Home Blog Page 372

ਪੰਜਾਬ ਭਰ ‘ਚ ਮੈਡੀਕਲ ਸਟੋਰ ਬੰਦ ਦਾ ਅਸਰ, ਲੋਕ ਹੋ ਰਹੇ ਖੱਜਲ ਖੁਆਰ!

ਅੰਮ੍ਰਿਤਸਰ :- ਪੰਜਾਬ ਭਰ ਵਿੱਚ ਬੁੱਧਵਾਰ ਨੂੰ ਮੈਡੀਕਲ ਸਟੋਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਬੰਦ ਰਹਿਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜ਼ਰੂਰੀ ਦਵਾਈਆਂ ਲਈ ਲੋਕ ਇੱਕ ਮੈਡੀਕਲ ਸਟੋਰ ਤੋਂ ਦੂਜੇ ਤੱਕ ਭਟਕਦੇ ਰਹੇ, ਪਰ ਜ਼ਿਆਦਾਤਰ ਦੁਕਾਨਾਂ ਦੇ ਸ਼ਟਰ ਡਾਊਨ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ। ਕਈ ਇਲਾਕਿਆਂ ਵਿੱਚ ਲੋਕ ਬੰਦ ਮੈਡੀਕਲ ਸਟੋਰਾਂ ਦੇ ਬਾਹਰ ਖੜ੍ਹੇ ਦਿਖਾਈ ਦਿੱਤੇ, ਪਰ ਦਵਾਈਆਂ ਨਾ ਮਿਲਣ ਕਰਕੇ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ।

ਅੰਮ੍ਰਿਤਸਰ ਦੀ ਸਭ ਤੋਂ ਵੱਡੀ ਦਵਾਈ ਮਾਰਕੀਟ ‘ਚ ਛਾਇਆ ਸਨਾਟਾ

ਅੰਮ੍ਰਿਤਸਰ ਵਿੱਚ ਵੀ ਇਸ ਬੰਦ ਦਾ ਵੱਡਾ ਪ੍ਰਭਾਵ ਵੇਖਣ ਨੂੰ ਮਿਲਿਆ। ਕਟੜਾ ਸ਼ੇਰ ਸਿੰਘ ਇਲਾਕੇ ਵਿੱਚ ਸਥਿਤ ਦਵਾਈਆਂ ਦੀ ਪ੍ਰਮੁੱਖ ਹੋਲਸੇਲ ਮਾਰਕੀਟ ਪੂਰੀ ਤਰ੍ਹਾਂ ਸੁੰਨੀ ਨਜ਼ਰ ਆਈ। ਅੰਮ੍ਰਿਤਸਰ ਕੇਮਿਸਟ ਐਸੋਸੀਏਸ਼ਨ ਵੱਲੋਂ ਪਹਿਲਾਂ ਹੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚਲਦਿਆਂ ਸ਼ਹਿਰ ਦੀਆਂ ਲਗਭਗ ਸਾਰੀਆਂ ਮੈਡੀਕਲ ਦੁਕਾਨਾਂ ਬੰਦ ਰਹੀਆਂ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਹੜਤਾਲ ਰਾਤ 12 ਵਜੇ ਤੱਕ ਜਾਰੀ ਰਹੇਗੀ।

ਆਨਲਾਈਨ ਫਾਰਮੇਸੀ ਕਾਰਨ ਛੋਟੇ ਕਾਰੋਬਾਰ ਪ੍ਰਭਾਵਿਤ : ਕੇਮਿਸਟ ਐਸੋਸੀਏਸ਼ਨ

ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਕੇਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਕੇਮਿਸਟ ਐਸੋਸੀਏਸ਼ਨ ਅਤੇ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੇਮਿਸਟ ਐਂਡ ਡਰੱਗਿਸਟਸ ਦੇ ਸੱਦੇ ’ਤੇ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਆਨਲਾਈਨ ਫਾਰਮੇਸੀ ਕੰਪਨੀਆਂ ਵੱਡੀਆਂ ਛੂਟਾਂ ਦੇ ਕੇ ਦਵਾਈਆਂ ਵੇਚ ਰਹੀਆਂ ਹਨ, ਜਿਸ ਨਾਲ ਛੋਟੇ ਮੈਡੀਕਲ ਸਟੋਰ ਮਾਲਕਾਂ ਦਾ ਕਾਰੋਬਾਰ ਗੰਭੀਰ ਤੌਰ ’ਤੇ ਪ੍ਰਭਾਵਿਤ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਕਈ ਆਨਲਾਈਨ ਪਲੇਟਫਾਰਮਾਂ ’ਤੇ ਬਿਨਾਂ ਸਖ਼ਤ ਜਾਂਚ ਤੋਂ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜਿਸ ਨਾਲ ਨਕਲੀ ਦਵਾਈਆਂ ਦੇ ਬਾਜ਼ਾਰ ਵਿੱਚ ਆਉਣ ਦਾ ਖ਼ਤਰਾ ਵੀ ਵੱਧ ਗਿਆ ਹੈ। ਇਸ ਤੋਂ ਇਲਾਵਾ ਨੈਸ਼ਨਲ ਡਰੱਗ ਲਾਇਸੈਂਸ ਪੋਰਟਲ ਵਿੱਚ ਮੌਜੂਦ ਤਕਨੀਕੀ ਖਾਮੀਆਂ ਕਾਰਨ ਵੀ ਕੇਮਿਸਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

‘ਏਆਈ’ ਰਾਹੀਂ ਜਾਲੀ ਪ੍ਰਿਸਕ੍ਰਿਪਸ਼ਨ ਬਣਾਉਣ ਦੇ ਲਗੇ ਦੋਸ਼

ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਮਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਜਾਲੀ ਪ੍ਰਿਸਕ੍ਰਿਪਸ਼ਨ ਤਿਆਰ ਕਰਕੇ ਆਨਲਾਈਨ ਦਵਾਈਆਂ ਦੀ ਵਿਕਰੀ ਕੀਤੀ ਜਾ ਰਹੀ ਹੈ, ਜੋ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਨਕਲੀ ਅਤੇ ਬਿਨਾਂ ਜਾਂਚ ਵਾਲੀਆਂ ਦਵਾਈਆਂ ਦੀ ਸਪਲਾਈ ਰੋਕਣ ਲਈ ਸਰਕਾਰ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਵੇਗਾ ਹੋਰ ਤੇਜ਼

ਕੇਮਿਸਟ ਐਸੋਸੀਏਸ਼ਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੱਡੇ ਪੱਧਰ ’ਤੇ ਲਿਜਾਇਆ ਜਾਵੇਗਾ। ਅਗਲੇ ਮਹੀਨੇ ਆਲ ਇੰਡੀਆ ਪੱਧਰ ’ਤੇ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਸ ਵੇਲੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਮੈਡੀਕਲ ਸਟੋਰਾਂ ਦੇ ਬੰਦ ਰਹਿਣ ਨਾਲ ਆਮ ਲੋਕਾਂ ਅਤੇ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀਆਂ ਝੇਲਣੀਆਂ ਪਈਆਂ।

ਮੋਦੀ ਨੂੰ ਸਵਾਲ ਪੁੱਛਣ ਵਾਲੀ ਨਾਰਵੇਈ ਪੱਤਰਕਾਰ ਦੇ ਇੰਸਟਾਗ੍ਰਾਮ ਤੇ ਫੇਸਬੁੱਕ ਖਾਤੇ ਹੋਏ ਸਸਪੈਂਡ

ਨਵੀਂ ਦਿੱਲੀ :- ਨਾਰਵੇ ਦੀ ਮਹਿਲਾ ਪੱਤਰਕਾਰ Helle Lyng ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ Narendra Modi ਦੀ ਓਸਲੋ ਯਾਤਰਾ ਦੌਰਾਨ ਮੀਡੀਆ ਸੰਬੋਧਨ ਵਿੱਚ ਕੀਤੇ ਗਏ ਤਿੱਖੇ ਸਵਾਲਾਂ ਦਾ ਮਾਮਲਾ ਹੁਣ ਹੋਰ ਭਖ ਗਿਆ ਹੈ। ਪ੍ਰਧਾਨ ਮੰਤਰੀ ਨੂੰ “ਦੁਨੀਆ ਦੇ ਸਭ ਤੋਂ ਆਜ਼ਾਦ ਮੀਡੀਆ” ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਉਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਖਾਤੇ ਅਚਾਨਕ ਮੁਅੱਤਲ ਕਰ ਦਿੱਤੇ ਗਏ ਹਨ।

ਐਕਸ ’ਤੇ ਕੀਤਾ ਖੁਲਾਸਾ
ਨਾਰਵੇ ਦੇ ਅਖ਼ਬਾਰ Dagsavisen ਨਾਲ ਜੁੜੀ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਲੋਕ ਉਸ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹ ਇਸ ਵੇਲੇ ਸੰਭਵ ਨਹੀਂ। ਉਸ ਮੁਤਾਬਕ ਉਸ ਦੇ ਦੋਵੇਂ ਖਾਤੇ ਸਸਪੈਂਡ ਕਰ ਦਿੱਤੇ ਗਏ ਹਨ ਅਤੇ ਹੁਣ ਉਹ ਭਾਰਤੀ ਲੋਕਾਂ ਦੇ ਸਵਾਲਾਂ ਦੇ ਜਵਾਬ ਤੁਰੰਤ ਨਹੀਂ ਦੇ ਸਕੇਗੀ।

