਪੰਨੂ ਨੇ ਕਿਹਾ ਕਿ ਸੱਚ ਨੂੰ ਸਦਾ ਲਈ ਛੁਪਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਨੀਲੇ ਗਿੱਦੜ ਦੀ ਕਹਾਣੀ ਵਾਂਗ ਇਨ੍ਹਾਂ ਰਵਾਇਤੀ ਪਾਰਟੀਆਂ ਦਾ ਅਸਲੀ ਚਿਹਰਾ ਨੰਗਾ ਹੋ ਰਿਹਾ ਹੈ। ਪੰਜਾਬੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਿਛਲੇ ਸਮੇਂ ਵਿੱਚ ਸਰਕਾਰਾਂ ਕਿਵੇਂ ਬਣੀਆਂ ਸਨ ਅਤੇ ਅਜਿਹੀਆਂ ਤਾਕਤਾਂ ਨੂੰ ਕਦੇ ਵੀ ਵਾਪਸ ਨਹੀਂ ਆਉਣ ਦੇਣਾ ਚਾਹੀਦਾ।

ਚੰਡੀਗੜ੍ਹ ਨੂੰ ਹਥਿਆਰ ਲਾਇਸੈਂਸ ਦੇ ਅਧਿਕਾਰ ਖੇਤਰ ’ਚ ਸ਼ਾਮਲ ਕੀਤਾ ਜਾਵੇ – ਸਪੀਕਰ ਸੰਧਵਾਂ ਦੀ ਕੇਂਦਰ ਨੂੰ ਅਪੀਲ

ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਰਧ-ਸਰਕਾਰੀ ਪੱਤਰ ਭੇਜ ਕੇ ਚੰਡੀਗੜ੍ਹ ਨੂੰ ਪੰਜਾਬ ਦੇ ਨਿਵਾਸੀਆਂ ਲਈ ਹਥਿਆਰ ਲਾਇਸੈਂਸ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ।

ਮੌਜੂਦਾ ਨਿਯਮ ਲੋਕਾਂ ਲਈ ਬਣ ਰਹੇ ਨੇ ਮੁਸ਼ਕਲ

ਸਪੀਕਰ ਸੰਧਵਾਂ ਨੇ ਆਪਣੇ ਪੱਤਰ ਵਿੱਚ ਦਰਸਾਇਆ ਕਿ ਮੌਜੂਦਾ ਅਸਲਾ ਐਕਟ ਅਨੁਸਾਰ ਜਦੋਂ ਕਿਸੇ ਪੰਜਾਬ ਵਾਸੀ ਨੂੰ ਹਥਿਆਰ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ, ਤਾਂ ਉਸ ਦਾ ਅਧਿਕਾਰ ਖੇਤਰ ਸਿਰਫ਼ ਪੰਜਾਬ ਰਾਜ ਤੱਕ ਹੀ ਸੀਮਿਤ ਰਹਿੰਦਾ ਹੈ। ਇਸ ਕਾਰਨ ਚੰਡੀਗੜ੍ਹ ਵਿੱਚ ਹਥਿਆਰ ਰੱਖਣ ਜਾਂ ਲਿਜਾਣ ਲਈ ਵੱਖਰੀ ਮਨਜ਼ੂਰੀ ਲੈਣੀ ਪੈਂਦੀ ਹੈ, ਜਿਸ ਨਾਲ ਲੋਕਾਂ ਨੂੰ ਬੇਵਜ੍ਹਾ ਕਾਰਵਾਈ, ਦੇਰੀ ਅਤੇ ਦਫ਼ਤਰੀ ਝੰਜਟ ਦਾ ਸਾਹਮਣਾ ਕਰਨਾ ਪੈਂਦਾ ਹੈ।

