Home Blog Page 376

ਗੌਤਮ ਅਡਾਨੀ ਨੂੰ ਅਮਰੀਕਾ ਤੋਂ ਵੱਡੀ ਰਾਹਤ, ਨਿਆਂ ਵਿਭਾਗ ਨੇ ਸਾਰੇ ਅਪਰਾਧਿਕ ਦੋਸ਼ ਕੀਤੇ ਰੱਦ

ਨਵੀਂ ਦਿੱਲੀ :- ਗੌਤਮ ਅਡਾਨੀ ਲਈ ਅਮਰੀਕਾ ਤੋਂ ਇੱਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਨਿਆਂ ਵਿਭਾਗ ਨੇ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ Sagar Adani ਵਿਰੁੱਧ ਦਰਜ ਸਾਰੇ ਅਪਰਾਧਿਕ ਮਾਮਲੇ ਸਥਾਈ ਤੌਰ ‘ਤੇ ਵਾਪਸ ਲੈ ਲਏ ਹਨ। ਇਸ ਫੈਸਲੇ ਨਾਲ ਨਿਊਯਾਰਕ ਵਿੱਚ ਚੱਲ ਰਿਹਾ ਕਾਫ਼ੀ ਚਰਚਿਤ ਧੋਖਾਧੜੀ ਮਾਮਲਾ ਹੁਣ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਅਮਰੀਕੀ ਵਕੀਲਾਂ ਨੇ ਅਦਾਲਤ ਵਿੱਚ ਦਿੱਤੀ ਜਾਣਕਾਰੀ

ਅਮਰੀਕੀ ਸਰਕਾਰੀ ਵਕੀਲਾਂ ਨੇ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਕਿ ਮਾਮਲੇ ਦੀ ਵਿਸਥਾਰ ਨਾਲ ਸਮੀਖਿਆ ਕਰਨ ਤੋਂ ਬਾਅਦ ਹੁਣ ਉਹ ਇਨ੍ਹਾਂ ਦੋਸ਼ਾਂ ਦੀ ਪੈਰਵੀ ਜਾਰੀ ਰੱਖਣ ਦੇ ਯੋਗ ਨਹੀਂ ਹਨ। ਪੂਰਬੀ ਨਿਊਯਾਰਕ ਦੀ ਅਦਾਲਤ ਵਿੱਚ ਦਾਇਰ ਫਾਈਲਿੰਗ ਦੌਰਾਨ ਕਿਹਾ ਗਿਆ ਕਿ ਕੇਸ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ ਗਿਆ ਹੈ।

ਅਦਾਲਤ ਨੇ ਕੇਸ ਸਥਾਈ ਤੌਰ ‘ਤੇ ਕੀਤਾ ਖ਼ਾਰਜ

ਬਾਅਦ ਵਿੱਚ ਅਦਾਲਤ ਨੇ ਵੀ ਦੋਸ਼ਾਂ ਨੂੰ “ਸਥਾਈ ਤੌਰ ‘ਤੇ ਖ਼ਾਰਜ” ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਕਾਨੂੰਨੀ ਮਾਹਿਰਾਂ ਅਨੁਸਾਰ ਇਸ ਦਾ ਮਤਲਬ ਹੈ ਕਿ ਇਹ ਮਾਮਲਾ ਹੁਣ ਭਵਿੱਖ ਵਿੱਚ ਦੁਬਾਰਾ ਨਹੀਂ ਖੋਲ੍ਹਿਆ ਜਾ ਸਕੇਗਾ। ਇਸ ਫੈਸਲੇ ਨੂੰ ਅਡਾਨੀ ਗਰੁੱਪ ਲਈ ਇੱਕ ਵੱਡੀ ਕਾਨੂੰਨੀ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ।

2024 ਵਿੱਚ ਲੱਗੇ ਸਨ ਗੰਭੀਰ ਦੋਸ਼

ਇਹ ਸਾਰਾ ਵਿਵਾਦ 2024 ਵਿੱਚ ਸਾਹਮਣੇ ਆਇਆ ਸੀ, ਜਦੋਂ ਅਮਰੀਕੀ ਸਟਾਕ ਮਾਰਕੀਟ ਨਿਗਰਾਨ ਏਜੰਸੀ U.S. Securities and Exchange Commission ਨੇ ਅਡਾਨੀ ਗਰੁੱਪ ‘ਤੇ ਗੰਭੀਰ ਇਲਜ਼ਾਮ ਲਗਾਏ ਸਨ। ਦੋਸ਼ ਸੀ ਕਿ ਭਾਰਤ ਵਿੱਚ ਇੱਕ ਵੱਡੇ ਸੂਰਜੀ ਊਰਜਾ ਪ੍ਰੋਜੈਕਟ ਲਈ ਸਰਕਾਰੀ ਠੇਕੇ ਹਾਸਲ ਕਰਨ ਦੇ ਮਕਸਦ ਨਾਲ ਕਥਿਤ ਤੌਰ ‘ਤੇ ਭਾਰਤੀ ਅਧਿਕਾਰੀਆਂ ਨੂੰ ਲਗਭਗ 265 ਮਿਲੀਅਨ ਡਾਲਰ ਦੀ ਰਿਸ਼ਵਤ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਅਡਾਨੀ ਗਰੁੱਪ ਲਈ ਵੱਡਾ ਸਹਾਰਾ

ਅਮਰੀਕੀ ਨਿਆਂ ਵਿਭਾਗ ਦੇ ਇਸ ਫੈਸਲੇ ਨਾਲ ਅਡਾਨੀ ਗਰੁੱਪ ਨੂੰ ਵੱਡਾ ਸਹਾਰਾ ਮਿਲਿਆ ਹੈ। ਪਿਛਲੇ ਕੁਝ ਸਮੇਂ ਤੋਂ ਇਹ ਮਾਮਲਾ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਅਤੇ ਨਿਵੇਸ਼ਕਾਂ ਦੀ ਨਜ਼ਰ ਵੀ ਇਸ ‘ਤੇ ਟਿਕੀ ਹੋਈ ਸੀ।

ਟਰੰਪ ਤੋਂ ਬਾਅਦ ਹੁਣ ਪੁਤਿਨ ਦਾ ਚੀਨ ਦੌਰਾ, ਸ਼ੀ ਜਿਨਪਿੰਗ ਨਾਲ ਅਹਿਮ ਵਿਸ਼ਵ ਮੁੱਦਿਆਂ ਤੇ ਕਰਨਗੇ ਗੱਲਬਾਤ

