Home Blog Page 365

ਪੈਟਰੋਲ-ਡੀਜ਼ਲ ਮੁੜ ਮਹਿੰਗੇ, 10 ਦਿਨਾਂ ਅੰਦਰ ਤੀਜੀ ਵਾਰ ਕੀਮਤਾਂ ‘ਚ ਵਾਧਾ

ਚੰਡੀਗੜ੍ਹ :- ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਇੱਕ ਵਾਰ ਫਿਰ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸ਼ਨੀਵਾਰ ਨੂੰ ਤੇਲ ਕੰਪਨੀਆਂ ਵੱਲੋਂ ਪੈਟਰੋਲ ਦੀ ਕੀਮਤ ਵਿੱਚ 87 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 91 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ। ਇਸ ਤਾਜ਼ਾ ਵਾਧੇ ਨਾਲ ਘਰੇਲੂ ਬਜਟ ‘ਤੇ ਹੋਰ ਦਬਾਅ ਪੈਣ ਦੀ ਸੰਭਾਵਨਾ ਬਣ ਗਈ ਹੈ।

ਦਿੱਲੀ ਵਿੱਚ ਨਵੀਆਂ ਦਰਾਂ ਲਾਗੂ

ਨਵੀਆਂ ਕੀਮਤਾਂ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ₹99.51 ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ, ਜੋ ਪਹਿਲਾਂ ₹98.64 ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ₹92.49 ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਪਹਿਲਾਂ ਇਹ ₹91.58 ਪ੍ਰਤੀ ਲੀਟਰ ਸੀ। ਤੇਲ ਕੰਪਨੀਆਂ ਨੇ ਇਹ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਹਨ।

ਪੱਛਮੀ ਏਸ਼ੀਆ ਦੇ ਤਣਾਅ ਦਾ ਅਸਰ

ਉਦਯੋਗ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਅਤੇ ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਕਾਰਨ ਇੰਧਨ ਮਹਿੰਗਾ ਹੋ ਰਿਹਾ ਹੈ। ਇਸ ਕਾਰਨ ਸਰਕਾਰੀ ਤੇਲ ਕੰਪਨੀਆਂ ਵਧ ਰਹੇ ਖਰਚੇ ਦਾ ਬੋਝ ਹੌਲੀ-ਹੌਲੀ ਲੋਕਾਂ ‘ਤੇ ਪਾ ਰਹੀਆਂ ਹਨ।

ਪਹਿਲਾਂ ਵੀ ਹੋ ਚੁੱਕਾ ਹੈ ਵੱਡਾ ਵਾਧਾ

ਦੱਸਣਯੋਗ ਹੈ ਕਿ 15 ਮਈ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ ₹3 ਪ੍ਰਤੀ ਲੀਟਰ ਦਾ ਵੱਡਾ ਵਾਧਾ ਕੀਤਾ ਗਿਆ ਸੀ। ਹੁਣ 10 ਦਿਨਾਂ ਦੇ ਅੰਦਰ ਤੀਜੀ ਵਾਰ ਕੀਮਤਾਂ ਵਧਣ ਨਾਲ ਆਵਾਜਾਈ, ਖੇਤੀਬਾੜੀ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਭਾਅ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਆਮ ਲੋਕਾਂ ਵਿੱਚ ਨਾਰਾਜ਼ਗੀ

ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਆਮ ਲੋਕਾਂ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਨੇ ਘਰੇਲੂ ਖਰਚੇ ਵਧਾ ਦਿੱਤੇ ਹਨ ਅਤੇ ਹੁਣ ਇੰਧਨ ਦੀਆਂ ਕੀਮਤਾਂ ਵਧਣ ਨਾਲ ਰੋਜ਼ਾਨਾ ਜੀਵਨ ਹੋਰ ਮੁਸ਼ਕਲ ਹੋ ਜਾਵੇਗਾ।

ਗੈਂਗਸਟਰਾਂ ਤੇ ਵਾਰ ਦਾ 122ਵਾਂ ਦਿਨ: ਪੰਜਾਬ ਪੁਲਿਸ ਵੱਲੋਂ 512 ਥਾਈਂ ਛਾਪੇਮਾਰੀ; 244 ਗ੍ਰਿਫ਼ਤਾਰ

ਚੰਡੀਗੜ੍ਹ : ਸੂਬੇ ਵਿੱਚ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’  ਦੇ 122ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 512 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ।

ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ – ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿਆਂ ਦੀਆਂ ਪੁਲਿਸ ਟੀਮਾਂ ਸੂਬੇ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ 122ਵੇਂ ਦਿਨ ਪੁਲਿਸ ਟੀਮਾਂ ਨੇ 244 ਵਿਅਕਤੀਆਂ ਨੂੰ ਛੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 31208 ਹੋ ਗਈ ਹੈ।

ਇਸ ਤੋਂ ਇਲਾਵਾ 116 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 20 ਵਿਅਕਤੀਆਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਪੰਜ ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਲੋਕ, ਐਂਟੀ ਗੈਂਗਸਟਰ ਹੈਲਪਲਾਈਨ ਨੰਬਰ 93946-93946 ਰਾਹੀਂ ਗੁਪਤ ਰੂਪ ਵਿੱਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਰਿਪੋਰਟ ਕਰ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ ਵੀ ਦਿੱਤੀ ਜਾ ਸਕਦੀ ਹੈ।

ਇਸ ਦੌਰਾਨ ਪੁਲਿਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ ਨੂੰ 447ਵੇਂ ਦਿਨ ਵੀ ਜਾਰੀ ਰੱਖਦਿਆਂ ਅੱਜ 57 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 7.3 ਕਿਲੋ ਹੈਰੋਇਨ, 60 ਕਿਲੋ ਭੁੱਕੀ, 255 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 3050 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਦੇ ਨਾਲ ਮਹਿਜ਼ 447 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 65092 ਹੋ ਗਈ ਹੈ। ਨਸ਼ਾ ਛੁਡਾਊ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਅੱਜ ਛੇ ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।

ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਪੂਰੇ ਸੂਬੇ ਵਿੱਚ ਇੰਨ-ਬਿੰਨ ਲਾਗੂ ਕਰੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ : ਪੰਜਾਬ ਦੇ ਕਈ ਹਿੱਸਿਆਂ ਵਿੱਚ ਅਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਵਧਦੀਆਂ ਘਟਨਾਵਾਂ ਬਾਰੇ ਵਧਦੀਆਂ ਚਿੰਤਾਵਾਂ ਵਿਚਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ, ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਜਾਨਵਰਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਂਦੇ ਹੋਏ ਅਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਇੰਨ-ਬਿੰਨ ਲਾਗੂ ਕਰੇਗੀ। ਬੱਚਿਆਂ, ਬਜ਼ੁਰਗਾਂ ਅਤੇ ਪਰਿਵਾਰਾਂ ਨੂੰ ਜਨਤਕ ਥਾਵਾਂ `ਤੇ ਬਿਨਾਂ ਕਿਸੇ ਡਰ ਤੋਂ ਘੁੰਮਣ-ਫਿਰਨ ਦੇ ਯੋਗ ਬਣਾਉਣ ਲਈ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਵਾਰਾ ਕੁੱਤਿਆਂ ਨੂੰ ਵੱਧ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਤਬਦੀਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਲਈ ਲੋੜੀਂਦੇ ਆਸਰਾ ਘਰ ਬਣਾਏ ਅਤੇ ਚਲਾਏ ਜਾਣਗੇ। ਉਨ੍ਹਾਂ ਮਨੁੱਖੀ ਜਾਨਾਂ ਤੇ ਜਾਨਵਰਾਂ ਦੀ ਭਲਾਈ ਦੋਵਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਈ।

