Home Blog Page 224

ਇਟਲੀ ਪੁਲਿਸ ਵਿੱਚ ਪੰਜਾਬ ਦੀ ਧੀ ਨੇ ਲਹਿਰਾਇਆ ਪਰਚਮ, ਖਟਕੜ ਕਲਾਂ ਦੀ ਹਰਪ੍ਰੀਤ ਕੌਰ ਨੂੰ ਮਿਲੀ ਅਹਿਮ ਜ਼ਿੰਮੇਵਾਰੀ

ਇਟਲੀ :- ਇਟਲੀ ਵਿੱਚ ਵਸਦੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨਾਲ ਸਬੰਧਤ ਪਰਿਵਾਰ ਦੀ ਧੀ ਹਰਪ੍ਰੀਤ ਕੌਰ ਨੂੰ ਇਟਲੀ ਦੇ ਵੈਰੋਨਾ ਨੇੜੇ ਸਥਿਤ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਡਿਊਟੀ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।

ਇਟਲੀ ਵਿੱਚ ਜਨਮ, ਉੱਚ ਸਿੱਖਿਆ ਤੋਂ ਬਾਅਦ ਹਾਸਲ ਕੀਤੀ ਸਫ਼ਲਤਾ

ਹਰਪ੍ਰੀਤ ਕੌਰ ਦਾ ਜਨਮ ਅਤੇ ਪਾਲਣ-ਪੋਸ਼ਣ ਇਟਲੀ ਵਿੱਚ ਹੀ ਹੋਇਆ। ਉਹ ਖਟਕੜ ਕਲਾਂ ਦੇ ਸਵਰਗੀ ਹਰਦੀਪ ਸਿੰਘ ਅਤੇ ਬਲਵਿੰਦਰ ਕੌਰ ਦੀ ਧੀ ਹੈ। ਉਨ੍ਹਾਂ ਨੇ ਕਾਨੂੰਨ ਦੀ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਇਟਲੀ ਦੀ ਫ਼ੌਜ ਵਿੱਚ ਵੀ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਭਰਤੀ ਦੀਆਂ ਕਈ ਸਖ਼ਤ ਪ੍ਰੀਖਿਆਵਾਂ ਅਤੇ ਚੋਣ ਪ੍ਰਕਿਰਿਆਵਾਂ ਸਫ਼ਲਤਾਪੂਰਵਕ ਪਾਰ ਕੀਤੀਆਂ।

2022 ਵਿੱਚ ਹੋਈ ਸੀ ਪੁਲਿਸ ਵਿੱਚ ਭਰਤੀ

ਹਰਪ੍ਰੀਤ ਕੌਰ ਦੀ ਚੋਣ ਸਾਲ 2022 ਵਿੱਚ ਇਟਲੀ ਪੁਲਿਸ ਲਈ ਹੋਈ ਸੀ। ਲੰਬੀ ਸਿਖਲਾਈ ਅਤੇ ਵੱਖ-ਵੱਖ ਪੇਸ਼ੇਵਰ ਪੜਾਵਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਉਨ੍ਹਾਂ ਦੀ ਮਿਹਨਤ, ਯੋਗਤਾ ਅਤੇ ਸਮਰਪਣ ਦਾ ਨਤੀਜਾ ਮੰਨੀ ਜਾ ਰਹੀ ਹੈ।

ਪ੍ਰਵਾਸੀ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ

ਮੌਜੂਦਾ ਸਮੇਂ ਹਰਪ੍ਰੀਤ ਕੌਰ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਸੰਧੂ ਨਾਲ ਵਿਚੈਂਸਾ ਨੇੜਲੇ ਆਰਜੀਨਿਆਨੋ ਸ਼ਹਿਰ ਵਿੱਚ ਰਹਿ ਰਹੀ ਹੈ। ਅੰਮ੍ਰਿਤਪਾਲ ਸਿੰਘ ਦਾ ਸਬੰਧ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਤਲਵੰਡੀ ਮਾਧੋ ਨਾਲ ਹੈ। ਹਰਪ੍ਰੀਤ ਕੌਰ ਦੀ ਇਸ ਨਵੀਂ ਜ਼ਿੰਮੇਵਾਰੀ ਨਾਲ ਇਟਲੀ ਵਿੱਚ ਵਸਦੇ ਭਾਰਤੀ, ਖ਼ਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ।

ਇਟਲੀ ਦੇ ਅਧਿਕਾਰੀਆਂ ਨੇ ਦਿੱਤੀਆਂ ਵਧਾਈਆਂ

ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿੱਚ ਜ਼ਿੰਮੇਵਾਰੀ ਸੰਭਾਲਣ ਮੌਕੇ ਸ਼ਹਿਰ ਦੇ ਨਵੇਂ ਮੇਅਰ ਲਿਓਨਾਰਦੋ ਫਰੀਗੋ ਸਮੇਤ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਰਪ੍ਰੀਤ ਕੌਰ ਦਾ ਸਵਾਗਤ ਕੀਤਾ। ਉਨ੍ਹਾਂ ਨੇ ਹਰਪ੍ਰੀਤ ਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸਫ਼ਲ ਭਵਿੱਖ ਦੀ ਕਾਮਨਾ ਵੀ ਕੀਤੀ।