180 ਦਿਨਾਂ ਅੰਦਰ ਅਪੀਲ ਦਾ ਦਿੱਤਾ ਗਿਆ ਸਮਾਂ
ਪੱਤਰਕਾਰ ਵੱਲੋਂ ਸਾਂਝੇ ਕੀਤੇ ਗਏ ਸਕ੍ਰੀਨਸ਼ਾਟਾਂ ਅਨੁਸਾਰ Meta ਨੇ 19 ਮਈ 2026 ਨੂੰ ਉਸ ਦਾ ਇੰਸਟਾਗ੍ਰਾਮ ਖਾਤਾ ਮੁਅੱਤਲ ਕੀਤਾ ਸੀ ਅਤੇ ਅਪੀਲ ਕਰਨ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਖਾਤੇ ਬੰਦ ਹੋਣ ਦੇ ਅਸਲ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਹੈਲੇ ਲਿੰਗ ਨੇ ਇਸ ਨੂੰ “ਪ੍ਰੈੱਸ ਦੀ ਆਜ਼ਾਦੀ ਲਈ ਚੁਕਾਈ ਗਈ ਛੋਟੀ ਕੀਮਤ” ਕਰਾਰ ਦਿੱਤਾ ਹੈ।

ਭਾਰਤੀ ਅਧਿਕਾਰੀਆਂ ਨਾਲ ਵੀ ਹੋਈ ਤਿੱਖੀ ਬਹਿਸ
ਇਸ ਮਾਮਲੇ ਨੇ ਉਸ ਵੇਲੇ ਹੋਰ ਰੂਪ ਧਾਰ ਲਿਆ ਜਦੋਂ ਅਧਿਕਾਰਤ ਮੀਡੀਆ ਬ੍ਰੀਫਿੰਗ ਦੌਰਾਨ ਹੈਲੇ ਲਿੰਗ ਨੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਨਾਲ ਜੁੜੇ ਸਵਾਲ ਉਠਾਏ। ਇਸ ’ਤੇ ਵਿਦੇਸ਼ ਮੰਤਰਾਲੇ ਦੇ ਸਕੱਤਰ (ਪੱਛਮੀ) Sibi George ਨੇ ਕੜਾ ਜਵਾਬ ਦਿੰਦਿਆਂ ਕਿਹਾ ਕਿ ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਮੌਲਿਕ ਅਧਿਕਾਰਾਂ ਦੀ ਪੂਰੀ ਗਾਰੰਟੀ ਦਿੰਦਾ ਹੈ ਅਤੇ ਕਿਸੇ ਵੀ ਅਧਿਕਾਰ ਉਲੰਘਣਾ ਦੀ ਸਥਿਤੀ ਵਿੱਚ ਅਦਾਲਤਾਂ ਦੇ ਦਰਵਾਜ਼ੇ ਖੁੱਲ੍ਹੇ ਹਨ।

“ਸਾਨੂੰ ਆਪਣੇ ਲੋਕਤੰਤਰ ’ਤੇ ਮਾਣ ਹੈ”
ਸਿਬੀ ਜਾਰਜ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਦੇਸ਼ ਨੂੰ ਆਪਣੇ ਸੰਵਿਧਾਨਕ ਢਾਂਚੇ ਅਤੇ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਭਾਰਤ ਖ਼ਿਲਾਫ਼ ਚੋਣਵੇਂ ਨੈਰੇਟਿਵ ਤਿਆਰ ਕਰਨਾ ਅਤੇ ਬਾਹਰੀ ਟਿੱਪਣੀਆਂ ਕਰਨਾ ਠੀਕ ਨਹੀਂ।

“ਮੈਂ ਕੋਈ ਜਾਸੂਸ ਨਹੀਂ” : ਹੈਲੇ ਲਿੰਗ
ਸੋਸ਼ਲ ਮੀਡੀਆ ’ਤੇ ਹੋ ਰਹੀ ਭਾਰੀ ਟ੍ਰੋਲਿੰਗ ਅਤੇ ਵਿਦੇਸ਼ੀ ਏਜੰਟ ਹੋਣ ਦੇ ਦੋਸ਼ਾਂ ਤੋਂ ਬਾਅਦ ਹੈਲੇ ਲਿੰਗ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਸਿਰਫ਼ ਇੱਕ ਪੱਤਰਕਾਰ ਹੈ ਅਤੇ ਸਵਾਲ ਪੁੱਛਣਾ ਉਸ ਦਾ ਪੇਸ਼ਾਵਰ ਫ਼ਰਜ਼ ਹੈ। ਉਸ ਨੇ ਕਿਹਾ ਕਿ ਜੇਕਰ ਕੋਈ ਸ਼ਕਤੀਸ਼ਾਲੀ ਵਿਅਕਤੀ ਸਿੱਧਾ ਜਵਾਬ ਨਹੀਂ ਦਿੰਦਾ ਤਾਂ ਦੁਬਾਰਾ ਸਵਾਲ ਕਰਨਾ ਪੱਤਰਕਾਰੀ ਦਾ ਹਿੱਸਾ ਹੈ। ਉਸ ਨੇ ਸਪੱਸ਼ਟ ਕੀਤਾ ਕਿ ਉਸ ਦਾ ਕਿਸੇ ਸਰਕਾਰ ਜਾਂ ਏਜੰਸੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਭਾਰਤ ਨੇ ਰਚਿਆ ਨਵਾਂ ਇਤਿਹਾਸ, ਡਰੋਨ ਤੋਂ ਦਾਗੀ ਜਾਣ ਵਾਲੀ ਮਿਸਾਈਲ ਦੇ ਸਫ਼ਲ ਟਰਾਇਲ

ਨਵੀਂ ਦਿੱਲੀ :- ਭਾਰਤ ਦੀ ਰੱਖਿਆ ਸਮਰੱਥਾ ਨੂੰ ਵੱਡਾ ਬਲ ਮਿਲਿਆ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਡਰੋਨ ਰਾਹੀਂ ਦਾਗੀ ਜਾਣ ਵਾਲੀ ਆਪਣੀ ਨਵੀਂ ਪ੍ਰਿਸੀਜ਼ਨ ਗਾਈਡਡ ਮਿਸਾਈਲ ਪ੍ਰਣਾਲੀ ‘ਯੂਐਲਪੀਜੀਐਮ-ਵੀ3’ ਦੇ ਵਿਕਾਸਾਤਮਕ ਟਰਾਇਲ ਸਫ਼ਲਤਾਪੂਰਵਕ ਪੂਰੇ ਕਰ ਲਏ ਹਨ। ਇਹ ਸਫ਼ਲਤਾ ਦੇਸੀ ਰੱਖਿਆ ਤਕਨਾਲੋਜੀ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ।

ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ ਦੋਵੇਂ ਮੋਡ ਵਿੱਚ ਹੋਈ ਜਾਂਚ
ਰੱਖਿਆ ਅਧਿਕਾਰੀਆਂ ਮੁਤਾਬਕ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਕਰਨੂਲ ਨੇੜੇ ਸਥਿਤ ਟੈਸਟਿੰਗ ਕੇਂਦਰ ’ਚ ਇਸ ਮਿਸਾਈਲ ਦੀ ਆਖਰੀ ਡਿਲਿਵਰੇਬਲ ਵਰਜ਼ਨ ਦੀ ਜਾਂਚ ਕੀਤੀ ਗਈ। ਟਰਾਇਲ ਦੌਰਾਨ ਮਿਸਾਈਲ ਨੂੰ ਹਵਾ ਤੋਂ ਜ਼ਮੀਨ ਅਤੇ ਹਵਾ ਤੋਂ ਹਵਾ ਦੋਵੇਂ ਸਥਿਤੀਆਂ ਵਿੱਚ ਪਰਖਿਆ ਗਿਆ। ਇਸ ਦੌਰਾਨ ਮਿਸਾਈਲ ਨੇ ਜ਼ਮੀਨ ’ਤੇ ਮੌਜੂਦ ਬਖ਼ਤਰਬੰਦ ਨਿਸ਼ਾਨਿਆਂ ਦੇ ਨਾਲ-ਨਾਲ ਡਰੋਨ ਅਤੇ ਹੈਲੀਕਾਪਟਰ ਵਰਗੇ ਹਵਾਈ ਟੀਚਿਆਂ ਨੂੰ ਵੀ ਸਫ਼ਲਤਾਪੂਰਵਕ ਨਿਸ਼ਾਨਾ ਬਣਾਇਆ।

ਅਧੁਨਿਕ ਗਰਾਊਂਡ ਕੰਟਰੋਲ ਸਿਸਟਮ ਰਾਹੀਂ ਹੋਇਆ ਸੰਚਾਲਨ
ਮਿਸਾਈਲ ਪ੍ਰਣਾਲੀ ਨੂੰ ਇੱਕ ਅਤਿ ਆਧੁਨਿਕ ਗਰਾਊਂਡ ਕੰਟਰੋਲ ਸਿਸਟਮ ਰਾਹੀਂ ਚਲਾਇਆ ਗਿਆ, ਜਿਸ ਨਾਲ ਟੀਚੇ ਦੀ ਪਛਾਣ, ਮਿਸਾਈਲ ਲਾਂਚ ਅਤੇ ਆਪਰੇਸ਼ਨਲ ਤਿਆਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਕਨਾਲੋਜੀ ਭਵਿੱਖ ਦੇ ਯੁੱਧ ਮੈਦਾਨਾਂ ਵਿੱਚ ਭਾਰਤੀ ਫੌਜ ਨੂੰ ਵੱਡੀ ਰਣਨੀਤਿਕ ਮਜ਼ਬੂਤੀ ਦੇਵੇਗੀ।

