Home Blog Page 350

ਅੰਮ੍ਰਿਤਸਰ ‘ਚ ਸਰਹੱਦ ਪਾਰ ਹਥਿਆਰ ਤਸਕਰੀ ਮਾਡਿਊਲ ਬੇਨਕਾਬ, 8 ਆਧੁਨਿਕ ਪਿਸਤੌਲਾਂ ਸਮੇਤ 5 ਮੁਲਜ਼ਮ ਕਾਬੂ

ਅੰਮ੍ਰਿਤਸਰ :- ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਸੁਚੱਜੇ ਮਾਡਿਊਲ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਾਮਲੇ ਸਬੰਧੀ ਜਾਣਕਾਰੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ।

ਵਿਦੇਸ਼ੀ ਤਸਕਰਾਂ ਨਾਲ ਵਰਚੁਅਲ ਨੰਬਰਾਂ ਰਾਹੀਂ ਸੀ ਸੰਪਰਕ

ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਵਰਚੁਅਲ ਨੰਬਰਾਂ ਦੀ ਮਦਦ ਨਾਲ ਵਿਦੇਸ਼ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ। ਜਾਂਚ ਏਜੰਸੀਆਂ ਅਨੁਸਾਰ ਇਹ ਗਿਰੋਹ ਸਰਹੱਦ ਪਾਰੋਂ ਡਰੋਨਾਂ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਮੰਗਵਾ ਕੇ ਪੰਜਾਬ ਦੇ ਅਪਰਾਧਿਕ ਤੱਤਾਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ।

ਛੇਹਰਟਾ ਥਾਣੇ ਵਿੱਚ ਦਰਜ ਹੋਈਆਂ ਐੱਫ਼. ਆਈ. ਆਰ.

ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਇਸ ਨੈੱਟਵਰਕ ਦੇ ਅਗਲੇ ਅਤੇ ਪਿਛਲੇ ਸਬੰਧ ਖੰਗਾਲੇ ਜਾ ਰਹੇ ਹਨ। ਨਾਲ ਹੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਗਿਰੋਹ ਨਾਲ ਹੋਰ ਕੌਣ-ਕੌਣ ਜੁੜਿਆ ਹੋਇਆ ਹੈ।

ਪੰਜਾਬ ਪੁਲਿਸ ਨੇ ਦੁਹਰਾਈ ਜ਼ੀਰੋ-ਟਾਲਰੈਂਸ ਨੀਤੀ

ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਉਸ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਹੱਦ ਪਾਰੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਬਣਾਇਆ ਜਾਵੇਗਾ ਅਤੇ ਅਜਿਹੇ ਗਿਰੋਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅੱਗੇ ਵੀ ਜਾਰੀ ਰਹੇਗੀ।

ਭਗਵੰਤ ਮਾਨ ਦਾ ਰਾਜਾ ਵੜਿੰਗ ਤੇ ਸ਼ਾਇਰਾਨਾ ਤੰਜ਼, “ਕੁਰਸੀ ਲਈ ਹੁਣ ਰੇਹੜੀਆਂ ਤੱਕ ਆਉਣਾ ਪੈ ਰਿਹਾ”

ਚੰਡੀਗੜ੍ਹ :- ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਸਿਆਸੀ ਮਾਹੌਲ ਹੋਰ ਵੀ ਗਰਮਾ ਗਿਆ ਹੈ। ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸਿਆਸੀ ਧਿਰਾਂ ਵੱਲੋਂ ਇਕ-ਦੂਜੇ ‘ਤੇ ਸ਼ਬਦੀ ਹਮਲੇ ਤੇਜ਼ ਹੋ ਗਏ ਹਨ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਤਿੱਖਾ ਅਤੇ ਸ਼ਾਇਰਾਨਾ ਤੰਜ਼ ਕੱਸਦਿਆਂ ਉਨ੍ਹਾਂ ਦੇ ਚੋਣ ਪ੍ਰਚਾਰ ਦੇ ਢੰਗ ਨੂੰ ਨਿਸ਼ਾਨਾ ਬਣਾਇਆ ਹੈ।

ਭਗਵੰਤ ਮਾਨ ਨੇ ਕਵਿਤਾਮਈ ਅੰਦਾਜ਼ ਵਿੱਚ ਕੀਤਾ ਸਿਆਸੀ ਹਮਲਾ

ਮੁੱਖ ਮੰਤਰੀ ਨੇ ਆਪਣੇ ਖ਼ਾਸ ਅੰਦਾਜ਼ ਵਿੱਚ ਵਿਰੋਧੀਆਂ ‘ਤੇ ਚੋਟ ਕਰਦਿਆਂ ਕਿਹਾ, “ਮਾੜੇ ਦਿਨਾਂ ਦੀ ਨਿਸ਼ਾਨੀ ਕੰਮਾਂ ਕਿਹੜਿਆਂ ਤੇ ਆ ਗਏ.. ਪ੍ਰਚਾਰ ਡਿਫੈਂਡਰਾਂ ਉੱਤੇ ਵੋਟ ਪਾਉਣ ਰੇਹੜਿਆਂ ਤੇ ਆ ਗਏ… ਕੁਰਸੀ ਪਿੱਛੇ ਲੋਕੋ ਕਿਵੇਂ ਹੱਥ ਪੈਰ ਮਾਰਦੇ ਦੇਖ ਭਾਈ ਬਾਲਿਆ ਰੰਗ ਕਰਤਾਰ ਦੇ..”

ਉਨ੍ਹਾਂ ਦੀਆਂ ਇਨ੍ਹਾਂ ਸਤਰਾਂ ਨੂੰ ਕਾਂਗਰਸ ਲੀਡਰਸ਼ਿਪ ‘ਤੇ ਸਿੱਧਾ ਹਮਲਾ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕਿਹਾ ਕਿ ਜਿਹੜੇ ਆਗੂ ਪਹਿਲਾਂ ਵੱਡੀਆਂ ਗੱਡੀਆਂ ਅਤੇ ਵਿਲਾਸੀ ਪ੍ਰਚਾਰ ਦੇ ਆਦੀ ਸਨ, ਉਹ ਹੁਣ ਲੋਕਾਂ ਵਿਚ ਜਾਣ ਲਈ ਵੱਖ-ਵੱਖ ਢੰਗ ਅਪਣਾ ਰਹੇ ਹਨ।

ਚੋਣ ਪ੍ਰਚਾਰ ਦੌਰਾਨ ਆਗੂਆਂ ਦੇ ਬਦਲੇ ਰੂਪ ‘ਤੇ ਚਰਚਾ

ਚੋਣਾਂ ਦੌਰਾਨ ਕਈ ਸਿਆਸੀ ਆਗੂਆਂ ਦੀਆਂ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਉਹ ਰੇਹੜੀਆਂ, ਛੋਟੇ ਵਾਹਨਾਂ ਜਾਂ ਆਮ ਲੋਕਾਂ ਵਿਚਕਾਰ ਜਾ ਕੇ ਪ੍ਰਚਾਰ ਕਰਦੇ ਨਜ਼ਰ ਆਏ। ਇਸ ਮਾਹੌਲ ਨੂੰ ਲੈ ਕੇ ਹੁਣ ਮੁੱਖ ਮੰਤਰੀ ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਸੱਤਾ ਹਾਸਲ ਕਰਨ ਲਈ ਵਿਰੋਧੀ ਧਿਰ ਹਰ ਤਰੀਕਾ ਅਪਣਾਉਣ ਵਿੱਚ ਲੱਗੀ ਹੋਈ ਹੈ।