ਚੰਡੀਗੜ੍ਹ ਪੰਜਾਬ ਦਾ ਪ੍ਰਸ਼ਾਸਕੀ ਕੇਂਦਰ

ਉਨ੍ਹਾਂ ਲਿਖਿਆ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਸੂਬੇ ਦਾ ਪ੍ਰਸ਼ਾਸਕੀ ਕੇਂਦਰ ਵੀ ਹੈ। ਪੰਜਾਬ ਦੇ ਹਜ਼ਾਰਾਂ ਨਿਵਾਸੀ ਚੰਡੀਗੜ੍ਹ ਵਿੱਚ ਵਸਦੇ ਹਨ ਜਾਂ ਰੋਜ਼ਾਨਾ ਸਰਕਾਰੀ, ਅਦਾਲਤੀ ਤੇ ਨਿੱਜੀ ਕੰਮਾਂ ਲਈ ਇੱਥੇ ਆਉਣ-ਜਾਣ ਕਰਦੇ ਰਹਿੰਦੇ ਹਨ।

ਲਾਇਸੈਂਸ ਜਾਰੀ ਕਰਦੇ ਸਮੇਂ ਚੰਡੀਗੜ੍ਹ ਖੁਦ ਸ਼ਾਮਲ ਹੋਵੇ

ਸਪੀਕਰ ਸੰਧਵਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਪੰਜਾਬ ਦੇ ਨਿਵਾਸੀਆਂ ਨੂੰ ਹਥਿਆਰ ਲਾਇਸੈਂਸ ਦਿੱਤਾ ਜਾਂਦਾ ਹੈ, ਤਾਂ ਉਸ ਵਿੱਚ ਚੰਡੀਗੜ੍ਹ ਨੂੰ ਵੀ ਆਪਣੇ ਆਪ ਅਧਿਕਾਰ ਖੇਤਰ ਵਿੱਚ ਸ਼ਾਮਲ ਕਰਨਾ ਪੂਰੀ ਤਰ੍ਹਾਂ ਤਰਕਸੰਗਤ ਅਤੇ ਵਿਹਾਰਕ ਫ਼ੈਸਲਾ ਹੋਵੇਗਾ। ਇਸ ਨਾਲ ਨਾ ਸਿਰਫ਼ ਆਮ ਲੋਕਾਂ ਨੂੰ ਸੁਵਿਧਾ ਮਿਲੇਗੀ, ਸਗੋਂ ਪ੍ਰਸ਼ਾਸਨਿਕ ਪ੍ਰਕਿਰਿਆ ਵੀ ਕਾਫ਼ੀ ਹੱਦ ਤੱਕ ਆਸਾਨ ਹੋ ਜਾਵੇਗੀ।

ਅਸਲਾ ਐਕਟ ’ਚ ਸੋਧ ਦੀ ਮੰਗ

ਸਪੀਕਰ ਨੇ ਆਪਣੇ ਪੱਤਰ ਰਾਹੀਂ ਅਸਲਾ ਐਕਟ ਤਹਿਤ ਕੁਝ ਨਿਯਮਾਂ ਵਿੱਚ ਜ਼ਰੂਰੀ ਸੋਧ ਕਰਨ ਦੀ ਲੋੜ ਉੱਤੇ ਵੀ ਧਿਆਨ ਦਿਵਾਇਆ ਅਤੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਹ ਤਬਦੀਲੀ ਸਮੇਂ ਦੀ ਮੰਗ ਬਣ ਚੁੱਕੀ ਹੈ।

ਕੇਂਦਰ ਤੋਂ ਤੁਰੰਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ

ਅਖੀਰ ਵਿੱਚ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਮਰ ਬੇਨਤੀ ਕਰਦਿਆਂ ਕਿਹਾ ਕਿ ਇਸ ਮਸਲੇ ਸਬੰਧੀ ਸਬੰਧਤ ਵਿਭਾਗਾਂ ਨੂੰ ਯੋਗ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਨਿਯਮਾਂ ਵਿੱਚ ਲੋੜੀਂਦੀ ਸੋਧ ਯਕੀਨੀ ਬਣਾਈ ਜਾਵੇ, ਤਾਂ ਜੋ ਪੰਜਾਬ ਦੇ ਨਿਵਾਸੀਆਂ ਨੂੰ ਬੇਲੋੜੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।