ਤਿੰਨ ਦੇਸ਼ਾਂ ਦੇ ਦੌਰੇ ‘ਤੇ ਨਿਕਲੇ ਪ੍ਰਧਾਨ ਮੰਤਰੀ ਮੋਦੀ, ਐਕਟ ਈਸਟ ਨੀਤੀ ਤੇ ਇੰਡੋ-ਪੈਸੀਫਿਕ ਸਹਿਯੋਗ ਨੂੰ ਮਿਲੇਗੀ ਨਵੀਂ ਰਫ਼ਤਾਰ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਬਹੁਪੱਖੀ ਵਿਦੇਸ਼ ਦੌਰੇ ਲਈ ਰਵਾਨਾ ਹੋ ਗਏ। ਰਵਾਨਗੀ ਤੋਂ ਪਹਿਲਾਂ ਜਾਰੀ ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਦੌਰਾ ਭਾਰਤ ਦੀ ਐਕਟ ਈਸਟ ਨੀਤੀ, ਮਹਾਸਾਗਰ ਵਿਜ਼ਨ ਅਤੇ ਆਜ਼ਾਦ, ਖੁੱਲ੍ਹੇ ਤੇ ਸਮਾਵੇਸ਼ੀ ਇੰਡੋ-ਪੈਸੀਫਿਕ ਖੇਤਰ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਨਾਲ ਹੀ ਤਿੰਨਾਂ ਦੇਸ਼ਾਂ ਨਾਲ ਰਣਨੀਤਕ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਨਵਾਂ ਵਿਸਥਾਰ ਮਿਲੇਗਾ।

ਸਭ ਤੋਂ ਪਹਿਲਾਂ ਇੰਡੋਨੇਸ਼ੀਆ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਮੋਦੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ ਦੇ ਦੌਰੇ ‘ਤੇ ਰਹਿਣਗੇ। ਇਹ ਯਾਤਰਾ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਦੇ ਸੱਦੇ ‘ਤੇ ਹੋ ਰਹੀ ਹੈ। ਮੋਦੀ ਨੇ ਕਿਹਾ ਕਿ 2018 ਦੀ ਆਪਣੀ ਪਹਿਲੀ ਇੰਡੋਨੇਸ਼ੀਆ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਨੇ ਆਪਣੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਪਹੁੰਚਾਇਆ ਸੀ। ਹੁਣ ਇਸ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਉਨ੍ਹਾਂ ਦੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ।

ਸੱਭਿਆਚਾਰਕ ਰਿਸ਼ਤਿਆਂ ਨੂੰ ਵੀ ਮਿਲੇਗਾ ਉਤਸ਼ਾਹ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਦੇ ਰਿਸ਼ਤੇ ਸਦੀਆਂ ਪੁਰਾਣੇ ਸੱਭਿਆਚਾਰਕ ਅਤੇ ਲੋਕਾਂ ਦਰਮਿਆਨ ਆਪਸੀ ਸਾਂਝ ‘ਤੇ ਆਧਾਰਿਤ ਹਨ। ਦੌਰੇ ਦੌਰਾਨ ਉਹ ਇੰਡੋਨੇਸ਼ੀਆ ਵਿੱਚ ਵੱਸਦੇ ਭਾਰਤੀ ਭਾਈਚਾਰੇ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਪ੍ਰਬੋਵੋ ਨਾਲ ਯੋਗਯਾਕਾਰਤਾ ਸਥਿਤ ਪ੍ਰੰਬਨਨ ਮੰਦਰ ਕੰਪਲੈਕਸ ਦਾ ਵੀ ਦੌਰਾ ਕਰਨਗੇ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸਾਂਝੇ ਸੱਭਿਆਚਾਰਕ ਵਿਰਸੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਆਸਟ੍ਰੇਲੀਆ ਨਾਲ ਰਣਨੀਤਕ ਭਾਈਵਾਲੀ ‘ਤੇ ਹੋਵੇਗਾ ਫੋਕਸ

ਇੰਡੋਨੇਸ਼ੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਸੱਦੇ ‘ਤੇ ਮੈਲਬੌਰਨ ਪਹੁੰਚਣਗੇ। ਉੱਥੇ ਦੋਵੇਂ ਆਗੂ ਰੱਖਿਆ, ਸੁਰੱਖਿਆ, ਵਪਾਰ, ਨਿਵੇਸ਼, ਸਿੱਖਿਆ, ਤਕਨਾਲੋਜੀ, ਖੇਡਾਂ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਗੇ।

ਮੋਦੀ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵੱਸਦਾ ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਦਾ ਇੱਕ ਮਹੱਤਵਪੂਰਨ ਅਧਾਰ ਹੈ ਅਤੇ ਉਹ ਆਪਣੇ ਦੌਰੇ ਦੌਰਾਨ ਪ੍ਰਵਾਸੀ ਭਾਰਤੀਆਂ ਨਾਲ ਵੀ ਸੰਵਾਦ ਕਰਨਗੇ।