ਕਈ ਖੋਜ ਪ੍ਰਯੋਗਸ਼ਾਲਾਵਾਂ ਅਤੇ ਉਦਯੋਗਿਕ ਇਕਾਈਆਂ ਦਾ ਸਾਂਝਾ ਯੋਗਦਾਨ
ਇਸ ਪ੍ਰੋਜੈਕਟ ਦੀ ਅਗਵਾਈ ਰਿਸਰਚ ਸੈਂਟਰ ਇਮਾਰਤ ਵੱਲੋਂ ਕੀਤੀ ਗਈ, ਜਦਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬੋਰਟਰੀ, ਟਰਮੀਨਲ ਬੈਲਿਸਟਿਕਸ ਰਿਸਰਚ ਲੈਬੋਰਟਰੀ ਅਤੇ ਹਾਈ ਐਨਰਜੀ ਮਟੀਰੀਅਲਸ ਰਿਸਰਚ ਲੈਬੋਰਟਰੀ ਸਮੇਤ ਕਈ ਹੋਰ ਡੀ.ਆਰ.ਡੀ.ਓ. ਇਕਾਈਆਂ ਨੇ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਟਰਾਇਲ ਦੌਰਾਨ ਮਿਸਾਈਲ ਨੂੰ ਨਿਊਸਪੇਸ ਰਿਸਰਚ ਐਂਡ ਟੈਕਨਾਲੋਜੀਜ਼ ਵੱਲੋਂ ਤਿਆਰ ਕੀਤੇ ਗਏ ਡਰੋਨਾਂ ਨਾਲ ਜੋੜਿਆ ਗਿਆ।

ਦੇਸੀ ਨਿਰਮਾਣ ਪ੍ਰਣਾਲੀ ਦੀ ਤਾਕਤ ਵੀ ਆਈ ਸਾਹਮਣੇ
ਇਸ ਮਿਸਾਈਲ ਪ੍ਰੋਗਰਾਮ ਦੇ ਉਤਪਾਦਨ ਵਿੱਚ ਭਾਰਤ ਡਾਇਨਾਮਿਕਸ ਲਿਮਟਿਡ ਅਤੇ ਅਡਾਨੀ ਡਿਫੈਂਸ ਸਿਸਟਮਜ਼ ਐਂਡ ਟੈਕਨਾਲੋਜੀਜ਼ ਨੇ ਸਹਿਯੋਗ ਦਿੱਤਾ, ਜਦਕਿ ਦੇਸ਼ ਭਰ ਦੀਆਂ ਕਈ ਛੋਟੀ ਅਤੇ ਦਰਮਿਆਨੀ ਉਦਯੋਗਿਕ ਇਕਾਈਆਂ ਨੇ ਵੀ ਇਸ ਯੋਜਨਾ ਵਿੱਚ ਆਪਣਾ ਯੋਗਦਾਨ ਪਾਇਆ। ਸਫ਼ਲ ਟਰਾਇਲ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਹੁਣ ਭਾਰਤ ਕੋਲ ਇੱਕ ਪੂਰੀ ਤਰ੍ਹਾਂ ਦੇਸੀ ਨਿਰਮਾਣ ਜਾਲ ਮੌਜੂਦ ਹੈ, ਜੋ ਵੱਡੇ ਪੱਧਰ ’ਤੇ ਉਤਪਾਦਨ ਲਈ ਤਿਆਰ ਹੈ।

ਰਾਜਨਾਥ ਸਿੰਘ ਨੇ ਵਿਗਿਆਨੀਆਂ ਨੂੰ ਦਿੱਤੀ ਵਧਾਈ
ਰੱਖਿਆ ਮੰਤਰੀ Rajnath Singh ਨੇ ਇਸ ਉਪਲਬਧੀ ਲਈ ਵਿਗਿਆਨੀਆਂ, ਇੰਜੀਨੀਅਰਾਂ ਅਤੇ ਉਦਯੋਗਿਕ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਭਾਰਤ ਦੀ ਰੱਖਿਆ ਖੇਤਰ ਵਿੱਚ ਆਤਮਨਿਰਭਰਤਾ ਵੱਲ ਇੱਕ ਵੱਡੀ ਪ੍ਰਗਤੀ ਹੈ। ਉਨ੍ਹਾਂ ਮਿਸਾਈਲ ਦੀ ਬਹੁਪੱਖੀ ਸਮਰੱਥਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਜ਼ਮੀਨੀ ਅਤੇ ਹਵਾਈ ਦੋਵੇਂ ਤਰ੍ਹਾਂ ਦੇ ਖਤਰਿਆਂ ਨਾਲ ਨਜਿੱਠਣ ਵਿੱਚ ਸਮਰੱਥ ਹੈ।

ਡੀ.ਆਰ.ਡੀ.ਓ. ਮੁਖੀ ਨੇ ਵੀ ਜਤਾਈ ਖੁਸ਼ੀ
ਡੀ.ਆਰ.ਡੀ.ਓ. ਦੇ ਚੇਅਰਮੈਨ ਅਤੇ ਰੱਖਿਆ ਖੋਜ ਵਿਭਾਗ ਦੇ ਸਕੱਤਰ Samir V Kamat ਨੇ ਵੀ ਸਾਰੇ ਖੋਜ ਕੇਂਦਰਾਂ ਅਤੇ ਉਦਯੋਗਿਕ ਸਾਥੀਆਂ ਨੂੰ ਸਫ਼ਲ ਟਰਾਇਲ ਲਈ ਵਧਾਈ ਦਿੱਤੀ ਅਤੇ ਇਸਨੂੰ ਭਾਰਤ ਦੀ ਰੱਖਿਆ ਤਕਨਾਲੋਜੀ ਲਈ ਇੱਕ ਮੀਲ ਪੱਥਰ ਕਰਾਰ ਦਿੱਤਾ।

ਦਿੱਲੀ ਤੋਂ ਲਾਪਤਾ ਹੋਇਆ ਹੁਸ਼ਿਆਰਪੁਰ ਦਾ ਨੌਜਵਾਨ ਕਰਨਾਲ ’ਚ ਮ੍ਰਿਤ ਮਿਲਿਆ, ਥਾਈਲੈਂਡ ਜਾਣ ਤੋਂ ਪਹਿਲਾਂ ਹੋਇਆ ਸੀ ਗਾਇਬ

ਦਿੱਲੀ :- ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਤ ਇੱਕ ਨੌਜਵਾਨ ਦੀ ਰਹੱਸਮਈ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਨਵ ਨਾਮਕ 33 ਸਾਲਾ ਨੌਜਵਾਨ, ਜੋ ਮੂਲ ਰੂਪ ਵਿੱਚ ਪਿੰਡ ਸੈਂਡਰਾ ਦਾ ਰਹਿਣ ਵਾਲਾ ਸੀ, ਦੀ ਲਾਸ਼ ਹਰਿਆਣਾ ਦੇ ਕਰਨਾਲ ਨੇੜੇ ਬਸਤਾੜਾ ਇਲਾਕੇ ਦੀਆਂ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਮਾਨਵ 15 ਮਈ ਦੀ ਰਾਤ ਦਿੱਲੀ ਤੋਂ ਥਾਈਲੈਂਡ ਜਾਣ ਲਈ ਫਲਾਈਟ ਫੜਨ ਵਾਲਾ ਸੀ, ਪਰ ਰਵਾਨਗੀ ਤੋਂ ਕੁਝ ਘੰਟੇ ਪਹਿਲਾਂ ਹੀ ਉਹ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋ ਗਿਆ।

ਦਸਤਾਵੇਜ਼ ਦੇਣ ਦੇ ਬਹਾਨੇ ਨਾਲ ਲੈ ਗਏ ਦੋ ਨੌਜਵਾਨ
ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਦੋ ਨੌਜਵਾਨ ਮਾਨਵ ਨੂੰ ਜ਼ਰੂਰੀ ਕਾਗਜ਼ਾਤ ਦੇਣ ਦੀ ਗੱਲ ਕਹਿ ਕੇ ਆਪਣੇ ਨਾਲ ਲੈ ਗਏ ਸਨ। ਦੇਰ ਰਾਤ ਤੱਕ ਮਾਨਵ ਦਾ ਆਪਣੇ ਪਰਿਵਾਰ ਨਾਲ ਸੰਪਰਕ ਬਣਿਆ ਰਿਹਾ, ਪਰ ਕੁਝ ਸਮੇਂ ਬਾਅਦ ਉਸਦਾ ਮੋਬਾਈਲ ਫੋਨ ਅਚਾਨਕ ਬੰਦ ਹੋ ਗਿਆ। ਅਗਲੇ ਹੀ ਦਿਨ ਉਸਦੀ ਲਾਸ਼ ਕਰਨਾਲ ਵਿੱਚ ਮਿਲਣ ਨਾਲ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ।