29 ਮਈ ਨੂੰ ਆਉਣਗੇ ਚੋਣ ਨਤੀਜੇ

ਪੰਜਾਬ ਭਰ ਵਿੱਚ ਨਗਰ ਨਿਗਮ ਚੋਣਾਂ ਲਈ ਪੋਲਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਸਿਆਸੀ ਪਾਰਟੀਆਂ ਦੀ ਨਜ਼ਰ 29 ਮਈ ਨੂੰ ਆਉਣ ਵਾਲੇ ਨਤੀਜਿਆਂ ‘ਤੇ ਟਿਕੀ ਹੋਈ ਹੈ। ਨਤੀਜਿਆਂ ਤੋਂ ਪਹਿਲਾਂ ਹੀ ਸਿਆਸੀ ਬਿਆਨਬਾਜ਼ੀ ਅਤੇ ਇਕ-ਦੂਜੇ ‘ਤੇ ਤਿੱਖੇ ਤੰਜ਼ਾਂ ਦਾ ਦੌਰ ਜਾਰੀ ਹੈ।

ਮੁੰਬਈ ਏਅਰਪੋਰਟ ਤੋਂ ਪੰਜਾਬ ਦੇ ਦੋ ਖ਼ਤਰਨਾਕ ਗੈਂਗਸਟਰ ਕਾਬੂ, ਵਿਦੇਸ਼ ਭੱਜਣ ਦੀ ਸਾਜ਼ਿਸ਼ ਨਾਕਾਮ

ਚੰਡੀਗੜ੍ਹ :- ਪੰਜਾਬ ਵਿੱਚ ਗੈਂਗਸਟਰ ਨੈੱਟਵਰਕ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਮੁੰਬਈ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਪੰਜਾਬ ਦੇ ਦੋ ਲੋੜੀਂਦੇ ਗੈਂਗਸਟਰਾਂ ਜਸਵੰਤ ਸਿੰਘ ਉਰਫ਼ ਜੱਸਾ ਅਤੇ ਕਰਨ ਕੀੜਾ ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਦੋਵੇਂ ਮੁਲਜ਼ਮ ਵਿਦੇਸ਼ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸੁਰੱਖਿਆ ਏਜੰਸੀਆਂ ਦੀ ਚੌਕਸੀ ਕਾਰਨ ਉਨ੍ਹਾਂ ਦੀ ਯੋਜਨਾ ਨਾਕਾਮ ਹੋ ਗਈ।

ਦਵਿੰਦਰ ਬੰਬੀਹਾ ਗੈਂਗ ਨਾਲ ਜੁੜਿਆ ਦੱਸਿਆ ਜਾ ਰਿਹਾ ਜੱਸਾ

ਪੁਲਿਸ ਸੂਤਰਾਂ ਅਨੁਸਾਰ ਜਸਵੰਤ ਸਿੰਘ ਉਰਫ਼ ਜੱਸਾ ਦਾ ਨਾਮ ਪੰਜਾਬ ਦੇ ਸਰਗਰਮ ਦਵਿੰਦਰ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ। ਉਸ ਖ਼ਿਲਾਫ਼ ਫ਼ਿਰੌਤੀ, ਗੈਂਗਵਾਰ ਅਤੇ ਹੋਰ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਪੰਜਾਬ ਪੁਲਿਸ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ ਅਤੇ ਉਹ ਕਈ ਵਾਰ ਜਾਂਚ ਏਜੰਸੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ ਸੀ।

ਅਕਾਲੀ ਆਗੂ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਹੈ ਕਰਨ ਕੀੜਾ

ਦੂਜੇ ਪਾਸੇ ਕਰਨ ਕੀੜਾ ਇੱਕ ਪ੍ਰਮੁੱਖ ਅਕਾਲੀ ਕੌਂਸਲਰ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਦੱਸਿਆ ਜਾ ਰਿਹਾ ਹੈ। ਕਤਲ ਦੀ ਵਾਰਦਾਤ ਤੋਂ ਬਾਅਦ ਉਹ ਪੰਜਾਬ ਛੱਡ ਕੇ ਲੁਕਦਾ ਫਿਰ ਰਿਹਾ ਸੀ। ਜਾਂਚ ਏਜੰਸੀਆਂ ਨੂੰ ਇਨਪੁੱਟ ਮਿਲੀ ਸੀ ਕਿ ਉਹ ਦੇਸ਼ ਤੋਂ ਬਾਹਰ ਭੱਜਣ ਦੀ ਤਿਆਰੀ ਵਿੱਚ ਹੈ, ਜਿਸ ਦੇ ਚਲਦਿਆਂ ਏਅਰਪੋਰਟ ‘ਤੇ ਨਿਗਰਾਨੀ ਵਧਾਈ ਗਈ ਸੀ।

ਟ੍ਰਾਂਜ਼ਿਟ ਰਿਮਾਂਡ ਲਈ ਮੁੰਬਈ ਰਵਾਨਾ ਹੋਵੇਗੀ ਪੰਜਾਬ ਪੁਲਿਸ

ਗ੍ਰਿਫ਼ਤਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਪੰਜਾਬ ਪੁਲਿਸ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਜਲਦ ਮੁੰਬਈ ਪਹੁੰਚੇਗੀ ਅਤੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਟ੍ਰਾਂਜ਼ਿਟ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।

ਗੈਂਗਸਟਰ ਨੈੱਟਵਰਕ ਬਾਰੇ ਹੋ ਸਕਦੇ ਹਨ ਵੱਡੇ ਖੁਲਾਸੇ

ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੰਜਾਬ ਵਿੱਚ ਸਰਗਰਮ ਗੈਂਗਸਟਰ ਗਿਰੋਹਾਂ, ਹਥਿਆਰਾਂ ਦੀ ਸਪਲਾਈ ਅਤੇ ਕਈ ਅਣਸੁਲਝੇ ਅਪਰਾਧਿਕ ਮਾਮਲਿਆਂ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਮਿਲ ਸਕਦੀਆਂ ਹਨ। ਇਸ ਗ੍ਰਿਫ਼ਤਾਰੀ ਨੂੰ ਪੰਜਾਬ ਵਿੱਚ ਗੈਂਗਸਟਰਵਾਦ ਖ਼ਿਲਾਫ਼ ਚੱਲ ਰਹੀ ਕਾਰਵਾਈ ਲਈ ਵੱਡੀ ਕਾਮਯਾਬੀ ਵਜੋਂ ਵੇਖਿਆ ਜਾ ਰਿਹਾ ਹੈ।

ਪੰਜਾਬ ’ਚ ਅਵਾਰਾ ਕੁੱਤਿਆਂ ਖ਼ਿਲਾਫ਼ ਸਭ ਤੋਂ ਵੱਡੀ ਮੁਹਿੰਮ, 21 ਦਿਨਾਂ ਅੰਦਰ ਸੰਵੇਦਨਸ਼ੀਲ ਇਲਾਕਿਆਂ ਤੋਂ ਹਟਾਏ ਜਾਣਗੇ ਕੁੱਤੇ

ਚੰਡੀਗੜ੍ਹ :- ਪੰਜਾਬ ਸਰਕਾਰ ਨੇ ਅਵਾਰਾ ਕੁੱਤਿਆਂ ਦੇ ਵੱਧ ਰਹੇ ਖ਼ਤਰੇ ਨੂੰ ਰੋਕਣ ਲਈ ਵੱਡਾ ਕਦਮ ਚੁੱਕਦਿਆਂ ਸੂਬੇ ਭਰ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੇ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਹੋਰ ਸ਼ਹਿਰੀ ਸੰਸਥਾਵਾਂ ਨੂੰ ਵਿਸਥਾਰਪੂਰਵਕ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਯੋਜਨਾ ਤਹਿਤ ਤਿੰਨ ਦਿਨਾਂ ਵਿੱਚ ਟਾਸਕ ਫੋਰਸ ਬਣਾਉਣ ਅਤੇ ਸੱਤ ਦਿਨਾਂ ਅੰਦਰ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਕੇ ਕਾਰਵਾਈ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।