ਨਿਊਜ਼ੀਲੈਂਡ ਨਾਲ ਆਰਥਿਕ ਸਹਿਯੋਗ ਵਧਾਉਣ ‘ਤੇ ਜ਼ੋਰ

ਆਸਟ੍ਰੇਲੀਆ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਸੱਦੇ ‘ਤੇ ਆਕਲੈਂਡ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਯਾਤਰਾ ਮਾਰਚ 2025 ਵਿੱਚ ਪ੍ਰਧਾਨ ਮੰਤਰੀ ਲਕਸਨ ਦੀ ਭਾਰਤ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਅੱਗੇ ਲਿਜਾਣ ਦਾ ਮੌਕਾ ਬਣੇਗੀ।

ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਾਲੇ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਨਵੀਂ ਗਤੀ ਦੇਣ ਬਾਰੇ ਚਰਚਾ ਹੋਵੇਗੀ। ਇਸ ਦੇ ਨਾਲ ਹੀ ਦੁਵੱਲੇ ਵਪਾਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਚੱਲ ਰਹੇ ਯਤਨਾਂ ‘ਤੇ ਵੀ ਵਿਚਾਰ ਕੀਤਾ ਜਾਵੇਗਾ।

ਪ੍ਰਵਾਸੀ ਭਾਰਤੀਆਂ ਨਾਲ ਵੀ ਕਰਨਗੇ ਮੁਲਾਕਾਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਰਹਿ ਰਿਹਾ ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹ ਆਪਣੇ ਦੌਰੇ ਦੌਰਾਨ ਭਾਰਤੀ ਭਾਈਚਾਰੇ ਦੇ ਇੱਕ ਵੱਡੇ ਸਮਾਗਮ ਨੂੰ ਵੀ ਸੰਬੋਧਨ ਕਰਨਗੇ।

ਖੇਤਰੀ ਸਹਿਯੋਗ ਨੂੰ ਮਿਲੇਗੀ ਨਵੀਂ ਦਿਸ਼ਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਇਹ ਦੌਰਾ ਭਾਰਤ ਦੀ ਵਿਦੇਸ਼ ਨੀਤੀ ਲਈ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਯਾਤਰਾ ਨਾਲ ਐਕਟ ਈਸਟ ਨੀਤੀ, ਮਹਾਸਾਗਰ ਵਿਜ਼ਨ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਹਿਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ।

ਰਾਮ ਮੰਦਰ ਟਰੱਸਟ ਦੀ ਅੱਜ ਅਹਿਮ ਮੀਟਿੰਗ, ਚੰਪਤ ਰਾਏ ਤੇ ਡਾ. ਅਨਿਲ ਮਿਸ਼ਰਾ ਦੇ ਅਸਤੀਫ਼ਿਆਂ ਤੇ ਹੋਵੇਗਾ ਫ਼ੈਸਲਾ

ਅਯੁੱਧਿਆਬ :- ਅਯੁੱਧਿਆ ਸਥਿਤ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਅਹਿਮ ਬੈਠਕ ਅੱਜ ਸੋਮਵਾਰ ਦੁਪਹਿਰ ਰਾਮ ਮੰਦਰ ਕੰਪਲੈਕਸ ਵਿੱਚ ਹੋਣ ਜਾ ਰਹੀ ਹੈ। ਮੰਦਰ ਵਿੱਚ ਚੜ੍ਹਾਵੇ ਨਾਲ ਜੁੜੇ ਕਥਿਤ ਚੋਰੀ ਦੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਟਰੱਸਟ ਦੀ ਪਹਿਲੀ ਮੀਟਿੰਗ ਹੋਵੇਗੀ, ਜਿਸ ਕਾਰਨ ਇਸ ਬੈਠਕ ਨੂੰ ਖਾਸ ਅਹਿਮੀਅਤ ਦਿੱਤੀ ਜਾ ਰਹੀ ਹੈ।

ਅਸਤੀਫ਼ਿਆਂ ‘ਤੇ ਟਰੱਸਟ ਕਰੇਗਾ ਵਿਚਾਰ

ਮੀਟਿੰਗ ਦਾ ਸਭ ਤੋਂ ਮਹੱਤਵਪੂਰਨ ਮੁੱਦਾ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਡਾ. ਅਨਿਲ ਮਿਸ਼ਰਾ ਵੱਲੋਂ ਦਿੱਤੇ ਗਏ ਅਸਤੀਫ਼ਿਆਂ ‘ਤੇ ਫ਼ੈਸਲਾ ਕਰਨਾ ਰਹੇਗਾ। ਦੋਵਾਂ ਨੇ 26 ਜੂਨ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਸੌਂਪੇ ਸਨ। ਹੁਣ ਟਰੱਸਟ ਦੇ ਮੈਂਬਰ ਇਹ ਤੈਅ ਕਰਨਗੇ ਕਿ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਕੀਤੇ ਜਾਣ ਜਾਂ ਨਹੀਂ।