ਸੁਪਰੀਮ ਕੋਰਟ ਵੱਲੋਂ 19 ਮਈ 2026 ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਪਹਿਲਾਂ ਹੀ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ, “ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ, ਅਵਾਰਾ ਕੁੱਤਿਆਂ ਨੂੰ ਵੱਧ ਭੀੜ ਵਾਲੀਆਂ ਸਾਰੀਆਂ ਜਨਤਕ ਥਾਵਾਂ ਤੋਂ ਹਟਾਇਆ ਜਾਵੇਗਾ ਤਾਂ ਜੋ ਬੱਚੇ, ਬਜ਼ੁਰਗ ਅਤੇ ਪਰਿਵਾਰ ਬਿਨਾਂ ਡਰ ਤੋਂ ਆਜ਼ਾਦੀ ਨਾਲ ਘੁੰਮ ਸਕਣ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਇਸ ਕਦਮ ਨਾਲ ਪੂਰੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਅਵਾਰਾ ਕੁੱਤਿਆਂ ਦੀ ਵਧਦੀ ਸਮੱਸਿਆ ਮਨੁੱਖੀ ਜਾਨਾਂ ਲਈ ਗੰਭੀਰ ਖ਼ਤਰਾ ਹੈ। ਅਵਾਰਾ ਕੁੱਤਿਆਂ ਦੇ ਹਮਲਿਆਂ ਦੀਆਂ ਘਟਨਾਵਾਂ ਨੇ ਨਾਗਰਿਕਾਂ ਵਿੱਚ ਵਿਆਪਕ ਚਿੰਤਾ ਪੈਦਾ ਕੀਤੀ ਹੈ, ਜਿਸ ਕਾਰਨ ਪੰਜਾਬ ਸਰਕਾਰ ਲਈ ਇਸ ਮੁੱਦੇ `ਤੇ ਫੈਸਲਾਕੁੰਨ ਕਾਰਵਾਈ ਕਰਨਾ ਜ਼ਰੂਰੀ ਹੋ ਗਿਆ ਸੀ।”

ਐਕਸ `ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਪੰਜਾਬ ਸਰਕਾਰ 19 ਮਈ 2026 ਨੂੰ ਆਏ ਸੁਪਰੀਮ ਕੋਰਟ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰੇਗੀ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ, ਅਸੀਂ ਵੱਧ ਭੀੜ-ਭੜੱਕੇ ਵਾਲੀਆਂ ਸਾਰੀਆਂ ਜਨਤਕ ਥਾਵਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਵਾਂਗੇ ਤਾਂ ਜੋ ਬੱਚੇ, ਬਜ਼ੁਰਗ ਨਾਗਰਿਕ ਅਤੇ ਪਰਿਵਾਰ ਆਪਣੀ ਸੁਰੱਖਿਆ ਦੇ ਡਰ ਤੋਂ ਬਿਨਾਂ ਆਜ਼ਾਦੀ ਨਾਲ ਘੁੰਮ-ਫਿਰ ਸਕਣ। ਅਸੀਂ ਕੁੱਤਿਆਂ ਲਈ ਲੋੜੀਂਦੀ ਗਿਣਤੀ ਵਿੱਚ ਆਸਰਾ ਘਰ ਬਣਾਵਾਂਗੇ ਅਤੇ ਉਨ੍ਹਾਂ ਦੀ ਦੇਖਭਾਲ ਕਰਾਂਗੇ, ਜਿੱਥੇ ਇਨ੍ਹਾਂ ਅਵਾਰਾ ਕੁੱਤਿਆਂ ਦੀ ਸਹੀ ਤਰੀਕੇ ਨਾਲ ਸੰਭਾਲ ਕੀਤੀ ਜਾ ਸਕੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਹਿਮ ਫੈਸਲਾ; ਅੱਤ ਦੀ ਗਰਮੀ ਤੋਂ ਲੋਕਾਂ ਨੂੰ ਬਚਾਉਣ ਲਈ ਸਰਕਾਰੀ ਦਫ਼ਤਰਾਂ, ਸਕੂਲਾਂ ਤੇ ਕਾਲਜਾਂ ਦਾ ਸਮਾਂ ਸਵੇਰੇ 7:30 ਵਜੇ ਕੀਤਾ

ਚੰਡੀਗੜ੍ਹ; 22 ਮਈ : ਭਿਆਨਕ ਗਰਮੀ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਦਾ ਸਮਾਂ ਬਦਲਣ ਦਾ ਐਲਾਨ ਕੀਤਾ ਹੈ। ਵਡੇਰੇ ਜਨਤਕ ਹਿੱਤ ਵਿੱਚ ਨਵੇਂ ਸਮੇਂ ਮੁਤਾਬਕ ਕੰਮਕਾਜ ਦਾ ਸਮਾਂ ਮੌਜੂਦਾ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਦੀ ਬਜਾਏ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗਾ।

