Home Blog Page 386

ਮੋਗਾ ਨਿਗਮ ਚੋਣਾਂ ‘ਚ ‘ਆਪ’ ਦਾ ਸ਼ਕਤੀ ਪ੍ਰਦਰਸ਼ਨ, 29 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ਮੋਗਾ :- ਮੋਗਾ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਹੁਣ ਤੇਜ਼ ਹੋਣ ਲੱਗੀ ਹੈ। ਤੀਜੇ ਦਿਨ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਲਈ ਸਰਗਰਮੀਆਂ ਵਧਾ ਦਿੱਤੀਆਂ ਗਈਆਂ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਵੱਡਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਆਪਣੇ ਉਮੀਦਵਾਰਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚ ਕੇ 50 ਵਿੱਚੋਂ 29 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।

ਵਰਕਰਾਂ ‘ਚ ਦਿਖਿਆ ਭਾਰੀ ਜੋਸ਼

ਨਾਮਜ਼ਦਗੀ ਮੌਕੇ ਪਾਰਟੀ ਸਮਰਥਕਾਂ ਅਤੇ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਪਾਰਟੀ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਅਤੇ ਉਮੀਦਵਾਰਾਂ ਦਾ ਹੌਸਲਾ ਵਧਾਇਆ ਗਿਆ। ਦੂਜੇ ਪਾਸੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਲੇ ਤੱਕ ਸੀਮਿਤ ਗਿਣਤੀ ਵਿੱਚ ਹੀ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕਰਵਾਏ ਹਨ।

ਵਿਕਾਸ ਦੇ ਮੁੱਦੇ ‘ਤੇ ਲੋਕਾਂ ਕੋਲ ਜਾਵੇਗੀ ਪਾਰਟੀ

ਇਸ ਮੌਕੇ ਵਿਧਾਇਕ ਡਾ. ਆਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੋਗਾ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ, ਸਫਾਈ ਪ੍ਰਬੰਧ, ਸਟਰੀਟ ਲਾਈਟਾਂ ਅਤੇ ਨਾਲੀਆਂ ਦੇ ਸੁਧਾਰ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜਿਸ ਦਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ।

ਸਿੱਖਿਆ ਅਤੇ ਸੁਵਿਧਾਵਾਂ ‘ਚ ਸੁਧਾਰ ਦਾ ਦਾਅਵਾ

ਵਿਧਾਇਕ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵੀ ਵੱਡੇ ਪੱਧਰ ‘ਤੇ ਸੁਧਾਰ ਕੀਤੇ ਗਏ ਹਨ ਅਤੇ ਲੋਕ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਨਗਰ ਨਿਗਮ ਚੋਣਾਂ ਵਿੱਚ ਲੋਕ ਵਿਕਾਸ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਦੇਣਗੇ ਅਤੇ ਪਾਰਟੀ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਨਗੇ।

ਯੂਏਈ ਪਹੁੰਚੇ ਮੋਦੀ ਨੇ ਜੰਗੀ ਹਾਲਾਤਾਂ ਦਰਮਿਆਨ ਦਿੱਤਾ ਭਰੋਸਾ, ਕਿਹਾ ਭਾਰਤ ਹਰ ਵੇਲੇ ਨਾਲ ਖੜ੍ਹਾ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਯੁਕਤ ਅਰਬ ਅਮੀਰਾਤ ਦੌਰੇ ਦੌਰਾਨ ਯੂਏਈ ਦੀ ਅਗਵਾਈ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੰਕਟ ਦੇ ਸਮੇਂ ਭਾਰਤ ਆਪਣੇ ਦੋਸਤ ਦੇਸ਼ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਤਣਾਅ ਦਾ ਪ੍ਰਭਾਵ ਸਿਰਫ਼ ਖੇਤਰ ਤੱਕ ਸੀਮਿਤ ਨਹੀਂ, ਸਗੋਂ ਪੂਰੀ ਦੁਨੀਆ ‘ਤੇ ਪੈ ਰਿਹਾ ਹੈ।

ਯੂਏਈ ਨੂੰ ਦੱਸਿਆ ਆਪਣਾ ਦੂਜਾ ਘਰ

ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਯੂਏਈ ਨੂੰ ਭਾਰਤ ਦਾ ਕਰੀਬੀ ਸਾਥੀ ਅਤੇ ਆਪਣਾ “ਦੂਜਾ ਘਰ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ ਚੁਣੌਤੀਪੂਰਨ ਹਾਲਾਤਾਂ ਵਿੱਚ ਯੂਏਈ ਵੱਲੋਂ ਦਿਖਾਈ ਗਈ ਸੰਜੀਦਗੀ ਅਤੇ ਹੌਸਲੇ ਦੀ ਭਾਰਤ ਵੱਲੋਂ ਕਦਰ ਕੀਤੀ ਜਾਂਦੀ ਹੈ। ਉਨ੍ਹਾਂ ਕੁਦਰਤੀ ਆਫ਼ਤਾਂ ਦੌਰਾਨ ਭਾਰਤ ਪ੍ਰਤੀ ਦਿਖਾਈ ਗਈ ਹਮਦਰਦੀ ਲਈ ਵੀ ਯੂਏਈ ਦਾ ਧੰਨਵਾਦ ਕੀਤਾ।