ਦੁਪਹਿਰ 3 ਵਜੇ ਹੋਵੇਗੀ ਬੈਠਕ

ਇਹ ਬੈਠਕ ਦੁਪਹਿਰ 3 ਵਜੇ ਰਾਮ ਮੰਦਰ ਕੰਪਲੈਕਸ ਦੇ ਅੰਦਰ ਹੋਵੇਗੀ। ਚੰਪਤ ਰਾਏ ਅਤੇ ਡਾ. ਅਨਿਲ ਮਿਸ਼ਰਾ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਹੈ, ਤਾਂ ਜੋ ਇਸ ਮਾਮਲੇ ‘ਤੇ ਉਨ੍ਹਾਂ ਦਾ ਪੱਖ ਵੀ ਸੁਣਿਆ ਜਾ ਸਕੇ।

ਟਰੱਸਟ ਦੀਆਂ ਮੀਟਿੰਗਾਂ ਦੀ ਕਰਦੇ ਰਹੇ ਹਨ ਅਗਵਾਈ

ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦਾ ਗਠਨ 5 ਫਰਵਰੀ 2020 ਨੂੰ ਕੀਤਾ ਗਿਆ ਸੀ। ਉਦੋਂ ਤੋਂ ਹੁਣ ਤੱਕ ਹੋਈਆਂ ਟਰੱਸਟ ਦੀਆਂ ਬੈਠਕਾਂ ਦੀ ਅਗਵਾਈ ਚੰਪਤ ਰਾਏ ਹੀ ਕਰਦੇ ਆ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਉਨ੍ਹਾਂ ਦੇ ਅਸਤੀਫ਼ੇ ਬਾਰੇ ਹੋਣ ਵਾਲਾ ਫ਼ੈਸਲਾ ਟਰੱਸਟ ਦੇ ਭਵਿੱਖ ਲਈ ਅਹਿਮ ਮੰਨਿਆ ਜਾ ਰਿਹਾ ਹੈ।

8ਵੀਂ ਤੇ 10ਵੀਂ ਦੇ ਵਿਦਿਆਰਥੀਆਂ ਲਈ ਡਿਜੀਟਲ ਜਨਮ ਸਰਟੀਫਿਕੇਟ ਲਾਜ਼ਮੀ ਨਾਲ ਹੀ ਸਿੱਖਿਆ ਬੋਰਡ ਨੇ ਦਿੱਤੀ ਵੱਡੀ ਰਾਹਤ

ਚੰਡੀਗੜ੍ਹ :- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸਬੰਧੀ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ ਹਨ। ਬੋਰਡ ਨੇ ਹੁਣ ਇਨ੍ਹਾਂ ਦੋਵੇਂ ਜਮਾਤਾਂ ਦੇ ਵਿਦਿਆਰਥੀਆਂ ਲਈ ਡਿਜੀਟਲ ਜਨਮ ਸਰਟੀਫਿਕੇਟ ਪੇਸ਼ ਕਰਨਾ ਲਾਜ਼ਮੀ ਕਰ ਦਿੱਤਾ ਹੈ, ਤਾਂ ਜੋ ਰਜਿਸਟ੍ਰੇਸ਼ਨ ਦੌਰਾਨ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਯਕੀਨੀ ਬਣਾਈ ਜਾ ਸਕੇ।

ਜਨਮ ਸਰਟੀਫਿਕੇਟ ਨਾ ਹੋਣ ਵਾਲਿਆਂ ਲਈ ਨਵਾਂ ਪ੍ਰਬੰਧ

ਬੋਰਡ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਰਾਹਤ ਦਿੱਤੀ ਹੈ, ਜਿਨ੍ਹਾਂ ਦਾ ਡਿਜੀਟਲ ਜਨਮ ਸਰਟੀਫਿਕੇਟ ਅਜੇ ਤੱਕ ਤਿਆਰ ਨਹੀਂ ਹੋਇਆ। ਇਸ ਲਈ ਬੋਰਡ ਦੇ ਆਨਲਾਈਨ ਪੋਰਟਲ ‘ਤੇ ‘ਅੰਡਰਟੇਕਿੰਗ’ ਦੀ ਨਵੀਂ ਸਹੂਲਤ ਸ਼ੁਰੂ ਕੀਤੀ ਗਈ ਹੈ। ਹੁਣ ਅਜਿਹੇ ਮਾਮਲਿਆਂ ਵਿੱਚ ਸੰਬੰਧਿਤ ਸਕੂਲ ਵਿਦਿਆਰਥੀ ਦੀ ਥਾਂ ਅੰਡਰਟੇਕਿੰਗ ਅਪਲੋਡ ਕਰਕੇ ਰਜਿਸਟ੍ਰੇਸ਼ਨ ਦੀ ਕਾਰਵਾਈ ਪੂਰੀ ਕਰ ਸਕਣਗੇ।