ਸਕੂਲਾਂ, ਹਸਪਤਾਲਾਂ ਤੇ ਬੱਸ ਅੱਡਿਆਂ ਨੂੰ ਬਣਾਇਆ ਗਿਆ ‘ਨੋ-ਰਿਲੀਜ਼ ਜ਼ੋਨ’

ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਕੂਲਾਂ, ਕਾਲਜਾਂ, ਹਸਪਤਾਲਾਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਧਾਰਮਿਕ ਸਥਾਨਾਂ, ਪਾਰਕਾਂ ਅਤੇ ਹੋਰ ਭੀੜ-ਭਾੜ ਵਾਲੀਆਂ ਥਾਵਾਂ ਨੂੰ ‘ਨੋ-ਰਿਲੀਜ਼ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਖੇਤਰਾਂ ਤੋਂ ਫੜੇ ਜਾਣ ਵਾਲੇ ਅਵਾਰਾ ਕੁੱਤਿਆਂ ਨੂੰ ਮੁੜ ਉਥੇ ਨਹੀਂ ਛੱਡਿਆ ਜਾਵੇਗਾ, ਸਗੋਂ ਉਨ੍ਹਾਂ ਨੂੰ ਡਾਗ ਸ਼ੈਲਟਰਾਂ ਜਾਂ ਹੋਲਡਿੰਗ ਸੈਂਟਰਾਂ ਵਿੱਚ ਰੱਖਿਆ ਜਾਵੇਗਾ।

ਤਿੰਨ ਦਿਨਾਂ ਵਿੱਚ ਬਣੇਗੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ

ਹਰ ਸਥਾਨਕ ਸਰਕਾਰ ਸੰਸਥਾ ਨੂੰ ਤਿੰਨ ਦਿਨਾਂ ਦੇ ਅੰਦਰ ਸਟ੍ਰੇ ਐਨੀਮਲ ਕੰਟਰੋਲ ਟਾਸਕ ਫੋਰਸ ਬਣਾਉਣ ਲਈ ਕਿਹਾ ਗਿਆ ਹੈ। ਇਹ ਟੀਮ ਨਗਰ ਨਿਗਮ ਕਮਿਸ਼ਨਰ ਜਾਂ ਕਾਰਜਕਾਰੀ ਅਧਿਕਾਰੀ ਦੀ ਅਗਵਾਈ ਹੇਠ ਕੰਮ ਕਰੇਗੀ। ਇਸ ਵਿੱਚ ਪਸ਼ੂ ਪਾਲਣ, ਸਿਹਤ, ਪੁਲਿਸ ਅਤੇ ਪ੍ਰਸ਼ਾਸਨਿਕ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਟਾਸਕ ਫੋਰਸ ਨੂੰ ਅਵਾਰਾ ਕੁੱਤਿਆਂ ਨਾਲ ਜੁੜੇ ਮਾਮਲਿਆਂ ਦੀ ਨਿਗਰਾਨੀ ਅਤੇ ਕਾਰਵਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸੱਤ ਦਿਨਾਂ ਵਿੱਚ ਹੋਵੇਗੀ ਹਾਟਸਪਾਟ ਇਲਾਕਿਆਂ ਦੀ ਮੈਪਿੰਗ

ਸਰਕਾਰ ਨੇ ਸਾਰੇ ਸ਼ਹਿਰੀ ਇਲਾਕਿਆਂ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ, ਡੌਗ ਫੀਡਿੰਗ ਪੁਆਇੰਟਾਂ ਅਤੇ ਨਸਬੰਦੀ-ਟੀਕਾਕਰਨ ਦੀ ਸਥਿਤੀ ਬਾਰੇ ਵਿਸਥਾਰਪੂਰਵਕ ਸਰਵੇ ਕਰਨ ਲਈ ਕਿਹਾ ਹੈ। ਸੱਤ ਦਿਨਾਂ ਅੰਦਰ ਸੰਵੇਦਨਸ਼ੀਲ ਇਲਾਕਿਆਂ ਦੀ ਪੂਰੀ ਮੈਪਿੰਗ ਕਰਕੇ ਉਥੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹਰ ਨਗਰ ਵਿੱਚ ਕੰਟਰੋਲ ਰੂਮ, ਹੈਲਪਲਾਈਨ ਅਤੇ ਰੈਪਿਡ ਰਿਸਪਾਂਸ ਟੀਮਾਂ ਵੀ ਬਣਾਈਆਂ ਜਾਣਗੀਆਂ।

21 ਦਿਨਾਂ ਵਿੱਚ ਸ਼ੁਰੂ ਹੋਵੇਗੀ ਸ਼ੈਲਟਰ ਪ੍ਰਣਾਲੀ

ਸੂਬਾ ਸਰਕਾਰ ਨੇ ਡਾਗ ਸ਼ੈਲਟਰਾਂ ਅਤੇ ਹੋਲਡਿੰਗ ਸੈਂਟਰਾਂ ਲਈ 15 ਦਿਨਾਂ ਵਿੱਚ ਜ਼ਮੀਨ ਦੀ ਪਛਾਣ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ 21 ਦਿਨਾਂ ਅੰਦਰ ਅਸਥਾਈ ਪ੍ਰਬੰਧ ਅਤੇ 45 ਦਿਨਾਂ ਵਿੱਚ ਪੱਕੇ ਸ਼ੈਲਟਰ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਹੈ। ਨਾਲ ਹੀ 23 ਜ਼ਿਲ੍ਹਿਆਂ ਵਿੱਚ ਐਨੀਮਲ ਬਰਥ ਕੰਟਰੋਲ ਸੈਂਟਰ ਸਥਾਪਤ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਅਵਾਰਾ ਕੁੱਤਿਆਂ ਦੀ ਗਿਣਤੀ ‘ਤੇ ਨਿਯੰਤਰਣ ਕੀਤਾ ਜਾ ਸਕੇ।

ਹਾਈਵੇ ਅਤੇ ਮੁੱਖ ਸੜਕਾਂ ‘ਤੇ ਵੀ ਰਹੇਗੀ ਕੜੀ ਨਿਗਰਾਨੀ

ਲੋਕ ਨਿਰਮਾਣ ਵਿਭਾਗ, ਟਰਾਂਸਪੋਰਟ ਵਿਭਾਗ, ਐੱਨਐੱਚਏਆਈ ਅਤੇ ਪੁਲਿਸ ਨੂੰ ਹਾਈਵੇ ਅਤੇ ਮੁੱਖ ਸੜਕਾਂ ‘ਤੇ ਸਟ੍ਰੇ ਐਨੀਮਲ ਕੋਰੀਡੋਰ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਖੇਤਰਾਂ ਵਿੱਚ 24 ਘੰਟੇ ਪੈਟਰੋਲਿੰਗ ਟੀਮਾਂ ਤਾਇਨਾਤ ਰਹਿਣਗੀਆਂ ਅਤੇ ਐਮਰਜੈਂਸੀ ਹੈਲਪਲਾਈਨ ਬੋਰਡ ਵੀ ਲਗਾਏ ਜਾਣਗੇ।

ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ‘ਤੇ ਹੋਵੇਗੀ ਕਾਰਵਾਈ

ਸਥਾਨਕ ਸਰਕਾਰਾਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਕੰਮ ਪੂਰਾ ਨਾ ਕੀਤਾ ਗਿਆ ਤਾਂ ਸੰਬੰਧਿਤ ਅਧਿਕਾਰੀਆਂ ਦੀ ਨਿੱਜੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ। ਸਾਰੇ ਸ਼ਹਿਰੀ ਸੰਸਥਾਨਾਂ ਨੂੰ 15 ਦਿਨਾਂ ਅੰਦਰ ਪਹਿਲੀ ਪ੍ਰਗਤੀ ਰਿਪੋਰਟ ਅਤੇ ਉਸ ਤੋਂ ਬਾਅਦ ਹਰ ਮਹੀਨੇ ਵਿਸਥਾਰਪੂਰਵਕ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ।

ਬਿਹਾਰ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਜਾਂਚ ਨੂੰ ਸੁਪਰੀਮ ਕੋਰਟ ਦੀ ਹਰੀ ਝੰਡੀ, SIR ਪ੍ਰਕਿਰਿਆ ਨੂੰ ਕਰਾਰ ਦਿੱਤਾ ਕਾਨੂੰਨੀ

ਬਿਹਾਰ :- ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਪ੍ਰਕਿਰਿਆ ਨੂੰ ਲੈ ਕੇ ਦਾਇਰ ਕੀਤੀਆਂ ਗਈਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਕਾਨੂੰਨੀ ਅਤੇ ਸੰਵਿਧਾਨਕ ਕਰਾਰ ਦਿੰਦਿਆਂ ਪਟੀਸ਼ਨਕਰਤਾਵਾਂ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ।

ਚੋਣ ਕਮਿਸ਼ਨ ਕੋਲ ਵਿਸ਼ੇਸ਼ ਅਧਿਕਾਰ : ਸੁਪਰੀਮ ਕੋਰਟ

ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਚੋਣ ਕਮਿਸ਼ਨ ਇੱਕ ਸੰਵਿਧਾਨਕ ਸੰਸਥਾ ਹੈ ਅਤੇ ਉਸਦੇ ਕੋਲ ਨਿਰਪੱਖ ਅਤੇ ਸਹੀ ਵੋਟਰ ਸੂਚੀ ਤਿਆਰ ਕਰਨ ਲਈ ਲੋੜੀਂਦੇ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਵਿਸ਼ੇਸ਼ ਹਾਲਾਤਾਂ ਵਿੱਚ ਵੱਖਰੀ ਜਾਂ ਖਾਸ ਪ੍ਰਕਿਰਿਆ ਅਪਣਾਉਣਾ ਕਿਸੇ ਵੀ ਤਰੀਕੇ ਨਾਲ ਸੰਵਿਧਾਨ ਦੇ ਵਿਰੁੱਧ ਨਹੀਂ ਮੰਨਿਆ ਜਾ ਸਕਦਾ।

ਪਟੀਸ਼ਨਕਰਤਾਵਾਂ ਨੇ ਉਠਾਏ ਸਨ ਅਧਿਕਾਰਾਂ ਸਬੰਧੀ ਸਵਾਲ

ਇਸ ਮਾਮਲੇ ਵਿੱਚ ਦਾਇਰ ਪਟੀਸ਼ਨਾਂ ਵਿੱਚ ਦਲੀਲ ਦਿੱਤੀ ਗਈ ਸੀ ਕਿ ਚੋਣ ਕਮਿਸ਼ਨ ਕੋਲ ਇੰਨੇ ਵੱਡੇ ਪੱਧਰ ‘ਤੇ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਕਰਨ ਦਾ ਅਧਿਕਾਰ ਨਹੀਂ ਹੈ। ਪਟੀਸ਼ਨਕਰਤਾਵਾਂ ਨੇ ਸੰਵਿਧਾਨ ਦੀ ਧਾਰਾ 326 ਅਤੇ ਲੋਕ ਪ੍ਰਤੀਨਿਧਤਾ ਐਕਟ 1950 ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਇਹ ਪ੍ਰਕਿਰਿਆ ਆਮ ਸੋਧ ਪ੍ਰਕਿਰਿਆ ਤੋਂ ਵੱਖਰੀ ਹੈ ਅਤੇ ਇਸ ਨਾਲ ਵੋਟਰਾਂ ਦੇ ਅਧਿਕਾਰ ਪ੍ਰਭਾਵਿਤ ਹੋ ਸਕਦੇ ਹਨ।

ਫੈਸਲਾ ਪਹਿਲਾਂ ਹੀ ਰੱਖਿਆ ਗਿਆ ਸੀ ਸੁਰੱਖਿਅਤ

ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਦੇ ਬੈਂਚ ਨੇ 29 ਜਨਵਰੀ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹੁਣ ਆਏ ਫੈਸਲੇ ਨਾਲ ਬਿਹਾਰ ਵਿੱਚ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ ਵਿਸ਼ੇਸ਼ ਜਾਂਚ ਨੂੰ ਕਾਨੂੰਨੀ ਮਾਨਤਾ ਮਿਲ ਗਈ ਹੈ।

ਬਿਹਾਰ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਵੱਡੀ ਰਾਹਤ

ਅਦਾਲਤ ਦੇ ਇਸ ਫੈਸਲੇ ਨੂੰ ਚੋਣ ਕਮਿਸ਼ਨ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਵੋਟਰ ਸੂਚੀਆਂ ਨੂੰ ਹੋਰ ਪਾਰਦਰਸ਼ੀ ਅਤੇ ਸਹੀ ਬਣਾਉਣ ਦੀ ਪ੍ਰਕਿਰਿਆ ਨੂੰ ਮਜ਼ਬੂਤੀ ਮਿਲੇਗੀ ਅਤੇ ਚੋਣੀ ਪ੍ਰਬੰਧਨ ਹੋਰ ਪ੍ਰਭਾਵਸ਼ਾਲੀ ਹੋ ਸਕੇਗਾ।

ਫੀਫਾ ਵਰਲਡ ਕੱਪ ਦੌਰਾਨ ਮੈਕਸੀਕੋ ‘ਚ ਡੇਰਾ ਲਾਏਗੀ ਈਰਾਨੀ ਟੀਮ, ਸਿਰਫ਼ ਮੈਚ ਖੇਡਣ ਅਮਰੀਕਾ ਜਾਵੇਗੀ

ਨਵੀਂ ਦਿੱਲੀ :- ਫੀਫਾ ਵਰਲਡ ਕੱਪ 2026 ਤੋਂ ਪਹਿਲਾਂ ਈਰਾਨੀ ਫੁੱਟਬਾਲ ਟੀਮ ਨਾਲ ਜੁੜਿਆ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਅਮਰੀਕਾ ਨਾਲ ਚੱਲ ਰਹੇ ਤਣਾਅਪੂਰਨ ਹਾਲਾਤਾਂ ਦੇ ਮੱਦੇਨਜ਼ਰ ਈਰਾਨ ਦੀ ਟੀਮ ਆਪਣੇ ਮੈਚਾਂ ਦੌਰਾਨ ਮੈਕਸੀਕੋ ਵਿੱਚ ਰਹੇਗੀ ਅਤੇ ਸਿਰਫ਼ ਮੈਚ ਖੇਡਣ ਲਈ ਹੀ ਅਮਰੀਕਾ ਜਾਵੇਗੀ। ਮੈਚ ਖਤਮ ਹੋਣ ਤੋਂ ਬਾਅਦ ਟੀਮ ਤੁਰੰਤ ਵਾਪਸ ਮੈਕਸੀਕੋ ਪਰਤ ਆਵੇਗੀ।