ਪਰਿਵਾਰ ਨੇ ਏਜੰਟ ’ਤੇ ਜਤਾਇਆ ਸ਼ੱਕ
ਮਾਨਵ ਦੀ ਪਤਨੀ ਰੇਸ਼ਮੀ ਨੇ ਦੱਸਿਆ ਕਿ ਉਹ ਆਪਣੇ ਜੁੜਵਾਂ ਬੱਚਿਆਂ ਨਾਲ 15 ਮਈ ਦੀ ਸਵੇਰ ਮਲੇਸ਼ੀਆ ਚਲੀ ਗਈ ਸੀ, ਜਦਕਿ ਮਾਨਵ ਨੂੰ ਬਾਅਦ ਵਿੱਚ ਥਾਈਲੈਂਡ ਪਹੁੰਚਣਾ ਸੀ। ਪਰਿਵਾਰ ਨੇ ਪੂਰੇ ਮਾਮਲੇ ਵਿੱਚ ਇੱਕ ਏਜੰਟ ’ਤੇ ਸ਼ੱਕ ਜਤਾਇਆ ਹੈ। ਉਨ੍ਹਾਂ ਦੱਸਿਆ ਕਿ ਮਾਨਵ ਦਾ ਆਈਫੋਨ ਅਜੇ ਤੱਕ ਨਹੀਂ ਮਿਲਿਆ ਅਤੇ ਉਸਦੀ ਆਖਰੀ ਲੋਕੇਸ਼ਨ ਮੱਧ ਪ੍ਰਦੇਸ਼ ਵਿੱਚ ਟ੍ਰੇਸ ਹੋਈ ਹੈ, ਜਿਸ ਕਾਰਨ ਜਾਂਚ ਹੋਰ ਵੀ ਗੁੰਝਲਦਾਰ ਬਣ ਗਈ ਹੈ।

ਤਿੰਨ ਦਿਨ ਮੋਰਚਰੀ ’ਚ ਪਈ ਰਹੀ ਲਾਸ਼
ਕਰਨਾਲ ਪੁਲਿਸ ਮੁਤਾਬਕ ਮਾਨਵ ਦੀ ਲਾਸ਼ ਦੀ ਪਹਿਲਾਂ ਪਛਾਣ ਨਹੀਂ ਹੋ ਸਕੀ ਸੀ, ਜਿਸ ਕਰਕੇ ਉਹ ਤਿੰਨ ਦਿਨ ਤੱਕ ਮੋਰਚਰੀ ਵਿੱਚ ਰੱਖੀ ਰਹੀ। ਸੋਮਵਾਰ ਰਾਤ ਨੂੰ ਪਰਿਵਾਰ ਵੱਲੋਂ ਉਸਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ ਮੰਗਲਵਾਰ ਨੂੰ ਮਲੇਸ਼ੀਆ ਤੋਂ ਉਸਦੀ ਪਤਨੀ ਅਤੇ ਬੱਚੇ ਕਰਨਾਲ ਪਹੁੰਚੇ। ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਪਰਿਵਾਰ ਲਾਸ਼ ਲੈ ਕੇ ਪੰਜਾਬ ਲਈ ਰਵਾਨਾ ਹੋ ਗਿਆ।

ਜਾਂਚ ਹੁਣ ਦਿੱਲੀ ਪੁਲਿਸ ਦੇ ਹੱਥਾਂ ਵਿੱਚ
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਮਾਮਲੇ ਦੀ ਜਾਂਚ ਹੁਣ ਦਿੱਲੀ ਪੁਲਿਸ ਕਰੇਗੀ, ਕਿਉਂਕਿ ਮਾਨਵ ਦੇ ਲਾਪਤਾ ਹੋਣ ਦੀ ਸ਼ਿਕਾਇਤ ਉਥੇ ਦਰਜ ਹੋਈ ਸੀ। ਮਾਨਵ ਦੀ ਮਾਤਾ ਮੰਜੂ ਬਾਲਾ ਨੇ 16 ਮਈ ਨੂੰ ਦਿੱਲੀ ਪੁਲਿਸ ਕੋਲ ਗੁੰਮਸ਼ੁਦਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਹੁਣ ਦਿੱਲੀ ਤੋਂ ਕਰਨਾਲ ਤੱਕ ਦੇ ਸਫ਼ਰ ਅਤੇ ਉਸ ਨਾਲ ਜੁੜੇ ਸਾਰੇ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਬੇਅਦਬੀ ਵਿਰੋਧੀ ਬਿੱਲ ਤੋਂ ਪ੍ਰਭਾਵਿਤ ਹੋਏ ਅਕਾਲੀ ਦਲ ਤੇ ਕਾਂਗਰਸ ਦੇ ਕਈ ਆਗੂ, ‘ਆਪ’ ਦਾ ਫੜਿਆ ਪੱਲਾ!

ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਲਿਆਂਦੇ ਗਏ ‘ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਬਿੱਲ 2026’ ਨੂੰ ਲੈ ਕੇ ਸਿਆਸੀ ਮਾਹੌਲ ਵਿੱਚ ਹਲਚਲ ਤੇਜ਼ ਹੋ ਗਈ ਹੈ। ਇਸ ਬਿੱਲ ਨੂੰ ਲੈ ਕੇ ਜਿੱਥੇ ਲੋਕਾਂ ਵੱਲੋਂ ਵੱਡਾ ਸਮਰਥਨ ਦਿੱਤਾ ਜਾ ਰਿਹਾ ਹੈ, ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਆਮ ਆਦਮੀ ਪਾਰਟੀ ਵੱਲ ਰੁਖ ਕਰਦੇ ਨਜ਼ਰ ਆ ਰਹੇ ਹਨ।

ਕਈ ਪ੍ਰਮੁੱਖ ਚਿਹਰਿਆਂ ਨੇ ਫੜਿਆ ‘ਆਪ’ ਦਾ ਪੱਲਾ

ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨਾਲ ਜੁੜੇ ਕਈ ਆਗੂਆਂ ਅਤੇ ਵਰਕਰਾਂ ਨੇ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਸਾਰੇ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਵਾਇਆ।

ਪਿਛਲੀਆਂ ਸਰਕਾਰਾਂ ‘ਤੇ ਲਗਾਏ ਗੰਭੀਰ ਦੋਸ਼

ਪਾਰਟੀ ਵਿੱਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦੇ ਨੂੰ ਸਿਰਫ਼ ਸਿਆਸੀ ਲਾਭ ਲਈ ਵਰਤਿਆ, ਪਰ ਦੋਸ਼ੀਆਂ ਖ਼ਿਲਾਫ਼ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਲਿਆਂਦਾ ਗਿਆ ਇਹ ਬਿੱਲ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਨ ਵਾਲਾ ਕਦਮ ਹੈ।

ਸਖ਼ਤ ਕਾਨੂੰਨ ਨਾਲ ਪੈਦਾ ਹੋਵੇਗਾ ਡਰ

ਨਵੇਂ ਬਿੱਲ ਦਾ ਸਮਰਥਨ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਸਖ਼ਤ ਕਾਨੂੰਨ ਨਾਲ ਬੇਅਦਬੀ ਕਰਨ ਵਾਲੇ ਅਨਸਰਾਂ ਵਿੱਚ ਡਰ ਪੈਦਾ ਹੋਵੇਗਾ ਅਤੇ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਗੁਰੂ ਸਾਹਿਬ ਪ੍ਰਤੀ ਪੂਰੀ ਸ਼ਰਧਾ ਅਤੇ ਜ਼ਿੰਮੇਵਾਰੀ ਰੱਖਦੀ ਹੈ।

‘ਆਪ’ ਵਿੱਚ ਮਿਲੇਗਾ ਪੂਰਾ ਮਾਣ-ਸਤਿਕਾਰ: ਘੁੰਮਣ

ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਨਵੇਂ ਸ਼ਾਮਲ ਹੋਏ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਹਰ ਇੱਕ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ‘ਤੇ ਭਰੋਸਾ ਲਗਾਤਾਰ ਵੱਧ ਰਿਹਾ ਹੈ।

ਇਹ ਆਗੂ ਹੋਏ ਸ਼ਾਮਲ

ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕੀਤੂ ਗਰੇਵਾਲ, ਸਾਬਕਾ ਮਹਿਲਾ ਪ੍ਰਧਾਨ ਪੰਜਾਬ ਕਾਂਗਰਸ, ਸਤਪਾਲ ਸਿੰਘ ਸਾਬਕਾ ਚੇਅਰਮੈਨ ਪੁੰਗਰੇਨ, ਕਮਲਦੀਪ ਸਿੰਘ ਰਾਣਾ ਵਰਕਾ, ਸਮਨਦੀਪ ਕੌਰ, ਹਰਦੇਵ ਸਿੰਘ, ਚਰਨਜੀਤ ਕੌਰ, ਗੁਰਮੇਲ ਸਿੰਘ, ਜਸਕਰਨ ਸਿੰਘ ਜਥਵਾਲ, ਵਸ਼ਨ ਸਿੰਘ ਅਤੇ ਸੁਰਜੀਤ ਸਿੰਘ ਸਮੇਤ ਕਈ ਹੋਰ ਆਗੂ ਅਤੇ ਵਰਕਰ ਸ਼ਾਮਲ ਹਨ।

ਆਈਪੀਐੱਲ 2026 – ਪਲੇਆਫ ਦੀ ਆਸ ਬਚਾਉਣ ਉਤਰੇਗੀ ਕੋਲਕਾਤਾ, ਅੱਜ ਮੁੰਬਈ ਨਾਲ ਹੋਵੇਗੀ ਟੱਕਰ

ਨਵੀਂ ਦਿੱਲੀ :- ਆਈਪੀਐੱਲ 2026 ਵਿੱਚ ਅੱਜ ਇੱਕ ਅਹਿਮ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਇਹ 65ਵਾਂ ਮੈਚ ਕੋਲਕਾਤਾ ਦੇ ਮਸ਼ਹੂਰ ਈਡਨ ਗਾਰਡਨਜ਼ ਮੈਦਾਨ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਲਈ ਇਹ ਮੈਚ ਸਨਮਾਨ ਅਤੇ ਸਥਿਤੀ ਬਚਾਉਣ ਵਾਲਾ ਮੰਨਿਆ ਜਾ ਰਿਹਾ ਹੈ, ਖ਼ਾਸ ਕਰਕੇ ਕੋਲਕਾਤਾ ਲਈ, ਜਿਸ ਦੀਆਂ ਪਲੇਆਫ ਉਮੀਦਾਂ ਅਜੇ ਵੀ ਜਿਉਂਦੀਆਂ ਹਨ।