ਰਜਿਸਟ੍ਰੇਸ਼ਨ ਅਤੇ ਫ਼ੀਸ ਦੀਆਂ ਆਖ਼ਰੀ ਤਾਰੀਖਾਂ ਤੈਅ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲੇਟ ਫ਼ੀਸ ਦੇ ਰਜਿਸਟ੍ਰੇਸ਼ਨ ਕਰਵਾਉਣ ਦੀ ਆਖ਼ਰੀ ਮਿਤੀ 10 ਜੁਲਾਈ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਸਬੰਧੀ ਆਨਲਾਈਨ ਫ਼ੀਸ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ 15 ਜੁਲਾਈ ਰੱਖੀ ਗਈ ਹੈ। ਬੋਰਡ ਨੇ ਸਕੂਲਾਂ ਅਤੇ ਵਿਦਿਆਰਥੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਸਾਰੀ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਤੋਂ ਬਚਿਆ ਜਾ ਸਕੇ।

ਬ੍ਰਾਜ਼ੀਲ ਦੇ ਦਿੱਗਜ ਨੇਮਾਰ ਨੇ ਅੰਤਰਰਾਸ਼ਟਰੀ ਫੁੱਟਬਾਲ ਨੂੰ ਕਿਹਾ ਅਲਵਿਦਾ, 16 ਸਾਲਾਂ ਦੇ ਸਫ਼ਰ ਦਾ ਹੋਇਆ ਅੰਤ

ਬ੍ਰਾਜ਼ੀਲ :- ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਨੇਮਾਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਫੀਫਾ ਵਿਸ਼ਵ ਕੱਪ 2026 ਵਿੱਚ ਬ੍ਰਾਜ਼ੀਲ ਦੇ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ 16 ਸਾਲਾਂ ਦੇ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਨੂੰ ਸਮਾਪਤ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਆਖ਼ਰੀ ਮੈਚ ਅਮਰੀਕਾ ਦੇ ਨਿਊ ਜਰਸੀ ਸਥਿਤ ਮੈਟਲਾਈਫ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਬ੍ਰਾਜ਼ੀਲ ਨੂੰ ਰਾਊਂਡ ਆਫ਼-16 ਵਿੱਚ ਨਾਰਵੇ ਹੱਥੋਂ 2-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਜਿਸ ਮੈਦਾਨ ਤੋਂ ਸ਼ੁਰੂ ਹੋਇਆ ਸਫ਼ਰ, ਉੱਥੇ ਹੀ ਹੋਇਆ ਸਮਾਪਤ

ਨੇਮਾਰ ਦੇ ਅੰਤਰਰਾਸ਼ਟਰੀ ਕਰੀਅਰ ਦੀ ਇੱਕ ਵਿਲੱਖਣ ਗੱਲ ਇਹ ਰਹੀ ਕਿ ਉਨ੍ਹਾਂ ਨੇ 2010 ਵਿੱਚ ਮੈਟਲਾਈਫ ਸਟੇਡੀਅਮ ਤੋਂ ਹੀ ਬ੍ਰਾਜ਼ੀਲ ਲਈ ਆਪਣੀ ਅੰਤਰਰਾਸ਼ਟਰੀ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ 16 ਸਾਲ ਬਾਅਦ ਇਸੇ ਮੈਦਾਨ ‘ਤੇ ਆਖ਼ਰੀ ਵਾਰ ਰਾਸ਼ਟਰੀ ਟੀਮ ਦੀ ਜਰਸੀ ਪਹਿਨੀ। ਮੈਚ ਤੋਂ ਬਾਅਦ ਭਾਵੁਕ ਹੋਏ ਨੇਮਾਰ ਨੇ ਕਿਹਾ ਕਿ ਉਨ੍ਹਾਂ ਨੇ ਟੀਮ ਲਈ ਆਪਣਾ ਸਰਵੋਤਮ ਦਿੱਤਾ, ਪਰ ਹੁਣ ਉਨ੍ਹਾਂ ਦੇ ਅੰਤਰਰਾਸ਼ਟਰੀ ਸਫ਼ਰ ਦਾ ਅੰਤ ਹੋ ਗਿਆ ਹੈ।

ਆਖ਼ਰੀ ਮੈਚ ਵਿੱਚ ਵੀ ਕੀਤਾ ਗੋਲ

ਨਾਰਵੇ ਵਿਰੁੱਧ ਖੇਡੇ ਗਏ ਇਸ ਮੁਕਾਬਲੇ ਵਿੱਚ ਬ੍ਰਾਜ਼ੀਲ ਵੱਲੋਂ ਇਕਲੌਤਾ ਗੋਲ ਨੇਮਾਰ ਨੇ ਕੀਤਾ। ਹਾਲਾਂਕਿ ਉਨ੍ਹਾਂ ਦੀ ਇਹ ਕੋਸ਼ਿਸ਼ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੀ ਅਤੇ ਇਸ ਹਾਰ ਨਾਲ ਹੀ ਬ੍ਰਾਜ਼ੀਲ ਦਾ ਵਿਸ਼ਵ ਕੱਪ ਸਫ਼ਰ ਵੀ ਸਮਾਪਤ ਹੋ ਗਿਆ।

ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਿਹਾ

ਨੇਮਾਰ ਨੇ ਆਪਣੇ ਪੂਰੇ ਕਰੀਅਰ ਦੌਰਾਨ ਬ੍ਰਾਜ਼ੀਲ ਨੂੰ ਵਿਸ਼ਵ ਚੈਂਪੀਅਨ ਬਣਾਉਣ ਦਾ ਸੁਪਨਾ ਦੇਖਿਆ ਸੀ, ਪਰ ਇਹ ਇੱਛਾ ਕਦੇ ਪੂਰੀ ਨਾ ਹੋ ਸਕੀ। ਉਨ੍ਹਾਂ ਨੇ 2014, 2018, 2022 ਅਤੇ 2026 ਦੇ ਫੀਫਾ ਵਿਸ਼ਵ ਕੱਪਾਂ ਵਿੱਚ ਬ੍ਰਾਜ਼ੀਲ ਦੀ ਨੁਮਾਇੰਦਗੀ ਕੀਤੀ ਅਤੇ ਇਨ੍ਹਾਂ ਚਾਰ ਟੂਰਨਾਮੈਂਟਾਂ ਦੌਰਾਨ ਕੁੱਲ 9 ਗੋਲ ਦਰਜ ਕੀਤੇ, ਪਰ ਟੀਮ ਨੂੰ ਖ਼ਿਤਾਬ ਨਹੀਂ ਦਿਵਾ ਸਕੇ।

ਬ੍ਰਾਜ਼ੀਲ ਲਈ ਬਣੇ ਸਭ ਤੋਂ ਸਫ਼ਲ ਗੋਲ ਸਕੋਰਰ

ਨੇਮਾਰ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਬ੍ਰਾਜ਼ੀਲ ਲਈ 130 ਮੈਚ ਖੇਡੇ ਅਤੇ 80 ਗੋਲ ਕਰਕੇ ਦੇਸ਼ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਬਣੇ। ਉਨ੍ਹਾਂ ਨੇ 2013 ਦੇ ਫੀਫਾ ਕਨਫੈਡਰੇਸ਼ਨ ਕੱਪ ਵਿੱਚ ਬ੍ਰਾਜ਼ੀਲ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਇਸ ਤੋਂ ਇਲਾਵਾ 2016 ਦੀਆਂ ਓਲੰਪਿਕ ਖੇਡਾਂ ਵਿੱਚ ਬ੍ਰਾਜ਼ੀਲ ਨੂੰ ਪਹਿਲੀ ਵਾਰ ਸੋਨ ਤਗ਼ਮਾ ਜਿਤਾਉਣ ਵਾਲੀ ਟੀਮ ਦੇ ਵੀ ਉਹ ਮੁੱਖ ਸਦੱਸ ਰਹੇ।

ਯਾਦਗਾਰ ਕਰੀਅਰ ਦਾ ਹੋਇਆ ਅੰਤ

ਨੇਮਾਰ ਦੇ ਸੰਨਿਆਸ ਨਾਲ ਬ੍ਰਾਜ਼ੀਲ ਦੇ ਫੁੱਟਬਾਲ ਇਤਿਹਾਸ ਦਾ ਇੱਕ ਮਹੱਤਵਪੂਰਨ ਅਧਿਆਇ ਸਮਾਪਤ ਹੋ ਗਿਆ ਹੈ। ਆਪਣੀ ਬੇਮਿਸਾਲ ਕਾਬਲੀਅਤ, ਸ਼ਾਨਦਾਰ ਗੋਲਾਂ ਅਤੇ ਟੀਮ ਲਈ ਯਾਦਗਾਰ ਪ੍ਰਦਰਸ਼ਨਾਂ ਕਾਰਨ ਉਹ ਲੰਬੇ ਸਮੇਂ ਤੱਕ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿੱਚ ਗਿਣੇ ਜਾਂਦੇ ਰਹਿਣਗੇ।

ਪੰਜਾਬ ਦੇ 4 ਜ਼ਿਲ੍ਹਿਆਂ ਲਈ ਭਾਰੀ ਮੀਂਹ ਦਾ ਯੈਲੋ ਅਲਰਟ, ਅਗਲੇ ਤਿੰਨ ਦਿਨਾਂ ਦੌਰਾਨ ਸੂਬੇ ਭਰ ‘ਚ ਵਰ੍ਹਣਗੇ ਬੱਦਲ

ਚੰਡੀਗੜ੍ਹ :- ਪੰਜਾਬ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਰੂਪਨਗਰ ਲਈ ਭਾਰੀ ਮੀਂਹ, ਬੱਦਲ ਗਰਜਣ ਅਤੇ ਬਿਜਲੀ ਚਮਕਣ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਬਾਕੀ ਜ਼ਿਲ੍ਹਿਆਂ ਲਈ ਕੋਈ ਵਿਸ਼ੇਸ਼ ਚੇਤਾਵਨੀ ਨਹੀਂ ਦਿੱਤੀ ਗਈ, ਪਰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ (ਮੁਹਾਲੀ) ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਉਮੀਦ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਮੋਗਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁਝ ਖੇਤਰਾਂ ਵਿੱਚ ਵੀ ਮੀਂਹ ਪੈ ਸਕਦਾ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ।

