Home Blog Page 377

ਚੰਡੀਗੜ੍ਹ ਦੇ ਪੈਟਰੋਲ ਪੰਪ ਤੇ ਤੇਲ ਦੀ ਲਿਮਟ ਲੱਗਣ ਨਾਲ ਮਚੀ ਹਲਚਲ, ਲੋਕਾਂ ਚ ਚਿੰਤਾ, ਅਸਲ ਵਜ੍ਹਾ ਆਈ ਸਾਹਮਣੇ!

ਚੰਡੀਗੜ੍ਹ :- ਚੰਡੀਗੜ੍ਹ ਵਿੱਚ ਸੋਮਵਾਰ ਨੂੰ ਕੁਝ ਪੈਟਰੋਲ ਪੰਪਾਂ ’ਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਹਲਕੀ ਚਿੰਤਾ ਦਾ ਮਾਹੌਲ ਬਣ ਗਿਆ, ਜਦੋਂ ਸੈਕਟਰ-17 ਸਥਿਤ ਇੱਕ ਪੈਟਰੋਲ ਪੰਪ ਦੇ ਬਾਹਰ ਵਾਹਨਾਂ ਲਈ ਤੇਲ ਦੀ ਸੀਮਾ ਸਬੰਧੀ ਨੋਟਿਸ ਲਗਾ ਦਿੱਤਾ ਗਿਆ। ਇਸ ਨੋਟਿਸ ਤੋਂ ਬਾਅਦ ਕਈ ਲੋਕਾਂ ਨੇ ਸ਼ਹਿਰ ਵਿੱਚ ਇੰਧਨ ਦੀ ਕਮੀ ਹੋਣ ਦੀਆਂ ਚਰਚਾਵਾਂ ਸ਼ੁਰੂ ਕਰ ਦਿੱਤੀਆਂ।

ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਤੈਅ ਕੀਤੀ ਗਈ ਸੀ ਹੱਦ

ਪੈਟਰੋਲ ਪੰਪ ਵੱਲੋਂ ਲਗਾਏ ਗਏ ਨੋਟਿਸ ਅਨੁਸਾਰ ਦੋਪਹੀਆ ਵਾਹਨਾਂ ਨੂੰ ਵੱਧ ਤੋਂ ਵੱਧ 500 ਰੁਪਏ ਤੱਕ ਅਤੇ ਕਾਰਾਂ ਸਮੇਤ ਚਾਰ ਪਹੀਆ ਵਾਹਨਾਂ ਨੂੰ 1500 ਰੁਪਏ ਤੱਕ ਦਾ ਹੀ ਪੈਟਰੋਲ ਜਾਂ ਡੀਜ਼ਲ ਦਿੱਤਾ ਜਾ ਰਿਹਾ ਸੀ। ਇਸ ਦੌਰਾਨ ਕਈ ਵਾਹਨ ਚਾਲਕਾਂ ਵਿੱਚ ਅਸਮੰਜਸ ਦੀ ਸਥਿਤੀ ਬਣੀ ਰਹੀ।

ਪੰਪ ਮਾਲਕ ਨੇ ਦਿੱਤੀ ਸਪੱਸ਼ਟੀਕਰਨ

ਮਾਮਲੇ ਸਬੰਧੀ ਜਦੋਂ ਪੈਟਰੋਲ ਪੰਪ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਪੈਟਰੋਲ ਜਾਂ ਡੀਜ਼ਲ ਸੰਕਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨ ਉਨ੍ਹਾਂ ਦੇ ਪੰਪ ’ਤੇ ਤੇਲ ਦੀ ਸਪਲਾਈ ਸਮੇਂ ਸਿਰ ਨਹੀਂ ਪਹੁੰਚੀ ਸੀ, ਜਿਸ ਕਾਰਨ ਸਟਾਕ ਸੀਮਿਤ ਰਹਿ ਗਿਆ ਸੀ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਕਰਮਚਾਰੀਆਂ ਵੱਲੋਂ ਅਸਥਾਈ ਤੌਰ ’ਤੇ ਨੋਟਿਸ ਲਗਾਇਆ ਗਿਆ ਸੀ।

ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ

ਪੈਟਰੋਲ ਪੰਪ ਮਾਲਕ ਨੇ ਮੰਨਿਆ ਕਿ ਨੋਟਿਸ ਕਾਰਨ ਲੋਕਾਂ ਵਿੱਚ ਗਲਤ ਸੰਦੇਸ਼ ਗਿਆ। ਉਨ੍ਹਾਂ ਕਿਹਾ ਕਿ ਹੁਣ ਨਵੀਂ ਸਪਲਾਈ ਆ ਚੁੱਕੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਸਧਾਰਣ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੋਟਿਸ ਹਟਾ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਹੈ।

ਸ਼ਹਿਰ ਵਿੱਚ ਆਮ ਤਰ੍ਹਾਂ ਜਾਰੀ ਹੈ ਸਪਲਾਈ

ਸੂਤਰਾਂ ਮੁਤਾਬਕ ਚੰਡੀਗੜ੍ਹ ਦੇ ਹੋਰ ਪੈਟਰੋਲ ਪੰਪਾਂ ’ਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਆਮ ਤਰ੍ਹਾਂ ਜਾਰੀ ਰਹੀ। ਪ੍ਰਸ਼ਾਸਨ ਵੱਲੋਂ ਵੀ ਕਿਸੇ ਤਰ੍ਹਾਂ ਦੀ ਘਾਟ ਜਾਂ ਐਮਰਜੈਂਸੀ ਸਥਿਤੀ ਤੋਂ ਇਨਕਾਰ ਕੀਤਾ ਗਿਆ ਹੈ।

ਅੰਮ੍ਰਿਤਸਰ ਪੁਲਸ ਨੂੰ ਵੱਡੀ ਕਾਮਯਾਬੀ; ਹਥਿਆਰਾਂ ਤੇ ਹੈਰੋਇਨ ਦੀ ਤਸਕਰੀ ਕਰਨ ਵਾਲਾ ਮਾਡਿਊਲ ਬੇਨਕਾਬ, ਇੱਕ ਕਾਬੂ

ਅੰਮ੍ਰਿਤਸਰ :- ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਵੱਡੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਕਾਰਵਾਈ ਦੌਰਾਨ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 7 ਆਧੁਨਿਕ ਪਿਸਤੌਲਾਂ ਅਤੇ 2.1 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ

ਇਸ ਸਬੰਧੀ ਜਾਣਕਾਰੀ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਵਿਦੇਸ਼ ਵਿੱਚ ਬੈਠੇ ਤਸਕਰਾਂ ਨਾਲ ਵਰਚੁਅਲ ਨੰਬਰਾਂ ਰਾਹੀਂ ਸੰਪਰਕ ਵਿੱਚ ਸੀ।