ਕੋਲਕਾਤਾ ਲਈ ‘ਕਰੋ ਜਾਂ ਮਰੋ’ ਵਾਲੀ ਸਥਿਤੀ

ਅਜਿੰਕਿਆ ਰਹਾਣੇ ਦੀ ਅਗਵਾਈ ਹੇਠ ਕੋਲਕਾਤਾ ਨਾਈਟ ਰਾਈਡਰਜ਼ ਇਸ ਵੇਲੇ ਅੰਕ ਸੂਚੀ ਵਿੱਚ ਅੱਠਵੇਂ ਸਥਾਨ ‘ਤੇ ਹੈ। ਟੀਮ ਨੇ 12 ਮੈਚਾਂ ਵਿੱਚੋਂ ਸਿਰਫ਼ 11 ਅੰਕ ਹੀ ਹਾਸਲ ਕੀਤੇ ਹਨ, ਜਿਸ ਕਾਰਨ ਪਲੇਆਫ ਵਿੱਚ ਜਗ੍ਹਾ ਬਣਾਉਣ ਲਈ ਹੁਣ ਹਰ ਮੈਚ ਜਿੱਤਣਾ ਲਾਜ਼ਮੀ ਹੋ ਗਿਆ ਹੈ। ਘਰੇਲੂ ਮੈਦਾਨ ‘ਤੇ ਖੇਡ ਰਹੀ ਕੋਲਕਾਤਾ ਦੀ ਟੀਮ ਅੱਜ ਜਿੱਤ ਨਾਲ ਆਪਣੀਆਂ ਉਮੀਦਾਂ ਕਾਇਮ ਰੱਖਣਾ ਚਾਹੇਗੀ।

ਮੁੰਬਈ ਪਹਿਲਾਂ ਹੀ ਦੌੜ ਤੋਂ ਬਾਹਰ

ਹਾਰਦਿਕ ਪੰਡਯਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਇਸ ਸੀਜ਼ਨ ਵਿੱਚ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ। ਟੀਮ 12 ਮੈਚਾਂ ਵਿੱਚ ਕੇਵਲ 8 ਅੰਕ ਹਾਸਲ ਕਰ ਸਕੀ ਹੈ ਅਤੇ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਫਿਰ ਵੀ ਮੁੰਬਈ ਆਪਣਾ ਆਖਰੀ ਦੌਰ ਸਨਮਾਨ ਨਾਲ ਖਤਮ ਕਰਨ ਲਈ ਮੈਦਾਨ ਵਿੱਚ ਪੂਰਾ ਜੋਰ ਲਗਾਏਗੀ।

ਹੈੱਡ ਟੂ ਹੈੱਡ ਵਿੱਚ ਮੁੰਬਈ ਦਾ ਦਬਦਬਾ

ਦੋਵੇਂ ਟੀਮਾਂ ਵਿਚਾਲੇ ਹੁਣ ਤੱਕ ਆਈਪੀਐੱਲ ਵਿੱਚ 36 ਮੁਕਾਬਲੇ ਖੇਡੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਮੁੰਬਈ ਇੰਡੀਅਨਜ਼ ਨੇ 25 ਮੈਚ ਜਿੱਤੇ ਹਨ, ਜਦਕਿ ਕੋਲਕਾਤਾ ਨੂੰ ਸਿਰਫ਼ 11 ਜਿੱਤਾਂ ਮਿਲੀਆਂ ਹਨ। ਇਸ ਸੀਜ਼ਨ ਦੇ ਪਹਿਲੇ ਮੁਕਾਬਲੇ ਵਿੱਚ ਵੀ ਮੁੰਬਈ ਨੇ ਕੋਲਕਾਤਾ ਨੂੰ ਹਰਾਇਆ ਸੀ।

ਕੋਲਕਾਤਾ ਦੀ ਸੰਭਾਵੀ ਟੀਮ

ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਅਜਿੰਕਿਆ ਰਹਾਣੇ (ਕਪਤਾਨ), ਫਿਨ ਐਲਨ, ਅੰਗਕ੍ਰਿਸ਼ ਰਘੂਵੰਸ਼ੀ, ਕੈਮਰਨ ਗ੍ਰੀਨ, ਮਨੀਸ਼ ਪਾਂਡੇ, ਰਿੰਕੂ ਸਿੰਘ, ਸੁਨੀਲ ਨਾਰਾਇਣ, ਅਨੁਕੂਲ ਰਾਏ, ਕਾਰਤਿਕ ਤਿਆਗੀ, ਸੌਰਭ ਦੂਬੇ, ਵਰੁਣ ਚੱਕਰਵਰਤੀ ਅਤੇ ਮਥਿਸ਼ ਪਥੀਰਾਣਾ ਮੈਦਾਨ ਵਿੱਚ ਉਤਰ ਸਕਦੇ ਹਨ।

ਮੁੰਬਈ ਦੀ ਸੰਭਾਵੀ ਇਕਾਦਸ਼

ਮੁੰਬਈ ਇੰਡੀਅਨਜ਼ ਵੱਲੋਂ ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਰਿਆਨ ਰਿਕਲਟਨ, ਨਮਨ ਧੀਰ, ਤਿਲਕ ਵਰਮਾ, ਸ਼ੇਰਫੇਨ ਰਦਰਫੋਰਡ, ਵਿਲ ਜੈਕਸ, ਰਾਜ ਬਾਵਾ, ਕੋਰਬਿਨ ਬੋਸ਼, ਸ਼ਾਰਦੁਲ ਠਾਕੁਰ, ਦੀਪਕ ਚਾਹਰ ਅਤੇ ਜਸਪ੍ਰੀਤ ਬੁਮਰਾਹ ਨੂੰ ਮੌਕਾ ਮਿਲ ਸਕਦਾ ਹੈ।

ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵੱਡੇ ਖਿਡਾਰੀਆਂ ‘ਤੇ

ਮੈਚ ਦੌਰਾਨ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਸੁਨੀਲ ਨਾਰਾਇਣ ਅਤੇ ਰਿੰਕੂ ਸਿੰਘ ਵਰਗੇ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਖ਼ਾਸ ਨਜ਼ਰ ਰਹੇਗੀ। ਈਡਨ ਗਾਰਡਨਜ਼ ਵਿੱਚ ਦਰਸ਼ਕਾਂ ਨੂੰ ਇੱਕ ਰੋਮਾਂਚਕ ਮੁਕਾਬਲੇ ਦੀ ਉਮੀਦ ਹੈ।

ਜਲੰਧਰ ਬੰਬ ਧਮਾਕਿਆਂ ਪਿੱਛੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦਾ ਨਾਂਅ: ਸੋਸ਼ਲ ਮੀਡੀਆ ਰਾਹੀਂ ਭਾਰਤ ‘ਚ ਤਿਆਰ ਕਰ ਰਿਹਾ ਸਲੀਪਰ ਸੈੱਲ

ਜਲੰਧਰ :- ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ 5 ਮਈ ਨੂੰ ਹੋਏ ਆਈਈਡੀ ਧਮਾਕੇ ਦੀ ਜਾਂਚ ਦੌਰਾਨ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ। ਜਾਂਚ ਏਜੰਸੀਆਂ ਮੁਤਾਬਕ ਇਸ ਸਾਜ਼ਿਸ਼ ਦਾ ਮੁੱਖ ਚਿਹਰਾ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਹੈ, ਜੋ ਹੁਣ ਗੈਂਗਸਟਰ ਦੀ ਦੁਨੀਆ ਤੋਂ ਨਿਕਲ ਕੇ ਅੱਤਵਾਦੀ ਨੈੱਟਵਰਕ ਚਲਾਉਣ ਵਿੱਚ ਸਰਗਰਮ ਹੋ ਚੁੱਕਾ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਭੱਟੀ ਆਈਐਸਆਈ ਦੇ ਇਸ਼ਾਰੇ ‘ਤੇ ਭਾਰਤ ਵਿੱਚ ਸਲੀਪਰ ਸੈੱਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਸੱਤ ਰਾਜਾਂ ‘ਚ ਚੱਲੀ ਵੱਡੀ ਜਾਂਚ ਮੁਹਿੰਮ

ਜਾਂਚ ਏਜੰਸੀਆਂ ਨੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਵੱਡੇ ਪੱਧਰ ‘ਤੇ ਕਾਰਵਾਈ ਕਰਦਿਆਂ ਕਰੀਬ 500 ਨੌਜਵਾਨਾਂ ਨੂੰ ਪੁੱਛਗਿੱਛ ਲਈ ਰਾਊਂਡਅਪ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਰਾਹੀਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸਨ।

23 ਸ਼ੱਕੀ ਵਿਅਕਤੀਆਂ ‘ਤੇ ਏਜੰਸੀਆਂ ਦੀ ਨਿਗਾਹ

ਸੁਰੱਖਿਆ ਏਜੰਸੀਆਂ ਨੂੰ ਪੁੱਛਗਿੱਛ ਦੌਰਾਨ ਕਈ ਮੋਬਾਈਲ ਫੋਨਾਂ ਵਿੱਚੋਂ ਡਿਲੀਟ ਕੀਤੇ ਗਏ ਮੈਸੇਜਾਂ ਦੇ ਸਬੂਤ ਮਿਲੇ ਹਨ। ਲਗਭਗ 23 ਵਿਅਕਤੀਆਂ ਨੂੰ ਖ਼ਾਸ ਤੌਰ ‘ਤੇ ਸ਼ੱਕੀ ਮੰਨਿਆ ਜਾ ਰਿਹਾ ਹੈ। ਜਾਂਚ ਟੀਮਾਂ ਵੱਲੋਂ 624 ਮੋਬਾਈਲ ਫੋਨ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ ਏਟੀਐਸ ਵੱਲੋਂ ਵੀ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਜਾਰੀ ਹੈ।