ਯੂਏਈ ‘ਤੇ ਹਮਲਿਆਂ ਦੀ ਕੀਤੀ ਨਿਖੇਧੀ

ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਯੂਏਈ ‘ਤੇ ਹੋਏ ਹਮਲਿਆਂ ਨੂੰ ਗੰਭੀਰ ਅਤੇ ਅਸਵੀਕਾਰਯੋਗ ਕਰਾਰ ਦਿੰਦਿਆਂ ਉਨ੍ਹਾਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਸੁਰੱਖਿਆ ਅਤੇ ਖੇਤਰੀ ਅਖੰਡਤਾ ‘ਤੇ ਹਮਲਾ ਕਦੇ ਵੀ ਕਬੂਲ ਨਹੀਂ ਕੀਤਾ ਜਾ ਸਕਦਾ। ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਦੀ ਅਗਵਾਈ ਹੇਠ ਚੁੱਕੇ ਗਏ ਕਦਮਾਂ ਦੀ ਵੀ ਪ੍ਰਸ਼ੰਸਾ ਕੀਤੀ।

ਕੂਟਨੀਤੀ ਨੂੰ ਦੱਸਿਆ ਹੱਲ ਦਾ ਰਸਤਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਗੱਲਬਾਤ ਅਤੇ ਕੂਟਨੀਤਿਕ ਹੱਲ ਦਾ ਸਮਰਥਕ ਰਿਹਾ ਹੈ। ਉਨ੍ਹਾਂ ਹੋਰਮੁਜ਼ ਜਲਡਮਰੂ ਨੂੰ ਸੁਰੱਖਿਅਤ ਅਤੇ ਖੁੱਲ੍ਹਾ ਰੱਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ ਤਾਂ ਜੋ ਵਿਸ਼ਵ ਪੱਧਰ ‘ਤੇ ਊਰਜਾ ਸਪਲਾਈ ਪ੍ਰਭਾਵਿਤ ਨਾ ਹੋਵੇ।

ਐਫ-16 ਜਹਾਜ਼ਾਂ ਨੇ ਕੀਤਾ ਪ੍ਰਧਾਨ ਮੰਤਰੀ ਦੇ ਜਹਾਜ਼ ਦਾ ਸਵਾਗਤ

ਯੂਏਈ ਹਵਾਈ ਖੇਤਰ ਵਿੱਚ ਦਾਖਲ ਹੋਣ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਐਫ-16 ਲੜਾਕੂ ਜਹਾਜ਼ਾਂ ਵੱਲੋਂ ਐਸਕਾਰਟ ਕੀਤਾ ਗਿਆ। ਆਬੂਧਾਬੀ ਹਵਾਈ ਅੱਡੇ ‘ਤੇ ਯੂਏਈ ਦੇ ਰਾਸ਼ਟਰਪਤੀ ਨੇ ਖੁਦ ਪਹੁੰਚ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।

ਐਲਪੀਜੀ ਅਤੇ ਊਰਜਾ ਖੇਤਰ ਨਾਲ ਜੁੜੇ ਸਮਝੌਤਿਆਂ ‘ਤੇ ਚਰਚਾ

ਦੌਰੇ ਦੌਰਾਨ ਦੋਵੇਂ ਦੇਸ਼ਾਂ ਵਿਚਾਲੇ ਐਲਪੀਜੀ ਅਤੇ ਹੋਰ ਰਣਨੀਤਕ ਪ੍ਰੋਜੈਕਟਾਂ ਸਬੰਧੀ ਕਈ ਮਹੱਤਵਪੂਰਨ ਸਮਝੌਤਿਆਂ ‘ਤੇ ਵਿਚਾਰ ਕੀਤਾ ਗਿਆ। ਦੋਵਾਂ ਪੱਖਾਂ ਵੱਲੋਂ ਸਮਝੌਤਾ ਪੱਤਰਾਂ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ, ਹਾਲਾਂਕਿ ਉਨ੍ਹਾਂ ਦੇ ਵੇਰਵੇ ਅਧਿਕਾਰਕ ਤੌਰ ‘ਤੇ ਜਾਰੀ ਨਹੀਂ ਕੀਤੇ ਗਏ।

21 ਮਈ ਨੂੰ ਮੋਦੀ ਮੰਤਰੀ ਮੰਡਲ ਦੀ ਅਹਿਮ ਬੈਠਕ ਸੰਭਾਵਿਤ, ਕੈਬਨਿਟ ਫੇਰਬਦਲ ਦੀਆਂ ਚਰਚਾਵਾਂ ਤੇਜ਼

ਚੰਡੀਗੜ੍ਹ :- ਕੇਂਦਰ ਸਰਕਾਰ ਦੀ ਮੰਤਰੀ ਪ੍ਰੀਸ਼ਦ ਦੀ ਇੱਕ ਮਹੱਤਵਪੂਰਨ ਬੈਠਕ 21 ਮਈ ਨੂੰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਕੇਂਦਰੀ ਕੈਬਨਿਟ ਮੰਤਰੀਆਂ ਤੋਂ ਇਲਾਵਾ ਸੁਤੰਤਰ ਚਾਰਜ ਵਾਲੇ ਰਾਜ ਮੰਤਰੀ ਅਤੇ ਹੋਰ ਮੰਤਰੀਆਂ ਦੀ ਵੀ ਹਾਜ਼ਰੀ ਰਹਿਣ ਦੀ ਉਮੀਦ ਹੈ। ਸਰਕਾਰੀ ਸੂਤਰਾਂ ਮੁਤਾਬਕ ਬੈਠਕ ਦੌਰਾਨ ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ, ਚੱਲ ਰਹੀਆਂ ਯੋਜਨਾਵਾਂ ਅਤੇ ਸਰਕਾਰੀ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾ ਸਕਦੀ ਹੈ।