ਇਸ ਫੈਸਲੇ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਬਦਲਿਆ ਹੋਇਆ ਸਮਾਂ 25 ਮਈ ਤੋਂ ਲਾਗੂ ਹੋਵੇਗਾ ਅਤੇ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ, “ਇਹ ਫੈਸਲਾ ਆਮ ਲੋਕਾਂ ਦੀ ਸਹੂਲਤ ਲਈ ਲਿਆ ਗਿਆ ਹੈ ਤਾਂ ਜੋ ਉਹ ਪੂਰੇ ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਆਸਾਨੀ ਨਾਲ ਆਪਣੇ ਕੰਮ ਕਰਵਾ ਸਕਣ। ਹਰ ਕਿਸੇ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਬਦਲੇ ਹੋਏ ਸਮੇਂ ਨਾਲ ਲੋਕ ਆਪਣੇ ਕੰਮ ਤੋਂ ਛੁੱਟੀ ਲਏ ਬਿਨਾਂ ਸਵੇਰੇ-ਸਵੇਰੇ ਆਪਣੇ ਸਰਕਾਰੀ ਕੰਮ ਪੂਰੇ ਕਰ ਸਕਣਗੇ। ਉਨ੍ਹਾਂ ਕਿਹਾ, “ਇਸ ਕਦਮ ਨਾਲ ਮੁਲਾਜ਼ਮਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ, ਕਿਉਂਕਿ ਉਹ ਦਿਨ ਵੇਲੇ ਤਾਪਮਾਨ ਵਧਣ ਤੋਂ ਪਹਿਲਾਂ ਆਪਣੀ ਡਿਊਟੀ ਖ਼ਤਮ ਕਰ ਸਕਣਗੇ।”
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਹੁਣ ਮੁਲਾਜ਼ਮਾਂ ਨੂੰ ਆਪਣੇ ਬੱਚਿਆਂ ਨਾਲ ਬਿਤਾਉਣ ਲਈ ਵਧੇਰੇ ਸਮਾਂ ਮਿਲੇਗਾ, ਜੋ ਕਿ ਸਕੂਲਾਂ ਅਤੇ ਕਾਲਜਾਂ ਦੇ ਬਦਲੇ ਹੋਏ ਸਮੇਂ ਕਾਰਨ ਲਗਭਗ ਉਸੇ ਸਮੇਂ ਘਰ ਪਰਤਣਗੇ। ਉਨ੍ਹਾਂ ਕਿਹਾ, “ਇਹ ਫੈਸਲਾ ਪੰਜਾਬ ਸਰਕਾਰ ਦੀ ਲੋਕ-ਪੱਖੀ ਪਹੁੰਚ ਅਤੇ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਹ ਨਵਾਂ ਸਮਾਂ ਸੂਬੇ ਭਰ ਦੇ ਸਕੂਲਾਂ ਤੇ ਕਾਲਜਾਂ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ‘ਤੇ ਲਾਗੂ ਹੋਵੇਗਾ। ਉਨ੍ਹਾਂ ਅੱਗੇ ਕਿਹਾ, “ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ.) ਦੇ ਅੰਕੜਿਆਂ ਅਨੁਸਾਰ  ਬਿਜਲੀ ਦਾ ਪੀਕ ਲੋਡ ਦੁਪਹਿਰ 1:00 ਵਜੇ ਤੋਂ ਬਾਅਦ ਸ਼ੁਰੂ ਹੁੰਦਾ ਹੈ, ਇਸ ਲਈ ਦਫ਼ਤਰਾਂ ਦਾ ਨਵਾਂ ਸਮਾਂ ਬਿਜਲੀ ਦੀ ਖਪਤ ਨੂੰ ਘਟਾਉਣ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ‘ਤੇ ਦਬਾਅ ਨੂੰ ਘੱਟ ਕਰਨ ਵਿੱਚ ਵੀ ਮਦਦ ਕਰੇਗਾ।”

ਪੰਜਾਬ ‘ਚ ਭਿਆਨਕ ਗਰਮੀ ਦਾ ਅਸਰ, 25 ਮਈ ਤੋਂ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਦੇ ਸਮੇਂ ‘ਚ ਵੱਡਾ ਬਦਲਾਅ

ਚੰਡੀਗੜ੍ਹ :- ਪੰਜਾਬ ਵਿੱਚ ਲਗਾਤਾਰ ਵੱਧ ਰਹੀ ਤਿੱਖੀ ਗਰਮੀ ਅਤੇ ਲੂ ਦੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ 25 ਮਈ ਤੋਂ ਸੂਬੇ ਦੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਦੁਪਹਿਰ ਦੀ ਅਸਹਿਣਸ਼ੀਲ ਗਰਮੀ ਤੋਂ ਬਚਾਇਆ ਜਾ ਸਕੇ।

ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਖੁੱਲ੍ਹਣਗੇ ਸਕੂਲ ਤੇ ਦਫ਼ਤਰ

ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਹੁਣ ਸਾਰੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਸਾਰੀਆਂ ਕਲਾਸਾਂ ਸਵੇਰੇ 7:30 ਵਜੇ ਸ਼ੁਰੂ ਹੋਣਗੀਆਂ ਅਤੇ ਦੁਪਹਿਰ 1:30 ਵਜੇ ਤੱਕ ਚੱਲਣਗੀਆਂ। ਇਹ ਨਵਾਂ ਸਮਾਂ ਆਉਣ ਵਾਲੇ ਦਿਨਾਂ ਦੀ ਭਿਆਨਕ ਗਰਮੀ ਨੂੰ ਵੇਖਦੇ ਹੋਏ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਬੱਚਿਆਂ ਅਤੇ ਮੁਲਾਜ਼ਮਾਂ ਦੀ ਸਿਹਤ ਨੂੰ ਦਿੱਤੀ ਤਰਜੀਹ

ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਖਾਸ ਤੌਰ ‘ਤੇ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਦਫ਼ਤਰੀ ਮੁਲਾਜ਼ਮਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਦੁਪਹਿਰ ਦੇ ਸਮੇਂ ਤਾਪਮਾਨ ਵਿੱਚ ਹੋ ਰਹੇ ਵਾਧੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਗਰਮੀ ਦੀ ਸਥਿਤੀ ‘ਤੇ ਸਰਕਾਰ ਰੱਖੇਗੀ ਲਗਾਤਾਰ ਨਜ਼ਰ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨੂੰ ਲੈ ਕੇ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਮੌਸਮ ਦੀ ਸਥਿਤੀ ‘ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਗਰਮੀ ਦਾ ਪ੍ਰਕੋਪ ਹੋਰ ਵਧਦਾ ਹੈ ਤਾਂ ਹਾਲਾਤਾਂ ਮੁਤਾਬਕ ਹੋਰ ਲੋੜੀਂਦੇ ਫ਼ੈਸਲੇ ਵੀ ਕੀਤੇ ਜਾ ਸਕਦੇ ਹਨ।

ਵਿਨੇਸ਼ ਫੋਗਾਟ ਮਾਮਲੇ ‘ਚ ਦਿੱਲੀ ਹਾਈਕੋਰਟ ਦੀ ਕੁਸ਼ਤੀ ਮਹਾਸੰਘ ਨੂੰ ਫਟਕਾਰ, ਕਿਹਾ- “ਮਾਂ ਬਣਨਾ ਕੋਈ ਜੁਰਮ ਨਹੀਂ”

ਨਵੀਂ ਦਿੱਲੀ :- ਦਿੱਲੀ ਹਾਈ ਕੋਰਟ ਨੇ ਭਾਰਤੀ ਕੁਸ਼ਤੀ ਮਹਾਸੰਘ ਵੱਲੋਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਘਰੇਲੂ ਮੁਕਾਬਲਿਆਂ ਤੋਂ ਦੂਰ ਰੱਖਣ ਦੇ ਫੈਸਲੇ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਅਦਾਲਤ ਨੇ ਪੁੱਛਿਆ ਕਿ ਜਦੋਂ ਪਿਛਲੇ ਸਮੇਂ ਦੌਰਾਨ ਕਈ ਮਸ਼ਹੂਰ ਖਿਡਾਰੀਆਂ ਨੂੰ ਨਿਯਮਾਂ ਵਿੱਚ ਰਾਹਤ ਦਿੱਤੀ ਜਾਂਦੀ ਰਹੀ ਹੈ ਤਾਂ ਵਿਨੇਸ਼ ਨਾਲ ਵੱਖਰਾ ਰਵੱਈਆ ਕਿਉਂ ਅਪਣਾਇਆ ਜਾ ਰਿਹਾ ਹੈ।