ਪੰਜਾਬ ‘ਚ ਬਾਊਂਸਰਾਂ ਨਾਲ ਜੋੜ ਸਾਹਮਣੇ ਆਇਆ

ਪੰਜਾਬ ਵਿੱਚ ਜਾਂਚ ਦੌਰਾਨ ਸਭ ਤੋਂ ਚੌਕਾਣ ਵਾਲੀ ਗੱਲ ਇਹ ਸਾਹਮਣੇ ਆਈ ਕਿ ਭੱਟੀ ਨਾਲ ਜੁੜੇ ਕਈ ਨੌਜਵਾਨ ਪੇਸ਼ੇ ਤੋਂ ਬਾਊਂਸਰ ਸਨ। ਏਜੰਸੀਆਂ ਨੇ ਇਨ੍ਹਾਂ ਸਾਰਿਆਂ ਤੋਂ ਵੱਖ-ਵੱਖ ਪੱਖਾਂ ‘ਤੇ ਪੁੱਛਗਿੱਛ ਕੀਤੀ ਹੈ। ਪਿਛਲੇ ਸਵਾ ਸਾਲ ਦੌਰਾਨ ਜਲੰਧਰ ਵਿੱਚ ਹੋਏ ਤਿੰਨ ਵੱਡੇ ਧਮਾਕਿਆਂ ਵਿੱਚ ਭੱਟੀ ਦਾ ਨਾਂਅ ਸਾਹਮਣੇ ਆ ਚੁੱਕਾ ਹੈ।

ਯੂਟਿਊਬਰ ਦੇ ਘਰ ਗ੍ਰਨੇਡ ਸੁੱਟਣ ਦੀ ਸਾਜ਼ਿਸ਼ ਵੀ ਭੱਟੀ ਨਾਲ ਜੁੜੀ

16 ਮਾਰਚ 2025 ਨੂੰ ਰਾਏਪੁਰ ਰਸੂਲਪੁਰ ਪਿੰਡ ਵਿੱਚ ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਹਾਲਾਂਕਿ ਧਮਾਕਾ ਨਹੀਂ ਹੋਇਆ। ਇਸ ਮਾਮਲੇ ਵਿੱਚ ਹਰਿਆਣਾ ਦੇ ਹਾਰਦਿਕ ਕੰਬੋਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿੱਚ ਭੱਟੀ ਅਤੇ ਉਸਦੇ ਸਾਥੀ ਜ਼ੀਸ਼ਾਨ ਅਖਤਰ ਦੀ ਭੂਮਿਕਾ ਸਾਹਮਣੇ ਆਈ ਸੀ।

ਮਨੋਰੰਜਨ ਕਾਲੀਆ ਦੇ ਘਰ ਹਮਲੇ ਨਾਲ ਵੀ ਜੁੜੇ ਤਾਰ

7 ਅਤੇ 8 ਅਪ੍ਰੈਲ 2025 ਦੀ ਦਰਮਿਆਨੀ ਰਾਤ ਨੂੰ ਜਲੰਧਰ ਵਿੱਚ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹੈਂਡ ਗ੍ਰਨੇਡ ਹਮਲਾ ਕੀਤਾ ਗਿਆ ਸੀ। ਜਾਂਚ ਏਜੰਸੀਆਂ ਅਨੁਸਾਰ ਇਸ ਮਾਮਲੇ ਵਿੱਚ ਭੱਟੀ ਦੇ ਉੱਤਰ ਪ੍ਰਦੇਸ਼ ਦੇ ਅਮਰੋਹਾ ਨਾਲ ਸੰਬੰਧਿਤ ਅੱਤਵਾਦੀ ਸੈਦੁਲ ਅਮੀਨ ਨਾਲ ਸਿੱਧੇ ਸੰਪਰਕ ਸਨ।

ਬੀਐਸਐਫ ਹੈੱਡਕੁਆਰਟਰ ਧਮਾਕੇ ‘ਚ ਵੀ ਨਾਂਅ ਆਇਆ ਸਾਹਮਣੇ

5 ਮਈ 2026 ਨੂੰ ਜਲੰਧਰ ਸਥਿਤ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਹੋਏ ਆਈਈਡੀ ਧਮਾਕੇ ਵਿੱਚ ਵੀ ਭੱਟੀ ਦੀ ਭੂਮਿਕਾ ਸਾਹਮਣੇ ਆਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਉਮਰਦੀਨ ਉਰਫ਼ ਮੁਨੀਰ ਖਾਨ ਅਤੇ ਅਨਿਲ ਸ਼ਰਮਾ ਉਰਫ਼ ਮੋਟਾ ਸਿੱਧੇ ਤੌਰ ‘ਤੇ ਭੱਟੀ ਦੇ ਸੰਪਰਕ ਵਿੱਚ ਸਨ।

ਸੋਸ਼ਲ ਮੀਡੀਆ ਰਾਹੀਂ ਹੁੰਦਾ ਸੀ ਬ੍ਰੇਨਵਾਸ਼

ਸੁਰੱਖਿਆ ਏਜੰਸੀਆਂ ਮੁਤਾਬਕ ਭੱਟੀ ਪਹਿਲਾਂ ਨੌਜਵਾਨਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਦਾ ਸੀ ਅਤੇ ਉਨ੍ਹਾਂ ਦਾ ਬ੍ਰੇਨਵਾਸ਼ ਕਰਕੇ ਉਨ੍ਹਾਂ ਨੂੰ ਜਲਦੀ ਅਮੀਰ ਬਣਨ ਦੇ ਸੁਪਨੇ ਦਿਖਾਉਂਦਾ ਸੀ। ਕੈਨੇਡਾ, ਦੁਬਈ ਅਤੇ ਪੁਰਤਗਾਲ ਭੇਜਣ ਦੇ ਵਾਅਦੇ ਕਰਕੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾਂਦਾ ਸੀ।

ਡਰੋਨ ਰਾਹੀਂ ਹਥਿਆਰ ਸਪਲਾਈ ਕਰਨ ਦਾ ਖੁਲਾਸਾ

ਜਾਂਚ ਏਜੰਸੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਭੱਟੀ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਲੋਕੇਸ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕਰਦਾ ਸੀ। ਸਲੀਪਰ ਸੈੱਲ ਦੇ ਮੈਂਬਰ ਇੱਕ ਦੂਜੇ ਦੀ ਪਹਿਚਾਣ ਤੋਂ ਬੇਖ਼ਬਰ ਰੱਖੇ ਜਾਂਦੇ ਸਨ ਤਾਂ ਜੋ ਪੂਰੀ ਚੇਨ ਗੁਪਤ ਰਹੇ।

ਏਨਕ੍ਰਿਪਟਡ ਐਪਸ ਰਾਹੀਂ ਹੁੰਦਾ ਸੀ ਸੰਪਰਕ

ਭੱਟੀ ਆਪਣੇ ਖ਼ਾਸ ਮੈਂਬਰਾਂ ਨਾਲ ਏਨਕ੍ਰਿਪਟਡ ਮੈਸੇਜਿੰਗ ਐਪਲੀਕੇਸ਼ਨਾਂ ਅਤੇ ਕੋਡਵਰਡ ਦੀ ਵਰਤੋਂ ਕਰਕੇ ਸੰਪਰਕ ਕਰਦਾ ਸੀ। ਜਾਂਚ ਅਧਿਕਾਰੀਆਂ ਮੁਤਾਬਕ ਇਸ ਤਕਨਾਲੋਜੀ ਰਾਹੀਂ ਮੈਸੇਜ ਅਤੇ ਕਾਲਾਂ ਨੂੰ ਖ਼ਾਸ ਕੋਡ ਵਿੱਚ ਬਦਲ ਦਿੱਤਾ ਜਾਂਦਾ ਸੀ, ਜਿਸ ਨੂੰ ਸਿਰਫ਼ ਭੇਜਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਹੀ ਸਮਝ ਸਕਦਾ ਸੀ।

ਤਾਮਿਲਨਾਡੂ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਲਾਨ: ਰਿਸ਼ਵਤਖੋਰ ਫੜਵਾਉਣ ਤੇ ਮਿਲੇਗਾ 1 ਲੱਖ ਰੁਪਏ ਇਨਾਮ

ਤਮਿਲਨਾਡੂ :- ਤਾਮਿਲਨਾਡੂ ਵਿੱਚ ਮੁੱਖ ਮੰਤਰੀ ਵਿਜੇ ਦੀ ਅਗਵਾਈ ਹੇਠ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਕਦਮ ਚੁੱਕਦਿਆਂ ਨਵੀਂ ਪ੍ਰੋਤਸਾਹਨ ਯੋਜਨਾ ਲਾਗੂ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਦਫ਼ਤਰਾਂ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਲਿਆਂਦੀ ਗਈ ਇਸ ਯੋਜਨਾ ਤਹਿਤ ਹੁਣ ਰਿਸ਼ਵਤਖੋਰੀ ਦੀ ਸ਼ਿਕਾਇਤ ਕਰਨ ਵਾਲੇ ਲੋਕਾਂ ਨੂੰ ਵੱਡਾ ਨਕਦ ਇਨਾਮ ਦਿੱਤਾ ਜਾਵੇਗਾ।