ਰਾਜਨੀਤੀ ਤੋਂ ਦੂਰੀ ਬਣਾਕੇ ਸੂਫ਼ੀ ਸੰਗੀਤ ਨੂੰ ਸਮਰਪਿਤ ਹੋਣ ਦਾ ਐਲਾਨ

ਚੰਡੀਗੜ੍ਹ :- ਸੂਫ਼ੀ ਗਾਇਕੀ ਦੀ ਦੁਨੀਆ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਅਤੇ ਦਿੱਲੀ ਤੋਂ ਸਾਬਕਾ ਸੰਸਦ ਮੈਂਬਰ ਰਹੇ ਹੰਸਰਾਜ ਅੱਜ ਚੰਡੀਗੜ੍ਹ ਸਥਿਤ ਪ੍ਰੈਸ ਕਲੱਬ ਪਹੁੰਚੇ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਹੁਣ ਉਹ ਸਰਗਰਮ ਰਾਜਨੀਤੀ ਤੋਂ ਪੂਰੀ ਤਰ੍ਹਾਂ ਦੂਰ ਹਨ ਅਤੇ ਆਪਣਾ ਸਾਰਾ ਧਿਆਨ ਸਿਰਫ਼ ਸੰਗੀਤ ਅਤੇ ਰਿਆਜ਼ ਵੱਲ ਕੇਂਦ੍ਰਿਤ ਕਰ ਚੁੱਕੇ ਹਨ।

ਨਗਰ ਨਿਗਮ ਚੋਣਾਂ ’ਤੇ ਟਿੱਪਣੀ ਤੋਂ ਕੀਤਾ ਇਨਕਾਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਅਤੇ ਭਾਜਪਾ ਦੇ ਨਵੇਂ ਮੇਅਰ ਬਾਰੇ ਪੁੱਛੇ ਸਵਾਲ ’ਤੇ ਹੰਸਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਚੋਣਾਂ ਕਿੱਥੇ ਹੋ ਰਹੀਆਂ ਹਨ ਜਾਂ ਨਤੀਜੇ ਕਿਸ ਦੇ ਹੱਕ ਵਿੱਚ ਆ ਰਹੇ ਹਨ। ਉਨ੍ਹਾਂ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਰਾਜਨੀਤੀ ਹੁਣ ਉਨ੍ਹਾਂ ਦੀ ਪ੍ਰਾਥਮਿਕਤਾ ਨਹੀਂ ਰਹੀ।

ਗੁਰੂ ਰਵਿਦਾਸ ਜੈਯੰਤੀ ’ਤੇ ਦਿੱਤਾ ਸਮਾਜਿਕ ਸੰਦੇਸ਼
ਹੰਸਰਾਜ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਗਰੀਬਾਂ ਅਤੇ ਪੀੜਤ ਵਰਗ ਦੇ ਮਸੀਹਾ ਸਨ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਆਪਣੇ ਬਚਨਾਂ ਰਾਹੀਂ ਜਾਤੀਵਾਦ ਅਤੇ ਭੇਦਭਾਵ ਦੀ ਸਖ਼ਤ ਨਿੰਦਾ ਕੀਤੀ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ।

‘ਬੇਗਮਪੁਰਾ’ ਨੂੰ ਦੱਸਿਆ ਏਕਤਾ ਦਾ ਪ੍ਰਤੀਕ
ਸੂਫ਼ੀ ਗਾਇਕ ਨੇ ਕਿਹਾ ਕਿ “ਬੇਗਮਪੁਰਾ” ਸਿਰਫ਼ ਇੱਕ ਸ਼ਬਦ ਨਹੀਂ, ਸਗੋਂ ਇੱਕ ਵਿਚਾਰਧਾਰਾ ਹੈ। ਉਨ੍ਹਾਂ ਦੇ ਅਨੁਸਾਰ ਜੇਕਰ ਇਸ ਸੰਦੇਸ਼ ਨੂੰ ਸਮਝ ਲਿਆ ਜਾਵੇ ਤਾਂ ਇਹ ਦੇਸ਼ ਨੂੰ ਜੋੜਨ ਵਾਲਾ ਰਾਸ਼ਟਰੀ ਗੀਤ ਵੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ “ਬੇਗਮ” ਸ਼ਬਦ ਆਪਣੇ ਆਪ ਵਿੱਚ ਪਹਿਚਾਣ, ਇਜ਼ਤ ਅਤੇ ਇਨਸਾਫ਼ ਦਾ ਪ੍ਰਤੀਕ ਹੈ।