ਮੁੱਖ ਜੱਜ ਨੇ ਮਾਤਰਤਵ ਨੂੰ ਦੱਸਿਆ ਸਨਮਾਨ ਦੀ ਗੱਲ

ਮੁੱਖ ਜੱਜ ਡੀਕੇ ਉਪਾਧਿਆਏ ਅਤੇ ਜਸਟਿਸ ਤੇਜਸ ਕਾਰੀਆ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਭਾਰਤ ਵਿੱਚ ਮਾਂ ਬਣਨ ਨੂੰ ਸਨਮਾਨ ਨਾਲ ਦੇਖਿਆ ਜਾਂਦਾ ਹੈ। ਅਦਾਲਤ ਨੇ ਕਿਹਾ ਕਿ ਵਿਨੇਸ਼ ਫੋਗਾਟ ਜੁਲਾਈ 2025 ਵਿੱਚ ਮਾਂ ਬਣੀ ਸੀ ਅਤੇ ਹੁਣ ਉਹ ਮੁੜ ਖੇਡ ਮੈਦਾਨ ਵਿੱਚ ਵਾਪਸੀ ਕਰ ਰਹੀ ਹੈ। ਬੈਂਚ ਨੇ ਸਪੱਸ਼ਟ ਕੀਤਾ ਕਿ ਮਾਤਰਤਵ ਕਿਸੇ ਵੀ ਖਿਡਾਰੀ ਲਈ ਸਜ਼ਾ ਦਾ ਕਾਰਨ ਨਹੀਂ ਬਣ ਸਕਦਾ ਅਤੇ ਸੰਘ ਨੂੰ ਬਦਲੇ ਦੀ ਭਾਵਨਾ ਨਾਲ ਕੰਮ ਨਹੀਂ ਕਰਨਾ ਚਾਹੀਦਾ।

ਏਸ਼ੀਆਈ ਖੇਡਾਂ ਦੇ ਟਰਾਇਲ ਵਿੱਚ ਹਿੱਸਾ ਲੈਣ ਦਾ ਮੌਕਾ ਦੇਣ ਦੀ ਗੱਲ

ਅਦਾਲਤ ਨੇ ਇਹ ਵੀ ਕਿਹਾ ਕਿ ਵਿਨੇਸ਼ ਨੂੰ ਆਉਣ ਵਾਲੇ ਏਸ਼ੀਆਈ ਖੇਡਾਂ ਦੇ ਟਰਾਇਲ ਵਿੱਚ ਹਿੱਸਾ ਲੈਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਬੈਂਚ ਨੇ ਮੰਨਿਆ ਕਿ ਇੱਕ ਖਿਡਾਰੀ ਨੂੰ ਆਪਣੀ ਯੋਗਤਾ ਸਾਬਤ ਕਰਨ ਦਾ ਅਧਿਕਾਰ ਹੈ ਅਤੇ ਉਸ ਨੂੰ ਬਿਨਾਂ ਢੁੱਕਵੇਂ ਕਾਰਨ ਦੇ ਬਾਹਰ ਨਹੀਂ ਕੀਤਾ ਜਾ ਸਕਦਾ।

ਕੇਂਦਰ ਸਰਕਾਰ ਨੂੰ ਮਾਹਿਰ ਪੈਨਲ ਬਣਾਉਣ ਦੇ ਨਿਰਦੇਸ਼

ਸੁਣਵਾਈ ਦੌਰਾਨ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਵਿਨੇਸ਼ ਫੋਗਾਟ ਦੀ ਸਰੀਰਕ ਹਾਲਤ ਅਤੇ ਖੇਡ ਯੋਗਤਾ ਦਾ ਅੰਕਲਨ ਕਰਨ ਲਈ ਇੱਕ ਮਾਹਿਰ ਪੈਨਲ ਬਣਾਇਆ ਜਾਵੇ। ਇਹ ਪੈਨਲ ਆਪਣੀ ਰਿਪੋਰਟ ਦੇ ਆਧਾਰ ‘ਤੇ ਤੈਅ ਕਰੇਗਾ ਕਿ ਉਹ ਚੋਣ ਟਰਾਇਲ ਵਿੱਚ ਭਾਗ ਲੈਣ ਲਈ ਪੂਰੀ ਤਰ੍ਹਾਂ ਫਿੱਟ ਹੈ ਜਾਂ ਨਹੀਂ।

ਕੁਸ਼ਤੀ ਮਹਾਸੰਘ ਨੇ ਨਿਯਮਾਂ ਦੀ ਉਲੰਘਣਾ ਦਾ ਦਿੱਤਾ ਹਵਾਲਾ

Wrestling Federation of India ਵੱਲੋਂ ਵਿਨੇਸ਼ ‘ਤੇ 26 ਜੂਨ 2026 ਤੱਕ ਘਰੇਲੂ ਮੁਕਾਬਲਿਆਂ ਵਿੱਚ ਹਿੱਸਾ ਲੈਣ ‘ਤੇ ਰੋਕ ਲਗਾਈ ਗਈ ਸੀ। ਸੰਘ ਦਾ ਕਹਿਣਾ ਸੀ ਕਿ ਸੰਨਿਆਸ ਤੋਂ ਵਾਪਸੀ ਲਈ ਲਾਜ਼ਮੀ ਛੇ ਮਹੀਨੇ ਪਹਿਲਾਂ ਸੂਚਨਾ ਨਹੀਂ ਦਿੱਤੀ ਗਈ, ਜੋ ਐਂਟੀ-ਡੋਪਿੰਗ ਅਤੇ ਯੂਨਾਈਟਿਡ ਵਰਲਡ ਰੈਸਲਿੰਗ ਦੇ ਨਿਯਮਾਂ ਦੇ ਉਲਟ ਹੈ।

ਵਿਨੇਸ਼ ਪੱਖ ਨੇ ਚੋਣ ਪ੍ਰਕਿਰਿਆ ‘ਤੇ ਖੜ੍ਹੇ ਕੀਤੇ ਸਵਾਲ

ਵਿਨੇਸ਼ ਦੇ ਵਕੀਲਾਂ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਚੋਣ ਮਾਪਦੰਡਾਂ ਵਿੱਚ ਤਬਦੀਲੀਆਂ ਜਾਣਬੁੱਝ ਕੇ ਕੀਤੀਆਂ ਗਈਆਂ ਹਨ ਤਾਂ ਜੋ ਉਸ ਨੂੰ ਟੀਮ ਤੋਂ ਬਾਹਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇੱਕ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਨਾਲ ਨਿਆਂਸੰਗਤ ਵਿਵਹਾਰ ਨਹੀਂ ਕੀਤਾ ਜਾ ਰਿਹਾ।