ਨਵੀਂ ਦਿੱਲੀ :- ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੇ ਚੀਨ ਦੌਰੇ ਤੋਂ ਕੁਝ ਹੀ ਦਿਨਾਂ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ Vladimir Putin ਵੀ ਚੀਨ ਪਹੁੰਚ ਰਹੇ ਹਨ। ਪੁਤਿਨ 19 ਅਤੇ 20 ਮਈ ਦੌਰਾਨ ਚੀਨ ਦੇ ਦੋ ਦਿਨਾਂ ਦੌਰੇ ‘ਤੇ ਰਹਿਣਗੇ, ਜਿੱਥੇ ਉਹ ਚੀਨੀ ਰਾਸ਼ਟਰਪਤੀ Xi Jinping ਨਾਲ ਕਈ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ।

ਟਰੰਪ ਦੀ ਫੇਰੀ ਤੋਂ ਬਾਅਦ ਵਧੀ ਕੂਟਨੀਤਿਕ ਸਰਗਰਮੀ

ਇਸ ਤੋਂ ਪਹਿਲਾਂ ਟਰੰਪ ਨੇ 13 ਤੋਂ 15 ਮਈ ਤੱਕ ਚੀਨ ਦਾ ਅਧਿਕਾਰਕ ਦੌਰਾ ਕੀਤਾ ਸੀ। ਉਨ੍ਹਾਂ ਦੀ ਫੇਰੀ ਤੋਂ ਤੁਰੰਤ ਬਾਅਦ ਪੁਤਿਨ ਦਾ ਬੀਜਿੰਗ ਪਹੁੰਚਣਾ ਵਿਸ਼ਵ ਰਾਜਨੀਤੀ ਵਿੱਚ ਇੱਕ ਵੱਡੀ ਕੂਟਨੀਤਿਕ ਹਲਚਲ ਵਜੋਂ ਦੇਖਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਦੌਰਾ ਚੀਨ ਅਤੇ ਰੂਸ ਦੇ ਵਧਦੇ ਰਣਨੀਤਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਹੋ ਸਕਦਾ ਹੈ।

ਆਰਥਿਕ ਅਤੇ ਸੁਰੱਖਿਆ ਮੁੱਦਿਆਂ ‘ਤੇ ਹੋਵੇਗੀ ਚਰਚਾ

ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਨੇਤਾ ਆਰਥਿਕ ਸਹਿਯੋਗ, ਵਪਾਰ, ਊਰਜਾ ਅਤੇ ਅੰਤਰਰਾਸ਼ਟਰੀ ਸੁਰੱਖਿਆ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਨਾਲ ਹੀ ਖੇਤਰੀ ਅਤੇ ਵਿਸ਼ਵ ਪੱਧਰ ਦੇ ਮਸਲਿਆਂ ‘ਤੇ ਵੀ ਦੋਵੇਂ ਦੇਸ਼ ਆਪਣੀ ਸਾਂਝੀ ਰਣਨੀਤੀ ‘ਤੇ ਵਿਚਾਰ ਕਰ ਸਕਦੇ ਹਨ।

ਚੀਨ-ਰੂਸ ਦੋਸਤੀ ਸੰਧੀ ਦੀ 25ਵੀਂ ਵਰ੍ਹੇਗੰਢ

ਪੁਤਿਨ ਦਾ ਇਹ ਦੌਰਾ 2001 ਵਿੱਚ ਹੋਈ ਚੀਨ-ਰੂਸ ਦੋਸਤੀ ਸੰਧੀ ਦੀ 25ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਵੀ ਖਾਸ ਮੰਨਿਆ ਜਾ ਰਿਹਾ ਹੈ। ਦੋਵੇਂ ਦੇਸ਼ ਪਿਛਲੇ ਕੁਝ ਸਾਲਾਂ ਦੌਰਾਨ ਆਰਥਿਕ ਅਤੇ ਰਣਨੀਤਿਕ ਤੌਰ ‘ਤੇ ਕਾਫ਼ੀ ਨੇੜੇ ਆਏ ਹਨ, ਖ਼ਾਸ ਕਰਕੇ ਉਸ ਸਮੇਂ ਤੋਂ ਜਦੋਂ ਯੂਕਰੇਨ ਯੁੱਧ ਕਾਰਨ ਪੱਛਮੀ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾਈਆਂ।

ਲਾਵਰੋਵ ਨੇ ਦਿੱਤਾ ਵੱਡਾ ਬਿਆਨ

ਟਰੰਪ ਦੇ ਚੀਨ ਦੌਰੇ ਤੋਂ ਬਾਅਦ ਰੂਸੀ ਵਿਦੇਸ਼ ਮੰਤਰੀ Sergey Lavrov ਦਾ ਵੀ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਚੀਨ ਅਤੇ ਅਮਰੀਕਾ ਵਿਚਕਾਰ ਕੋਈ ਨਵਾਂ ਸਮਝੌਤਾ ਹੁੰਦਾ ਹੈ ਤਾਂ ਇਹ ਚੀਨ ਦੇ ਹਿੱਤ ਵਿੱਚ ਹੋਵੇਗਾ ਅਤੇ ਰੂਸ ਇਸ ਦਾ ਸਵਾਗਤ ਕਰੇਗਾ। ਲਾਵਰੋਵ ਨੇ ਇਹ ਵੀ ਕਿਹਾ ਕਿ ਚੀਨ ਅਤੇ ਰੂਸ ਦੇ ਸਬੰਧ ਰਵਾਇਤੀ ਸੈਨਿਕ ਅਤੇ ਰਾਜਨੀਤਿਕ ਗੱਠਜੋੜਾਂ ਨਾਲੋਂ ਕਾਫ਼ੀ ਡੂੰਘੇ ਅਤੇ ਮਜ਼ਬੂਤ ਹਨ।

ਡਿਊਟੀ ਤੋਂ ਘਰ ਪਰਤ ਰਹੇ ਏਐਸਆਈ ਦਾ ਕੀਤਾ ਕਤਲ

ਜਲੰਧਰ :- ਜਲੰਧਰ ਦੇ ਸ਼ਾਹਕੋਟ-ਲੋਹੀਆਂ ਖੇਤਰ ਵਿੱਚ ਸੋਮਵਾਰ ਦੇਰ ਰਾਤ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਪੰਜਾਬ ਪੁਲਿਸ ਦੇ ਇੱਕ ਏਐਸਆਈ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪੂਰਨ ਸਿੰਘ ਵਜੋਂ ਹੋਈ ਹੈ, ਜੋ ਸ਼ਾਹਕੋਟ ਥਾਣੇ ਵਿੱਚ ਤਾਇਨਾਤ ਸਨ ਅਤੇ ਪਿੰਡ ਗੱਟਾ ਮੁੰਡੀ ਕਾਸੂ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਮਹਿਕਮੇ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਡਿਊਟੀ ਖ਼ਤਮ ਕਰਕੇ ਘਰ ਜਾ ਰਹੇ ਸਨ