1000 ਰੁਪਏ ਦੀ ਰਿਸ਼ਵਤ ‘ਤੇ ਵੀ ਹੋਵੇਗੀ ਸਖ਼ਤ ਕਾਰਵਾਈ

ਸਰਕਾਰ ਵੱਲੋਂ ਜਾਰੀ ਨੀਤੀ ਅਨੁਸਾਰ ਜੇਕਰ ਕੋਈ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਦੇ ਬਦਲੇ ਰਿਸ਼ਵਤ ਮੰਗਦਾ ਹੈ, ਭਾਵੇਂ ਰਕਮ 1000 ਰੁਪਏ ਹੀ ਕਿਉਂ ਨਾ ਹੋਵੇ, ਤਾਂ ਆਮ ਨਾਗਰਿਕ ਉਸ ਦੀ ਸਬੂਤਾਂ ਸਮੇਤ ਸ਼ਿਕਾਇਤ ਕਰ ਸਕਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਦੀ ਸਿੱਧੀ ਭਾਗੀਦਾਰੀ ਬਹੁਤ ਜ਼ਰੂਰੀ ਹੈ।

ਸ਼ਿਕਾਇਤ ਕਰਨ ਵਾਲੇ ਨੂੰ ਮਿਲੇਗਾ 1 ਲੱਖ ਰੁਪਏ ਇਨਾਮ

ਨਵੀਂ ਯੋਜਨਾ ਤਹਿਤ ਜੇਕਰ ਸ਼ਿਕਾਇਤ ਸਹੀ ਸਾਬਤ ਹੁੰਦੀ ਹੈ ਅਤੇ ਰਿਸ਼ਵਤਖੋਰੀ ਦੇ ਪੱਕੇ ਸਬੂਤ ਮਿਲਦੇ ਹਨ ਤਾਂ ਸ਼ਿਕਾਇਤਕਰਤਾ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਲੋਕ ਬਿਨਾਂ ਡਰ ਦੇ ਅੱਗੇ ਆ ਕੇ ਭ੍ਰਿਸ਼ਟ ਅਧਿਕਾਰੀਆਂ ਖ਼ਿਲਾਫ਼ ਆਵਾਜ਼ ਉਠਾਉਣਗੇ।

24 ਘੰਟੇ ਚੱਲੇਗੀ ਖ਼ਾਸ ਹੈਲਪਲਾਈਨ

ਲੋਕਾਂ ਲਈ ਸ਼ਿਕਾਇਤ ਪ੍ਰਕਿਰਿਆ ਨੂੰ ਆਸਾਨ ਬਣਾਉਣ ਵਾਸਤੇ ਸਰਕਾਰ ਨੇ 1800 425 1555 ਟੋਲ-ਫ੍ਰੀ ਨੰਬਰ ਵੀ ਜਾਰੀ ਕੀਤਾ ਹੈ। ਇਹ ਹੈਲਪਲਾਈਨ 24 ਘੰਟੇ ਕੰਮ ਕਰੇਗੀ, ਜਿਸ ਰਾਹੀਂ ਕੋਈ ਵੀ ਵਿਅਕਤੀ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਨਾਲ ਜੁੜੀ ਜਾਣਕਾਰੀ ਸਾਂਝੀ ਕਰ ਸਕੇਗਾ।

ਨਸ਼ਾ ਤਸਕਰੀ ਖ਼ਿਲਾਫ਼ ਵੀ ਸਖ਼ਤ ਰਵੱਈਆ

ਮੁੱਖ ਮੰਤਰੀ ਵਿਜੇ ਦੀ ਸਰਕਾਰ ਸਿਰਫ਼ ਭ੍ਰਿਸ਼ਟਾਚਾਰ ਖ਼ਿਲਾਫ਼ ਹੀ ਨਹੀਂ, ਸਗੋਂ ਰਾਜ ਵਿੱਚ ਵਧ ਰਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਵੀ ਕੜੇ ਕਦਮ ਚੁੱਕ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਹਰ ਪੱਧਰ ‘ਤੇ ਨਿਗਰਾਨੀ ਵਧਾਈ ਜਾ ਰਹੀ ਹੈ।

ਦੇਸ਼ ਭਰ ‘ਚ ਚਰਚਾ ਦਾ ਵਿਸ਼ਾ ਬਣਿਆ ਫੈਸਲਾ

ਤਾਮਿਲਨਾਡੂ ਸਰਕਾਰ ਦਾ ਇਹ ਫੈਸਲਾ ਹੁਣ ਦੇਸ਼ ਭਰ ਵਿੱਚ ਚਰਚਾ ਦਾ ਕੇਂਦਰ ਬਣ ਗਿਆ ਹੈ। ਕਈ ਲੋਕ ਇਸਨੂੰ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਮੁਹਿੰਮ ਵਜੋਂ ਦੇਖ ਰਹੇ ਹਨ, ਜਦਕਿ ਵੱਖ-ਵੱਖ ਰਾਜਾਂ ਵਿੱਚ ਵੀ ਅਜਿਹੀਆਂ ਯੋਜਨਾਵਾਂ ਦੀ ਮੰਗ ਉੱਠਣ ਲੱਗੀ ਹੈ।

ਡਾਲਰ ਮੁਕਾਬਲੇ 96.90 ਤੱਕ ਡਿੱਗੀ ਭਾਰਤੀ ਕਰੰਸੀ!

ਨਵੀਂ ਦਿੱਲੀ :- ਭਾਰਤੀ ਮੁਦਰਾ ਬਾਜ਼ਾਰ ਲਈ ਬੁੱਧਵਾਰ ਦਾ ਦਿਨ ਵੱਡੇ ਝਟਕੇ ਵਾਲਾ ਸਾਬਤ ਹੋਇਆ। ਸ਼ੁਰੂਆਤੀ ਕਾਰੋਬਾਰ ਦੌਰਾਨ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਆਪਣੇ ਇਤਿਹਾਸਕ ਹੇਠਲੇ ਪੱਧਰ ‘ਤੇ ਪਹੁੰਚ ਗਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਇਆ 96.89 ‘ਤੇ ਖੁੱਲ੍ਹਿਆ ਅਤੇ ਕੁਝ ਹੀ ਸਮੇਂ ਵਿੱਚ ਹੋਰ ਕਮਜ਼ੋਰ ਹੋ ਕੇ 96.90 ਪ੍ਰਤੀ ਡਾਲਰ ਤੱਕ ਲੁੜਕ ਗਿਆ।

ਅੰਤਰਰਾਸ਼ਟਰੀ ਹਾਲਾਤਾਂ ਨੇ ਵਧਾਇਆ ਦਬਾਅ

ਮਾਹਿਰਾਂ ਮੁਤਾਬਕ ਰੁਪਏ ਦੀ ਇਸ ਵੱਡੀ ਗਿਰਾਵਟ ਪਿੱਛੇ ਕਈ ਗਲੋਬਲ ਅਤੇ ਘਰੇਲੂ ਕਾਰਨ ਜ਼ਿੰਮੇਵਾਰ ਹਨ। ਖਾੜੀ ਖੇਤਰ ਵਿੱਚ ਵਧਦੇ ਭੂ-ਰਾਜਨੀਤਿਕ ਤਣਾਅ ਕਾਰਨ ਡਾਲਰ ਨੂੰ ਮਜ਼ਬੂਤੀ ਮਿਲ ਰਹੀ ਹੈ, ਜਦਕਿ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਉਛਾਲ ਨੇ ਭਾਰਤੀ ਕਰੰਸੀ ‘ਤੇ ਹੋਰ ਦਬਾਅ ਪਾ ਦਿੱਤਾ ਹੈ।

ਕੱਚਾ ਤੇਲ 110 ਡਾਲਰ ਪਾਰ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਦੀ ਕੀਮਤ 110.59 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਭਾਰਤ ਵੱਲੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਆਯਾਤ ਕੀਤਾ ਜਾਂਦਾ ਹੈ, ਜਿਸ ਕਾਰਨ ਤੇਲ ਮਹਿੰਗਾ ਹੋਣ ਨਾਲ ਡਾਲਰ ਦੀ ਮੰਗ ਵਧਦੀ ਹੈ ਅਤੇ ਰੁਪਏ ਦੀ ਕੀਮਤ ‘ਤੇ ਨਕਾਰਾਤਮਕ ਅਸਰ ਪੈਂਦਾ ਹੈ।

ਵਿਦੇਸ਼ੀ ਨਿਵੇਸ਼ਕ ਲਗਾਤਾਰ ਕੱਢ ਰਹੇ ਪੈਸਾ

ਬਾਜ਼ਾਰ ਵਿਸ਼ਲੇਸ਼ਕਾਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਵੱਲੋਂ ਭਾਰਤੀ ਸ਼ੇਅਰ ਬਾਜ਼ਾਰ ਵਿੱਚੋਂ ਲਗਾਤਾਰ ਨਿਵੇਸ਼ ਕੱਢਿਆ ਜਾ ਰਿਹਾ ਹੈ। ਮੰਗਲਵਾਰ ਨੂੰ ਹੀ ਵਿਦੇਸ਼ੀ ਨਿਵੇਸ਼ਕਾਂ ਨੇ 2,457 ਕਰੋੜ ਰੁਪਏ ਤੋਂ ਵੱਧ ਦੇ ਸ਼ੇਅਰ ਵੇਚੇ ਸਨ, ਜਿਸ ਨਾਲ ਬਾਜ਼ਾਰ ਵਿੱਚ ਨਕਾਰਾਤਮਕ ਸੰਕੇਤ ਬਣੇ ਰਹੇ।