ਬ੍ਰਿਜਭੂਸ਼ਣ ਮਾਮਲੇ ਤੋਂ ਬਾਅਦ ਵਧਿਆ ਸੀ ਵਿਵਾਦ

ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਵਿਨੇਸ਼ ਫੋਗਾਟ ਨੇ Brij Bhushan Sharan Singh ‘ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਕੁਸ਼ਤੀ ਸੰਘ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਹਾਲ ਹੀ ਵਿੱਚ ਵਿਨੇਸ਼ ਨੇ ਇਹ ਵੀ ਕਿਹਾ ਸੀ ਕਿ ਕੁਝ ਟੂਰਨਾਮੈਂਟਾਂ ਵਿੱਚ ਉਸ ਦਾ ਜਾਣਾ ਮੁਸ਼ਕਿਲ ਹੈ ਕਿਉਂਕਿ ਉੱਥੇ ਅਜੇ ਵੀ ਪੁਰਾਣੇ ਪ੍ਰਭਾਵ ਵਾਲੇ ਲੋਕਾਂ ਦਾ ਦਬਦਬਾ ਮੌਜੂਦ ਹੈ।

ਖਾਲਸਾ ਕਾਲਜ ‘ਚ ਕੁੱਤਿਆਂ ਨਾਲ ਕਥਿਤ ਕ੍ਰੂਰਤਾ ਦਾ ਮਾਮਲਾ ਭਖਿਆ, ਵਾਇਰਲ ਵੀਡੀਓਜ਼ ਮਗਰੋਂ ਵਿਦਿਆਰਥੀਆਂ ਤੇ ਐਨੀਮਲ ਐਕਟੀਵਿਸਟਾਂ ਦਾ ਰੋਸ ਪ੍ਰਦਰਸ਼ਨ

ਅੰਮ੍ਰਿਤਸਰ :- ਖਾਲਸਾ ਕਾਲਜ ਵਿੱਚ ਕੁੱਤਿਆਂ ਨਾਲ ਕਥਿਤ ਤੌਰ ‘ਤੇ ਕੀਤੀ ਗਈ ਬੇਰਹਿਮੀ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਕਾਲਜ ਦੇ ਬਾਹਰ ਐਨੀਮਲ ਐਕਟੀਵਿਸਟਾਂ, ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਬੇਜ਼ੁਬਾਨ ਜਾਨਵਰਾਂ ਨਾਲ ਅਮਾਨਵੀ ਵਤੀਰਾ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਵਾਇਰਲ ਵੀਡੀਓਜ਼ ਨੇ ਲੋਕਾਂ ਵਿੱਚ ਪੈਦਾ ਕੀਤਾ ਗੁੱਸਾ

ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਸੀ ਕਿ ਵਾਇਰਲ ਹੋਈਆਂ ਵੀਡੀਓਜ਼ ਵਿੱਚ ਕੁੱਤਿਆਂ ਨੂੰ ਬੇਹੱਦ ਬੇਰਹਿਮੀ ਨਾਲ ਘਸੀਟਿਆ ਅਤੇ ਮਾਰਿਆ-ਪੀਟਿਆ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਰਨ ਕੁਝ ਜਾਨਵਰਾਂ ਦੀ ਮੌਤ ਵੀ ਹੋ ਗਈ। ਐਨੀਮਲ ਐਕਟੀਵਿਸਟਾਂ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਅੰਮ੍ਰਿਤਸਰ ਵਿੱਚ ਅਜਿਹੀਆਂ ਤਸਵੀਰਾਂ ਨੇ ਲੋਕਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ।

ਮਹਿਲਾ ਐਕਟੀਵਿਸਟ ਨੇ ਲਗਾਏ ਗੰਭੀਰ ਦੋਸ਼

ਇੱਕ ਮਹਿਲਾ ਪ੍ਰਦਰਸ਼ਨਕਾਰੀ, ਜਿਸਨੇ ਆਪਣੇ ਆਪ ਨੂੰ ਅਧਿਆਪਕਾ ਅਤੇ ਐਨੀਮਲ ਐਕਟੀਵਿਸਟ ਦੱਸਿਆ, ਨੇ ਦਾਅਵਾ ਕੀਤਾ ਕਿ ਇੱਕ ਕੁੱਤੇ ਨੂੰ ਬੈਟਰੀ ਰਿਕਸ਼ੇ ਨਾਲ ਬੰਨ੍ਹ ਕੇ ਕਾਫ਼ੀ ਦੂਰ ਤੱਕ ਘਸੀਟਿਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਸਨੇ ਇਹ ਵੀ ਕਿਹਾ ਕਿ ਇੱਕ ਹੋਰ ਕੁੱਤੇ ਦੀ ਲੱਤ ਟੁੱਟ ਗਈ ਸੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ‘ਚ ਕਾਲਜ ਪ੍ਰਬੰਧਨ ਕੋਲੋਂ ਸਪੱਸ਼ਟੀਕਰਨ ਲੈਣ ਪਹੁੰਚੇ ਸਨ, ਪਰ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।

ਕਾਲਜ ਪ੍ਰਿੰਸੀਪਲ ਨੇ ਦੋਸ਼ਾਂ ਨੂੰ ਦੱਸਿਆ ਬੇਬੁਨਿਆਦ

ਦੂਜੇ ਪਾਸੇ Dr. Atam Singh Randhawa ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਾਲਜ ਕੈਂਪਸ ਵਿੱਚ ਕਿਸੇ ਵੀ ਕੁੱਤੇ ਨੂੰ ਨਹੀਂ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜਾਣਬੁੱਝ ਕੇ ਖਾਲਸਾ ਕਾਲਜ ਦੀ ਸਾਖ਼ ਖ਼ਰਾਬ ਕਰਨ ਲਈ ਉਠਾਇਆ ਜਾ ਰਿਹਾ ਹੈ ਅਤੇ ਇਸ ਦੇ ਪਿੱਛੇ ਰਾਜਨੀਤਿਕ ਮਕਸਦ ਹੋ ਸਕਦੇ ਹਨ।

ਕੈਂਪਸ ਵਿੱਚ ਜਾਨਵਰਾਂ ਦੀ ਸੰਭਾਲ ਕਰਨ ਦਾ ਕੀਤਾ ਦਾਅਵਾ

ਪ੍ਰਿੰਸੀਪਲ ਨੇ ਕਿਹਾ ਕਿ ਕਾਲਜ ਪ੍ਰਬੰਧਨ ਅਤੇ ਸਟਾਫ ਕੈਂਪਸ ਵਿੱਚ ਰਹਿੰਦੇ ਕੁੱਤਿਆਂ ਦੀ ਦੇਖਭਾਲ ਕਰਦੇ ਹਨ ਅਤੇ ਜ਼ਖ਼ਮੀ ਜਾਨਵਰਾਂ ਦਾ ਇਲਾਜ ਵੀ ਕਰਵਾਇਆ ਜਾਂਦਾ ਹੈ। ਉਨ੍ਹਾਂ ਦੇ ਅਨੁਸਾਰ ਇੱਕ ਕੁੱਤਾ ਪਹਿਲਾਂ ਹੀ ਜ਼ਖ਼ਮੀ ਸੀ ਅਤੇ ਕਮਰੇ ਵਿੱਚ ਫਸਣ ਤੋਂ ਬਾਅਦ ਸ਼ੀਸ਼ਾ ਤੋੜ ਕੇ ਬਾਹਰ ਨਿਕਲਣ ਦੌਰਾਨ ਉਸਦੇ ਪੰਜੇ ਹੋਰ ਜ਼ਖ਼ਮੀ ਹੋ ਗਏ ਸਨ।