ਮਿਲੀ ਜਾਣਕਾਰੀ ਮੁਤਾਬਕ ਏਐਸਆਈ ਪੂਰਨ ਸਿੰਘ ਸੋਮਵਾਰ ਰਾਤ ਕਰੀਬ 10 ਵਜੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਮੋਟਰਸਾਈਕਲ ‘ਤੇ ਘਰ ਵਾਪਸ ਜਾ ਰਹੇ ਸਨ। ਜਿਵੇਂ ਹੀ ਉਹ ਲੋਹੀਆਂ ਇਲਾਕੇ ਨੇੜੇ ਪਹੁੰਚੇ ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਕੁਝ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕ ਲਿਆ।

ਦਾਤਰਾਂ ਨਾਲ ਕੀਤੇ ਤਾਬੜਤੋੜ ਵਾਰ

ਹਮਲਾਵਰਾਂ ਨੇ ਏਐਸਆਈ ‘ਤੇ ਤੇਜ਼ਧਾਰ ਹਥਿਆਰਾਂ ਨਾਲ ਲਗਾਤਾਰ ਹਮਲਾ ਕਰ ਦਿੱਤਾ। ਹਮਲਾ ਇੰਨਾ ਖ਼ਤਰਨਾਕ ਸੀ ਕਿ ਪੂਰਨ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਹਮਲਾਵਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸ਼ਾਹਕੋਟ ਅਤੇ ਲੋਹੀਆਂ ਖਾਸ ਥਾਣਿਆਂ ਦੀ ਪੁਲਿਸ ਟੀਮ ਉੱਚ ਅਧਿਕਾਰੀਆਂ ਸਮੇਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਨਾਲ ਹੀ ਘਟਨਾ ਸਥਾਨ ਨੂੰ ਸੀਲ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

ਪੁਲਿਸ ਅਧਿਕਾਰੀਆਂ ਮੁਤਾਬਕ ਅਜੇ ਤੱਕ ਕਤਲ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ। ਜਾਂਚ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਾਮਲਾ ਕਿਸੇ ਪੁਰਾਣੀ ਰੰਜਿਸ਼ ਨਾਲ ਜੁੜਿਆ ਹੈ ਜਾਂ ਫਿਰ ਇਸ ਪਿੱਛੇ ਕੋਈ ਹੋਰ ਕਾਰਨ ਹੈ। ਦੋਸ਼ੀਆਂ ਤੱਕ ਪਹੁੰਚਣ ਲਈ ਇਲਾਕੇ ਦੇ ਵੱਖ-ਵੱਖ ਰਸਤਿਆਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ

ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਮਲਾਵਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਪਠਾਨਕੋਟ ਨੇੜੇ ਭਿਆਨਕ ਸੜਕ ਹਾਦਸਾ, ਨੈਸ਼ਨਲ ਹਾਈਵੇ ਤੇ ਕਾਰ ਚੱਕਨਾ-ਚੂਰ, ਚਾਰ ਨੌਜਵਾਨਾਂ ਦੀ ਮੌਤ!

ਪਠਾਨਕੋਟ :- ਪਠਾਨਕੋਟ ਨੇੜੇ ਨੈਸ਼ਨਲ ਹਾਈਵੇ ‘ਤੇ ਸੋਮਵਾਰ ਤੜਕੇ ਇਕ ਦਿਲ ਦਹਲਾ ਦੇਣ ਵਾਲਾ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਚਾਰ ਨੌਜਵਾਨਾਂ ਦੀ ਜਾਨ ਚਲੀ ਗਈ। ਇਹ ਦਰਦਨਾਕ ਹਾਦਸਾ ਨੌਸ਼ਹਿਰਾ ਮੱਝਾ ਸਿੰਘ ਇਲਾਕੇ ਕੋਲ ਵਾਪਰਿਆ, ਜਿੱਥੇ ਇੱਕ ਆਲਟੋ ਕਾਰ ਭਾਰੀ ਵਾਹਨ ਨਾਲ ਟਕਰਾ ਗਈ।

ਪਠਾਨਕੋਟ ਵੱਲ ਆ ਰਹੇ ਸਨ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਚਾਰੇ ਨੌਜਵਾਨ ਪਠਾਨਕੋਟ ਦੇ ਪਿੰਡ ਘਰੋਲੀ ਅਤੇ ਟੀਚਰ ਕਲੋਨੀ ਨਾਲ ਸਬੰਧਤ ਸਨ। ਉਹ ਆਲਟੋ ਕਾਰ ਵਿੱਚ ਸਵਾਰ ਹੋ ਕੇ ਪਠਾਨਕੋਟ ਵੱਲ ਆ ਰਹੇ ਸਨ। ਜਿਵੇਂ ਹੀ ਉਹ ਨੌਸ਼ਹਿਰਾ ਮੱਝਾ ਸਿੰਘ ਨੇੜੇ ਨੈਸ਼ਨਲ ਹਾਈਵੇ ‘ਤੇ ਪਹੁੰਚੇ ਤਾਂ ਉਨ੍ਹਾਂ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।

ਭਾਰੀ ਵਾਹਨ ਨਾਲ ਟੱਕਰ ਦੀ ਸੰਭਾਵਨਾ

ਘਟਨਾ ਸਥਾਨ ‘ਤੇ ਕਾਰ ਦੀ ਹਾਲਤ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਹੋਈ ਮਿਲੀ। ਮੌਕੇ ਦੀ ਸਥਿਤੀ ਦੇ ਆਧਾਰ ‘ਤੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਖੜ੍ਹੇ ਜਾਂ ਹੌਲੀ ਰਫ਼ਤਾਰ ਨਾਲ ਚੱਲ ਰਹੇ ਕਿਸੇ ਭਾਰੀ ਵਾਹਨ ਦੇ ਪਿੱਛੇ ਜਾ ਵੱਜੀ। ਹਾਦਸੇ ਤੋਂ ਬਾਅਦ ਸੰਬੰਧਤ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ।

ਮੌਕੇ ‘ਤੇ ਹੀ ਚਾਰਾਂ ਦੀ ਮੌਤ

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਪ੍ਰਤੱਖਦਰਸ਼ੀਆਂ ਦੇ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 4 ਵਜੇ ਦੇ ਆਸ-ਪਾਸ ਵਾਪਰਿਆ। ਟੱਕਰ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਪਹੁੰਚੇ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਫਰਾਰ ਭਾਰੀ ਵਾਹਨ ਦੀ ਪਛਾਣ ਕਰਨ ਅਤੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਏਐਸਆਈ ਦਲਜੀਤ ਸਿੰਘ ਅਤੇ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਪੰਜਾਬ ‘ਚ ਗਰਮੀ ਦਾ ਕਹਿਰ, ਤੇਜ਼ 24 ਮਈ ਤੱਕ ਹੀਟ ਵੇਵ ਦਾ ਅਲਰਟ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ

ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਲਗਾਤਾਰ ਚੜ੍ਹਦਾ ਜਾ ਰਿਹਾ ਹੈ ਅਤੇ ਇਸੇ ਦਰਮਿਆਨ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸੂਬੇ ਲਈ ਗਰਮੀ ਦੀ ਲਹਿਰ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਅਨੁਸਾਰ 24 ਮਈ ਤੱਕ ਕਈ ਇਲਾਕਿਆਂ ਵਿੱਚ ਤਪਸ਼ ਆਪਣੇ ਚਰਮ ‘ਤੇ ਰਹੇਗੀ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

ਅੱਜ 10 ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਅਸਰ

ਮੌਸਮ ਮਾਹਿਰਾਂ ਦੇ ਅਨੁਸਾਰ 19 ਮਈ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦਾ ਵੱਧ ਪ੍ਰਭਾਵ ਵੇਖਣ ਨੂੰ ਮਿਲੇਗਾ। ਦਿਨ ਦੇ ਸਮੇਂ ਤਾਪਮਾਨ ਵਿੱਚ ਤੇਜ਼ ਵਾਧਾ ਹੋਣ ਕਾਰਨ ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਖਾਸ ਕਰਕੇ ਦੁਪਹਿਰ ਸਮੇਂ ਧੁੱਪ ਬਹੁਤ ਤੇਜ਼ ਰਹਿਣ ਦੀ ਸੰਭਾਵਨਾ ਹੈ।

ਰਾਜਸਥਾਨ ਅਤੇ ਪਾਕਿਸਤਾਨ ਵੱਲੋਂ ਆ ਰਹੀਆਂ ਤਪਦੀਆਂ ਹਵਾਵਾਂ

ਮੌਸਮ ਵਿਭਾਗ ਨੇ ਦੱਸਿਆ ਕਿ ਰਾਜਸਥਾਨ ਅਤੇ ਪਾਕਿਸਤਾਨ ਦੇ ਰੇਗਿਸਤਾਨੀ ਖੇਤਰਾਂ ਤੋਂ ਚੱਲ ਰਹੀਆਂ ਗਰਮ ਹਵਾਵਾਂ ਦਾ ਸਿੱਧਾ ਪ੍ਰਭਾਵ ਪੰਜਾਬ ‘ਤੇ ਪੈ ਰਿਹਾ ਹੈ। ਮਾਲਵਾ ਖੇਤਰ ਵਿੱਚ ਇਸ ਦਾ ਅਸਰ ਹੋਰ ਇਲਾਕਿਆਂ ਨਾਲੋਂ ਜ਼ਿਆਦਾ ਮਹਿਸੂਸ ਕੀਤਾ ਜਾ ਰਿਹਾ ਹੈ, ਜਿੱਥੇ ਦਿਨ ਦੌਰਾਨ ਤਾਪਮਾਨ ਕਾਫ਼ੀ ਉੱਚਾ ਦਰਜ ਕੀਤਾ ਜਾ ਰਿਹਾ ਹੈ।

ਬਿਜਲੀ ਦੀ ਮੰਗ ਨੇ ਵੀ ਤੋੜੇ ਰਿਕਾਰਡ

ਲਗਾਤਾਰ ਵਧ ਰਹੀ ਗਰਮੀ ਕਾਰਨ ਬਿਜਲੀ ਦੀ ਖਪਤ ਵਿੱਚ ਵੀ ਵੱਡਾ ਉਛਾਲ ਆਇਆ ਹੈ। ਸੋਮਵਾਰ ਨੂੰ ਇਸ ਸੀਜ਼ਨ ਦੌਰਾਨ ਪਹਿਲੀ ਵਾਰ ਬਿਜਲੀ ਦੀ ਮੰਗ 13,555 ਮੈਗਾਵਾਟ ਤੱਕ ਪਹੁੰਚ ਗਈ। ਏਅਰ ਕੰਡੀਸ਼ਨਰਾਂ, ਕੂਲਰਾਂ ਅਤੇ ਹੋਰ ਬਿਜਲੀ ਉਪਕਰਣਾਂ ਦੀ ਵਧਦੀ ਵਰਤੋਂ ਕਾਰਨ ਪਾਵਰ ਲੋਡ ਵਿੱਚ ਤੇਜ਼ ਵਾਧਾ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ

ਗਰਮੀ ਦੇ ਖ਼ਤਰੇ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਨਾਲ ਨਜਿੱਠਣ ਲਈ ਖ਼ਾਸ ਸਟਾਫ ਦੀ ਤਾਇਨਾਤੀ ਵੀ ਕੀਤੀ ਗਈ ਹੈ।

20 ਤੋਂ 23 ਮਈ ਤੱਕ 22 ਜ਼ਿਲ੍ਹੇ ਰਹਿਣਗੇ ਪ੍ਰਭਾਵਿਤ

ਮੌਸਮ ਕੇਂਦਰ ਅਨੁਸਾਰ 20 ਤੋਂ 23 ਮਈ ਤੱਕ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਦਾ ਅਸਰ ਜਾਰੀ ਰਹੇਗਾ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਰੂਪਨਗਰ ਅਤੇ ਐਸਏਐਸ ਨਗਰ ਮੋਹਾਲੀ ਸ਼ਾਮਲ ਹਨ।

ਪੈਟਰੋਲ-ਡੀਜ਼ਲ ਦਾ ਲੋਕਾਂ ਦੀ ਜੇਬ ਤੇ ਅਸਰ,ਹਫ਼ਤੇ ਅੰਦਰ ਦੂਜੀ ਵਾਰ ਵਧੀਆਂ ਕੀਮਤਾਂ

ਨਵੀਂ ਦਿੱਲੀ :- ਦੇਸ਼ ਭਰ ਦੇ ਲੋਕਾਂ ਨੂੰ ਮੰਗਲਵਾਰ ਸਵੇਰੇ ਇਕ ਹੋਰ ਮਹਿੰਗਾਈ ਦਾ ਝਟਕਾ ਲੱਗਿਆ, ਜਦੋਂ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮੁੜ ਵਾਧਾ ਕਰ ਦਿੱਤਾ ਗਿਆ। ਇਸ ਵਾਰ ਪੈਟਰੋਲ ਅਤੇ ਡੀਜ਼ਲ ਦੋਵੇਂ ਦੀਆਂ ਦਰਾਂ ਵਿੱਚ ਲਗਭਗ 90 ਪੈਸੇ ਪ੍ਰਤੀ ਲੀਟਰ ਤੱਕ ਦਾ ਇਜ਼ਾਫ਼ਾ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਇਕ ਹਫ਼ਤੇ ਦੌਰਾਨ ਇਹ ਦੂਜਾ ਵੱਡਾ ਵਾਧਾ ਹੈ, ਜਿਸ ਕਾਰਨ ਆਮ ਲੋਕਾਂ ਦੀ ਚਿੰਤਾ ਹੋਰ ਵਧ ਗਈ ਹੈ।

15 ਮਈ ਨੂੰ ਵੀ ਵਧੇ ਸਨ ਰੇਟ

ਇਸ ਤੋਂ ਪਹਿਲਾਂ 15 ਮਈ ਨੂੰ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਗਿਆ ਸੀ। ਉਸ ਫ਼ੈਸਲੇ ਤੋਂ ਬਾਅਦ ਹੀ ਦੇਸ਼ ਦੇ ਕਈ ਰਾਜਾਂ ਵਿੱਚ ਇੰਧਨ ਦੀਆਂ ਕੀਮਤਾਂ ਨੇ ਨਵਾਂ ਰਿਕਾਰਡ ਬਣਾਇਆ ਸੀ। ਹੁਣ ਤਾਜ਼ਾ ਵਾਧੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਦਿੱਲੀ ਵਿੱਚ ਪੈਟਰੋਲ 98 ਰੁਪਏ ਤੋਂ ਪਾਰ

ਤਾਜ਼ਾ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 98.64 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ਵੀ ਮਹਿੰਗਾ ਹੋ ਕੇ 91.58 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਤੇਲ ਕੰਪਨੀਆਂ ਵੱਲੋਂ ਕੀਤੇ ਗਏ ਇਸ ਇਜ਼ਾਫ਼ੇ ਕਾਰਨ ਆਵਾਜਾਈ ਖ਼ਰਚੇ ਵਧਣ ਦੇ ਨਾਲ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ।

ਪੰਜਾਬ ਵਿੱਚ ਵੀ ਟੁੱਟਿਆ 100 ਦਾ ਅੰਕੜਾ

ਪੰਜਾਬ ਵਿੱਚ ਵੀ ਪੈਟਰੋਲ ਦੀਆਂ ਕੀਮਤਾਂ ਨੇ 102 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਲਿਆ ਹੈ। ਸੂਬੇ ਦੇ ਕਈ ਸ਼ਹਿਰਾਂ ਵਿੱਚ ਲੋਕ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਹਨ ਅਤੇ ਹੁਣ ਇੰਧਨ ਦੀਆਂ ਵਧਦੀਆਂ ਕੀਮਤਾਂ ਕਾਰਨ ਰੋਜ਼ਾਨਾ ਖ਼ਰਚ ਹੋਰ ਵਧਣ ਦੀ ਉਮੀਦ ਹੈ। ਟਰਾਂਸਪੋਰਟ ਅਤੇ ਵਪਾਰ ਨਾਲ ਜੁੜੇ ਲੋਕਾਂ ਨੇ ਇਸ ਵਾਧੇ ‘ਤੇ ਚਿੰਤਾ ਜਤਾਈ ਹੈ।

ਪਟਨਾ – ਤਖ਼ਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਮਾਨ, ਦੇਸ਼ ‘ਚ ਸ਼ਾਂਤੀ ਤੇ ਭਾਈਚਾਰੇ ਲਈ ਕੀਤੀ ਅਰਦਾਸ

ਪਟਨਾ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋਮਵਾਰ ਨੂੰ ਆਪਣੇ ਪਰਿਵਾਰ ਸਮੇਤ ਬਿਹਾਰ ਦੀ ਰਾਜਧਾਨੀ ਪਟਨਾ ਸਥਿਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਪਰਿਵਾਰ ਨਾਲ ਦਰਬਾਰ ਸਾਹਿਬ ਵਿੱਚ ਬੈਠ ਕੇ ਸ਼ਬਦ ਕੀਰਤਨ ਸਰਵਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ਦਾ ਲੰਗਰ ਵੀ ਛਕਿਆ ਅਤੇ ਗੁਰਦੁਆਰਾ ਕੰਪਲੈਕਸ ਅੰਦਰ ਇਤਿਹਾਸਕ ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ।

ਦੇਸ਼ ਅਤੇ ਦੁਨੀਆ ਦੀ ਭਲਾਈ ਲਈ ਕੀਤੀ ਅਰਦਾਸ

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਉਨ੍ਹਾਂ ਨੂੰ ਅਤੁੱਟ ਸ਼ਾਂਤੀ ਅਤੇ ਆਤਮਕ ਸਕੂਨ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ‘ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਅਤੇ ਦੁਨੀਆ ਵਿੱਚ ਅਮਨ, ਭਾਈਚਾਰੇ ਅਤੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪਵਿੱਤਰ ਤਖ਼ਤ ਜ਼ੁਲਮ ਦੇ ਖ਼ਿਲਾਫ਼ ਡਟ ਕੇ ਖੜ੍ਹਨ ਅਤੇ ਇਨਸਾਫ਼ ਲਈ ਲੜਨ ਦਾ ਸੰਦੇਸ਼ ਦਿੰਦਾ ਹੈ।

ਗੁਰੂ ਘਰ ਵੱਲੋਂ ਕੀਤਾ ਗਿਆ ਸਨਮਾਨ

ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਬਾਲ ਲੀਲਾ ਗੁਰਦੁਆਰਾ ਅਤੇ ਗੁਰੂ ਕਾ ਬਾਗ ਗੁਰਦੁਆਰਾ ਵਿਖੇ ਵੀ ਮੱਥਾ ਟੇਕਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਉਪ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਬੁਲਾਰੇ ਸੁਦੀਪ ਸਿੰਘ ਸਮੇਤ ਹੋਰ ਅਹੁਦੇਦਾਰਾਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਪਟਨਾ ਵਿੱਚ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਸਨ ਅਤੇ ਕਈ ਥਾਵਾਂ ‘ਤੇ ਪੁਲਿਸ ਤਾਇਨਾਤ ਰਹੀ।

ਭਾਜਪਾ ‘ਤੇ ਸਿਆਸੀ ਹਮਲਾ ਵੀ ਬੋਲਿਆ

ਪਟਨਾ ਦੌਰੇ ਦੌਰਾਨ ਮੁੱਖ ਮੰਤਰੀ ਮਾਨ ਨੇ ਮੀਡੀਆ ਨਾਲ ਗੱਲਬਾਤ ਵਿੱਚ ਕੇਂਦਰ ਸਰਕਾਰ ਅਤੇ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ। ਪੰਜਾਬ ਦੇ ਹਾਲੀਆ ਸਿਆਸੀ ਘਟਨਾਕ੍ਰਮ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹੋਰ ਪਾਰਟੀਆਂ ਵਿੱਚ ਤੋੜਫੋੜ ਅਤੇ ਖਰੀਦੋ-ਫਰੋਖ਼ਤ ਦੀ ਰਾਜਨੀਤੀ ਛੱਡ ਕੇ ਦੇਸ਼ ਦੇ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਅਤੇ ਅਸਲੀ ਜਨਮੰਡੇਟ ਦੀ ਰੱਖਿਆ ਲਈ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।

ਇੰਧਨ ਬਚਾਉਣ ਦੀ ਅਪੀਲ ‘ਤੇ ਵੀ ਦਿੱਤਾ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੰਧਨ ਬਚਾਉਣ ਸਬੰਧੀ ਕੀਤੀ ਅਪੀਲ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੀ ਆਰਥਿਕ ਸਥਿਤੀ, ਸੋਨੇ ਦੇ ਭੰਡਾਰ ਅਤੇ ਇੰਧਨ ਸਟਾਕ ਬਾਰੇ ਵੀ ਲੋਕਾਂ ਨੂੰ ਸਪੱਸ਼ਟ ਜਾਣਕਾਰੀ ਦੇਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਾਰਦਰਸ਼ੀ ਜਾਣਕਾਰੀ ਮਿਲਣੀ ਲਾਜ਼ਮੀ ਹੈ ਤਾਂ ਜੋ ਦੇਸ਼ ਦੀ ਮੌਜੂਦਾ ਆਰਥਿਕ ਅਤੇ ਵਿਦੇਸ਼ ਨੀਤੀ ਸਥਿਤੀ ਬਾਰੇ ਸਪੱਸ਼ਟਤਾ ਬਣੀ ਰਹੇ।

ਡਿਊਟੀ ‘ਤੇ ਪਰਤ ਰਹੇ ਪੰਜਾਬੀ ਫੌਜੀ ਜਵਾਨ ਦੀ ਟ੍ਰੇਨ ਦੇ ਵਾਸ਼ਰੂਮ ‘ਚ ਰਹੱਸਮਈ ਮੌਤ

ਚੰਡੀਗੜ੍ਹ :- ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਕਸਬੇ ਨਾਲ ਸੰਬੰਧਤ ਇਕ ਫੌਜੀ ਜਵਾਨ ਦੀ ਟ੍ਰੇਨ ਅੰਦਰ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਪ੍ਰਭਸ਼ਰਨ ਸਿੰਘ ਵਜੋਂ ਹੋਈ ਹੈ, ਜੋ 9 ਪੰਜਾਬ ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸੀ।

ਪਰਿਵਾਰ ਨਾਲ ਸਮਾਂ ਬਿਤਾ ਕੇ ਡਿਊਟੀ ਲਈ ਹੋਇਆ ਸੀ ਰਵਾਨਾ

ਜਾਣਕਾਰੀ ਅਨੁਸਾਰ ਪ੍ਰਭਸ਼ਰਨ ਸਿੰਘ ਪਹਿਲਾਂ ਜੰਮੂ ਵਿੱਚ ਤਾਇਨਾਤ ਸੀ ਅਤੇ ਹਾਲ ਹੀ ਵਿੱਚ ਉਸਦੀ ਬਦਲੀ ਮੇਰਠ ਹੋਈ ਸੀ। ਉਹ ਕੁਝ ਦਿਨਾਂ ਦੀ ਛੁੱਟੀ ਕੱਟ ਕੇ ਪਰਿਵਾਰ ਕੋਲੋਂ ਵਾਪਸ ਡਿਊਟੀ ‘ਤੇ ਜਾਣ ਲਈ ਦੋ ਦਿਨ ਪਹਿਲਾਂ ਘਰ ਤੋਂ ਨਿਕਲਿਆ ਸੀ। ਪਰਿਵਾਰਕ ਮੈਂਬਰਾਂ ਨੇ ਉਸਨੂੰ ਮੁਕੇਰੀਆਂ ਰੇਲਵੇ ਸਟੇਸ਼ਨ ਤੱਕ ਛੱਡਿਆ ਸੀ।

ਫੋਨ ਬੰਦ ਆਉਣ ‘ਤੇ ਪਰਿਵਾਰ ਨੂੰ ਹੋਇਆ ਸ਼ੱਕ

ਮ੍ਰਿਤਕ ਦੇ ਪਿਤਾ ਭਾਈ ਰਜਿੰਦਰ ਸਿੰਘ ਭੰਗੂ, ਜੋ ਖੁਦ ਵੀ ਸਾਬਕਾ ਫੌਜੀ ਰਹਿ ਚੁੱਕੇ ਹਨ, ਨੇ ਦੱਸਿਆ ਕਿ ਯਾਤਰਾ ਦੌਰਾਨ ਜਦੋਂ ਪ੍ਰਭਸ਼ਰਨ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਪਰਿਵਾਰ ਚਿੰਤਿਤ ਹੋ ਗਿਆ ਅਤੇ ਪੁਲਿਸ ਦੀ ਮਦਦ ਲਈ ਗੁਹਾਰ ਲਗਾਈ ਗਈ।

ਜੋਧਪੁਰ ਸਟੇਸ਼ਨ ‘ਤੇ ਟ੍ਰੇਨ ਦੀ ਤਲਾਸ਼ੀ ਦੌਰਾਨ ਮਿਲੀ ਲਾਸ਼

ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਸਰਕਾਰੀ ਰੇਲਵੇ ਪੁਲਿਸ ਨੇ ਮੋਬਾਈਲ ਲੋਕੇਸ਼ਨ ਟਰੇਸ ਕਰਨ ਦੀ ਕਾਰਵਾਈ ਸ਼ੁਰੂ ਕੀਤੀ। ਜਾਂਚ ਦੌਰਾਨ ਜੋਧਪੁਰ ਰੇਲਵੇ ਸਟੇਸ਼ਨ ‘ਤੇ ਖੜ੍ਹੀ ਸ਼ਾਲੀਮਾਰ ਐਕਸਪ੍ਰੈੱਸ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਪ੍ਰਭਸ਼ਰਨ ਸਿੰਘ ਦੀ ਲਾਸ਼ ਟ੍ਰੇਨ ਦੇ ਵਾਸ਼ਰੂਮ ਵਿੱਚੋਂ ਬਰਾਮਦ ਹੋਈ।

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਫੌਜੀ ਜਵਾਨ ਦੀ ਅਚਾਨਕ ਅਤੇ ਰਹੱਸਮਈ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਹੈ। ਪ੍ਰਭਸ਼ਰਨ ਸਿੰਘ ਆਪਣੇ ਪਿੱਛੇ ਪਤਨੀ, ਸੱਤ ਸਾਲ ਦੀ ਧੀ ਅਤੇ ਪੰਜ ਸਾਲ ਦੇ ਪੁੱਤਰ ਨੂੰ ਛੱਡ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਅਤੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।

ਮੌਤ ਦੇ ਕਾਰਨਾਂ ਦੀ ਜਾਂਚ ਵਿੱਚ ਜੁਟੀ ਪੁਲਿਸ

ਰੇਲਵੇ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਹੋਰ ਤਕਨੀਕੀ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਹੋ ਸਕੇਗਾ। ਫਿਲਹਾਲ ਮਾਮਲੇ ਨੂੰ ਸ਼ੱਕੀ ਮੌਤ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ।

ਮੰਤਰੀ ਸੰਜੀਵ ਅਰੋੜਾ 1 ਜੂਨ ਤੱਕ ਨਿਆਂਇਕ ਹਿਰਾਸਤ ’ਚ ਭੇਜੇ ਗਏ!

ਚੰਡੀਗੜ੍ਹ :- ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਜਾਂਚ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਪੰਜਾਬ ਸਰਕਾਰ ਦੇ ਮੰਤਰੀ ਸੰਜੀਵ ਅਰੋੜਾ ਨੂੰ ਗੁਰੂਗ੍ਰਾਮ ਦੀ ਅਦਾਲਤ ਨੇ 1 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੋਮਵਾਰ ਨੂੰ ਈਡੀ ਵੱਲੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਸੁਣਵਾਈ ਤੋਂ ਬਾਅਦ ਕੋਰਟ ਨੇ ਇਹ ਹੁਕਮ ਜਾਰੀ ਕੀਤੇ। ਸੁਣਵਾਈ ਦੌਰਾਨ ਸੰਜੀਵ ਅਰੋੜਾ ਅਦਾਲਤ ਵਿੱਚ ਕਾਫ਼ੀ ਸ਼ਾਂਤ ਨਜ਼ਰ ਆਏ। ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਵੇਲੇ ਉਹ ਭਾਵੁਕ ਵੀ ਹੋਏ। ਅਦਾਲਤ ਕੰਪਲੈਕਸ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਦੀ ਵੀ ਹਾਜ਼ਰੀ ਦੇਖਣ ਨੂੰ ਮਿਲੀ।

ਈਡੀ ਵੱਲੋਂ ਅਦਾਲਤ ਵਿੱਚ ਕੀਤਾ ਗਿਆ ਪੇਸ਼

ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਸੰਜੀਵ ਅਰੋੜਾ ਨੂੰ ਸੁਰੱਖਿਆ ਪ੍ਰਬੰਧਾਂ ਹੇਠ ਗੁਰੂਗ੍ਰਾਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਮਾਮਲੇ ਨਾਲ ਸਬੰਧਿਤ ਦਸਤਾਵੇਜ਼ਾਂ ਅਤੇ ਜਾਂਚ ਦੀ ਸਥਿਤੀ ਦਾ ਜਾਇਜ਼ਾ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਗਏ।

ਪਹਿਲਾਂ ਮਿਲ ਚੁੱਕਾ ਸੀ ਰਿਮਾਂਡ

ਈਡੀ ਨੇ ਸੰਜੀਵ ਅਰੋੜਾ ਨੂੰ 9 ਮਈ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਏਜੰਸੀ ਨੇ ਅਦਾਲਤ ਤੋਂ ਪਹਿਲਾਂ ਸੱਤ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ, ਜਿਸ ਵਿੱਚ ਬਾਅਦ ਵਿੱਚ ਦੋ ਦਿਨਾਂ ਦਾ ਹੋਰ ਵਾਧਾ ਕੀਤਾ ਗਿਆ। ਰਿਮਾਂਡ ਦੀ ਮਿਆਦ ਪੂਰੀ ਹੋਣ ਉਪਰੰਤ ਉਨ੍ਹਾਂ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਅਦਾਲਤ ਵਿੱਚ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ

ਸੁਣਵਾਈ ਦੌਰਾਨ ਸੰਜੀਵ ਅਰੋੜਾ ਦੇ ਪਰਿਵਾਰਕ ਮੈਂਬਰ ਵੀ ਅਦਾਲਤ ਵਿੱਚ ਮੌਜੂਦ ਰਹੇ। ਕਾਰਵਾਈ ਤੋਂ ਬਾਅਦ ਉਨ੍ਹਾਂ ਦੀ ਪਰਿਵਾਰ ਨਾਲ ਮੁਲਾਕਾਤ ਵੀ ਹੋਈ। ਇਸ ਦੌਰਾਨ ਅਦਾਲਤੀ ਕਾਰਵਾਈ ਸ਼ਾਂਤਮਈ ਢੰਗ ਨਾਲ ਸੰਪੰਨ ਹੋਈ।

ਸੰਜੀਵ ਅਰੋੜਾ ਦੇ ਹਮਾਇਤੀਆਂ ਅਤੇ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਉਹ ਲੰਮੇ ਸਮੇਂ ਤੋਂ ਸਮਾਜਿਕ ਅਤੇ ਜਨਹਿਤ ਕਾਰਜਾਂ ਨਾਲ ਜੁੜੇ ਰਹੇ ਹਨ। ਉਦਯੋਗ ਅਤੇ ਰੋਜ਼ਗਾਰ ਨਾਲ ਸੰਬੰਧਿਤ ਮਸਲਿਆਂ ਨੂੰ ਲੈ ਕੇ ਵੀ ਉਹ ਕਈ ਵਾਰ ਆਪਣੀ ਸਰਗਰਮ ਭੂਮਿਕਾ ਨਿਭਾ ਚੁੱਕੇ ਹਨ। ਸਮਰਥਕਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਸੱਚ ਸਾਹਮਣੇ ਆਉਣ ਦੀ ਉਮੀਦ ਜਤਾ ਰਹੇ ਹਨ।

ਡਾਲਰ ਅੱਗੇ ਰੁਪਇਆ ਹੋਇਆ ਬੇਬਸ, ਪਹਿਲੀ ਵਾਰ 96 ਪਾਰ

ਨਵੀਂ ਦਿੱਲੀ :- ਅੰਤਰਰਾਸ਼ਟਰੀ ਬਾਜ਼ਾਰ ਵਿੱਚ ਡਾਲਰ ਦੀ ਲਗਾਤਾਰ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਚੜ੍ਹਦੀਆਂ ਕੀਮਤਾਂ ਨੇ ਭਾਰਤੀ ਮੁਦਰਾ ਨੂੰ ਵੱਡਾ ਝਟਕਾ ਦਿੱਤਾ ਹੈ। ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਇਆ ਆਪਣੇ ਇਤਿਹਾਸਕ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਕਾਰੋਬਾਰ ਦੀ ਸ਼ੁਰੂਆਤ ਦੌਰਾਨ ਇੱਕ ਡਾਲਰ ਦੀ ਕੀਮਤ 96.23 ਰੁਪਏ ਤੱਕ ਦਰਜ ਕੀਤੀ ਗਈ, ਜਿਸ ਨਾਲ ਵਿੱਤੀ ਬਾਜ਼ਾਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ।

ਹਫ਼ਤੇ ਦੀ ਸ਼ੁਰੂਆਤ ਨਾਲ ਹੀ ਰੁਪਏ ‘ਤੇ ਵਧਿਆ ਦਬਾਅ

ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਸਮੇਂ ਰੁਪਇਆ 95.97 ਦੇ ਪੱਧਰ ‘ਤੇ ਸੀ, ਪਰ ਨਵੇਂ ਹਫ਼ਤੇ ਦੀ ਸ਼ੁਰੂਆਤ ਨਾਲ ਹੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਮੁਦਰਾ ਬਾਜ਼ਾਰ ਦੇ ਮਾਹਿਰਾਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਡਾਲਰ ਦੀ ਖਰੀਦ ਅਤੇ ਏਸ਼ੀਆਈ ਮੁਦਰਾਵਾਂ ਤੋਂ ਦੂਰੀ ਬਣਾਉਣ ਕਾਰਨ ਰੁਪਏ ‘ਤੇ ਦਬਾਅ ਵਧਿਆ ਹੈ।

ਕੱਚੇ ਤੇਲ ਦੀਆਂ ਕੀਮਤਾਂ ਨੇ ਵਧਾਈ ਚਿੰਤਾ

ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਆਇਆ ਹੈ। ਬ੍ਰੈਂਟ ਕ੍ਰੂਡ 111 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਿਆ ਹੈ। ਹੋਰਮੁਜ਼ ਜਲਡਮਰੂ ਵਿੱਚ ਸੰਭਾਵਿਤ ਰੁਕਾਵਟ ਦੀਆਂ ਖਬਰਾਂ ਨੇ ਵੀ ਵਿਸ਼ਵ ਬਾਜ਼ਾਰਾਂ ਵਿੱਚ ਅਣਿਸ਼ਚਿਤਤਾ ਵਧਾ ਦਿੱਤੀ ਹੈ। ਭਾਰਤ ਵੱਡੇ ਪੱਧਰ ‘ਤੇ ਕੱਚਾ ਤੇਲ ਆਯਾਤ ਕਰਦਾ ਹੈ, ਇਸ ਲਈ ਮਹਿੰਗਾ ਤੇਲ ਦੇਸ਼ ਦੇ ਆਯਾਤ ਬਿੱਲ ‘ਤੇ ਸਿੱਧਾ ਅਸਰ ਪਾ ਰਿਹਾ ਹੈ।

ਅਮਰੀਕੀ ਬੌਂਡ ਯੀਲਡ ਨੇ ਵੀ ਵਧਾਇਆ ਦਬਾਅ

ਇਸਦੇ ਨਾਲ ਹੀ ਅਮਰੀਕਾ ਵਿੱਚ 10 ਸਾਲਾ ਟ੍ਰੇਜ਼ਰੀ ਬੌਂਡ ਦੀ ਯੀਲਡ 4.625 ਫ਼ੀਸਦੀ ਤੱਕ ਪਹੁੰਚ ਗਈ ਹੈ। ਨਿਵੇਸ਼ਕ ਹੁਣ ਅਮਰੀਕੀ ਬਾਜ਼ਾਰਾਂ ਨੂੰ ਜ਼ਿਆਦਾ ਸੁਰੱਖਿਅਤ ਮੰਨਦੇ ਹੋਏ ਉਭਰਦੀਆਂ ਅਰਥਵਿਵਸਥਾਵਾਂ ਤੋਂ ਪੂੰਜੀ ਕੱਢ ਰਹੇ ਹਨ। ਇਸ ਕਾਰਨ ਭਾਰਤੀ ਰੁਪਏ ਸਮੇਤ ਕਈ ਏਸ਼ੀਆਈ ਮੁਦਰਾਵਾਂ ਵਿੱਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ।

ਰਿਜ਼ਰਵ ਬੈਂਕ ਦੀ ਨਜ਼ਰ ਸਥਿਤੀ ‘ਤੇ ਟਿਕੀ

ਮੁਦਰਾ ਬਾਜ਼ਾਰ ਵਿੱਚ ਬਣੀ ਅਸਥਿਰਤਾ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਵੱਲੋਂ ਹਾਲਾਤ ‘ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ। ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਨੇ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਕੁਝ ਹੱਦ ਤੱਕ ਦਖ਼ਲਅੰਦਾਜ਼ੀ ਵੀ ਕੀਤੀ ਹੈ। ਹਾਲਾਂਕਿ, ਮੌਜੂਦਾ ਹਾਲਾਤਾਂ ਵਿੱਚ ਰੁਪਏ ਨੂੰ ਤੁਰੰਤ ਸਥਿਰ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਆਮ ਲੋਕਾਂ ‘ਤੇ ਵਧੇਗੀ ਮਹਿੰਗਾਈ ਦੀ ਮਾਰ

ਰੁਪਏ ਦੀ ਕਮਜ਼ੋਰੀ ਅਤੇ ਮਹਿੰਗੇ ਕੱਚੇ ਤੇਲ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪੈ ਸਕਦਾ ਹੈ। ਮਾਹਿਰਾਂ ਅਨੁਸਾਰ ਜੇਕਰ ਇਹ ਹਾਲਾਤ ਲੰਬੇ ਸਮੇਂ ਤੱਕ ਜਾਰੀ ਰਹੇ ਤਾਂ ਪੈਟਰੋਲ-ਡੀਜ਼ਲ ਤੋਂ ਲੈ ਕੇ ਰੋਜ਼ਮਰ੍ਹਾ ਦੀਆਂ ਵਸਤਾਂ ਤੱਕ ਮਹਿੰਗਾਈ ਵਧ ਸਕਦੀ ਹੈ। ਟਰਾਂਸਪੋਰਟ ਲਾਗਤ ਵਧਣ ਨਾਲ ਖਾਣ-ਪੀਣ ਅਤੇ ਹੋਰ ਜ਼ਰੂਰੀ ਸਮਾਨ ਦੀਆਂ ਕੀਮਤਾਂ ‘ਚ ਵੀ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।