ਧਮਕੀਆਂ ’ਤੇ ਚਿੰਤਾ, ਪੰਜਾਬ ਦੀ ਅਮਨ-ਸ਼ਾਂਤੀ ਲਈ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ ਫੇਰੀ ਤੋਂ ਪਹਿਲਾਂ ਕੁਝ ਖਾਲਿਸਤਾਨੀ ਸੰਗਠਨਾਂ ਵੱਲੋਂ ਦਿੱਤੀਆਂ ਧਮਕੀਆਂ ਬਾਰੇ ਹੰਸਰਾਜ ਨੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਆਉਣ ਵਾਲੀ ਹਰ ਹਸਤੀ ਨੂੰ ਬਿਨਾਂ ਕਿਸੇ ਡਰ ਦੇ ਇੱਥੇ ਆਉਣ ਦਾ ਹੱਕ ਹੈ ਅਤੇ ਅਜਿਹੀਆਂ ਧਮਕੀਆਂ ਨਾਲ ਸੂਬੇ ਦੀ ਛਵੀ ਨੂੰ ਨੁਕਸਾਨ ਪਹੁੰਚਦਾ ਹੈ।

ਬੰਬ ਧਮਕੀਆਂ ਨੂੰ ਦੱਸਿਆ ਗੰਭੀਰ ਮਾਮਲਾ
ਚੰਡੀਗੜ੍ਹ ਵਿੱਚ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਸੰਬੰਧੀ ਮਿਲੀਆਂ ਧਮਕੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਹੰਸਰਾਜ ਨੇ ਕਿਹਾ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਪੂਰੀ ਗੰਭੀਰਤਾ ਨਾਲ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

ਪੰਜਾਬ ਲਈ ਕੀਤੀ ਦਿਲੋਂ ਅਰਦਾਸ
ਗੱਲਬਾਤ ਦੇ ਅਖੀਰ ’ਚ ਹੰਸਰਾਜ ਨੇ ਅਰਦਾਸ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਹਮੇਸ਼ਾ ਅਮਨ, ਪਿਆਰ ਅਤੇ ਭਾਈਚਾਰੇ ਦੀ ਮਿਸਾਲ ਰਹੀ ਹੈ। ਉਨ੍ਹਾਂ ਕਾਮਨਾ ਕੀਤੀ ਕਿ ਭਵਿੱਖ ਵਿੱਚ ਕਦੇ ਵੀ ਸੂਬੇ ਨੂੰ ਕਿਸੇ ਵੀ ਤਰ੍ਹਾਂ ਦੀ ਦੁਖਦਾਈ ਘਟਨਾ ਜਾਂ ਹਿੰਸਕ ਖ਼ਬਰ ਦਾ ਸਾਹਮਣਾ ਨਾ ਕਰਨਾ।

ਫਿਰੌਤੀ ਗੈਂਗ ’ਤੇ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਮੁਕਾਬਲੇ ਦੌਰਾਨ ਇਕ ਬਦਮਾਸ਼ ਜ਼ਖ਼ਮੀ