ਜੂਨ ਵਿੱਚ ਹੋ ਸਕਦਾ ਹੈ ਕੈਬਨਿਟ ਵਿਸਥਾਰ

ਕੇਂਦਰ ਦੀ ਮੋਦੀ 3.0 ਸਰਕਾਰ ਦੇ ਦੋ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਦਿੱਲੀ ਦੀ ਸਿਆਸੀ ਗਲਿਆਰਿਆਂ ਵਿੱਚ ਕੈਬਨਿਟ ਫੇਰਬਦਲ ਨੂੰ ਲੈ ਕੇ ਚਰਚਾ ਗਰਮਾ ਗਈ ਹੈ। 10 ਜੂਨ 2024 ਨੂੰ ਸਹੁੰ ਚੁੱਕਣ ਵਾਲੀ ਸਰਕਾਰ ਵਿੱਚ ਕੁਝ ਨਵੇਂ ਚਿਹਰਿਆਂ ਨੂੰ ਮੌਕਾ ਮਿਲਣ ਅਤੇ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਜੂਨ ਦੇ ਦੂਜੇ ਹਫ਼ਤੇ ਦੌਰਾਨ ਕੈਬਨਿਟ ਵਿਸਥਾਰ ਜਾਂ ਫੇਰਬਦਲ ਹੋ ਸਕਦਾ ਹੈ।

ਬਚਤ ਅਤੇ ਮਹਿੰਗਾਈ ਦੇ ਮੁੱਦੇ ਵੀ ਰਹਿ ਸਕਦੇ ਹਨ ਕੇਂਦਰ ਵਿੱਚ

ਮੀਟਿੰਗ ਦੌਰਾਨ ਇੰਧਨ ਦੀ ਵਧ ਰਹੀ ਕੀਮਤਾਂ ਅਤੇ ਆਰਥਿਕ ਬਚਤ ਦੇ ਮਸਲਿਆਂ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੀਆਂ ਜਨ ਸਭਾਵਾਂ ਵਿੱਚ ਲੋਕਾਂ ਨੂੰ ਫਿਊਲ ਦੀ ਸੰਭਾਲ ਨਾਲ ਵਰਤੋਂ ਕਰਨ ਅਤੇ ਗੈਰ-ਜ਼ਰੂਰੀ ਖਰਚਿਆਂ ਤੋਂ ਬਚਣ ਦੀ ਅਪੀਲ ਕੀਤੀ ਸੀ। ਇਸੇ ਦਰਮਿਆਨ 15 ਮਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਵਾਧੇ ਨੇ ਆਮ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

ਅਜਨਾਲਾ ਥਾਣਾ ਮਾਮਲੇ ‘ਚ ਅੰਮ੍ਰਿਤਪਾਲ ਸਿੰਘ ‘ਤੇ ਗੰਭੀਰ ਦੋਸ਼ ਤੈਅ, ਅਦਾਲਤ ਵੱਲੋਂ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਹੇਠ ਸੁਣਵਾਈ ਅੱਗੇ ਵਧਾਉਣ ਦੇ ਹੁਕਮ

ਜਨਗਣਨਾ ਡਿਊਟੀ ਤੋਂ ਗੈਰਹਾਜ਼ਰ ਕਰਮਚਾਰੀਆਂ ‘ਤੇ ਸਖ਼ਤੀ, ਲੁਧਿਆਣਾ ‘ਚ 1000 ਤੋਂ ਵੱਧ ਖ਼ਿਲਾਫ਼ ਐਫਆਈਆਰ ਦੀ ਤਿਆਰੀ

ਲੁਧਿਆਣਾ :- ਲੁਧਿਆਣਾ ਵਿੱਚ ਜਨਗਣਨਾ ਡਿਊਟੀ ਤੋਂ ਕਿਨਾਰਾ ਕਰਨ ਵਾਲੇ ਕਰਮਚਾਰੀਆਂ ਖ਼ਿਲਾਫ਼ ਨਗਰ ਨਿਗਮ ਨੇ ਸਖ਼ਤ ਰੁਖ ਅਖ਼ਤਿਆਰ ਕਰ ਲਿਆ ਹੈ। ਜਨਗਣਨਾ ਲਈ ਤਾਇਨਾਤ ਕੀਤੇ ਗਏ 1000 ਤੋਂ ਵੱਧ ਕਰਮਚਾਰੀ ਕਿੱਟਾਂ ਅਤੇ ਪਛਾਣ ਪੱਤਰ ਲੈਣ ਨਹੀਂ ਪੁੱਜੇ, ਜਿਸ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਨੇ ਉਨ੍ਹਾਂ ਵਿਰੁੱਧ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਜਨਗਣਨਾ ਐਕਟ ਤਹਿਤ ਹੋਵੇਗੀ ਕਾਰਵਾਈ

ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਨੇ ਚਾਰੇ ਜ਼ੋਨਾਂ ਦੇ ਜਨਗਣਨਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜਿਹੜੇ ਕਰਮਚਾਰੀ ਡਿਊਟੀ ਤੋਂ ਗੈਰਹਾਜ਼ਰ ਰਹੇ ਜਾਂ ਕਿੱਟਾਂ ਨਹੀਂ ਲੈ ਕੇ ਗਏ, ਉਨ੍ਹਾਂ ਵਿਰੁੱਧ ਜਨਗਣਨਾ ਐਕਟ 1948 ਅਧੀਨ ਕੇਸ ਦਰਜ ਕੀਤਾ ਜਾਵੇ।