ਵਾਇਰਲ ਰਿਕਸ਼ੇ ਨਾਲ ਕਾਲਜ ਦਾ ਕੋਈ ਸਬੰਧ ਨਹੀਂ: ਪ੍ਰਬੰਧਨ

ਡਾ. ਰੰਧਾਵਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੀਡੀਓ ਵਿੱਚ ਦਿਖਾਈ ਦੇ ਰਹੀ ਬੈਟਰੀ ਰਿਕਸ਼ਾ ਕਾਲਜ ਦੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕੈਂਪਸ ਵਿੱਚ ਬਾਹਰੀ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇ ਕੋਈ ਵਿਅਕਤੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਕੈਨੇਡਾ ‘ਚ ਪੰਜਾਬੀ ਮੂਲ ਦੀ ਮਹਿਲਾ ਨੇ ਪੁਲਸ ਖ਼ਿਲਾਫ਼ ਕੀਤਾ 558 ਕਰੋੜ ਦਾ ਮੁਕੱਦਮਾ, ਮਾਪਿਆਂ ਦੇ ਕਤਲ ਮਾਮਲੇ ‘ਚ ਲਾਪਰਵਾਹੀ ਦੇ ਲੱਗੇ ਦੋਸ਼

ਕੈਨੇਡਾ :- ਕੈਨੇਡਾ ਵਿੱਚ ਰਹਿ ਰਹੀ ਪੰਜਾਬੀ ਮੂਲ ਦੀ ਜਸਪ੍ਰੀਤ ਕੌਰ ਸਿੱਧੂ ਨੇ ਕੈਨੇਡਾ ਪੁਲਸ ਵਿਰੁੱਧ ਵੱਡਾ ਕਾਨੂੰਨੀ ਕਦਮ ਚੁੱਕਦਿਆਂ ਸੈਂਕੜਿਆਂ ਕਰੋੜ ਰੁਪਏ ਦੇ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਜਸਪ੍ਰੀਤ ਦਾ ਦੋਸ਼ ਹੈ ਕਿ ਪੁਲਸ ਦੀ ਅਣਗਹਿਲੀ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਮੀ ਕਾਰਨ ਉਸਦੇ ਮਾਪਿਆਂ ਦੀ ਜਾਨ ਚਲੀ ਗਈ, ਜਦਕਿ ਉਹ ਖੁਦ ਵੀ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਕੇ ਮੌਤ ਦੇ ਮੂੰਹੋਂ ਬਚੀ।

ਅੰਮ੍ਰਿਤਸਰ ਤੋਂ ਬੱਚਿਆਂ ਨੂੰ ਮਿਲਣ ਗਏ ਸਨ ਮਾਪੇ

ਮਿਲੀ ਜਾਣਕਾਰੀ ਅਨੁਸਾਰ ਜਸਪ੍ਰੀਤ ਦੇ ਮਾਪੇ ਹਰਭਜਨ ਕੌਰ ਸਿੱਧੂ ਅਤੇ ਜਗਤਾਰ ਸਿੰਘ ਸਿੱਧੂ ਕੁਝ ਸਾਲ ਪਹਿਲਾਂ Amritsar ਤੋਂ ਕੈਨੇਡਾ ਆਪਣੇ ਬੱਚਿਆਂ ਨੂੰ ਮਿਲਣ ਲਈ ਗਏ ਸਨ। ਉਹ ਆਪਣੇ ਪੁੱਤਰ ਗੁਰਦਿੱਤ ਸਿੱਧੂ ਅਤੇ ਧੀ ਜਸਪ੍ਰੀਤ ਨਾਲ ਓਨਟਾਰੀਓ ਵਿੱਚ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਨਵੰਬਰ 2023 ਵਿੱਚ ਉਨ੍ਹਾਂ ਦੇ ਰਹਿਣ ਵਾਲੇ ਘਰ ‘ਤੇ ਕੁਝ ਹਮਲਾਵਰ ਇੱਕ ਵਿਅਕਤੀ ਦੀ ਭਾਲ ਕਰਦੇ ਹੋਏ ਪਹੁੰਚੇ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।

ਹਮਲੇ ਵਿੱਚ ਮਾਪਿਆਂ ਦੀ ਮੌਤ, ਜਸਪ੍ਰੀਤ ਨੂੰ ਲੱਗੀਆਂ 13 ਗੋਲੀਆਂ

ਇਸ ਹਮਲੇ ਦੌਰਾਨ ਜਸਪ੍ਰੀਤ ਕੌਰ ਨੂੰ ਵੀ ਕਈ ਗੋਲੀਆਂ ਲੱਗੀਆਂ। ਗੋਲੀਆਂ ਉਸਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੱਗੀਆਂ, ਜਿਨ੍ਹਾਂ ਵਿੱਚ ਗਲਾ ਅਤੇ ਪੇਟ ਵੀ ਸ਼ਾਮਲ ਸਨ। ਇੱਕ ਗੋਲੀ ਰੀੜ੍ਹ ਦੀ ਹੱਡੀ ਕੋਲ ਫਸੀ ਰਹਿ ਗਈ। ਡਾਕਟਰਾਂ ਵੱਲੋਂ ਉਸਦਾ ਲੰਮਾ ਆਪ੍ਰੇਸ਼ਨ ਕੀਤਾ ਗਿਆ ਅਤੇ ਕਈ ਮਹੀਨਿਆਂ ਤੱਕ ਉਸਦਾ ਇਲਾਜ ਚੱਲਦਾ ਰਿਹਾ। ਗੰਭੀਰ ਨਸਾਂ ਦੇ ਨੁਕਸਾਨ ਕਾਰਨ ਉਹ ਅਜੇ ਵੀ ਆਮ ਜ਼ਿੰਦਗੀ ਜੀਣ ਤੋਂ ਅਸਮਰਥ ਦੱਸੀ ਜਾ ਰਹੀ ਹੈ।

ਪੁਲਸ ‘ਤੇ ਪਹਿਲਾਂ ਚੇਤਾਵਨੀ ਨਾ ਦੇਣ ਦੇ ਦੋਸ਼

ਜਸਪ੍ਰੀਤ ਦਾ ਕਹਿਣਾ ਹੈ ਕਿ ਸਥਾਨਕ ਪੁਲਸ ਨੇ ਨਾ ਤਾਂ ਉਸ ਇਲਾਕੇ ਨੂੰ ਖ਼ਤਰਨਾਕ ਦੱਸਿਆ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਸੰਭਾਵਿਤ ਹਮਲੇ ਬਾਰੇ ਪਹਿਲਾਂ ਸਚੇਤ ਕੀਤਾ। ਉਸਦੇ ਅਨੁਸਾਰ ਪੁਲਸ ਵੱਲੋਂ ਉਸ ਘਰ ਅਤੇ ਇਲਾਕੇ ਨੂੰ ਸੁਰੱਖਿਅਤ ਦੱਸਿਆ ਗਿਆ ਸੀ, ਜਿਸ ਕਾਰਨ ਉਸਦੇ ਮਾਪੇ ਉੱਥੇ ਆ ਕੇ ਰਹਿਣ ਲੱਗੇ ਸਨ।