ਮੈਕਸੀਕੋ ਦੇ ਤਿਜੁਆਨਾ ਵਿੱਚ ਬਣਾਇਆ ਗਿਆ ਬੇਸ ਕੈਂਪ

ਈਰਾਨ ਫੁੱਟਬਾਲ ਫੈਡਰੇਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਟੀਮ ਦਾ ਬੇਸ ਕੈਂਪ ਮੈਕਸੀਕੋ ਦੇ ਤਿਜੁਆਨਾ ਸ਼ਹਿਰ ਵਿੱਚ ਤਿਆਰ ਕੀਤਾ ਗਿਆ ਹੈ। ਇਹ ਸ਼ਹਿਰ ਅਮਰੀਕੀ ਰਾਜ ਕੈਲੀਫੋਰਨੀਆ ਦੀ ਸਰਹੱਦ ਦੇ ਨੇੜੇ ਸਥਿਤ ਹੈ, ਜਿਸ ਕਾਰਨ ਟੀਮ ਲਈ ਮੈਚ ਵਾਲੇ ਦਿਨ ਯਾਤਰਾ ਕਰਨਾ ਆਸਾਨ ਰਹੇਗਾ। ਫੀਫਾ ਨੇ ਵੀ ਇਸ ਪ੍ਰਬੰਧ ਦੀ ਪੁਸ਼ਟੀ ਕਰ ਦਿੱਤੀ ਹੈ।

ਮੈਕਸੀਕੋ ਸਰਕਾਰ ਨੇ ਦਿੱਤੀ ਮਨਜ਼ੂਰੀ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਈਰਾਨੀ ਟੀਮ ਦੇ ਮੈਕਸੀਕੋ ਵਿੱਚ ਰਹਿਣ ‘ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਫੀਫਾ ਵੱਲੋਂ ਇਸ ਮਾਮਲੇ ‘ਤੇ ਮੈਕਸੀਕੋ ਸਰਕਾਰ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਸਰਕਾਰ ਨੇ ਤੁਰੰਤ ਮਨਜ਼ੂਰੀ ਦੇ ਦਿੱਤੀ।

ਅਮਰੀਕਾ ਵਿੱਚ ਖੇਡੇ ਜਾਣਗੇ ਗਰੁੱਪ ਮੈਚ

ਈਰਾਨ ਆਪਣੇ ਤਿੰਨ ਗਰੁੱਪ ਮੈਚ ਅਮਰੀਕਾ ਵਿੱਚ ਖੇਡੇਗਾ। ਟੀਮ 15 ਜੂਨ ਨੂੰ ਇੰਗਲਵੁੱਡ ਦੇ ਸੋਫੀ ਸਟੇਡੀਅਮ ਵਿੱਚ ਨਿਊਜ਼ੀਲੈਂਡ ਨਾਲ ਪਹਿਲਾ ਮੁਕਾਬਲਾ ਕਰੇਗੀ। ਇਸ ਤੋਂ ਬਾਅਦ 21 ਜੂਨ ਨੂੰ ਬੈਲਜੀਅਮ ਖ਼ਿਲਾਫ਼ ਵੀ ਉਸੇ ਮੈਦਾਨ ‘ਤੇ ਟੱਕਰ ਹੋਵੇਗੀ। ਗਰੁੱਪ ਦੌਰ ਦਾ ਆਖਰੀ ਮੈਚ ਮਿਸਰ ਵਿਰੁੱਧ ਸੀਏਟਲ ਦੇ ਲੂਮੇਨ ਫੀਲਡ ਵਿੱਚ ਖੇਡਿਆ ਜਾਵੇਗਾ।

ਵਿਸ਼ਵ ਕੱਪ 11 ਜੂਨ ਤੋਂ ਹੋਵੇਗਾ ਸ਼ੁਰੂ

ਫੀਫਾ ਵਰਲਡ ਕੱਪ 2026 ਦੀ ਸ਼ੁਰੂਆਤ 11 ਜੂਨ ਤੋਂ ਹੋ ਰਹੀ ਹੈ, ਜਦਕਿ ਫਾਈਨਲ ਮੁਕਾਬਲਾ 19 ਜੁਲਾਈ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਦੀ ਸਾਂਝੀ ਮੇਜ਼ਬਾਨੀ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਕਰ ਰਹੇ ਹਨ। ਈਰਾਨ ਨੂੰ ਗਰੁੱਪ ਜੀ ਵਿੱਚ ਬੈਲਜੀਅਮ, ਮਿਸਰ ਅਤੇ ਨਿਊਜ਼ੀਲੈਂਡ ਨਾਲ ਰੱਖਿਆ ਗਿਆ ਹੈ।

ਦੋਵੇਂ ਦੇਸ਼ਾਂ ਵਿਚਕਾਰ ਤਣਾਅ ਦਾ ਅਸਰ ਖੇਡਾਂ ‘ਤੇ ਵੀ

ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਲੰਬੇ ਸਮੇਂ ਤੋਂ ਤਣਾਅਪੂਰਨ ਸਬੰਧ ਬਣੇ ਹੋਏ ਹਨ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਅਮਰੀਕਾ ਨੇ ਈਰਾਨੀ ਟੀਮ ਨੂੰ ਉੱਥੇ ਲੰਬੇ ਸਮੇਂ ਲਈ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਇਹ ਨਵਾਂ ਪ੍ਰਬੰਧ ਕੀਤਾ ਗਿਆ ਹੈ।

ਇਬੋਲਾ ਵਾਇਰਸ ਖ਼ਿਲਾਫ਼ ਰੂਸ ਦੀ ਵੱਡੀ ਕਾਮਯਾਬੀ, ਨਵੇਂ ਸਟ੍ਰੇਨ ਲਈ ਤਿਆਰ ਕੀਤਾ ਪ੍ਰਭਾਵਸ਼ਾਲੀ ਟੀਕਾ

ਨਵੀਂ ਦਿੱਲੀ :- ਦੁਨੀਆ ਭਰ ਵਿੱਚ ਦਹਿਸ਼ਤ ਦਾ ਕਾਰਨ ਬਣੇ ਇਬੋਲਾ ਵਾਇਰਸ ਦੇ ਖ਼ਿਲਾਫ਼ ਰੂਸ ਨੇ ਇੱਕ ਅਹਿਮ ਮੈਡੀਕਲ ਉਪਲਬਧੀ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਰੂਸੀ ਵਿਗਿਆਨੀਆਂ ਨੇ ਇਬੋਲਾ ਦੇ ਨਵੇਂ ਅਤੇ ਖ਼ਤਰਨਾਕ ਸਟ੍ਰੇਨ ਵਿਰੁੱਧ ਇੱਕ ਨਵਾਂ ਟੀਕਾ ਤਿਆਰ ਕੀਤਾ ਹੈ, ਜਿਸ ਨੂੰ ਵਾਇਰਸ ਨਾਲ ਜੂਝ ਰਹੇ ਅਫ਼ਰੀਕੀ ਦੇਸ਼ਾਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ।

ਕਾਂਗੋ ਵਿੱਚ ਫੈਲੇ ਨਵੇਂ ਪ੍ਰਕੋਪ ਨਾਲ ਲੜਨ ਵਿੱਚ ਮਿਲੇਗੀ ਮਦਦ

ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਇਸ ਨਵੀਂ ਵੈਕਸੀਨ ਦੀ ਤਿਆਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਟੀਕਾ ਖ਼ਾਸ ਤੌਰ ‘ਤੇ ‘ਬੁੰਡੀਬੁਗਿਓ’ ਸਟ੍ਰੇਨ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਸਟ੍ਰੇਨ ਇਸ ਵੇਲੇ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।

ਦੁਨੀਆ ਵਿੱਚ ਪਹਿਲਾਂ ਨਹੀਂ ਸੀ ਕੋਈ ਮਨਜ਼ੂਰਸ਼ੁਦਾ ਇਲਾਜ

ਦੱਖਣੀ ਅਫ਼ਰੀਕਾ ਵਿੱਚ ਰੂਸੀ ਦੂਤਾਵਾਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਸ ਸਟ੍ਰੇਨ ਲਈ ਹੁਣ ਤੱਕ ਨਾ ਕੋਈ ਪ੍ਰਵਾਨਿਤ ਟੀਕਾ ਮੌਜੂਦ ਸੀ ਅਤੇ ਨਾ ਹੀ ਕੋਈ ਵਿਸ਼ੇਸ਼ ਇਲਾਜ ਉਪਲਬਧ ਸੀ। ਅਜਿਹੇ ਵਿੱਚ ਰੂਸ ਦੀ ਇਹ ਸਫ਼ਲਤਾ ਗਲੋਬਲ ਸਿਹਤ ਖੇਤਰ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ।

ਕਾਂਗੋ ਅਤੇ ਯੂਗਾਂਡਾ ਵਿੱਚ ਵਧਦਾ ਜਾ ਰਿਹਾ ਖ਼ਤਰਾ

ਵਿਸ਼ਵ ਸਿਹਤ ਸੰਗਠਨ ਮੁਤਾਬਕ ਕਾਂਗੋ ਵਿੱਚ ਇਬੋਲਾ ਦਾ ਨਵਾਂ ਪ੍ਰਕੋਪ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ 900 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ 220 ਲੋਕਾਂ ਦੀ ਸ਼ੱਕੀ ਮੌਤ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ਵਿੱਚੋਂ 10 ਮੌਤਾਂ ਦੀ ਪੁਸ਼ਟੀ ਵੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਵਾਇਰਸ ਨੇ ਗੁਆਂਢੀ ਦੇਸ਼ ਯੂਗਾਂਡਾ ਵਿੱਚ ਵੀ ਦਸਤਕ ਦੇ ਦਿੱਤੀ ਹੈ, ਜਿੱਥੇ ਪੰਜ ਮਾਮਲੇ ਸਾਹਮਣੇ ਆਏ ਹਨ।

ਬਹੁਤ ਖ਼ਤਰਨਾਕ ਅਤੇ ਜਾਨਲੇਵਾ ਮੰਨੀ ਜਾਂਦੀ ਹੈ ਇਬੋਲਾ ਬੀਮਾਰੀ

ਇਬੋਲਾ ਇੱਕ ਘਾਤਕ ਸੰਕਰਾਮਕ ਬੀਮਾਰੀ ਹੈ ਜੋ ਮੁੱਖ ਤੌਰ ‘ਤੇ ਜੰਗਲੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ। ਇਸ ਤੋਂ ਬਾਅਦ ਸੰਕਰਮਿਤ ਵਿਅਕਤੀ ਦੇ ਖ਼ੂਨ ਜਾਂ ਸਰੀਰਕ ਤਰਲ ਪਦਾਰਥਾਂ ਰਾਹੀਂ ਇਹ ਦੂਜੇ ਲੋਕਾਂ ਤੱਕ ਪਹੁੰਚਦੀ ਹੈ। ਸਿਹਤ ਮਾਹਿਰਾਂ ਅਨੁਸਾਰ ਇਸ ਬੀਮਾਰੀ ਵਿੱਚ ਮੌਤ ਦਰ ਕਈ ਵਾਰ 50 ਫੀਸਦੀ ਤੋਂ ਵੀ ਵੱਧ ਰਹੀ ਹੈ।

WHO ਪਹਿਲਾਂ ਹੀ ਜਾਰੀ ਕਰ ਚੁੱਕਾ ਐਮਰਜੈਂਸੀ ਚੇਤਾਵਨੀ

ਵਿਸ਼ਵ ਸਿਹਤ ਸੰਗਠਨ ਨੇ 17 ਮਈ ਨੂੰ ਇਸ ਫੈਲਾਅ ਨੂੰ ‘ਅੰਤਰਰਾਸ਼ਟਰੀ ਚਿੰਤਾ ਵਾਲੀ ਜਨਤਕ ਸਿਹਤ ਐਮਰਜੈਂਸੀ’ ਕਰਾਰ ਦਿੱਤਾ ਸੀ। ਅਜਿਹੇ ਸਮੇਂ ਵਿੱਚ ਰੂਸ ਵੱਲੋਂ ਤਿਆਰ ਕੀਤੀ ਗਈ ਇਹ ਵੈਕਸੀਨ ਦੁਨੀਆ ਭਰ ਦੇ ਸਿਹਤ ਮਾਹਿਰਾਂ ਅਤੇ ਪ੍ਰਭਾਵਿਤ ਦੇਸ਼ਾਂ ਲਈ ਇੱਕ ਨਵੀਂ ਉਮੀਦ ਵਜੋਂ ਦੇਖੀ ਜਾ ਰਹੀ ਹੈ।

ਮੋਗਾ ‘ਚ 9 ਸਾਲਾ ਬੱਚੀ ਦੀ ਸ਼ੱਕੀ ਮੌਤ , ਜਬਰ ਜਨਾਹ ਮਗਰੋਂ ਕਤਲ ਦੇ ਦੋਸ਼!

ਮੋਗਾ : ਪੰਜਾਬ ਦੇ ਮੋਗਾ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗਾਂਧੀ ਰੋਡ ਸਥਿਤ ਮੇਖਾਂ ਵਾਲੀ ਗਲੀ ਵਿੱਚ ਰਹਿੰਦੀ 9 ਸਾਲਾ ਬੱਚੀ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਫਾਹੇ ਨਾਲ ਲਟਕਦੀ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਵਾਰਟਰ ਦੇ ਬਾਹਰ ਫਾਹੇ ਨਾਲ ਲਟਕੀ ਮਿਲੀ ਬੱਚੀ

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪਰਿਵਾਰਕ ਮੈਂਬਰਾਂ ਨੇ ਬੱਚੀ ਨੂੰ ਕਵਾਰਟਰ ਦੇ ਬਾਹਰ ਕੋਰੀਡੋਰ ਵਿੱਚ ਦੁਪੱਟੇ ਨਾਲ ਲਟਕਿਆ ਹੋਇਆ ਦੇਖਿਆ। ਘਬਰਾਏ ਹੋਏ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਾਪਿਆਂ ਨੇ ਲਗਾਏ ਗੰਭੀਰ ਦੋਸ਼

ਬੱਚੀ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਨੇੜਲੇ ਕਵਾਰਟਰ ਵਿੱਚ ਰਹਿਣ ਵਾਲੇ ਦਯਾਨੰਦ ਨਾਮਕ ਵਿਅਕਤੀ ਨੇ ਪਹਿਲਾਂ ਬੱਚੀ ਨਾਲ ਜਬਰ ਜਨਾਹ ਕੀਤਾ ਅਤੇ ਬਾਅਦ ਵਿੱਚ ਸਬੂਤ ਮਿਟਾਉਣ ਲਈ ਉਸ ਦੀ ਹੱਤਿਆ ਕਰਕੇ ਲਾਸ਼ ਨੂੰ ਫਾਹੇ ਨਾਲ ਲਟਕਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਝਾਰਖੰਡ ਦਾ ਰਹਿਣ ਵਾਲਾ ਹੈ ਅਤੇ ਉਸੇ ਇਲਾਕੇ ਵਿੱਚ ਕਿਰਾਏ ‘ਤੇ ਰਹਿੰਦਾ ਸੀ।

ਘਟਨਾ ਸਮੇਂ ਮਾਂ ਗਈ ਹੋਈ ਸੀ ਕੰਮ ‘ਤੇ

ਸਥਾਨਕ ਲੋਕਾਂ ਮੁਤਾਬਕ ਗਾਂਧੀ ਰੋਡ ਦੀ ਮੇਖਾਂ ਵਾਲੀ ਗਲੀ ਵਿੱਚ ਜ਼ਿਆਦਾਤਰ ਪਰਵਾਸੀ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ। ਘਟਨਾ ਵਾਲੇ ਸਮੇਂ ਬੱਚੀ ਦੀ ਮਾਂ ਕੰਮ ‘ਤੇ ਗਈ ਹੋਈ ਸੀ। ਇਸ ਦੌਰਾਨ ਇਹ ਦਰਦਨਾਕ ਵਾਕਿਆ ਵਾਪਰਿਆ।

ਪੁਲਿਸ ਨੇ ਦਰਜ ਕੀਤਾ ਮਾਮਲਾ

ਪੁਲਿਸ ਨੇ ਮ੍ਰਿਤਕ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਦਯਾਨੰਦ ਖ਼ਿਲਾਫ਼ ਕਤਲ, ਜਬਰ ਜਨਾਹ ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮਾਮਲੇ ਤੋਂ ਬਾਅਦ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਐਸਐਚਓ ਨੇ ਕੀ ਕਿਹਾ

ਇਸ ਸਬੰਧੀ ਐਸਐਚਓ ਵਰੁਣ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਬੱਚੀ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲਣ ਦੀ ਸੂਚਨਾ ਮਿਲੀ ਸੀ। ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।

ਯੂਰਪ ‘ਚ ਗਰਮੀ ਦਾ ਕਹਿਰ, ਫਰਾਂਸ ‘ਚ 7 ਮੌਤਾਂ; ਬ੍ਰਿਟੇਨ ‘ਚ 100 ਸਾਲ ਪੁਰਾਣੇ ਤਾਪਮਾਨ ਰਿਕਾਰਡ ਟੁੱਟੇ

ਨਵੀਂ ਦਿੱਲੀ :- ਉੱਤਰੀ ਭਾਰਤ ਤੋਂ ਬਾਅਦ ਹੁਣ ਯੂਰਪ ਵੀ ਭਿਆਨਕ ਗਰਮੀ ਦੀ ਚਪੇਟ ਵਿੱਚ ਆ ਗਿਆ ਹੈ। ਕਈ ਯੂਰਪੀ ਦੇਸ਼ਾਂ ਵਿੱਚ ਤਾਪਮਾਨ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਫਰਾਂਸ ਵਿੱਚ ਗਰਮੀ ਨਾਲ ਜੁੜੀਆਂ ਵੱਖ-ਵੱਖ ਘਟਨਾਵਾਂ ਦੌਰਾਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬ੍ਰਿਟੇਨ ਵਿੱਚ ਸਦੀ ਪੁਰਾਣੇ ਤਾਪਮਾਨ ਰਿਕਾਰਡ ਟੁੱਟ ਗਏ ਹਨ।

‘ਹੀਟ ਡੋਮ’ ਕਾਰਨ ਵਧ ਰਿਹਾ ਤਾਪਮਾਨ

ਮੌਸਮ ਮਾਹਿਰਾਂ ਮੁਤਾਬਕ ਯੂਰਪ ਵਿੱਚ ਇਸ ਵੇਲੇ “ਹੀਟ ਡੋਮ” ਵਾਲੀ ਸਥਿਤੀ ਬਣੀ ਹੋਈ ਹੈ। ਇਹ ਇੱਕ ਤਾਕਤਵਰ ਉੱਚ ਦਬਾਅ ਪ੍ਰਣਾਲੀ ਹੁੰਦੀ ਹੈ ਜੋ ਗਰਮ ਹਵਾ ਨੂੰ ਜ਼ਮੀਨ ਦੇ ਨੇੜੇ ਹੀ ਫਸਾ ਕੇ ਰੱਖਦੀ ਹੈ। ਇਸ ਕਾਰਨ ਗਰਮੀ ਲਗਾਤਾਰ ਵਧਦੀ ਜਾਂਦੀ ਹੈ ਅਤੇ ਲੋਕਾਂ ਨੂੰ ਰਾਹਤ ਨਹੀਂ ਮਿਲਦੀ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਾਲਾਤ ਕਈ ਦਿਨਾਂ ਜਾਂ ਹਫ਼ਤਿਆਂ ਤੱਕ ਜਾਰੀ ਰਹਿ ਸਕਦੇ ਹਨ।

ਫਰਾਂਸ ‘ਚ ਗਰਮੀ ਨਾਲ ਜੁੜੀਆਂ ਘਟਨਾਵਾਂ ਨੇ ਲਈਆਂ ਜਾਨਾਂ

ਫਰਾਂਸ ਦੇ ਜੂਨੀਅਰ ਊਰਜਾ ਮੰਤਰੀ ਨੇ ਪੁਸ਼ਟੀ ਕੀਤੀ ਕਿ ਦੇਸ਼ ਵਿੱਚ ਗਰਮੀ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਸੱਤ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਕਈ ਲੋਕ ਝੀਲਾਂ ਅਤੇ ਦਰਿਆਵਾਂ ਵਿੱਚ ਡੁੱਬਣ ਕਾਰਨ ਜਾਨ ਗਵਾ ਬੈਠੇ। ਪੈਰਿਸ ਵਿੱਚ ਇੱਕ ਦੌੜ ਸਮਾਗਮ ਦੌਰਾਨ 53 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜਦਕਿ ਲਿਓਨ ਸ਼ਹਿਰ ਵਿੱਚ ਇੱਕ ਔਰਤ ਦੀ ਹੀਟਸਟ੍ਰੋਕ ਕਾਰਨ ਜਾਨ ਚਲੀ ਗਈ।

ਤੇਜ਼ ਗਰਮੀ ਕਾਰਨ ਖੇਡ ਸਮਾਗਮ ਰੱਦ

ਫਰਾਂਸ ਦੀ ਖੇਡ ਮੰਤਰੀ ਨੇ ਦੱਸਿਆ ਕਿ ਵਧਦੇ ਤਾਪਮਾਨ ਨੂੰ ਦੇਖਦਿਆਂ ਕਈ ਖੇਡ ਮੁਕਾਬਲੇ ਰੱਦ ਕਰਨ ਪਏ ਹਨ। ਫਰਾਂਸ ਦੀ ਮੌਸਮ ਏਜੰਸੀ ਨੇ ਮਈ ਮਹੀਨੇ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਪੈਰਿਸ ਅਤੇ ਬ੍ਰਿਟਨੀ ਸਮੇਤ ਕਈ ਖੇਤਰਾਂ ਵਿੱਚ ਗਰਮੀ ਹੋਰ ਵਧ ਸਕਦੀ ਹੈ। ਕਈ ਇਲਾਕਿਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਲੰਡਨ ‘ਚ ਰਾਤਾਂ ਵੀ ਹੋਈਆਂ ਗਰਮ

ਬ੍ਰਿਟੇਨ ਵਿੱਚ ਵੀ ਗਰਮੀ ਨੇ ਸਾਰੇ ਪੁਰਾਣੇ ਰਿਕਾਰਡ ਪਿੱਛੇ ਛੱਡ ਦਿੱਤੇ ਹਨ। ਲੰਡਨ ਦੇ ਕੇਵ ਗਾਰਡਨ ਇਲਾਕੇ ਵਿੱਚ ਤਾਪਮਾਨ 34.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ ਰਿਕਾਰਡ ਨਾਲੋਂ ਕਾਫ਼ੀ ਵੱਧ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਰਹੀ ਕਿ ਲੰਡਨ ਵਿੱਚ “ਟ੍ਰੋਪਿਕਲ ਨਾਈਟ” ਦਰਜ ਕੀਤੀ ਗਈ, ਜਿੱਥੇ ਰਾਤ ਦੌਰਾਨ ਵੀ ਤਾਪਮਾਨ 20 ਡਿਗਰੀ ਤੋਂ ਹੇਠਾਂ ਨਹੀਂ ਗਿਆ।