ਇਸ ਦੇ ਨਾਲ ਹੀ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਅਜਿਹੇ ਕਰਮਚਾਰੀਆਂ ਦੀ ਤਨਖ਼ਾਹ ਰੋਕਣ ਅਤੇ ਪੂਰੀ ਰਿਪੋਰਟ ਨਿਗਮ ਨੂੰ ਭੇਜਣ ਲਈ ਵੀ ਕਿਹਾ ਗਿਆ ਹੈ।

6500 ਕਰਮਚਾਰੀਆਂ ਨੂੰ ਦਿੱਤੀ ਗਈ ਸੀ ਜ਼ਿੰਮੇਵਾਰੀ

ਲੁਧਿਆਣਾ ਨਗਰ ਨਿਗਮ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਨਿੱਜੀ ਸੰਸਥਾਵਾਂ ਦੇ ਕਰੀਬ 6500 ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਸੌਂਪੀ ਗਈ ਸੀ। ਉਨ੍ਹਾਂ ਨੂੰ ਪਹਿਲਾਂ ਸਿਖਲਾਈ ਵੀ ਦਿੱਤੀ ਗਈ ਅਤੇ ਸਾਰੇ ਕਰਮਚਾਰੀ ਨਿਯਮਿਤ ਤੌਰ ‘ਤੇ ਟ੍ਰੇਨਿੰਗ ਵਿੱਚ ਸ਼ਾਮਲ ਹੁੰਦੇ ਰਹੇ।

ਪਰ ਜਦੋਂ ਕਿੱਟਾਂ ਅਤੇ ਆਈਡੀ ਕਾਰਡ ਲੈਣ ਦੀ ਵਾਰੀ ਆਈ ਤਾਂ 1000 ਤੋਂ ਵੱਧ ਕਰਮਚਾਰੀ ਗੈਰਹਾਜ਼ਰ ਰਹੇ। ਇਸ ਮਾਮਲੇ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਦੇਰ ਰਾਤ ਤੱਕ ਕਰਮਚਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ।

15 ਮਈ ਤੋਂ ਸ਼ੁਰੂ ਹੋਇਆ ਪਹਿਲਾ ਪੜਾਅ

ਨਗਰ ਨਿਗਮ ਕਮਿਸ਼ਨਰ ਅਨੁਸਾਰ ਜਨਗਣਨਾ ਦੇ ਪਹਿਲੇ ਪੜਾਅ ਤਹਿਤ ਘਰੇਲੂ ਗਣਨਾ ਕੀਤੀ ਜਾ ਰਹੀ ਹੈ। ਹਰ ਕਰਮਚਾਰੀ ਨੂੰ ਕਰੀਬ 150 ਘਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ 15 ਮਈ ਤੋਂ 13 ਜੂਨ ਤੱਕ ਪੂਰੀ ਕਰਨੀ ਹੋਵੇਗੀ।

ਉਨ੍ਹਾਂ ਕਿਹਾ ਕਿ ਜੇ ਕਰਮਚਾਰੀ ਰੋਜ਼ਾਨਾ ਪੰਜ ਤੋਂ ਛੇ ਘਰਾਂ ਦੀ ਗਿਣਤੀ ਕਰਦੇ ਹਨ ਤਾਂ ਇਹ ਕੰਮ ਆਸਾਨੀ ਨਾਲ ਸਮੇਂ ਸਿਰ ਮੁਕੰਮਲ ਹੋ ਸਕਦਾ ਹੈ।

ਨੌਕਰੀ ਤੇ ਵੀ ਪੈ ਸਕਦਾ ਹੈ ਅਸਰ

ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਕਿਹਾ ਕਿ ਜਨਗਣਨਾ ਡਿਊਟੀ ਤੋਂ ਗੈਰਹਾਜ਼ਰ ਰਹਿਣਾ ਜਾਂ ਵਿਚਕਾਰ ਕੰਮ ਛੱਡਣਾ ਗੰਭੀਰ ਉਲੰਘਣਾ ਮੰਨੀ ਜਾਂਦੀ ਹੈ। ਅਜਿਹੇ ਮਾਮਲਿਆਂ ਵਿੱਚ ਐਫਆਈਆਰ ਤੋਂ ਇਲਾਵਾ ਵਿਭਾਗੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਨੌਕਰੀ ਵੀ ਖਤਰੇ ਵਿੱਚ ਪੈ ਸਕਦੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਗਲਤ ਜਾਣਕਾਰੀ ਦੇਣ ਜਾਂ ਜਨਗਣਨਾ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਵਾਲੇ ਆਮ ਲੋਕਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

ਅੰਮ੍ਰਿਤਸਰ ਵਿੱਚ ਹੁਣ ਕੈਮਰਿਆਂ ਦੀ ਨਿਗਰਾਨੀ ਹੇਠ ਟਰੈਫਿਕ, ਨਿਯਮ ਤੋੜਨ ‘ਤੇ ਘਰ ਪਹੁੰਚੇਗਾ ਆਨਲਾਈਨ ਚਲਾਨ, ਸ਼ਹਿਰ ਭਰ ਦੇ 1300 ਸੀਸੀਟੀਵੀ ਕੈਮਰੇ ਕਰਨਗੇ ਹਰ ਵਾਹਨ ਦੀ ਨਿਗਰਾਨੀ