ਅਦਾਲਤ ਦਾ ਦਰਵਾਜ਼ਾ ਖੜਕਾਇਆ, ਪੁਲਸ ਨੇ ਦੱਸਿਆ ‘ਦੁਰਭਾਗਪੂਰਨ ਘਟਨਾ’

ਜਸਪ੍ਰੀਤ ਕੌਰ ਨੇ ਆਪਣੇ ਵਕੀਲ Frederick Schumann ਰਾਹੀਂ 20 ਮਈ 2026 ਨੂੰ ਅਦਾਲਤ ਵਿੱਚ ਹਰਜਾਨੇ ਦਾ ਕੇਸ ਦਾਇਰ ਕੀਤਾ ਹੈ। ਦੂਜੇ ਪਾਸੇ ਕੈਨੇਡਾ ਪੁਲਸ ਨੇ ਇਸ ਘਟਨਾ ਨੂੰ ਦੁਖਦਾਈ ਅਤੇ ਗਲਤਫ਼ਹਿਮੀ ਦਾ ਨਤੀਜਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕਿਸੇ ਖ਼ਤਰੇ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ।

ਮਾਮਲੇ ਨੇ ਕੈਨੇਡਾ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਖੜ੍ਹੇ ਕੀਤੇ ਸਵਾਲ

ਇਸ ਘਟਨਾ ਤੋਂ ਬਾਅਦ ਕੈਨੇਡਾ ਵਿੱਚ ਸੁਰੱਖਿਆ ਪ੍ਰਬੰਧਾਂ ਅਤੇ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਚਰਚਾ ਤੇਜ਼ ਹੋ ਗਈ ਹੈ। ਪੰਜਾਬੀ ਭਾਈਚਾਰੇ ਵਿੱਚ ਇਸ ਮਾਮਲੇ ਨੂੰ ਲੈ ਕੇ ਗਹਿਰਾ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ।

ਪੰਜਾਬ ‘ਚ ਨਿਗਮ ਚੋਣਾਂ ਬੈਲੇਟ ਪੇਪਰਾਂ ਰਾਹੀਂ ਹੋਣਗੀਆਂ, ਹਾਈਕੋਰਟ ਨੇ ਈਵੀਐਮ ਵਾਲੀ ਪਟੀਸ਼ਨ ਕੀਤੀ ਖ਼ਾਰਜ

ਚੰਡੀਗੜ੍ਹ :- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਈਵੀਐਮ ਮਸ਼ੀਨਾਂ ਰਾਹੀਂ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਇਹ ਲਗਭਗ ਤੈਅ ਮੰਨਿਆ ਜਾ ਰਿਹਾ ਹੈ ਕਿ ਸਥਾਨਕ ਸਰੀਰਾਂ ਦੀਆਂ ਚੋਣਾਂ ਬੈਲੇਟ ਪੇਪਰਾਂ ਰਾਹੀਂ ਹੀ ਕਰਵਾਈਆਂ ਜਾਣਗੀਆਂ।

ਨਿਰਪੱਖ ਚੋਣਾਂ ਲਈ ਦਾਇਰ ਕੀਤੀ ਗਈ ਸੀ ਪਟੀਸ਼ਨ

ਜਾਣਕਾਰੀ ਮੁਤਾਬਕ ਮੁਹਾਲੀ ਦੀ ਵਕੀਲ Ruchika Garg ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਨਗਰ ਨਿਗਮ ਚੋਣਾਂ ਦੌਰਾਨ ਧੱਕੇਸ਼ਾਹੀ ਅਤੇ ਗੜਬੜੀ ਤੋਂ ਬਚਣ ਲਈ ਵੋਟਿੰਗ ਈਵੀਐਮ ਮਸ਼ੀਨਾਂ ਰਾਹੀਂ ਕਰਵਾਈ ਜਾਵੇ। ਪਟੀਸ਼ਨ ਵਿੱਚ ਇਹ ਵੀ ਦਲੀਲ ਦਿੱਤੀ ਗਈ ਸੀ ਕਿ ਇਲੈਕਟ੍ਰਾਨਿਕ ਵੋਟਿੰਗ ਨਾਲ ਚੋਣ ਪ੍ਰਕਿਰਿਆ ਹੋਰ ਵਧੇਰੇ ਪਾਰਦਰਸ਼ੀ ਅਤੇ ਨਿਰਪੱਖ ਬਣ ਸਕਦੀ ਹੈ।

ਹਾਈਕੋਰਟ ਨੇ ਕਿਹਾ ਚੋਣੀ ਪ੍ਰਕਿਰਿਆ ਹੁਣ ਅੱਗੇ ਵੱਧ ਚੁੱਕੀ ਹੈ

ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਸਪੱਸ਼ਟ ਕੀਤਾ ਕਿ ਚੋਣਾਂ ਦਾ ਪੂਰਾ ਸ਼ਡਿਊਲ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇਸ ਮੌਕੇ ‘ਤੇ ਚੋਣ ਪ੍ਰਕਿਰਿਆ ਵਿੱਚ ਦਖ਼ਲ ਦੇਣਾ ਉਚਿਤ ਨਹੀਂ ਹੋਵੇਗਾ। ਅਦਾਲਤ ਨੇ ਕਿਹਾ ਕਿ ਹੁਣ ਦੇਰ ਹੋ ਚੁੱਕੀ ਹੈ ਅਤੇ ਚੋਣੀ ਪ੍ਰਬੰਧਾਂ ਵਿੱਚ ਤਬਦੀਲੀ ਕਰਨਾ ਸੰਭਵ ਨਹੀਂ।

ਫ਼ੈਸਲੇ ਨਾਲ ਬੈਲੇਟ ਪੇਪਰ ਰਾਹੀਂ ਵੋਟਿੰਗ ਦਾ ਰਾਹ ਹੋਇਆ ਸਾਫ਼

ਹਾਈਕੋਰਟ ਵੱਲੋਂ ਪਟੀਸ਼ਨ ਖ਼ਾਰਜ ਕੀਤੇ ਜਾਣ ਤੋਂ ਬਾਅਦ ਹੁਣ ਪੰਜਾਬ ਦੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਬੈਲੇਟ ਪੇਪਰਾਂ ਰਾਹੀਂ ਕਰਵਾਏ ਜਾਣ ਦੇ ਚਰਚੇ ਹੋਰ ਤੇਜ਼ ਹੋ ਗਏ ਹਨ। ਚੋਣ ਕਮਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਹੀ ਅਗਲੀ ਕਾਰਵਾਈ ਜਾਰੀ ਰਹੇਗੀ।