7 ਤੋਂ 9 ਜੁਲਾਈ ਤੱਕ ਮੀਂਹ ਦਾ ਦੌਰ ਜਾਰੀ ਰਹਿਣ ਦੇ ਆਸਾਰ

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 7 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ (ਮੁਹਾਲੀ) ਵਿੱਚ ਭਾਰੀ ਮੀਂਹ, ਗਰਜ-ਚਮਕ ਅਤੇ ਬਿਜਲੀ ਨੂੰ ਲੈ ਕੇ ਯੈਲੋ ਅਲਰਟ ਰਹੇਗਾ। ਇਸ ਦਿਨ ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।

8 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐੱਸ.ਏ.ਐੱਸ. ਨਗਰ (ਮੁਹਾਲੀ) ਲਈ ਵੀ ਇਹੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ।

9 ਜੁਲਾਈ ਨੂੰ ਵੀ ਪਠਾਨਕੋਟ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐੱਸ.ਏ.ਐੱਸ. ਨਗਰ (ਮੁਹਾਲੀ) ਵਿੱਚ ਭਾਰੀ ਮੀਂਹ, ਬੱਦਲ ਗਰਜਣ ਅਤੇ ਬਿਜਲੀ ਚਮਕਣ ਦਾ ਯੈਲੋ ਅਲਰਟ ਜਾਰੀ ਰਹੇਗਾ। ਇਸ ਦੇ ਨਾਲ ਹੀ ਸੂਬੇ ਦੇ ਹੋਰ ਖੇਤਰਾਂ ਵਿੱਚ ਵੀ ਮੀਂਹ ਦੀ ਗਤੀਵਿਧੀ ਜਾਰੀ ਰਹਿਣ ਦੀ ਸੰਭਾਵਨਾ ਹੈ।

ਤਾਪਮਾਨ ਵਿੱਚ ਮਾਮੂਲੀ ਵਾਧਾ, ਬਠਿੰਡਾ ਸਭ ਤੋਂ ਗਰਮ ਰਿਹਾ

ਬੀਤੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਹਾਲਾਂਕਿ ਇਹ ਹਾਲੇ ਵੀ ਆਮ ਦੇ ਨੇੜੇ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਹਵਾਈ ਅੱਡੇ ‘ਤੇ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਵੱਖ-ਵੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ

ਚੰਡੀਗੜ੍ਹ ਸ਼ਹਿਰ ਵਿੱਚ 37.9 ਡਿਗਰੀ, ਚੰਡੀਗੜ੍ਹ ਹਵਾਈ ਅੱਡੇ ‘ਤੇ 36.8 ਡਿਗਰੀ, ਅੰਮ੍ਰਿਤਸਰ ਵਿੱਚ 35.9 ਡਿਗਰੀ, ਲੁਧਿਆਣਾ ਵਿੱਚ 36.4 ਡਿਗਰੀ, ਪਟਿਆਲਾ ਵਿੱਚ 37.2 ਡਿਗਰੀ, ਗੁਰਦਾਸਪੁਰ ਵਿੱਚ 36.0 ਡਿਗਰੀ, ਬਠਿੰਡਾ ਸ਼ਹਿਰ ਵਿੱਚ 38.8 ਡਿਗਰੀ ਅਤੇ ਅਬੋਹਰ ਵਿੱਚ 39.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 35.9 ਡਿਗਰੀ, ਮੁਹਾਲੀ ਵਿੱਚ 37.1 ਡਿਗਰੀ, ਸ੍ਰੀ ਮੁਕਤਸਰ ਸਾਹਿਬ ਵਿੱਚ 36.1 ਡਿਗਰੀ, ਪਠਾਨਕੋਟ ਵਿੱਚ 36.3 ਡਿਗਰੀ, ਥੀਨ ਡੈਮ ਖੇਤਰ ਵਿੱਚ 35.2 ਡਿਗਰੀ, ਮੋਗਾ ਵਿੱਚ 35.3 ਡਿਗਰੀ, ਭਾਖੜਾ ਡੈਮ ਖੇਤਰ ਵਿੱਚ 37.1 ਡਿਗਰੀ ਅਤੇ ਸੰਗਰੂਰ ਵਿੱਚ 35.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।

ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਤਲੁਜ’ ਭਾਰਤ ‘ਚ ਓਟੀਟੀ ਤੋਂ ਹਟਾਏ ਜਾਣ ਤੇ ਅਦਾਕਾਰ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਪਹਿਲੀ ਪ੍ਰਤੀਕਿਰਿਆ!