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਟਰੈਫਿਕ ਪ੍ਰਬੰਧ ਨੂੰ ਹੋਰ ਸੁਧਾਰਨ ਲਈ ਜਲਦ ਹੀ ਆਨਲਾਈਨ ਚਲਾਨ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗੇ ਕਰੀਬ 1300 ਸੀਸੀਟੀਵੀ ਕੈਮਰਿਆਂ ਰਾਹੀਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ‘ਤੇ ਨਿਗਰਾਨੀ ਰੱਖੀ ਜਾਵੇਗੀ ਅਤੇ ਨਿਯਮ ਤੋੜਨ ਵਾਲਿਆਂ ਦੇ ਚਲਾਨ ਸਿੱਧੇ ਉਨ੍ਹਾਂ ਦੇ ਘਰ ਭੇਜੇ ਜਾਣਗੇ।

ਹਰ ਚੌਰਾਹੇ ‘ਤੇ ਰਹੇਗੀ ਕੈਮਰਿਆਂ ਦੀ ਤਿੱਖੀ ਨਜ਼ਰ

ਟਰੈਫਿਕ ਵਿਭਾਗ ਅਨੁਸਾਰ ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਰੁਸ਼ ਵਾਲੇ ਇਲਾਕਿਆਂ ਵਿੱਚ ਲੱਗੇ ਕੈਮਰੇ ਸੜਕਾਂ ‘ਤੇ ਹੋ ਰਹੀ ਹਰ ਗਤੀਵਿਧੀ ਨੂੰ ਰਿਕਾਰਡ ਕਰਨਗੇ। ਖ਼ਾਸ ਤੌਰ ‘ਤੇ ਟਰੈਫਿਕ ਲਾਈਟਾਂ ‘ਤੇ ਵਾਹਨ ਚਾਲਕਾਂ ਨੂੰ ਜ਼ੈਬਰਾ ਲਾਈਨ ਅਤੇ ਸਟਾਪ ਲਾਈਨ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਜੇਕਰ ਕੋਈ ਵਾਹਨ ਨਿਰਧਾਰਿਤ ਲਕੀਰ ਤੋਂ ਅੱਗੇ ਖੜ੍ਹਾ ਮਿਲਿਆ ਤਾਂ ਉਸ ਦਾ ਵੀ ਆਟੋਮੈਟਿਕ ਚਲਾਨ ਜਾਰੀ ਕੀਤਾ ਜਾਵੇਗਾ।

ਚਲਾਨ ਤੋਂ ਬਚਣਾ ਹੈ ਤਾਂ ਨਿਯਮਾਂ ਦੀ ਕਰੋ ਪਾਲਣਾ

ਟਰੈਫਿਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨ ਚਲਾਉਂਦੇ ਸਮੇਂ ਸਾਰੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਹੁਣ ਚਲਾਨ ਕੱਟਣ ਲਈ ਪੁਲਸ ਕਰਮਚਾਰੀਆਂ ਨਾਲ ਸਿੱਧਾ ਸੰਪਰਕ ਲਾਜ਼ਮੀ ਨਹੀਂ ਹੋਵੇਗਾ, ਕਿਉਂਕਿ ਕੈਮਰੇ ਵਾਹਨ ਦਾ ਨੰਬਰ ਅਤੇ ਉਲੰਘਣਾ ਦੀ ਤਸਵੀਰ ਆਪਣੇ ਆਪ ਦਰਜ ਕਰ ਲੈਣਗੇ।

ਸਮਾਰਟ ਨਿਗਰਾਨੀ ਨਾਲ ਟਰੈਫਿਕ ਪ੍ਰਬੰਧ ਹੋਵੇਗਾ ਹੋਰ ਮਜ਼ਬੂਤ

ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਨਵੇਂ ਪ੍ਰਬੰਧ ਨਾਲ ਨਾ ਸਿਰਫ਼ ਟਰੈਫਿਕ ਨਿਯਮਾਂ ਦੀ ਪਾਲਣਾ ਵਧੇਗੀ, ਸਗੋਂ ਸੜਕਾਂ ‘ਤੇ ਅਨੁਸ਼ਾਸਨ ਵੀ ਮਜ਼ਬੂਤ ਹੋਵੇਗਾ। ਲੋਕਾਂ ਨੂੰ ਹੁਣ ਹੋਰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਲੋੜ ਹੋਵੇਗੀ, ਕਿਉਂਕਿ ਹਰ ਹਰਕਤ ‘ਤੇ ਕੈਮਰਿਆਂ ਦੀ ਨਿਗਰਾਨੀ ਰਹੇਗੀ।

ਪੰਜਾਬ ਦੇ ਨੌਜਵਾਨਾਂ ਦੀ ਸਿੱਖਿਆ ਤੇ ਰੁਜ਼ਗਾਰ ਮੁੱਦਿਆਂ ਤੇ ਅਸ਼ੋਕ ਮਿੱਤਲ ਦੀ ਅਹਿਮ ਬੈਠਕ

ਚੰਡੀਗੜ੍ਹ :- ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿੱਚ ਅੱਜ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਵੱਲੋਂ ਸ਼ਿਸ਼ਟਾਚਾਰ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਨੌਜਵਾਨਾਂ ਨਾਲ ਜੁੜੇ ਅਹਿਮ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਹੋਇਆ। ਬੈਠਕ ਵਿੱਚ ਖਾਸ ਤੌਰ ‘ਤੇ ਮਿਆਰੀ ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ-ਕੇਂਦਰਿਤ ਕੋਰਸਾਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਲਈ ਨਵੇਂ ਰੁਜ਼ਗਾਰ ਮੌਕੇ ਪੈਦਾ ਕਰਨ ਸਬੰਧੀ ਵੀ ਗੱਲਬਾਤ ਕੀਤੀ ਗਈ। ਸਿੱਖਿਆ ਖੇਤਰ ਵਿੱਚ ਨਵੀਆਂ ਯੋਜਨਾਵਾਂ ਅਤੇ ਤਕਨੀਕੀ ਸਿਖਲਾਈ ਨੂੰ ਵਧਾਵਾ ਦੇਣ ਦੀ ਲੋੜ ‘ਤੇ ਵੀ ਵਿਚਾਰ ਸਾਂਝੇ ਕੀਤੇ ਗਏ।

ਜ਼ੀਰਕਪੁਰ ਨੇੜੇ ਟੂਰਿਸਟ ਬੱਸ ਪਲਟੀ, ਕਰੀਬ 20 ਯਾਤਰੀ ਜ਼ਖਮੀ

ਜ਼ੀਰਕਪੁਰ :- ਜ਼ੀਰਕਪੁਰ ਵਿੱਚ ਏਅਰਪੋਰਟ ਲਾਈਟਾਂ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਟਰੱਕ ਅਤੇ ਟੂਰਿਸਟ ਬੱਸ ਵਿਚਾਲੇ ਟੱਕਰ ਹੋਣ ਤੋਂ ਬਾਅਦ ਬੱਸ ਸੜਕ ‘ਤੇ ਪਲਟ ਗਈ। ਹਾਦਸੇ ਦੌਰਾਨ ਬੱਸ ਵਿੱਚ ਸਵਾਰ ਕਰੀਬ 20 ਯਾਤਰੀ ਜ਼ਖਮੀ ਹੋ ਗਏ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੀ ਜਾਨ ਨਹੀਂ ਗਈ।

ਮਨਾਲੀ ਤੋਂ ਦਿੱਲੀ ਜਾ ਰਹੀ ਸੀ ਬੱਸ

ਮੁੱਢਲੀ ਜਾਣਕਾਰੀ ਮੁਤਾਬਕ ਟੂਰਿਸਟ ਬੱਸ ਮਨਾਲੀ ਤੋਂ ਦਿੱਲੀ ਵੱਲ ਜਾ ਰਹੀ ਸੀ ਅਤੇ ਇਸ ਵਿੱਚ ਲਗਭਗ 45 ਯਾਤਰੀ ਸਵਾਰ ਸਨ। ਜਦੋਂ ਬੱਸ ਜ਼ੀਰਕਪੁਰ ਦੇ ਰੁਸ਼ ਵਾਲੇ ਏਅਰਪੋਰਟ ਲਾਈਟ ਚੌਂਕ ਨੇੜੇ ਪਹੁੰਚੀ ਤਾਂ ਇੱਕ ਟਰੱਕ ਨਾਲ ਉਸ ਦੀ ਟੱਕਰ ਹੋ ਗਈ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਚਾਲਕ ਵਾਹਨ ‘ਤੇ ਕਾਬੂ ਨਹੀਂ ਰੱਖ ਸਕਿਆ ਅਤੇ ਬੱਸ ਸੜਕ ‘ਤੇ ਪਲਟ ਗਈ।

ਹਾਦਸੇ ਮਗਰੋਂ ਮਚੀ ਅਫ਼ਰਾਤਫ਼ਰੀ

ਬੱਸ ਪਲਟਣ ਨਾਲ ਮੌਕੇ ‘ਤੇ ਚੀਖ-ਪੁਕਾਰ ਮਚ ਗਈ। ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਮਦਦ ਕਾਰਜ ਸ਼ੁਰੂ ਕਰਦਿਆਂ ਜ਼ਖਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ।

ਹਾਦਸੇ ਕਾਰਨ ਇਲਾਕੇ ਵਿੱਚ ਭਾਰੀ ਟਰੈਫਿਕ ਜਾਮ ਵੀ ਲੱਗ ਗਿਆ। ਫਲਾਈਓਵਰ ਅਤੇ ਏਅਰਪੋਰਟ ਲਾਈਟਾਂ ਨੇੜੇ ਕਈ ਘੰਟਿਆਂ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ।

ਜ਼ਖਮੀਆਂ ਨੂੰ ਸੈਕਟਰ-32 ਹਸਪਤਾਲ ਭੇਜਿਆ ਗਿਆ

ਘਟਨਾ ਮਗਰੋਂ ਜ਼ਖਮੀਆਂ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਇੱਕ ਜਾਂ ਦੋ ਯਾਤਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਦਕਿ ਹੋਰਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

ਪੁਲਸ ਵੱਲੋਂ ਜਾਂਚ ਸ਼ੁਰੂ

ਸੂਚਨਾ ਮਿਲਦੇ ਹੀ ਪੁਲਸ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਟਰੱਕ ਚਾਲਕ ਅਤੇ ਬੱਸ ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

ਤੇਲ ਪੰਪਾਂ ਤੇ ਲੱਗੀਆਂ ਲੰਬੀਆਂ ਕਤਾਰਾਂ, ਮਹਿੰਗੇ ਇੰਧਨ ਨੇ ਵਧਾਈ ਲੋਕਾਂ ਦੀ ਚਿੰਤਾ, ਕਈ ਪੰਪ ਖਾਲੀ

ਅੰਮ੍ਰਿਤਸਰ :- ਪੰਜਾਬ ਵਿੱਚ ਪੈਟ੍ਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕੋ ਵਾਰ ਵੱਡਾ ਵਾਧਾ ਹੋਣ ਨਾਲ ਆਮ ਲੋਕਾਂ ਤੋਂ ਲੈ ਕੇ ਕਿਸਾਨਾਂ ਤੱਕ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸੂਬੇ ਵਿੱਚ ਦੋਵੇਂ ਇੰਧਨਾਂ ਦੀਆਂ ਕੀਮਤਾਂ ਵਿੱਚ ਕਰੀਬ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਪੈਟ੍ਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਪਹੁੰਚ ਗਈ ਹੈ।

ਕੀਮਤਾਂ ਵਧਣ ਦੀ ਖ਼ਬਰ ਫੈਲਦਿਆਂ ਹੀ ਲੋਕ ਵੱਡੀ ਗਿਣਤੀ ਵਿੱਚ ਪੈਟ੍ਰੋਲ ਪੰਪਾਂ ‘ਤੇ ਪਹੁੰਚਣ ਲੱਗੇ, ਜਿਸ ਕਾਰਨ ਕਈ ਥਾਵਾਂ ‘ਤੇ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਇੱਕ ਪੈਟ੍ਰੋਲ ਪੰਪ ‘ਤੇ ਤਾਂ ਤੇਲ ਹੀ ਖਤਮ ਹੋ ਗਿਆ ਅਤੇ ਪੰਪ ਡਰਾਈ ਹੋ ਗਿਆ।

ਕਈ ਸ਼ਹਿਰਾਂ ਵਿੱਚ ਪੈਟ੍ਰੋਲ 100 ਰੁਪਏ ਤੋਂ ਪਾਰ

ਨਵੀਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ ਜਲੰਧਰ ਵਿੱਚ ਪੈਟ੍ਰੋਲ 97.75 ਰੁਪਏ ਤੋਂ ਵਧ ਕੇ 100.54 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦਕਿ ਡੀਜ਼ਲ ਦੀ ਕੀਮਤ 90.45 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ।

ਲੁਧਿਆਣਾ ਵਿੱਚ ਪੈਟ੍ਰੋਲ ਦੀ ਕੀਮਤ 101 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ, ਜਦਕਿ ਪਠਾਨਕੋਟ ਵਿੱਚ ਇਹ 101.60 ਰੁਪਏ ਤੱਕ ਪਹੁੰਚ ਗਈ। ਚੰਡੀਗੜ੍ਹ ਵਿੱਚ ਵੀ ਪੈਟ੍ਰੋਲ 94.30 ਰੁਪਏ ਤੋਂ ਵਧ ਕੇ 97.44 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਕਿਸਾਨੀ ਖਰਚ ਵਧਣ ਦੀ ਚਿੰਤਾ

ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਭ ਤੋਂ ਵੱਡਾ ਅਸਰ ਖੇਤੀਬਾੜੀ ਸੈਕਟਰ ‘ਤੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਝੋਨੇ ਦੇ ਸੀਜ਼ਨ ਦੌਰਾਨ ਟ੍ਰੈਕਟਰਾਂ ਅਤੇ ਪੰਪਿੰਗ ਸੈੱਟਾਂ ਲਈ ਡੀਜ਼ਲ ਦੀ ਵੱਡੀ ਖਪਤ ਹੁੰਦੀ ਹੈ। ਅਜਿਹੇ ਵਿੱਚ ਕਿਸਾਨਾਂ ਦੀ ਲਾਗਤ ਵਧੇਗੀ ਅਤੇ ਖੇਤੀਬਾੜੀ ਹੋਰ ਮਹਿੰਗੀ ਹੋ ਸਕਦੀ ਹੈ।

ਆਵਾਜਾਈ ਅਤੇ ਰੋਜ਼ਾਨਾ ਖਰਚੇ ਵੀ ਵਧਣ ਦੇ ਆਸਾਰ

ਮਾਹਿਰਾਂ ਮੁਤਾਬਕ ਡੀਜ਼ਲ ਮਹਿੰਗਾ ਹੋਣ ਨਾਲ ਮਾਲ-ਭਾੜੇ ‘ਤੇ ਵੀ ਅਸਰ ਪਵੇਗਾ। ਇਸ ਕਾਰਨ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਸਬਜ਼ੀਆਂ, ਫਲ ਅਤੇ ਹੋਰ ਜ਼ਰੂਰੀ ਸਮਾਨ ਦੀਆਂ ਕੀਮਤਾਂ ਵਧ ਸਕਦੀਆਂ ਹਨ।

ਇਸ ਤੋਂ ਇਲਾਵਾ ਬੱਸਾਂ, ਆਟੋ-ਰਿਕਸ਼ਾ ਅਤੇ ਸਕੂਲ ਵੈਨਾਂ ਦੇ ਕਿਰਾਏ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਬਣ ਰਹੀ ਹੈ, ਜਿਸ ਨਾਲ ਆਮ ਲੋਕਾਂ ਦਾ ਮਹੀਨਾਵਾਰ ਖਰਚ ਹੋਰ ਵਧ ਸਕਦਾ ਹੈ।

ਸੰਜਮ ਨਾਲ ਤੇਲ ਵਰਤਣ ਦੀ ਅਪੀਲ

ਲੁਧਿਆਣਾ ਪੈਟ੍ਰੋਲ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਚਦੇਵਾ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ।

ਉਨ੍ਹਾਂ ਲੋਕਾਂ ਨੂੰ ਇੰਧਨ ਦੀ ਵਰਤੋਂ ਸੋਚ-ਸਮਝ ਕੇ ਕਰਨ ਦੀ ਸਲਾਹ ਦਿੱਤੀ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਤੇਲ ਦੀ ਖਪਤ ਵਿੱਚ ਸੰਜਮ ਰੱਖਣ ਦੀ ਅਪੀਲ ਕੀਤੀ ਜਾ ਚੁੱਕੀ ਹੈ।