ਹੋਰਮੁਜ਼ ਸਮੁੰਦਰੀ ਰਸਤੇ ਤੇ ਟੋਲ ਲਗਾਉਣ ਦੀ ਤਿਆਰੀ, ਭਾਰਤ ਵਿੱਚ ਪੈਟਰੋਲ-ਡੀਜ਼ਲ ਹੋਰ ਮਹਿੰਗਾ ਹੋਣ ਦੇ ਆਸਾਰ

ਨਵੀਂ ਦਿੱਲੀ :- ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਲਈ ਸਭ ਤੋਂ ਅਹਿਮ ਮੰਨੇ ਜਾਂਦੇ Strait of Hormuz ਨੂੰ ਲੈ ਕੇ ਵੱਡੀ ਚਰਚਾ ਛਿੜ ਗਈ ਹੈ। ਖ਼ਬਰਾਂ ਮੁਤਾਬਕ Iran ਅਤੇ Oman ਇਸ ਰਣਨੀਤਕ ਸਮੁੰਦਰੀ ਰਸਤੇ ਰਾਹੀਂ ਲੰਘਣ ਵਾਲੇ ਜਹਾਜ਼ਾਂ ਅਤੇ ਤੇਲ ਟੈਂਕਰਾਂ ਤੋਂ ਸਥਾਈ ਟੋਲ ਵਸੂਲਣ ਦੀ ਯੋਜਨਾ ‘ਤੇ ਵਿਚਾਰ ਕਰ ਰਹੇ ਹਨ। ਜੇ ਇਹ ਪ੍ਰਣਾਲੀ ਲਾਗੂ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਵਿਸ਼ਵ ਪੱਧਰੀ ਊਰਜਾ ਬਾਜ਼ਾਰ ‘ਤੇ ਪੈ ਸਕਦਾ ਹੈ।

ਈਰਾਨ ਨੇ ਸੁਰੱਖਿਆ ਅਤੇ ਨਿਗਰਾਨੀ ਦੇ ਖਰਚੇ ਦਾ ਦਿੱਤਾ ਹਵਾਲਾ

ਫਰਾਂਸ ਵਿੱਚ Mohammad Amin Nejad ਨੇ ਕਿਹਾ ਕਿ ਹੋਰਮੁਜ਼ ਰਸਤੇ ਦੀ ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਨੂੰ ਸੰਭਾਲਣ ਲਈ ਭਾਰੀ ਸਰੋਤਾਂ ਦੀ ਲੋੜ ਪੈਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਹੜੇ ਦੇਸ਼ ਇਸ ਰਸਤੇ ਤੋਂ ਲਾਭ ਲੈਂਦੇ ਹਨ, ਉਹਨਾਂ ਨੂੰ ਇਸ ਦੇ ਪ੍ਰਬੰਧਨ ਦੇ ਖਰਚੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਪ੍ਰਸਤਾਵ ਨੂੰ ਈਰਾਨ ਦੀ ਸੰਸਦ ਵੱਲੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ।

ਅਮਰੀਕੀ ਅਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਵਧੀ ਤਣਾਅ ਦੀ ਸਥਿਤੀ

ਹਾਲੀਆ ਮਹੀਨਿਆਂ ਦੌਰਾਨ ਖੇਤਰ ਵਿੱਚ ਤਣਾਅ ਕਾਫ਼ੀ ਵਧਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਨਾਲ ਜੁੜੀਆਂ ਘਟਨਾਵਾਂ ਤੋਂ ਬਾਅਦ ਇਹ ਸਮੁੰਦਰੀ ਰਸਤਾ ਪਹਿਲਾਂ ਹੀ ਦਬਾਅ ਹੇਠ ਹੈ। ਇਸੇ ਕਾਰਨ ਈਰਾਨ ਹੁਣ ਹੋਰਮੁਜ਼ ‘ਤੇ ਆਪਣਾ ਨਿਯੰਤਰਣ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਭਾਰਤ ਲਈ ਵਧ ਸਕਦੀਆਂ ਹਨ ਮੁਸ਼ਕਲਾਂ

ਇਸ ਸੰਭਾਵਿਤ ਟੋਲ ਪ੍ਰਣਾਲੀ ਦਾ ਸਭ ਤੋਂ ਵੱਡਾ ਪ੍ਰਭਾਵ ਭਾਰਤ ਵਰਗੇ ਦੇਸ਼ਾਂ ‘ਤੇ ਪੈ ਸਕਦਾ ਹੈ, ਜੋ ਖਾੜੀ ਦੇਸ਼ਾਂ ਤੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ ਗੈਸ ਮੰਗਵਾਉਂਦੇ ਹਨ। ਜੇ ਜਹਾਜ਼ਾਂ ‘ਤੇ ਵਾਧੂ ਟੋਲ ਲਾਗੂ ਹੁੰਦਾ ਹੈ ਤਾਂ ਆਵਾਜਾਈ ਦਾ ਖਰਚਾ ਵਧੇਗਾ, ਜਿਸ ਕਾਰਨ ਭਾਰਤ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵੱਡਾ ਉਛਾਲ ਆ ਸਕਦਾ ਹੈ।

ਦੁਨੀਆ ਦੀ ਊਰਜਾ ਸਪਲਾਈ ਲਈ ਬਹੁਤ ਅਹਿਮ ਹੈ ਹੋਰਮੁਜ਼ ਰਸਤਾ

ਹੋਰਮੁਜ਼ ਸਟ੍ਰੇਟ ਦੁਨੀਆ ਭਰ ਦੀ ਤੇਲ ਅਤੇ ਤਰਲ ਕੁਦਰਤੀ ਗੈਸ ਸਪਲਾਈ ਦਾ ਵੱਡਾ ਹਿੱਸਾ ਸੰਭਾਲਦਾ ਹੈ। ਇਹ ਸਮੁੰਦਰੀ ਰਸਤਾ ਕੁਝ ਥਾਵਾਂ ‘ਤੇ ਬਹੁਤ ਤੰਗ ਹੈ, ਜਿਸ ਕਾਰਨ ਇਸ ‘ਤੇ ਨਿਗਰਾਨੀ ਅਤੇ ਨਿਯੰਤਰਣ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਜਾਂ ਵਾਧੂ ਚਾਰਜਿੰਗ ਨਾਲ ਵਿਸ਼ਵ ਅਰਥਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ।

ਅਮਰੀਕਾ ਅਤੇ ਖਾੜੀ ਦੇਸ਼ਾਂ ਵੱਲੋਂ ਵਿਰੋਧ, ਓਮਾਨ ਚੁੱਪ

ਜਿੱਥੇ ਇੱਕ ਪਾਸੇ ਈਰਾਨ ਇਸ ਯੋਜਨਾ ਨੂੰ ਅੱਗੇ ਵਧਾਉਣ ਲਈ ਤਿਆਰ ਦਿਖਾਈ ਦੇ ਰਿਹਾ ਹੈ, ਉੱਥੇ ਹੀ ਅਮਰੀਕਾ ਅਤੇ ਕਈ ਖਾੜੀ ਦੇਸ਼ਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਓਮਾਨ ਸਰਕਾਰ ਵੱਲੋਂ ਅਜੇ ਤੱਕ ਇਸ ਮਾਮਲੇ ‘ਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ।