ਜਲੰਧਰ :- ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ 5 ਮਈ ਨੂੰ ਹੋਏ ਆਈਈਡੀ ਧਮਾਕੇ ਦੀ ਜਾਂਚ ਦੌਰਾਨ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ। ਜਾਂਚ ਏਜੰਸੀਆਂ ਮੁਤਾਬਕ ਇਸ ਸਾਜ਼ਿਸ਼ ਦਾ ਮੁੱਖ ਚਿਹਰਾ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਹੈ, ਜੋ ਹੁਣ ਗੈਂਗਸਟਰ ਦੀ ਦੁਨੀਆ ਤੋਂ ਨਿਕਲ ਕੇ ਅੱਤਵਾਦੀ ਨੈੱਟਵਰਕ ਚਲਾਉਣ ਵਿੱਚ ਸਰਗਰਮ ਹੋ ਚੁੱਕਾ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਭੱਟੀ ਆਈਐਸਆਈ ਦੇ ਇਸ਼ਾਰੇ ‘ਤੇ ਭਾਰਤ ਵਿੱਚ ਸਲੀਪਰ ਸੈੱਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਸੱਤ ਰਾਜਾਂ ‘ਚ ਚੱਲੀ ਵੱਡੀ ਜਾਂਚ ਮੁਹਿੰਮ
ਜਾਂਚ ਏਜੰਸੀਆਂ ਨੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਵੱਡੇ ਪੱਧਰ ‘ਤੇ ਕਾਰਵਾਈ ਕਰਦਿਆਂ ਕਰੀਬ 500 ਨੌਜਵਾਨਾਂ ਨੂੰ ਪੁੱਛਗਿੱਛ ਲਈ ਰਾਊਂਡਅਪ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਰਾਹੀਂ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸਨ।
23 ਸ਼ੱਕੀ ਵਿਅਕਤੀਆਂ ‘ਤੇ ਏਜੰਸੀਆਂ ਦੀ ਨਿਗਾਹ
ਸੁਰੱਖਿਆ ਏਜੰਸੀਆਂ ਨੂੰ ਪੁੱਛਗਿੱਛ ਦੌਰਾਨ ਕਈ ਮੋਬਾਈਲ ਫੋਨਾਂ ਵਿੱਚੋਂ ਡਿਲੀਟ ਕੀਤੇ ਗਏ ਮੈਸੇਜਾਂ ਦੇ ਸਬੂਤ ਮਿਲੇ ਹਨ। ਲਗਭਗ 23 ਵਿਅਕਤੀਆਂ ਨੂੰ ਖ਼ਾਸ ਤੌਰ ‘ਤੇ ਸ਼ੱਕੀ ਮੰਨਿਆ ਜਾ ਰਿਹਾ ਹੈ। ਜਾਂਚ ਟੀਮਾਂ ਵੱਲੋਂ 624 ਮੋਬਾਈਲ ਫੋਨ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜੇ ਗਏ ਹਨ। ਉੱਤਰ ਪ੍ਰਦੇਸ਼ ਵਿੱਚ ਏਟੀਐਸ ਵੱਲੋਂ ਵੀ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਜਾਰੀ ਹੈ।
ਪੰਜਾਬ ‘ਚ ਬਾਊਂਸਰਾਂ ਨਾਲ ਜੋੜ ਸਾਹਮਣੇ ਆਇਆ
ਪੰਜਾਬ ਵਿੱਚ ਜਾਂਚ ਦੌਰਾਨ ਸਭ ਤੋਂ ਚੌਕਾਣ ਵਾਲੀ ਗੱਲ ਇਹ ਸਾਹਮਣੇ ਆਈ ਕਿ ਭੱਟੀ ਨਾਲ ਜੁੜੇ ਕਈ ਨੌਜਵਾਨ ਪੇਸ਼ੇ ਤੋਂ ਬਾਊਂਸਰ ਸਨ। ਏਜੰਸੀਆਂ ਨੇ ਇਨ੍ਹਾਂ ਸਾਰਿਆਂ ਤੋਂ ਵੱਖ-ਵੱਖ ਪੱਖਾਂ ‘ਤੇ ਪੁੱਛਗਿੱਛ ਕੀਤੀ ਹੈ। ਪਿਛਲੇ ਸਵਾ ਸਾਲ ਦੌਰਾਨ ਜਲੰਧਰ ਵਿੱਚ ਹੋਏ ਤਿੰਨ ਵੱਡੇ ਧਮਾਕਿਆਂ ਵਿੱਚ ਭੱਟੀ ਦਾ ਨਾਂਅ ਸਾਹਮਣੇ ਆ ਚੁੱਕਾ ਹੈ।
ਯੂਟਿਊਬਰ ਦੇ ਘਰ ਗ੍ਰਨੇਡ ਸੁੱਟਣ ਦੀ ਸਾਜ਼ਿਸ਼ ਵੀ ਭੱਟੀ ਨਾਲ ਜੁੜੀ
16 ਮਾਰਚ 2025 ਨੂੰ ਰਾਏਪੁਰ ਰਸੂਲਪੁਰ ਪਿੰਡ ਵਿੱਚ ਯੂਟਿਊਬਰ ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਹਾਲਾਂਕਿ ਧਮਾਕਾ ਨਹੀਂ ਹੋਇਆ। ਇਸ ਮਾਮਲੇ ਵਿੱਚ ਹਰਿਆਣਾ ਦੇ ਹਾਰਦਿਕ ਕੰਬੋਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿੱਚ ਭੱਟੀ ਅਤੇ ਉਸਦੇ ਸਾਥੀ ਜ਼ੀਸ਼ਾਨ ਅਖਤਰ ਦੀ ਭੂਮਿਕਾ ਸਾਹਮਣੇ ਆਈ ਸੀ।
ਮਨੋਰੰਜਨ ਕਾਲੀਆ ਦੇ ਘਰ ਹਮਲੇ ਨਾਲ ਵੀ ਜੁੜੇ ਤਾਰ
7 ਅਤੇ 8 ਅਪ੍ਰੈਲ 2025 ਦੀ ਦਰਮਿਆਨੀ ਰਾਤ ਨੂੰ ਜਲੰਧਰ ਵਿੱਚ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹੈਂਡ ਗ੍ਰਨੇਡ ਹਮਲਾ ਕੀਤਾ ਗਿਆ ਸੀ। ਜਾਂਚ ਏਜੰਸੀਆਂ ਅਨੁਸਾਰ ਇਸ ਮਾਮਲੇ ਵਿੱਚ ਭੱਟੀ ਦੇ ਉੱਤਰ ਪ੍ਰਦੇਸ਼ ਦੇ ਅਮਰੋਹਾ ਨਾਲ ਸੰਬੰਧਿਤ ਅੱਤਵਾਦੀ ਸੈਦੁਲ ਅਮੀਨ ਨਾਲ ਸਿੱਧੇ ਸੰਪਰਕ ਸਨ।
ਬੀਐਸਐਫ ਹੈੱਡਕੁਆਰਟਰ ਧਮਾਕੇ ‘ਚ ਵੀ ਨਾਂਅ ਆਇਆ ਸਾਹਮਣੇ
5 ਮਈ 2026 ਨੂੰ ਜਲੰਧਰ ਸਥਿਤ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਹੋਏ ਆਈਈਡੀ ਧਮਾਕੇ ਵਿੱਚ ਵੀ ਭੱਟੀ ਦੀ ਭੂਮਿਕਾ ਸਾਹਮਣੇ ਆਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਉਮਰਦੀਨ ਉਰਫ਼ ਮੁਨੀਰ ਖਾਨ ਅਤੇ ਅਨਿਲ ਸ਼ਰਮਾ ਉਰਫ਼ ਮੋਟਾ ਸਿੱਧੇ ਤੌਰ ‘ਤੇ ਭੱਟੀ ਦੇ ਸੰਪਰਕ ਵਿੱਚ ਸਨ।
ਸੋਸ਼ਲ ਮੀਡੀਆ ਰਾਹੀਂ ਹੁੰਦਾ ਸੀ ਬ੍ਰੇਨਵਾਸ਼
ਸੁਰੱਖਿਆ ਏਜੰਸੀਆਂ ਮੁਤਾਬਕ ਭੱਟੀ ਪਹਿਲਾਂ ਨੌਜਵਾਨਾਂ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕਰਦਾ ਸੀ ਅਤੇ ਉਨ੍ਹਾਂ ਦਾ ਬ੍ਰੇਨਵਾਸ਼ ਕਰਕੇ ਉਨ੍ਹਾਂ ਨੂੰ ਜਲਦੀ ਅਮੀਰ ਬਣਨ ਦੇ ਸੁਪਨੇ ਦਿਖਾਉਂਦਾ ਸੀ। ਕੈਨੇਡਾ, ਦੁਬਈ ਅਤੇ ਪੁਰਤਗਾਲ ਭੇਜਣ ਦੇ ਵਾਅਦੇ ਕਰਕੇ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਜਾਂਦਾ ਸੀ।
ਡਰੋਨ ਰਾਹੀਂ ਹਥਿਆਰ ਸਪਲਾਈ ਕਰਨ ਦਾ ਖੁਲਾਸਾ
ਜਾਂਚ ਏਜੰਸੀਆਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਭੱਟੀ ਡਰੋਨ ਰਾਹੀਂ ਭੇਜੇ ਗਏ ਹਥਿਆਰਾਂ ਦੀ ਲੋਕੇਸ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕਰਦਾ ਸੀ। ਸਲੀਪਰ ਸੈੱਲ ਦੇ ਮੈਂਬਰ ਇੱਕ ਦੂਜੇ ਦੀ ਪਹਿਚਾਣ ਤੋਂ ਬੇਖ਼ਬਰ ਰੱਖੇ ਜਾਂਦੇ ਸਨ ਤਾਂ ਜੋ ਪੂਰੀ ਚੇਨ ਗੁਪਤ ਰਹੇ।
ਏਨਕ੍ਰਿਪਟਡ ਐਪਸ ਰਾਹੀਂ ਹੁੰਦਾ ਸੀ ਸੰਪਰਕ
ਭੱਟੀ ਆਪਣੇ ਖ਼ਾਸ ਮੈਂਬਰਾਂ ਨਾਲ ਏਨਕ੍ਰਿਪਟਡ ਮੈਸੇਜਿੰਗ ਐਪਲੀਕੇਸ਼ਨਾਂ ਅਤੇ ਕੋਡਵਰਡ ਦੀ ਵਰਤੋਂ ਕਰਕੇ ਸੰਪਰਕ ਕਰਦਾ ਸੀ। ਜਾਂਚ ਅਧਿਕਾਰੀਆਂ ਮੁਤਾਬਕ ਇਸ ਤਕਨਾਲੋਜੀ ਰਾਹੀਂ ਮੈਸੇਜ ਅਤੇ ਕਾਲਾਂ ਨੂੰ ਖ਼ਾਸ ਕੋਡ ਵਿੱਚ ਬਦਲ ਦਿੱਤਾ ਜਾਂਦਾ ਸੀ, ਜਿਸ ਨੂੰ ਸਿਰਫ਼ ਭੇਜਣ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਹੀ ਸਮਝ ਸਕਦਾ ਸੀ।