ਪੰਜਾਬ ‘ਚ ਸਪਲਾਈ ਲਈ ਮੰਗਵਾਈ ਜਾਂਦੀ ਸੀ ਖੇਪ

ਜਾਂਚ ਏਜੰਸੀਆਂ ਅਨੁਸਾਰ ਦੋਸ਼ੀ ਪੰਜਾਬ ਵਿੱਚ ਅੱਗੇ ਸਪਲਾਈ ਕਰਨ ਲਈ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ। ਪੁਲਸ ਨੂੰ ਸ਼ੱਕ ਹੈ ਕਿ ਇਹ ਮਾਡਿਊਲ ਲੰਬੇ ਸਮੇਂ ਤੋਂ ਸਰਗਰਮ ਸੀ ਅਤੇ ਇਸਦੇ ਹੋਰ ਕਈ ਸਾਥੀ ਵੀ ਹੋ ਸਕਦੇ ਹਨ।

ਸੀ-ਡਿਵੀਜ਼ਨ ਥਾਣੇ ‘ਚ ਮਾਮਲਾ ਦਰਜ

ਪੁਲਸ ਨੇ ਇਸ ਮਾਮਲੇ ਸਬੰਧੀ ਥਾਣਾ ਸੀ-ਡਿਵੀਜ਼ਨ ਵਿੱਚ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੇ ਪਿਛਲੇ ਅਤੇ ਅਗਲੇ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਸਾਥੀਆਂ ਦੀ ਭਾਲ ਜਾਰੀ

ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜਾਂਚ ਟੀਮ ਵੱਲੋਂ ਮਾਡਿਊਲ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਖੰਗਾਲਣ ਲਈ ਅਗਲੇਰੀ ਤਫ਼ਤੀਸ਼ ਜਾਰੀ ਹੈ।

ਅੰਮ੍ਰਿਤਸਰ ‘ਚ ਦੋਧੀਆਂ ਦਾ ਫੁੱਟਿਆ ਗੁੱਸਾ, ਡੀਸੀ ਦਫ਼ਤਰ ਅੱਗੇ ਦੁੱਧ ਰੋੜ ਕੇ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ :- ਨਕਲੀ ਦੁੱਧ ਅਤੇ ਪਨੀਰ ਦੇ ਕਥਿਤ ਕਾਰੋਬਾਰ ਨੂੰ ਲੈ ਕੇ ਅੱਜ ਦੋਧੀ ਯੂਨੀਅਨ ਅੰਮ੍ਰਿਤਸਰ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਗੁੱਸੇ ਵਿੱਚ ਆਏ ਯੂਨੀਅਨ ਮੈਂਬਰਾਂ ਨੇ ਸੜਕਾਂ ‘ਤੇ ਦੁੱਧ ਰੋੜ ਕੇ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਸਿੰਥੈਟਿਕ ਦੁੱਧ, ਨਕਲੀ ਪਨੀਰ ਅਤੇ ਖੋਆ ਤਿਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਸਿਹਤ ਖ਼ਤਰੇ ਵਿੱਚ ਪੈ ਰਹੀ ਹੈ ਅਤੇ ਅਸਲੀ ਦੁੱਧ ਵੇਚਣ ਵਾਲੇ ਪਸ਼ੂ ਪਾਲਕਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।

ਚਾਰ ਸਾਲਾਂ ਤੋਂ ਮੰਗਾਂ ਦੇ ਬਾਵਜੂਦ ਨਹੀਂ ਹੋਈ ਕਾਰਵਾਈ

ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਆਗੂ ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਹ ਲਗਾਤਾਰ ਪ੍ਰਸ਼ਾਸਨ ਅਤੇ ਸਿਵਲ ਸਰਜਨ ਕੋਲ ਮੰਗ ਪੱਤਰ ਦੇ ਰਹੇ ਹਨ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਗਏ, ਪਰ ਹੁਣ ਮਜਬੂਰੀ ਵੱਸ ਡੀਸੀ ਦਫ਼ਤਰ ਅੱਗੇ ਦੁੱਧ ਰੋੜ ਕੇ ਆਪਣਾ ਵਿਰੋਧ ਦਰਜ ਕਰਵਾਉਣਾ ਪਿਆ ਹੈ।

ਸ਼ਹਿਰ ਦੇ ਕਈ ਇਲਾਕਿਆਂ ‘ਚ ਨਕਲੀ ਦੁੱਧ ਬਣਨ ਦੇ ਲਗਾਏ ਦੋਸ਼

ਯੂਨੀਅਨ ਨੇ ਦਾਅਵਾ ਕੀਤਾ ਕਿ ਅਜਨਾਲਾ ਰੋਡ, ਬਟਾਲਾ ਰੋਡ, ਫਤਿਹਗੜ੍ਹ ਚੂੜੀਆਂ ਰੋਡ ਅਤੇ ਮੀਰਾਂਕੋਟ ਸਮੇਤ ਕਈ ਇਲਾਕਿਆਂ ਵਿੱਚ ਨਕਲੀ ਦੁੱਧ ਅਤੇ ਪਨੀਰ ਬਣਾਉਣ ਵਾਲੀਆਂ ਇਕਾਈਆਂ ਖੁੱਲ੍ਹੇਆਮ ਚੱਲ ਰਹੀਆਂ ਹਨ। ਆਗੂਆਂ ਨੇ ਸਵਾਲ ਕੀਤਾ ਕਿ ਜੇ ਇਹ ਕਾਰੋਬਾਰ ਆਮ ਲੋਕਾਂ ਨੂੰ ਦਿਸ ਰਹੇ ਹਨ ਤਾਂ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਨਿਗਰਾਨੀ ਤੋਂ ਕਿਵੇਂ ਬਚੇ ਹੋਏ ਹਨ।

ਸਸਤੇ ਰੇਟਾਂ ‘ਤੇ ਵਿਕ ਰਿਹਾ ਕਥਿਤ ਨਕਲੀ ਸਮਾਨ

ਕਰਮਜੀਤ ਸਿੰਘ ਨੰਗਲੀ ਨੇ ਕਿਹਾ ਕਿ ਬਾਜ਼ਾਰ ਵਿੱਚ ਕਥਿਤ ਤੌਰ ‘ਤੇ 40 ਤੋਂ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਨਕਲੀ ਦੁੱਧ ਅਤੇ ਕਰੀਬ 160 ਰੁਪਏ ਕਿਲੋ ਦੇ ਰੇਟ ‘ਤੇ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲੀ ਦੁੱਧ ਅਤੇ ਪਨੀਰ ਦੀ ਲਾਗਤ ਇਸ ਤੋਂ ਕਾਫੀ ਵੱਧ ਹੁੰਦੀ ਹੈ, ਪਰ ਲੋਕ ਸਸਤੇ ਭਾਅ ਦੇ ਚੱਕਰ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਉਤਪਾਦ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ।