ਜਲਵਾਯੂ ਪਰਿਵਰਤਨ ਨੂੰ ਮੰਨਿਆ ਜਾ ਰਿਹਾ ਵੱਡਾ ਕਾਰਨ

ਮੌਸਮ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਨੁੱਖੀ ਗਤੀਵਿਧੀਆਂ ਕਾਰਨ ਵੱਧ ਰਹੇ ਜਲਵਾਯੂ ਪਰਿਵਰਤਨ ਨੇ ਅਜਿਹੀਆਂ ਹੀਟਵੇਵ ਘਟਨਾਵਾਂ ਨੂੰ ਹੋਰ ਗੰਭੀਰ ਅਤੇ ਲੰਬੇ ਸਮੇਂ ਵਾਲਾ ਬਣਾ ਦਿੱਤਾ ਹੈ। ਮਾਹਿਰਾਂ ਅਨੁਸਾਰ ਯੂਰਪ ਵਿੱਚ ਹਰ ਸਾਲ ਬਣ ਰਹੇ ਨਵੇਂ ਗਰਮੀ ਦੇ ਰਿਕਾਰਡ ਇਸ ਗੱਲ ਦਾ ਸਪਸ਼ਟ ਸੰਕੇਤ ਹਨ ਕਿ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ।

ਕਸੌਲੀ ਦੇ ਜੰਗਲਾਂ ‘ਚ ਭਿਆਨਕ ਅੱਗ, ਏਅਰ ਫੋਰਸ ਸਟੇਸ਼ਨ ਨੇੜੇ ਪਹੁੰਚੀਆਂ ਲਪਟਾਂ; ਫੌਜ ਨੇ ਉਤਾਰੇ ਹੈਲੀਕਾਪਟਰ

ਕਸੌਲੀ :- ਉੱਤਰੀ ਭਾਰਤ ਵਿੱਚ ਪੈ ਰਹੀ ਤਿੱਖੀ ਗਰਮੀ ਅਤੇ ‘ਨੌਤਪਾ’ ਦੇ ਕਹਿਰ ਵਿਚਕਾਰ ਹਿਮਾਚਲ ਪ੍ਰਦੇਸ਼ ਦੇ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੇ ਚਿੰਤਾ ਵਧਾ ਦਿੱਤੀ ਹੈ। ਸੋਲਨ ਜ਼ਿਲ੍ਹੇ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਕਸੌਲੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨੇ ਕੁਝ ਹੀ ਸਮੇਂ ਵਿੱਚ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਉੱਚੀਆਂ ਲਪਟਾਂ ਏਅਰ ਫੋਰਸ ਸਟੇਸ਼ਨ ਦੇ ਨੇੜੇ ਤੱਕ ਪਹੁੰਚ ਗਈਆਂ, ਜਿਸ ਕਾਰਨ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚ ਗਿਆ।

ਅੱਗ ‘ਤੇ ਕਾਬੂ ਲਈ ਹਵਾਈ ਫੌਜ ਦੀ ਵੱਡੀ ਕਾਰਵਾਈ

ਸਥਿਤੀ ਗੰਭੀਰ ਹੋਣ ‘ਤੇ ਹਵਾਈ ਫੌਜ ਨੂੰ ਵੀ ਮੈਦਾਨ ਵਿੱਚ ਉਤਰਨਾ ਪਿਆ। ਅੱਗ ਨੂੰ ਫੈਲਣ ਤੋਂ ਰੋਕਣ ਲਈ ਏਅਰ ਫੋਰਸ ਵੱਲੋਂ ਇੱਕ ਐਮਆਈ-17 ਅਤੇ ਇੱਕ ਚਿਨੂਕ ਹੈਲੀਕਾਪਟਰ ਤਾਇਨਾਤ ਕੀਤਾ ਗਿਆ ਹੈ। ਇਹ ਹੈਲੀਕਾਪਟਰ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਪਾਣੀ ਭਰ ਕੇ ਲਗਾਤਾਰ ਅੱਗ ਵਾਲੇ ਇਲਾਕਿਆਂ ਵਿੱਚ ਸੁੱਟ ਰਹੇ ਹਨ, ਤਾਂ ਜੋ ਜੰਗਲ ਅਤੇ ਨੇੜਲੇ ਸੁਰੱਖਿਆ ਢਾਂਚਿਆਂ ਨੂੰ ਬਚਾਇਆ ਜਾ ਸਕੇ।

ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੁਸਤੈਦ

ਘਟਨਾ ਸਥਾਨ ‘ਤੇ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਤਾਇਨਾਤ ਹਨ। ਫਾਇਰ ਟੈਂਡਰਾਂ ਦੀ ਮਦਦ ਨਾਲ ਜ਼ਮੀਨੀ ਪੱਧਰ ‘ਤੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਤੇਜ਼ ਹਵਾਵਾਂ ਅਤੇ ਭਿਆਨਕ ਗਰਮੀ ਕਾਰਨ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ।

ਏਅਰ ਫੋਰਸ ਸਟੇਸ਼ਨ ਨੇੜੇ ਵਧਿਆ ਖ਼ਤਰਾ

ਅਧਿਕਾਰੀਆਂ ਮੁਤਾਬਕ ਜਦੋਂ ਅੱਗ ਦੀਆਂ ਲਪਟਾਂ ਏਅਰ ਫੋਰਸ ਸਟੇਸ਼ਨ ਦੇ ਨੇੜੇ ਪਹੁੰਚਣ ਲੱਗੀਆਂ ਤਾਂ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਹਵਾਈ ਮਦਦ ਲਈ ਗਈ। ਕਈ ਇਲਾਕੇ ਪਹਾੜੀ ਅਤੇ ਦੁਰਗਮ ਹੋਣ ਕਾਰਨ ਜ਼ਮੀਨੀ ਟੀਮਾਂ ਲਈ ਉੱਥੇ ਪਹੁੰਚਣਾ ਮੁਸ਼ਕਲ ਬਣਿਆ ਹੋਇਆ ਹੈ, ਜਿਸ ਕਰਕੇ ਹੈਲੀਕਾਪਟਰਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸ਼ਿਮਲਾ ਨੇੜੇ ਵੀ ਜੰਗਲ ‘ਚ ਲੱਗੀ ਨਵੀਂ ਅੱਗ

ਇਸ ਦੌਰਾਨ ਸ਼ਿਮਲਾ ਦੇ ਨੇੜਲੇ ਰਾਜਹਾਨਾ ਪਿੰਡ ਕੋਲ ਵੀ ਜੰਗਲ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਨੂੰ ਕਾਬੂ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਭਿਆਨਕ ਗਰਮੀ ਬਣ ਰਹੀ ਵੱਡੀ ਚੁਣੌਤੀ

ਮਾਹਿਰਾਂ ਦਾ ਕਹਿਣਾ ਹੈ ਕਿ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਸੁੱਕੇ ਮੌਸਮ ਕਾਰਨ ਜੰਗਲਾਂ ਵਿੱਚ ਅੱਗ ਲੱਗਣ ਦੇ ਮਾਮਲੇ ਵਧ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜੰਗਲੀ ਇਲਾਕਿਆਂ ਵਿੱਚ ਸਾਵਧਾਨੀ ਵਰਤਣ ਅਤੇ ਅੱਗ ਨਾਲ ਜੁੜੀ ਕਿਸੇ ਵੀ ਲਾਪਰਵਾਹੀ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।