ਲਗਾਤਾਰ ਅੱਠਵੇਂ ਦਿਨ ਗਿਰਾਵਟ

ਭਾਰਤੀ ਰੁਪਇਆ ਪਿਛਲੇ ਅੱਠ ਕਾਰੋਬਾਰੀ ਸੈਸ਼ਨਾਂ ਤੋਂ ਲਗਾਤਾਰ ਕਮਜ਼ੋਰ ਹੋ ਰਿਹਾ ਹੈ। ਮੰਗਲਵਾਰ ਨੂੰ ਰੁਪਇਆ 50 ਪੈਸੇ ਦੀ ਗਿਰਾਵਟ ਨਾਲ 96.70 ‘ਤੇ ਬੰਦ ਹੋਇਆ ਸੀ, ਪਰ ਬੁੱਧਵਾਰ ਨੂੰ ਇਸ ਨੇ ਨਵਾਂ ਨਕਾਰਾਤਮਕ ਰਿਕਾਰਡ ਕਾਇਮ ਕਰ ਦਿੱਤਾ।

ਸ਼ੇਅਰ ਬਾਜ਼ਾਰ ‘ਚ ਵੀ ਮਚੀ ਹਲਚਲ

ਰੁਪਏ ਦੀ ਕਮਜ਼ੋਰੀ ਦਾ ਅਸਰ ਦੇਸ਼ ਦੇ ਸ਼ੇਅਰ ਬਾਜ਼ਾਰਾਂ ‘ਤੇ ਵੀ ਨਜ਼ਰ ਆਇਆ। ਸੈਂਸੈਕਸ 517 ਅੰਕ ਤੋਂ ਵੱਧ ਡਿੱਗ ਕੇ 74,667 ਦੇ ਪੱਧਰ ‘ਤੇ ਆ ਗਿਆ, ਜਦਕਿ ਨਿਫਟੀ ਵੀ 152 ਅੰਕ ਦੀ ਗਿਰਾਵਟ ਨਾਲ 23,475 ਦੇ ਨੇੜੇ ਪਹੁੰਚ ਗਿਆ। ਉਧਰ ਡਾਲਰ ਸੂਚਕਾਂਕ ਵਿੱਚ ਵੀ ਹਲਕਾ ਵਾਧਾ ਦਰਜ ਕੀਤਾ ਗਿਆ, ਜੋ 99.26 ‘ਤੇ ਰਿਹਾ।

ਆਉਣ ਵਾਲੇ ਦਿਨਾਂ ‘ਤੇ ਰਹੇਗੀ ਨਜ਼ਰ

ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇਕਰ ਅੰਤਰਰਾਸ਼ਟਰੀ ਹਾਲਾਤਾਂ ਵਿੱਚ ਸੁਧਾਰ ਨਾ ਆਇਆ ਅਤੇ ਕੱਚੇ ਤੇਲ ਦੀਆਂ ਕੀਮਤਾਂ ਉੱਚੇ ਪੱਧਰ ‘ਤੇ ਰਹੀਆਂ ਤਾਂ ਰੁਪਏ ‘ਤੇ ਦਬਾਅ ਜਾਰੀ ਰਹਿ ਸਕਦਾ ਹੈ। ਨਿਵੇਸ਼ਕ ਹੁਣ ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ ਦੇ ਅਗਲੇ ਕਦਮਾਂ ‘ਤੇ ਨਿਗਾਹ ਬਣਾਈ ਬੈਠੇ ਹਨ।

ਅੰਮ੍ਰਿਤਸਰ ਸਿਵਲ ਹਸਪਤਾਲ ‘ਚ ਭਿੜੇ ਕਾਂਗਰਸੀ ਤੇ ਅਕਾਲੀ ਵਰਕਰ: ਕੁੱਟਮਾਰ ਮਗਰੋਂ ਮਾਹੌਲ ਤਣਾਅਪੂਰਨ

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਸਿਆਸੀ ਤਣਾਅ ਉਸ ਵੇਲੇ ਵਧ ਗਿਆ ਜਦੋਂ ਕਾਂਗਰਸੀ ਵਰਕਰਾਂ ਅਤੇ ਅਕਾਲੀ ਦਲ ਨਾਲ ਸੰਬੰਧਿਤ ਨੌਜਵਾਨਾਂ ਵਿਚਾਲੇ ਹੋਈ ਝੜਪ ਨੇ ਹਸਪਤਾਲ ਤੱਕ ਰੂਪ ਧਾਰ ਲਿਆ। ਮਾਮਲਾ ਥਾਣਾ ਬੀ ਡਵੀਜ਼ਨ ਅਧੀਨ ਆਉਂਦੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਅਕਾਲੀ ਦਲ ਦੇ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਦੇ ਪੁੱਤਰ ਸਮੇਤ ਕੁਝ ਨੌਜਵਾਨਾਂ ਨਾਲ ਕੁੱਟਮਾਰ ਹੋਣ ਦੇ ਦੋਸ਼ ਲਗੇ ਹਨ।

ਜ਼ਖ਼ਮੀਆਂ ਨੂੰ ਲਿਆਂਦਾ ਗਿਆ ਸਿਵਲ ਹਸਪਤਾਲ

ਘਟਨਾ ਤੋਂ ਬਾਅਦ ਜਖ਼ਮੀ ਨੌਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਾਤ ਉਸ ਸਮੇਂ ਹੋਰ ਗੰਭੀਰ ਹੋ ਗਏ ਜਦੋਂ ਦੋਵੇਂ ਧਿਰਾਂ ਦੇ ਸਮਰਥਕ ਹਸਪਤਾਲ ਵਿੱਚ ਆਮਨੇ-ਸਾਮਨੇ ਹੋ ਗਏ। ਜਾਣਕਾਰੀ ਅਨੁਸਾਰ ਹਸਪਤਾਲ ਅੰਦਰ ਗਾਲੀ-ਗਲੋਚ, ਧੱਕਾਮੁੱਕੀ ਅਤੇ ਹੱਥੋਂਪਾਈ ਵੀ ਹੋਈ, ਜਿਸ ਕਾਰਨ ਮੌਕੇ ‘ਤੇ ਹੰਗਾਮੇ ਵਾਲਾ ਮਾਹੌਲ ਬਣ ਗਿਆ।

ਹਸਪਤਾਲ ਅੰਦਰ ਤਣਾਅ ਦੀਆਂ ਤਸਵੀਰਾਂ ਆਈਆਂ ਸਾਹਮਣੇ

ਸਿਵਲ ਹਸਪਤਾਲ ਅੰਦਰ ਹੋਏ ਵਿਵਾਦ ਦੀਆਂ ਵੀਡੀਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਦੋਵੇਂ ਧਿਰਾਂ ਦੇ ਵਰਕਰ ਆਪਸ ਵਿੱਚ ਤਕਰਾਰ ਕਰਦੇ ਨਜ਼ਰ ਆ ਰਹੇ ਹਨ। ਮਾਮਲਾ ਵਧਦਾ ਦੇਖ ਪੁਲਿਸ ਪ੍ਰਸ਼ਾਸਨ ਨੂੰ ਤੁਰੰਤ ਮੌਕੇ ‘ਤੇ ਪਹੁੰਚਣਾ ਪਿਆ, ਜਿਸ ਤੋਂ ਬਾਅਦ ਹਾਲਾਤ ‘ਤੇ ਕਾਬੂ ਪਾਇਆ ਗਿਆ।

ਅਕਾਲੀ ਕੌਂਸਲਰ ਨੇ ਲਗਾਏ ਸਿਆਸੀ ਰੰਜਿਸ਼ ਦੇ ਦੋਸ਼

ਮੀਡੀਆ ਨਾਲ ਗੱਲਬਾਤ ਕਰਦਿਆਂ ਅਕਾਲੀ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਵਰਕਰਾਂ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਅਤੇ ਹੋਰ ਨੌਜਵਾਨ ਮੱਥਾ ਟੇਕਣ ਗਏ ਹੋਏ ਸਨ, ਜਿੱਥੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ। ਪੰਡੋਰੀ ਨੇ ਇਹ ਵੀ ਦੋਸ਼ ਲਗਾਇਆ ਕਿ ਹਸਪਤਾਲ ਵਿੱਚ ਵੀ ਵਿਰੋਧੀ ਧਿਰ ਦੇ ਲੋਕਾਂ ਨੇ ਮੁੜ ਹੱਥੋਂਪਾਈ ਕੀਤੀ।

ਪੁਲਿਸ ਨੇ ਕਿਹਾ— ਮਾਮਲਾ ਜਾਂਚ ਅਧੀਨ

ਥਾਣਾ ਏ ਡਵੀਜ਼ਨ ਦੇ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚਾਲੇ ਪਹਿਲਾਂ ਝਗੜਾ ਹੋਇਆ ਸੀ ਅਤੇ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਕਾਬੂ ਵਿੱਚ ਕਰ ਲਏ ਹਨ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਧਰ, ਥਾਣਾ ਬੀ ਡਵੀਜ਼ਨ ਦੇ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦਾ ਸਾਹਿਬ ਇਲਾਕੇ ਨੇੜੇ ਪਹਿਲਾਂ ਦੋਵੇਂ ਪੱਖਾਂ ਵਿਚਾਲੇ ਤਕਰਾਰ ਹੋਈ ਸੀ। ਇਸ ਤੋਂ ਬਾਅਦ ਹਸਪਤਾਲ ਵਿੱਚ ਮੁੜ ਵਿਵਾਦ ਹੋ ਗਿਆ, ਪਰ ਪੁਲਿਸ ਵੱਲੋਂ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ ਹੈ। ਪੁਲਿਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।