ਅੰਮ੍ਰਿਤਸਰ :- ਸ਼ਹਿਰ ਵਿੱਚ ਫਿਰੌਤੀ ਮੰਗਣ ਵਾਲੇ ਗਿਰੋਹ ਖ਼ਿਲਾਫ਼ ਅੰਮ੍ਰਿਤਸਰ ਪੁਲਿਸ ਨੇ ਸਖ਼ਤ ਰੁਖ ਅਪਣਾਉਂਦਿਆਂ ਇੱਕ ਗੈਂਗ ਮੈਂਬਰ ਨਾਲ ਮੁਕਾਬਲਾ ਕੀਤਾ ਹੈ। ਇਸ ਕਾਰਵਾਈ ਦੌਰਾਨ ਇਕ ਨੌਜਵਾਨ ਬਦਮਾਸ਼ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਰਬਾਬ ਜਵੈਲਰਸ ਨੂੰ ਮਿਲੀ ਸੀ ਫਿਰੌਤੀ ਦੀ ਧਮਕੀ
ਪੁਲਿਸ ਅਨੁਸਾਰ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਸਥਿਤ ਰਬਾਬ ਜਵੈਲਰਸ ਨੂੰ ਫਿਰੌਤੀ ਲਈ ਧਮਕੀ ਭਰੀ ਕਾਲ ਆਈ ਸੀ। ਮਾਮਲੇ ਦੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਕਾਲ ਸੱਤਾ ਨੌਸ਼ਹਿਰਾ ਗਰੁੱਪ ਨਾਲ ਜੁੜੇ ਨੌਜਵਾਨਾਂ ਵੱਲੋਂ ਕੀਤੀ ਗਈ ਸੀ।

ਤਿੰਨ ਗੈਂਗ ਮੈਂਬਰ ਪਹਿਲਾਂ ਹੀ ਕਾਬੂ
ਧਮਕੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਨੇ ਬੀਤੇ ਦਿਨ ਸੱਤਾ ਨੌਸ਼ਹਿਰਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਚੌਥੇ ਸਾਥੀ ਬਾਰੇ ਜਾਣਕਾਰੀ ਮਿਲਣ ’ਤੇ ਪੁਲਿਸ ਵੱਲੋਂ ਸੁਲਤਾਨਵਿੰਡ ਪਿੰਡ ਦੇ ਨੇੜੇ ਛਾਪੇਮਾਰੀ ਕੀਤੀ ਗਈ।

ਪਿਸਤੌਲ ਖੋਹਣ ਦੀ ਕੋਸ਼ਿਸ਼, ਪੁਲਿਸ ਨੇ ਕੀਤਾ ਜਵਾਬੀ ਫਾਇਰ
ਛਾਪੇਮਾਰੀ ਦੌਰਾਨ ਹਿਰਾਸਤ ਵਿੱਚ ਲਏ ਤਿੰਨਾਂ ਵਿੱਚੋਂ ਇਕ ਮੁਲਜ਼ਮ ਜੋਬਨ ਸਿੰਘ ਨੇ ਅਚਾਨਕ ਪੁਲਿਸ ਮੁਲਾਜ਼ਮ ਦਾ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਾਲਾਤ ਬੇਕਾਬੂ ਹੋ ਗਏ, ਜਿਸ ’ਤੇ ਪੁਲਿਸ ਨੇ ਆਪਣੀ ਸੁਰੱਖਿਆ ਲਈ ਜਵਾਬੀ ਕਾਰਵਾਈ ਕੀਤੀ।

ਪੈਰ ਵਿੱਚ ਗੋਲੀ ਲੱਗੀ, ਹਸਪਤਾਲ ਦਾਖਲ
ਪੁਲਿਸ ਦੀ ਗੋਲੀ ਜੋਬਨ ਸਿੰਘ ਦੇ ਪੈਰ ਵਿੱਚ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। 20 ਸਾਲਾ ਜੋਬਨ ਸਿੰਘ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਪੁਲਿਸ ਵੱਲੋਂ ਜਾਂਚ ਜਾਰੀ
ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ ਅਤੇ ਫਿਰੌਤੀ ਗਿਰੋਹ ਨਾਲ ਜੁੜੇ ਹੋਰ ਸੰਪਰਕਾਂ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਪਰਾਧਿਕ ਤੱਤਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।