ਸਿਵਲ ਸਰਜਨ ਦੇ ਬਿਆਨ ‘ਤੇ ਵੀ ਉੱਠੇ ਸਵਾਲ

ਯੂਨੀਅਨ ਆਗੂਆਂ ਨੇ ਸਿਵਲ ਸਰਜਨ ‘ਤੇ ਵੀ ਨਾਰਾਜ਼ਗੀ ਜਤਾਈ। ਉਨ੍ਹਾਂ ਦਾ ਦੋਸ਼ ਸੀ ਕਿ ਜਦੋਂ ਉਹ ਇਸ ਮਸਲੇ ਨੂੰ ਲੈ ਕੇ ਸਿਵਲ ਸਰਜਨ ਕੋਲ ਪਹੁੰਚੇ ਤਾਂ ਉਨ੍ਹਾਂ ਕਥਿਤ ਤੌਰ ‘ਤੇ ਕਿਹਾ ਕਿ “ਨਕਲੀ ਦੁੱਧ ਵਰਗੀ ਕੋਈ ਚੀਜ਼ ਨਹੀਂ ਹੁੰਦੀ।” ਯੂਨੀਅਨ ਨੇ ਇਸ ਬਿਆਨ ਨੂੰ ਲੋਕਾਂ ਦੀ ਸਿਹਤ ਨਾਲ ਖੇਡਣ ਦੇ ਬਰਾਬਰ ਕਰਾਰ ਦਿੱਤਾ।

ਛਾਪੇਮਾਰੀ ਅਤੇ ਸਖ਼ਤ ਕਾਰਵਾਈ ਦੀ ਮੰਗ

ਦੋਧੀ ਯੂਨੀਅਨ ਨੇ ਮੰਗ ਕੀਤੀ ਕਿ ਨਕਲੀ ਦੁੱਧ ਅਤੇ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ‘ਤੇ ਤੁਰੰਤ ਛਾਪੇਮਾਰੀ ਕੀਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ। ਇਸਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਉਣ ਦੀ ਵੀ ਮੰਗ ਕੀਤੀ ਗਈ।

NRI ਮਹਿਲਾ ਕਤਲ ਕੇਸ ‘ਚ ਵੱਡਾ ਖੁਲਾਸਾ, ਸਾਬਕਾ SHO ਤੇ ਹੈੱਡ ਕਾਂਸਟੇਬਲ ਖ਼ਿਲਾਫ਼ ਮਾਮਲਾ ਦਰਜ, ਸਬੂਤਾਂ ਨਾਲ ਛੇੜਛਾੜ ਦੇ ਦੋਸ਼

ਲੁਧਿਆਣਾ :- ਸ਼ਹਿਰ ਦੇ ਚਰਚਿਤ NRI ਮਹਿਲਾ ਕਤਲ ਮਾਮਲੇ ਦੀ ਜਾਂਚ ਦੌਰਾਨ ਹੁਣ ਪੁਲਿਸ ਮਹਿਕਮੇ ਅੰਦਰੋਂ ਹੀ ਗੰਭੀਰ ਗੜਬੜੀਆਂ ਸਾਹਮਣੇ ਆਈਆਂ ਹਨ। ਡੇਹਲੋਂ ਥਾਣੇ ਦੇ ਤਤਕਾਲੀ SHO ਇੰਸਪੈਕਟਰ ਸੁਖਜਿੰਦਰ ਸਿੰਘ ਅਤੇ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਉੱਤੇ ਜਾਂਚ ਦੌਰਾਨ ਰਿਕਾਰਡ ਨਾਲ ਹੇਰਾਫੇਰੀ ਕਰਨ, ਸਬੂਤਾਂ ਨੂੰ ਪ੍ਰਭਾਵਿਤ ਕਰਨ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਇਲਜ਼ਾਮ ਲੱਗੇ ਹਨ।

SIT ਜਾਂਚ ਦੌਰਾਨ ਸਾਹਮਣੇ ਆਈਆਂ ਗੰਭੀਰ ਗੜਬੜੀਆਂ

ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਨੇ ਕੇਸ ਦੀ ਜਾਂਚ ਦੌਰਾਨ ਕਈ ਅਜਿਹੇ ਤੱਥ ਸਾਹਮਣੇ ਲਿਆਂਦੇ, ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ। ਜਾਂਚ ਵਿੱਚ ਪਤਾ ਲੱਗਿਆ ਕਿ ਕੇਸ ਫਾਈਲ ਵਿੱਚ ਦਰਜ ਕੁਝ ਬਿਆਨਾਂ ਅਤੇ ਦਸਤਾਵੇਜ਼ਾਂ ‘ਚ ਸ਼ੱਕੀ ਤਬਦੀਲੀਆਂ ਕੀਤੀਆਂ ਗਈਆਂ ਸਨ।

72 ਸਾਲਾ NRI ਮਹਿਲਾ ਦੇ ਕਤਲ ਨਾਲ ਜੁੜਿਆ ਮਾਮਲਾ

ਇਹ ਪੂਰਾ ਮਾਮਲਾ 72 ਸਾਲਾ NRI ਮਹਿਲਾ ਰੁਪਿੰਦਰ ਕੌਰ ਦੇ ਕਤਲ ਨਾਲ ਸੰਬੰਧਿਤ ਹੈ, ਜੋ ਅਮਰੀਕਾ ਵਿੱਚ ਰਹਿੰਦੀ ਸੀ। 18 ਅਗਸਤ 2025 ਨੂੰ ਕਿਲਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਰੁਪਿੰਦਰ ਕੌਰ ਦਿੱਲੀ ਹਵਾਈ ਅੱਡੇ ਲਈ ਘਰੋਂ ਨਿਕਲੀ ਸੀ ਪਰ ਉਸ ਤੋਂ ਬਾਅਦ ਲਾਪਤਾ ਹੋ ਗਈ।

ਜਾਂਚ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮਹਿਲਾ ਦਾ ਕਤਲ ਸੁਖਜੀਤ ਸਿੰਘ ਦੇ ਘਰ ਦੇ ਸਟੋਰ ਰੂਮ ਵਿੱਚ ਕੀਤਾ ਗਿਆ। ਇਲਜ਼ਾਮ ਸੀ ਕਿ ਵਾਰਦਾਤ ਤੋਂ ਬਾਅਦ ਲਾਸ਼ ਨੂੰ ਅੱਗ ਲਗਾ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ CCTV ਕੈਮਰੇ ਤੇ ਫਰਸ਼ ਤੱਕ ਬਦਲ ਦਿੱਤੇ ਗਏ।

50 ਲੱਖ ਰੁਪਏ ਦੇ ਲਾਲਚ ‘ਚ ਕਰਵਾਇਆ ਗਿਆ ਕਤਲ !

ਪੁਲਿਸ ਜਾਂਚ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੁਖਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਕਥਿਤ ਤੌਰ ‘ਤੇ ਖੁਲਾਸਾ ਕੀਤਾ ਕਿ ਇਹ ਕਤਲ UK ਵਿੱਚ ਰਹਿੰਦੇ NRI ਚਰਨਜੀਤ ਸਿੰਘ ਦੇ ਕਹਿਣ ‘ਤੇ ਕੀਤਾ ਗਿਆ ਸੀ। ਉਸ ਨੂੰ ਇਸ ਦੇ ਬਦਲੇ 50 ਲੱਖ ਰੁਪਏ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਚਰਨਜੀਤ ਸਿੰਘ, ਉਸਦਾ ਭਰਾ ਮਨਵੀਰ ਸਿੰਘ ਉਰਫ਼ ਮਨੀ ਪਹਿਲਵਾਨ ਅਤੇ ਦਾਨਿਸ਼ ਉਰਫ਼ ਦਿਨੇਸ਼ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ।

ਸੜੀਆਂ ਹੱਡੀਆਂ ਤੋਂ ਲੈ ਕੇ ਆਈਫੋਨ ਤੱਕ ਹੋਈਆਂ ਬਰਾਮਦਗੀਆਂ

ਜਾਂਚ ਏਜੰਸੀਆਂ ਵੱਲੋਂ ਮਾਮਲੇ ਵਿੱਚ ਕਈ ਅਹਿਮ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਦੇ ਅਨੁਸਾਰ ਸੜੀਆਂ ਹੋਈਆਂ ਹੱਡੀਆਂ, ਆਈਫੋਨ ਦੇ ਅਵਸ਼ੇਸ਼, ਫਰਸ਼ ਤੋੜਨ ਲਈ ਵਰਤਿਆ ਗਿਆ ਹਥੌੜਾ ਅਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮਹਿਲਾ ਦੇ ਵੌਇਸ ਨੋਟ, ਚੈਟਾਂ ਅਤੇ ਸਕ੍ਰੀਨਸ਼ਾਟ ਵੀ ਸਾਹਮਣੇ ਆਏ, ਜਿਨ੍ਹਾਂ ਵਿੱਚ ਉਸ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਕੀਤੀ ਸੀ।

ਮਰੇ ਹੋਏ ਵਿਅਕਤੀ ਦਾ ਬਿਆਨ ਦਰਜ ਹੋਣ ਨਾਲ ਖੁੱਲ੍ਹਿਆ ਰਾਜ

ਮਾਮਲੇ ਨੇ ਉਸ ਵੇਲੇ ਹੋਰ ਸਨਸਨੀਖੇਜ਼ ਮੋੜ ਲਿਆ ਜਦੋਂ ਮੁਲਜ਼ਮ ਮਨਵੀਰ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਾਇਰ ਕਰਦਿਆਂ ਦਾਅਵਾ ਕੀਤਾ ਕਿ ਕੇਸ ਵਿੱਚ ਇੱਕ ਮਰੇ ਹੋਏ ਵਿਅਕਤੀ ਦਾ ਬਿਆਨ ਦਰਜ ਕੀਤਾ ਗਿਆ ਹੈ।

ਪਟੀਸ਼ਨ ਮੁਤਾਬਕ ਗੁਰਪ੍ਰੀਤ ਸਿੰਘ ਨਾਮ ਦੇ ਵਿਅਕਤੀ ਦਾ ਬਿਆਨ 19 ਸਤੰਬਰ 2025 ਨੂੰ ਦਰਸਾਇਆ ਗਿਆ ਸੀ, ਜਦਕਿ ਉਸਦੀ ਮੌਤ ਇਸ ਤੋਂ ਕਈ ਮਹੀਨੇ ਪਹਿਲਾਂ 29 ਮਈ 2025 ਨੂੰ ਹੋ ਚੁੱਕੀ ਸੀ।

ਜਾਅਲੀ ਦਸਤਖ਼ਤਾਂ ਨੇ ਖੜ੍ਹੇ ਕੀਤੇ ਵੱਡੇ ਸਵਾਲ

SIT ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਿਵਾਦਿਤ ਬਿਆਨ ‘ਤੇ SHO ਦੇ ਅਸਲੀ ਦਸਤਖ਼ਤ ਨਹੀਂ ਸਨ। ਇਸ ਤੋਂ ਬਾਅਦ ਸਾਬਕਾ SHO ਨੇ ਖੁਦ ਲਿਖਤੀ ਸਪਸ਼ਟੀਕਰਨ ਦੇ ਕੇ ਦਸਤਖ਼ਤ ਜਾਅਲੀ ਹੋਣ ਦੀ ਗੱਲ ਕਹੀ। ਜਾਂਚ ਦੌਰਾਨ ਇੱਕ ਹੋਰ ਅਜਿਹਾ ਬਿਆਨ ਵੀ ਸਾਹਮਣੇ ਆਇਆ ਜਿਸ ‘ਤੇ ਕਥਿਤ ਤੌਰ ‘ਤੇ ਫਰਜ਼ੀ ਦਸਤਖ਼ਤ ਕੀਤੇ ਗਏ ਸਨ। ਇਸ ਮਗਰੋਂ ਪੁਲਿਸ ਨੇ IPC ਦੀਆਂ ਧਾਰਾਵਾਂ 228, 229, 336(1) ਅਤੇ 340(2) ਤਹਿਤ ਨਵਾਂ ਮਾਮਲਾ ਦਰਜ ਕਰਕੇ ਜਾਂਚ ਹੋਰ ਤੇਜ਼ ਕਰ ਦਿੱਤੀ ਹੈ।

ਕੋਟਕਪੂਰਾ ‘ਚ ਬੀਸੀਏ ਵਿਦਿਆਰਥੀ ਨੇ ਫਾਹਾ ਲਾ ਕੇ ਕੀਤੀ ਖੁਦਕੁਸ਼ੀ ਕਿਰਾਏ ਦੇ ਕਮਰੇ ‘ਚ ਲਟਕਦੀ ਮਿਲੀ 22 ਸਾਲਾ ਨੌਜਵਾਨ ਦੀ ਲਾਸ਼

ਕੋਟਕਪੂਰਾ :- ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਨੇੜੇ ਇੱਕ ਕਿਰਾਏ ਦੇ ਕਮਰੇ ਵਿੱਚ ਰਹਿ ਰਹੇ ਬੀਸੀਏ ਦੇ ਵਿਦਿਆਰਥੀ ਵੱਲੋਂ ਫਾਹਾ ਲਾ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਫਾਜ਼ਿਲਕਾ ਦੇ ਆਦਰਸ਼ ਨਗਰ ਵਾਸੀ 22 ਸਾਲਾ ਨਿਪੁੰਨ ਪੁੱਤਰ ਰਜੇਸ਼ ਕੁਮਾਰ ਵਜੋਂ ਹੋਈ ਹੈ, ਜੋ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿੱਚ ਬੀਸੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ।

ਫੋਨ ਨਾ ਚੁੱਕਣ ‘ਤੇ ਪਰਿਵਾਰ ਨੂੰ ਹੋਇਆ ਸ਼ੱਕ

ਮਿਲੀ ਜਾਣਕਾਰੀ ਅਨੁਸਾਰ ਨਿਪੁੰਨ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਨਵੇਂ ਬੱਸ ਸਟੈਂਡ ਨੇੜੇ ਇੱਕ ਗਲੀ ਵਿੱਚ ਕਿਰਾਏ ਦੇ ਕਮਰੇ ਵਿੱਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਐਤਵਾਰ ਸਵੇਰੇ ਜਦੋਂ ਉਸ ਨੇ ਪਰਿਵਾਰਕ ਮੈਂਬਰਾਂ ਦੀਆਂ ਕਈ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਤਾਂ ਪਰਿਵਾਰ ਨੂੰ ਚਿੰਤਾ ਹੋਈ। ਇਸ ਤੋਂ ਬਾਅਦ ਉਨ੍ਹਾਂ ਮਕਾਨ ਮਾਲਕ ਨਾਲ ਸੰਪਰਕ ਕੀਤਾ।

ਪੁਲਿਸ ਦੀ ਮੌਜੂਦਗੀ ਵਿੱਚ ਖੋਲ੍ਹਿਆ ਗਿਆ ਦਰਵਾਜ਼ਾ

ਮਕਾਨ ਮਾਲਕ ਵੱਲੋਂ ਕਮਰੇ ਦੀ ਜਾਂਚ ਕਰਨ ਦੌਰਾਨ ਦਰਵਾਜ਼ਾ ਅੰਦਰੋਂ ਬੰਦ ਮਿਲਿਆ। ਕਾਫੀ ਸਮੇਂ ਤੱਕ ਕੋਈ ਜਵਾਬ ਨਾ ਮਿਲਣ ‘ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਗਿਆ। ਅੰਦਰ ਨਿਪੁੰਨ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।

ਪੋਸਟਮਾਰਟਮ ਲਈ ਭੇਜੀ ਗਈ ਲਾਸ਼

ਥਾਣਾ ਸਿਟੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

ਅੱਜ ਹੀ ਸੀ ਵਿਦਿਆਰਥੀ ਦਾ ਪੇਪਰ

ਮਕਾਨ ਮਾਲਕ ਜਤਿੰਦਰ ਸਿੰਘ ਨੇ ਦੱਸਿਆ ਕਿ ਨਿਪੁੰਨ ਸ਼ਾਂਤ ਸੁਭਾਅ ਦਾ ਲੜਕਾ ਸੀ ਅਤੇ ਪੜ੍ਹਾਈ ਵਿੱਚ ਧਿਆਨ ਦੇਣ ਵਾਲਾ ਵਿਦਿਆਰਥੀ ਸੀ। ਜਾਣਕਾਰੀ ਮੁਤਾਬਕ ਅੱਜ ਉਸਦਾ ਪੇਪਰ ਵੀ ਸੀ। ਹਾਲਾਂਕਿ ਪੁਲਿਸ ਨੇ ਅਜੇ ਤੱਕ ਪੜ੍ਹਾਈ ਦੇ ਦਬਾਅ ਜਾਂ ਕਿਸੇ ਹੋਰ ਕਾਰਨ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ।

ਪਰਿਵਾਰਕ ਬਿਆਨਾਂ ਦੇ ਆਧਾਰ ‘ਤੇ ਹੋਵੇਗੀ ਅਗਲੀ ਕਾਰਵਾਈ

ਥਾਣਾ ਸਿਟੀ ਦੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੇ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਲੁਧਿਆਣਾ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਹਲਵਾਰਾ ਏਅਰਪੋਰਟ ਤੇ ਰੇਲਵੇ ਟਰੈਕ ਨੂੰ ਵੀ ਨਿਸ਼ਾਨਾ ਬਣਾਉਣ ਦੀ ਚੇਤਾਵਨੀ

ਲੁਧਿਆਣਾ :- ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਚਾਰ ਨਾਮੀ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਧਮਾਕਿਆਂ ਦੀ ਧਮਕੀ ਮਿਲੀ। ਧਮਕੀ ਭਰੇ ਸੁਨੇਹੇ ਵਿੱਚ ਨਾ ਸਿਰਫ਼ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ, ਸਗੋਂ ਹਲਵਾਰਾ ਏਅਰਪੋਰਟ ਦੀ ਪਾਰਕਿੰਗ ਅਤੇ ਧੂਰੀ-ਦਿੱਲੀ ਰੇਲਵੇ ਲਾਈਨ ਨੂੰ ਵੀ ਉਡਾਉਣ ਦੀ ਚੇਤਾਵਨੀ ਦਿੱਤੀ ਗਈ।

ਚਾਰ ਮਸ਼ਹੂਰ ਸਕੂਲਾਂ ਦੇ ਨਾਮ ਆਏ ਸਾਹਮਣੇ

ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ ਹੈ, ਉਨ੍ਹਾਂ ਵਿੱਚ ਦੁੱਗਰੀ ਇਲਾਕੇ ਦਾ ਬਾਲ ਭਾਰਤੀ ਸਕੂਲ, ਡੀਏਵੀ ਸਕੂਲ, ਸੈਕਰਡ ਹਾਰਟ ਸਕੂਲ ਅਤੇ ਦਿ ਏਸ਼ੀਅਨ ਸਕੂਲ ਸ਼ਾਮਲ ਹਨ। ਈ-ਮੇਲ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਨਾਂ ਨੇ ਤੁਰੰਤ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਦਿੱਤੀ।

ਸਕੂਲ ਖਾਲੀ ਕਰਵਾ ਕੇ ਚਲਾਈ ਗਈ ਤਲਾਸ਼ੀ ਮੁਹਿੰਮ

ਸੂਚਨਾ ਮਿਲਦਿਆਂ ਹੀ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਵੱਖ-ਵੱਖ ਸਕੂਲਾਂ ਵਿੱਚ ਪਹੁੰਚ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕੈਂਪਸ ਖਾਲੀ ਕਰਵਾ ਕੇ ਹਰ ਕੋਨੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ।

ਹਲਵਾਰਾ ਏਅਰਪੋਰਟ ਅਤੇ ਰੇਲਵੇ ਟਰੈਕ ਵੀ ਅਲਰਟ ‘ਤੇ

ਧਮਕੀ ਭਰੇ ਈ-ਮੇਲ ਵਿੱਚ ਹਲਵਾਰਾ ਏਅਰਪੋਰਟ ਦੀ ਪਾਰਕਿੰਗ ਵਿੱਚ ਧਮਾਕਾ ਕਰਨ ਅਤੇ ਧੂਰੀ ਤੋਂ ਦਿੱਲੀ ਜਾਣ ਵਾਲੇ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਲਿਖੀ ਗਈ ਸੀ। ਇਸ ਤੋਂ ਬਾਅਦ ਏਅਰਪੋਰਟ ਸੁਰੱਖਿਆ ਬਲਾਂ ਅਤੇ ਰੇਲਵੇ ਸੁਰੱਖਿਆ ਏਜੰਸੀਆਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ।

ਸਾਈਬਰ ਸੈੱਲ ਕਰ ਰਹੀ ਈ-ਮੇਲ ਦੀ ਜਾਂਚ

ਪੁਲਿਸ ਵੱਲੋਂ ਧਮਕੀ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਾਈਬਰ ਸੈੱਲ ਦੀ ਮਦਦ ਨਾਲ ਈ-ਮੇਲ ਦੇ ਸਰੋਤ, ਆਈਪੀ ਐਡਰੈੱਸ ਅਤੇ ਲੋਕੇਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਿਸ ਨੇ ਕਿਹਾ- ਮਾਮਲੇ ਨੂੰ ਗੰਭੀਰਤਾ ਨਾਲ ਲਿਆ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਰਿਹਾ ਅਤੇ ਹਰ ਪੱਖ ਤੋਂ ਜਾਂਚ ਜਾਰੀ ਹੈ। ਫਿਲਹਾਲ ਕਿਸੇ ਵੀ ਸ਼ੱਕੀ ਵਸਤੂ ਦੀ ਬਰਾਮਦਗੀ ਦੀ ਪੁਸ਼ਟੀ ਨਹੀਂ ਹੋਈ, ਪਰ ਸੁਰੱਖਿਆ ਪ੍ਰਬੰਧ ਪੂਰੀ ਤਰ੍ਹਾਂ ਸਖ਼ਤ ਕਰ ਦਿੱਤੇ ਗਏ ਹਨ।

ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ, ਭਾਜਪਾ ਆਗੂ ਨੇ ਮੁੱਖ ਮੰਤਰੀ ਮਾਨ ਨੂੰ ਲਿਖਿਆ ਪੱਤਰ

ਚੰਡੀਗੜ੍ਹ :- ਭਾਰਤੀ ਜਨਤਾ ਪਾਰਟੀ ਦੇ ਆਗੂ ਡਾ. ਜਗਮੋਹਨ ਸਿੰਘ ਰਾਜੂ ਨੇ ਪੰਜਾਬ ਵਿੱਚ ਘਟ ਰਹੀ ਸਿੱਖ ਆਬਾਦੀ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਇਸ ਮਸਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸਿੱਖ ਪਰਿਵਾਰਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਪ੍ਰੋਤਸਾਹਿਤ ਕਰਨ ਦੀ ਮੰਗ ਕੀਤੀ ਹੈ।

ਸਿੱਖ ਜਨਸੰਖਿਆ ਵਿੱਚ ਗਿਰਾਵਟ ਨੂੰ ਦੱਸਿਆ ਗੰਭੀਰ ਮਾਮਲਾ

ਡਾ. ਰਾਜੂ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਪੰਜਾਬ ਵਿੱਚ ਸਿੱਖ ਆਬਾਦੀ ਲਗਾਤਾਰ ਘੱਟ ਰਹੀ ਹੈ, ਜੋ ਭਵਿੱਖ ਲਈ ਚਿੰਤਾਜਨਕ ਸੰਕੇਤ ਹਨ। ਉਨ੍ਹਾਂ ਦਲੀਲ ਦਿੱਤੀ ਕਿ ਇਹ ਮਾਮਲਾ ਸਿਰਫ਼ ਜਨਸੰਖਿਆ ਨਾਲ ਨਹੀਂ, ਸਗੋਂ ਸਿੱਖ ਭਾਈਚਾਰੇ ਦੇ ਸਮਾਜਿਕ ਅਤੇ ਸੱਭਿਆਚਾਰਕ ਅਸਤਿਤਵ ਨਾਲ ਵੀ ਜੁੜਿਆ ਹੋਇਆ ਹੈ।

ਨੈਸ਼ਨਲ ਫੈਮਿਲੀ ਹੈਲਥ ਸਰਵੇ ਦਾ ਦਿੱਤਾ ਹਵਾਲਾ

ਭਾਜਪਾ ਆਗੂ ਨੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਦੇ ਮੁੱਖ ਭਾਈਚਾਰਿਆਂ ਵਿੱਚ ਸਿੱਖਾਂ ਦੀ ਜਨਮ ਦਰ ਸਭ ਤੋਂ ਘੱਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਲ 1991 ਵਿੱਚ ਪੰਜਾਬ ਵਿੱਚ ਸਿੱਖਾਂ ਦੀ ਆਬਾਦੀ 62.95 ਫ਼ੀਸਦੀ ਸੀ, ਜੋ 2011 ਦੀ ਜਨਗਣਨਾ ਮੁਤਾਬਕ ਘੱਟ ਕੇ 57.69 ਫ਼ੀਸਦੀ ਰਹਿ ਗਈ।

ਤੀਸਰੇ ਅਤੇ ਚੌਥੇ ਬੱਚੇ ਲਈ ਆਰਥਿਕ ਮਦਦ ਦੀ ਮੰਗ

ਡਾ. ਜਗਮੋਹਨ ਸਿੰਘ ਰਾਜੂ ਨੇ ਪੱਤਰ ਵਿੱਚ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਨੂੰ ਆਂਧਰਾ ਪ੍ਰਦੇਸ਼ ਦੀ ਤਰਜ਼ ‘ਤੇ ਪ੍ਰੋਤਸਾਹਨ ਯੋਜਨਾ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੀਸਰੇ ਬੱਚੇ ਦੇ ਜਨਮ ‘ਤੇ 30 ਹਜ਼ਾਰ ਰੁਪਏ ਅਤੇ ਚੌਥੇ ਬੱਚੇ ‘ਤੇ 40 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ।

ਉਨ੍ਹਾਂ ਦੇ ਅਨੁਸਾਰ ਇਸ ਤਰ੍ਹਾਂ ਦੀ ਯੋਜਨਾ ਨਾਲ ਪਰਿਵਾਰਾਂ ਨੂੰ ਆਰਥਿਕ ਸਹਾਰਾ ਮਿਲੇਗਾ ਅਤੇ ਸਿੱਖ ਆਬਾਦੀ ਵਿੱਚ ਆ ਰਹੀ ਗਿਰਾਵਟ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

ਦੇਸ਼ ਲਈ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਕੀਤਾ ਜ਼ਿਕਰ

ਭਾਜਪਾ ਆਗੂ ਨੇ ਆਪਣੇ ਪੱਤਰ ਵਿੱਚ ਸਿੱਖ ਭਾਈਚਾਰੇ ਵੱਲੋਂ ਦੇਸ਼ ਦੀ ਆਜ਼ਾਦੀ ਲਹਿਰ, ਰੱਖਿਆ ਖੇਤਰ, ਖੇਤੀਬਾੜੀ ਅਤੇ ਹੋਰ ਕਈ ਮੈਦਾਨਾਂ ਵਿੱਚ ਦਿੱਤੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਸਿੱਖ ਸਮਾਜ ਦੀ ਜਨਸੰਖਿਆਕ ਮਜ਼ਬੂਤੀ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ।

ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ‘ਚ ਚਰਚਾ ਸ਼ੁਰੂ

ਇਸ ਪੱਤਰ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਮੰਗ ‘ਤੇ ਕੋਈ ਵਿਚਾਰ ਕਰਦੀ ਹੈ ਜਾਂ ਨਹੀਂ।

ਅਕਾਲੀ ਦਲ (ਵਾਰਿਸ ਪੰਜਾਬ ਦੇ) ਤੇ ਅਕਾਲੀ ਦਲ ਪੁਨਰ ਸੁਰਜੀਤ ਵਿਚਕਾਰ ਗਠਜੋੜ ਟੁੱਟਿਆ!

ਅੰਮ੍ਰਿਤਸਰ :- ਪੰਜਾਬ ਦੀ ਪੰਥਕ ਰਾਜਨੀਤੀ ਨਾਲ ਜੁੜੀ ਇੱਕ ਵੱਡੀ ਸਿਆਸੀ ਹਲਚਲ ਦੌਰਾਨ ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਅਕਾਲੀ ਦਲ ਪੁਨਰ ਸੁਰਜੀਤ ਵਿਚਕਾਰ ਚੱਲ ਰਹੀਆਂ ਗਠਜੋੜ ਸੰਬੰਧੀ ਗੱਲਬਾਤਾਂ ਪੂਰੀ ਤਰ੍ਹਾਂ ਅਸਫਲ ਹੋ ਗਈਆਂ ਹਨ। ਪਿਛਲੇ ਕਈ ਹਫ਼ਤਿਆਂ ਤੋਂ ਦੋਵਾਂ ਧਿਰਾਂ ਵਿਚਕਾਰ ਲਗਾਤਾਰ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਦੇ ਬਾਵਜੂਦ ਕੋਈ ਸਾਂਝਾ ਰਾਹ ਨਹੀਂ ਨਿਕਲ ਸਕਿਆ।

ਵਾਰਿਸ ਪੰਜਾਬ ਦੇ ਧੜੇ ਨੇ ਜਾਰੀ ਕੀਤਾ ਸਾਂਝਾ ਬਿਆਨ

ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸਬੰਧੀ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਗਠਜੋੜ ਦੀ ਕੋਸ਼ਿਸ਼ ਵਿਚਾਰਧਾਰਕ ਮਤਭੇਦਾਂ ਕਾਰਨ ਟੁੱਟ ਗਈ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਕੁਝ ਅਜਿਹੇ ਚਿਹਰਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਸੀ, ਜੋ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਪਹਿਲਾਂ ਹੀ ਗੁਆ ਚੁੱਕੇ ਹਨ।

18 ਅਪ੍ਰੈਲ ਨੂੰ ਬਣਾਈ ਗਈ ਸੀ ਤਾਲਮੇਲ ਕਮੇਟੀ

ਕਮੇਟੀ ਅਨੁਸਾਰ ਪੰਥਕ ਏਕਤਾ ਨੂੰ ਧਿਆਨ ਵਿੱਚ ਰੱਖਦਿਆਂ 18 ਅਪ੍ਰੈਲ ਨੂੰ ਅੱਠ ਮੈਂਬਰੀ ਤਾਲਮੇਲ ਪੈਨਲ ਬਣਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਕਈ ਗੇੜਾਂ ਦੀਆਂ ਮੀਟਿੰਗਾਂ ਹੋਈਆਂ ਤਾਂ ਜੋ ਸਾਂਝੀ ਰਾਜਨੀਤਿਕ ਰਣਨੀਤੀ ਅਤੇ ਇਕੱਠੇ ਚੱਲਣ ਦਾ ਫਾਰਮੂਲਾ ਤਿਆਰ ਕੀਤਾ ਜਾ ਸਕੇ। ਪਰ ਅਹਿਮ ਮੁੱਦਿਆਂ ‘ਤੇ ਸਹਿਮਤੀ ਨਾ ਬਣ ਸਕੀ।

ਅਕਾਲ ਤਖ਼ਤ ਦੇ ਨਿਰਦੇਸ਼ਾਂ ਦਾ ਵੀ ਦਿੱਤਾ ਹਵਾਲਾ

ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਦੋਵਾਂ ਧਿਰਾਂ ਨੇ ਸ਼ੁਰੂਆਤੀ ਪੱਧਰ ‘ਤੇ ਇਹ ਸਹਿਮਤੀ ਬਣਾਈ ਸੀ ਕਿ ਵਿਵਾਦਾਂ ਨਾਲ ਜੁੜੇ ਆਗੂਆਂ ਨੂੰ ਲੀਡਰਸ਼ਿਪ ਅਹੁਦਿਆਂ ਤੋਂ ਦੂਰ ਰੱਖਿਆ ਜਾਵੇਗਾ।

ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਬਾਅਦ ਵਿੱਚ ਅਜਿਹੇ ਆਗੂਆਂ ਨੂੰ ਹੀ ਅਹਿਮ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ, ਜਿਸ ਨਾਲ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚੀ ਅਤੇ ਵਿਸ਼ਵਾਸ ਦੀ ਘਾਟ ਪੈਦਾ ਹੋਈ।

ਗੈਰ-ਜ਼ਿੰਮੇਵਾਰਾਨਾ ਬਿਆਨਾਂ ਦੇ ਵੀ ਲਗੇ ਦੋਸ਼

ਵਾਰਿਸ ਪੰਜਾਬ ਦੇ ਧੜੇ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਗੱਲਬਾਤ ਦੌਰਾਨ ਅਕਾਲੀ ਦਲ ਪੁਨਰ ਸੁਰਜੀਤ ਦੀ ਲੀਡਰਸ਼ਿਪ ਵੱਲੋਂ ਵਾਰ-ਵਾਰ ਗੈਰ-ਜ਼ਿੰਮੇਵਾਰਾਨਾ ਅਤੇ ਭੜਕਾਊ ਬਿਆਨ ਦਿੱਤੇ ਗਏ। ਬਿਆਨ ਵਿੱਚ ਕਿਹਾ ਗਿਆ ਕਿ ਅਜਿਹੀਆਂ ਟਿੱਪਣੀਆਂ ਨੇ ਦੋਵਾਂ ਧਿਰਾਂ ਵਿਚਕਾਰ ਬਣ ਰਹੇ ਭਰੋਸੇ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ।

ਪੰਥਕ ਮੋਰਚੇ ਦੀ ਸੰਭਾਵਨਾ ‘ਤੇ ਲੱਗਿਆ ਵੱਡਾ ਝਟਕਾ

ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਇਨ੍ਹਾਂ ਮਤਭੇਦਾਂ ਕਾਰਨ ਪੰਜਾਬ ਵਿੱਚ ਕਿਸੇ ਸਾਂਝੇ ਪੰਥਕ ਮੋਰਚੇ ਜਾਂ ਰਾਜਨੀਤਿਕ ਤਾਲਮੇਲ ਦੀ ਸੰਭਾਵਨਾ ਨੂੰ ਵੱਡਾ ਝਟਕਾ ਲੱਗਿਆ ਹੈ। ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਇਹ ਪਹਿਲਕਦਮੀ ਹੁਣ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ।

ਪੰਜਾਬ ਦੀ ਪੰਥਕ ਰਾਜਨੀਤੀ ‘ਚ ਵਧ ਸਕਦੀ ਹੈ ਹਲਚਲ

ਇਸ ਗਠਜੋੜ ਦੇ ਟੁੱਟਣ ਨਾਲ ਪੰਜਾਬ ਦੀ ਪੰਥਕ ਅਤੇ ਸਿਆਸੀ ਰਾਜਨੀਤੀ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਰਾਜਨੀਤਿਕ ਹਲਕਿਆਂ ਵਿੱਚ ਇਸਨੂੰ ਭਵਿੱਖ ਦੀਆਂ ਪੰਥਕ ਸਿਆਸੀ ਸੰਭਾਵਨਾਵਾਂ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਪੰਜਾਬ ‘ਚ 27 ਮਈ ਨੂੰ ਰਹੇਗੀ ਸਰਕਾਰੀ ਛੁੱਟੀ, ਕਾਲਜ ਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ!

ਚੰਡੀਗੜ੍ਹ :- ਪੰਜਾਬ ਵਿੱਚ ਪੈ ਰਹੀ ਭਿਆਨਕ ਗਰਮੀ ਦੇ ਦਰਮਿਆਨ ਸਕੂਲੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਮਈ ਮਹੀਨੇ ਦੇ ਅਖੀਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਕੰਮਕਾਜ ਬੰਦ ਰਹੇਗਾ।

27 ਮਈ ਨੂੰ ਮਨਾਈ ਜਾਵੇਗੀ ਬਕਰੀਦ

ਸੂਬਾ ਸਰਕਾਰ ਦੇ ਸਾਲ 2026 ਦੇ ਸਰਕਾਰੀ ਕੈਲੰਡਰ ਅਨੁਸਾਰ 27 ਮਈ, ਬੁੱਧਵਾਰ ਨੂੰ ਈਦ-ਉੱਲ-ਜੂਹਾ (ਬਕਰੀਦ) ਮੌਕੇ ਸਰਕਾਰੀ ਛੁੱਟੀ ਰਹੇਗੀ। ਇਸ ਦਿਨ ਪੰਜਾਬ ਭਰ ਵਿੱਚ ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ।

ਵਿਦਿਆਰਥੀਆਂ ਨੂੰ ਮਿਲੇਗੀ ਗਰਮੀ ਤੋਂ ਰਾਹਤ

ਇਸ ਵੇਲੇ ਪੰਜਾਬ ਵਿੱਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਲੂ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਸਕੂਲੀ ਬੱਚੇ ਗਰਮੀਆਂ ਦੀਆਂ ਛੁੱਟੀਆਂ ਦੀ ਉਡੀਕ ਕਰ ਰਹੇ ਹਨ। ਇਸ ਦੌਰਾਨ ਆਈ ਇਹ ਸਰਕਾਰੀ ਛੁੱਟੀ ਵਿਦਿਆਰਥੀਆਂ ਲਈ ਕੁਝ ਰਾਹਤ ਲੈ ਕੇ ਆਈ ਹੈ।

ਸਰਕਾਰੀ ਦਫ਼ਤਰਾਂ ਵਿੱਚ ਵੀ ਨਹੀਂ ਹੋਵੇਗਾ ਕੰਮਕਾਜ

ਬਕਰੀਦ ਮੌਕੇ ਸਰਕਾਰੀ ਛੁੱਟੀ ਹੋਣ ਕਾਰਨ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਵੀ ਕੰਮਕਾਜ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਨਾਲ ਬੈਂਕਾਂ ਅਤੇ ਕੁਝ ਹੋਰ ਸੇਵਾਵਾਂ ‘ਤੇ ਵੀ ਅਸਰ ਪੈ ਸਕਦਾ ਹੈ।

ਲਖੀਮਪੁਰ ਖੀਰੀ ‘ਚ ਦਰਦਨਾਕ ਸੜਕ ਹਾਦਸਾ ਟਰੱਕ ਅਤੇ ਯਾਤਰੀ ਵੈਨ ਦੀ ਭਿਆਨਕ ਟੱਕਰ ‘ਚ 10 ਲੋਕਾਂ ਦੀ ਮੌਤ

ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਨੇ ਦਸ ਪਰਿਵਾਰਾਂ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ। ਤੇਜ਼ ਰਫ਼ਤਾਰ ਟਰੱਕ ਅਤੇ ਯਾਤਰੀਆਂ ਨਾਲ ਭਰੀ ਇੱਕ ‘ਮੈਜਿਕ’ ਵੈਨ ਦਰਮਿਆਨ ਹੋਈ ਜ਼ਬਰਦਸਤ ਟੱਕਰ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ।

ਟੱਕਰ ਨਾਲ ਵੈਨ ਦਾ ਅੱਗਲਾ ਹਿੱਸਾ ਚਕਨਾਚੂਰ

ਇਹ ਹਾਦਸਾ ਸਵੇਰੇ ਕਰੀਬ 7:30 ਵਜੇ ਵਾਪਰਿਆ। ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਵੈਨ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਕੁਚਲਿਆ ਗਿਆ। ਹਾਦਸੇ ਦੌਰਾਨ ਕਈ ਯਾਤਰੀਆਂ ਦੇ ਸਿਰਾਂ ‘ਤੇ ਗੰਭੀਰ ਸੱਟਾਂ ਲੱਗੀਆਂ, ਜਦਕਿ ਇੱਕ ਵਿਅਕਤੀ ਦਾ ਚਿਹਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਦੋ ਯਾਤਰੀ ਗੱਡੀ ਤੋਂ ਬਾਹਰ ਜਾ ਡਿੱਗੇ

ਹਾਦਸੇ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੋ ਵਿਅਕਤੀ ਟੱਕਰ ਤੋਂ ਬਾਅਦ ਗੱਡੀ ਵਿੱਚੋਂ ਬਾਹਰ ਸੜਕ ‘ਤੇ ਜਾ ਡਿੱਗੇ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਖ-ਪੁਕਾਰ ਮਚ ਗਈ ਅਤੇ ਇਲਾਕੇ ਦੇ ਲੋਕ ਤੁਰੰਤ ਮਦਦ ਲਈ ਪਹੁੰਚ ਗਏ।

ਟਰੱਕ ਬੇਕਾਬੂ ਹੋ ਕੇ ਵੈਨ ਨਾਲ ਟਕਰਾਇਆ

ਜਾਣਕਾਰੀ ਅਨੁਸਾਰ ਯਾਤਰੀ ਵੈਨ ਲਖੀਮਪੁਰ ਤੋਂ ਸਿਸਾਈਆ ਵੱਲ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਇੱਕ ਤੇਜ਼ ਰਫ਼ਤਾਰ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਵੈਨ ਨਾਲ ਜਾ ਟਕਰਾਇਆ। ਹਾਦਸੇ ਮਗਰੋਂ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਇੱਕ ਜ਼ਖਮੀ ਨੇ ਹਸਪਤਾਲ ‘ਚ ਤੋੜਿਆ ਦਮ

ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇੱਕ ਵਿਅਕਤੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਤਰ੍ਹਾਂ ਮ੍ਰਿਤਕਾਂ ਦੀ ਗਿਣਤੀ 10 ਤੱਕ ਪਹੁੰਚ ਗਈ।

ਟਰੱਕ ਜ਼ਬਤ, ਡਰਾਈਵਰ ਦੀ ਭਾਲ ਜਾਰੀ

ਪੁਲਿਸ ਨੇ ਹਾਦਸਾਗ੍ਰਸਤ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਫਿਲਹਾਲ ਫਰਾਰ ਟਰੱਕ ਚਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।