ਕਿਰਾਏ ਵਧੇ? ਸੀਐਨਜੀ ਮਹਿੰਗੀ ਹੋਣ ਨਾਲ ਆਮ ਲੋਕਾਂ ਦੀ ਚਿੰਤਾ ਵਧੀ, ਦਿੱਲੀ-ਮੁੰਬਈ ਵਿੱਚ ਕੀਮਤਾਂ ਵਧਣ ਮਗਰੋਂ ਆਟੋ ਤੇ ਕੈਬ ਸੇਵਾਵਾਂ ‘ਤੇ ਪੈ ਸਕਦਾ ਹੈ ਅਸਰ

ਨਵੀਂ ਦਿੱਲੀ :- ਪੈਟਰੋਲ ਅਤੇ ਡੀਜ਼ਲ ਤੋਂ ਬਾਅਦ ਹੁਣ ਸੀਐਨਜੀ ਦੀਆਂ ਵਧਦੀਆਂ ਕੀਮਤਾਂ ਨੇ ਵੀ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਦਿੱਲੀ ਅਤੇ ਮੁੰਬਈ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਹੁਣ ਆਟੋ, ਟੈਕਸੀ ਅਤੇ ਕੈਬ ਕਿਰਾਏ ਵਧਣ ਦੇ ਆਸਾਰ ਬਣ ਗਏ ਹਨ। ਇਸ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ‘ਤੇ ਵਾਧੂ ਬੋਝ ਪੈ ਸਕਦਾ ਹੈ।

ਦਿੱਲੀ ਤੇ ਮੁੰਬਈ ਵਿੱਚ ਨਵੀਆਂ ਕੀਮਤਾਂ ਲਾਗੂ

ਦਿੱਲੀ ਵਿੱਚ ਸੀਐਨਜੀ ਦੀ ਕੀਮਤ 77.09 ਰੁਪਏ ਤੋਂ ਵਧਾ ਕੇ 79.09 ਰੁਪਏ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ। ਉੱਥੇ ਹੀ ਮੁੰਬਈ ਮਹਾਨਗਰ ਖੇਤਰ ਵਿੱਚ ਵੀ 2 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉੱਥੇ ਸੀਐਨਜੀ 84 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਹੋਰਮੁਜ਼ ਖੇਤਰ ਦੇ ਤਣਾਅ ਕਾਰਨ ਵਧੀਆਂ ਕੀਮਤਾਂ

ਮਾਹਿਰਾਂ ਮੁਤਾਬਕ ਅੰਤਰਰਾਸ਼ਟਰੀ ਪੱਧਰ ‘ਤੇ ਹੋਰਮੁਜ਼ ਜਲਡੰਮਰੂ ਦੇ ਨੇੜੇ ਬਣੇ ਤਣਾਅ ਕਾਰਨ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਇਸ ਦਾ ਅਸਰ ਵਿਸ਼ਵ ਬਾਜ਼ਾਰਾਂ ‘ਤੇ ਪਿਆ ਹੈ ਅਤੇ ਭਾਰਤ ਵਿੱਚ ਵੀ ਇੰਧਨ ਦੀਆਂ ਕੀਮਤਾਂ ‘ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਟਰਾਂਸਪੋਰਟ ਸੈਕਟਰ ‘ਤੇ ਵਧੇਗਾ ਦਬਾਅ

ਸੀਐਨਜੀ ਮਹਿੰਗੀ ਹੋਣ ਨਾਲ ਆਟੋ-ਰਿਕਸ਼ਾ, ਟੈਕਸੀ ਅਤੇ ਕੈਬ ਚਾਲਕਾਂ ਦੇ ਖਰਚ ਵਧਣੇ ਤੈਅ ਮੰਨੇ ਜਾ ਰਹੇ ਹਨ। ਅਜਿਹੇ ਵਿੱਚ ਟਰਾਂਸਪੋਰਟ ਯੂਨੀਅਨਾਂ ਵੱਲੋਂ ਕਿਰਾਏ ਵਧਾਉਣ ਦੀ ਮੰਗ ਉੱਠ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਜਾਣ ਵਾਲੇ ਲੋਕਾਂ ਦੀਆਂ ਜੇਬਾਂ ‘ਤੇ ਹੋਰ ਬੋਝ ਪਵੇਗਾ।

ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਵੀ ਹੋ ਸਕਦੀਆਂ ਮਹਿੰਗੀਆਂ

ਸੀਐਨਜੀ ਦੀਆਂ ਵਧੀਆਂ ਕੀਮਤਾਂ ਦਾ ਅਸਰ ਸਬਜ਼ੀਆਂ, ਫਲਾਂ ਅਤੇ ਹੋਰ ਜ਼ਰੂਰੀ ਸਮਾਨ ਦੀ ਢੁਆਈ ‘ਤੇ ਵੀ ਪੈ ਸਕਦਾ ਹੈ। ਛੋਟੇ ਵਪਾਰਕ ਵਾਹਨਾਂ ਦਾ ਵੱਡਾ ਹਿੱਸਾ ਸੀਐਨਜੀ ‘ਤੇ ਚੱਲਦਾ ਹੈ, ਜਿਸ ਕਾਰਨ ਆਵਾਜਾਈ ਖਰਚ ਵਧਣ ਨਾਲ ਮਹਿੰਗਾਈ ਹੋਰ ਵਧਣ ਦੇ ਸੰਕੇਤ ਮਿਲ ਰਹੇ ਹਨ।