ਚੰਡੀਗੜ੍ਹ :- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੀ ਫ਼ਿਲਮ ‘ਸਤਲੁਜ’ ਨੂੰ ਭਾਰਤ ਵਿੱਚ ਓਟੀਟੀ ਮੰਚ ਤੋਂ ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਿਲਜੀਤ ਨੇ ਕਿਸੇ ਪ੍ਰੈੱਸ ਬਿਆਨ ਜਾਂ ਲੰਬੇ ਸੰਦੇਸ਼ ਦੀ ਬਜਾਏ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕਰਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਈ, ਜਿਸ ਤੋਂ ਬਾਅਦ ਇਹ ਪੋਸਟ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣ ਗਈ।

ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਫ਼ਿਲਮ ਦਾ ਦ੍ਰਿਸ਼

ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਫ਼ਿਲਮ ‘ਸਤਲੁਜ’ ਦਾ ਇੱਕ ਦ੍ਰਿਸ਼ ਸਾਂਝਾ ਕੀਤਾ ਅਤੇ ਉਸ ਨਾਲ #ਆਈਚੈਲੈਂਜਦਡਾਰਕਨੈੱਸ ਹੈਸ਼ਟੈਗ ਵਰਤਿਆ। ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ ਕਿ ਇਸ ਫ਼ਿਲਮ ਨਾਲ ਵੀ ਉਹੀ ਵਾਪਰਿਆ ਹੈ ਜੋ ਉਸ ਸ਼ਖ਼ਸ ਨਾਲ ਹੋਇਆ ਸੀ, ਜਿਸ ਦੀ ਜ਼ਿੰਦਗੀ ‘ਤੇ ਇਹ ਫ਼ਿਲਮ ਆਧਾਰਿਤ ਹੈ। ਉਨ੍ਹਾਂ ਦਾ ਇਹ ਸੰਦੇਸ਼ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਵੱਲ ਇਸ਼ਾਰਾ ਕਰਦਾ ਹੈ। ਇਸ ਪੋਸਟ ਨੂੰ ਪ੍ਰਸ਼ੰਸਕਾਂ ਨੇ ਫ਼ਿਲਮ ਹਟਾਏ ਜਾਣ ਦੇ ਮਾਮਲੇ ‘ਤੇ ਇੱਕ ਪ੍ਰਤੀਕਾਤਮਕ ਜਵਾਬ ਵਜੋਂ ਦੇਖਿਆ।

ਜ਼ੀ5 ਨੇ ਫ਼ਿਲਮ ਹਟਾਉਣ ਦੀ ਕੀਤੀ ਪੁਸ਼ਟੀ

ਦਿਲਜੀਤ ਦੀ ਪੋਸਟ ਉਸ ਵੇਲੇ ਸਾਹਮਣੇ ਆਈ ਜਦੋਂ ਓਟੀਟੀ ਮੰਚ ਜ਼ੀ5 ਨੇ ਪੁਸ਼ਟੀ ਕੀਤੀ ਕਿ ‘ਸਤਲੁਜ’ ਨੂੰ ਅਗਲੇ ਹੁਕਮਾਂ ਤੱਕ ਭਾਰਤ ਵਿੱਚ ਆਪਣੇ ਪਲੇਟਫ਼ਾਰਮ ਤੋਂ ਹਟਾ ਦਿੱਤਾ ਗਿਆ ਹੈ। ਮੰਚ ਨੇ ਕਿਹਾ ਕਿ ਰਿਲੀਜ਼ ਤੋਂ ਬਾਅਦ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਵੱਡਾ ਹੁੰਗਾਰਾ ਮਿਲਿਆ ਅਤੇ ਇਸ ਲਈ ਉਹ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦਾ ਹੈ।

ਫ਼ਿਲਮ ਨੂੰ ਮੁੜ ਉਪਲਬਧ ਕਰਵਾਉਣ ਲਈ ਯਤਨ ਜਾਰੀ

ਜ਼ੀ5 ਨੇ ਆਪਣੇ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਉਹ ਇਸ ਫ਼ਿਲਮ ਅਤੇ ਇਸ ਨਾਲ ਜੁੜੇ ਕਲਾਕਾਰਾਂ ਦੇ ਕੰਮ ‘ਤੇ ਪੂਰਾ ਭਰੋਸਾ ਰੱਖਦਾ ਹੈ। ਮੰਚ ਨੇ ਦੱਸਿਆ ਕਿ ਫ਼ਿਲਮ ਨੂੰ ਭਾਰਤ ਵਿੱਚ ਮੁੜ ਦਰਸ਼ਕਾਂ ਲਈ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਕਾਨੂੰਨੀ ਅਤੇ ਪ੍ਰਕਿਰਿਆਤਮਕ ਪੱਧਰ ‘ਤੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

3 ਜੁਲਾਈ ਨੂੰ ਹੋਈ ਸੀ ਰਿਲੀਜ਼

‘ਸਤਲੁਜ’ 3 ਜੁਲਾਈ ਨੂੰ ਓਟੀਟੀ ‘ਤੇ ਰਿਲੀਜ਼ ਹੋਈ ਸੀ। ਆਪਣੇ ਵਿਸ਼ੇ ਕਰਕੇ ਇਸ ਫ਼ਿਲਮ ਨੇ ਸ਼ੁਰੂ ਤੋਂ ਹੀ ਵਿਆਪਕ ਧਿਆਨ ਖਿੱਚਿਆ। ਫ਼ਿਲਮ ਵਿੱਚ ਦਿਲਜੀਤ ਦੋਸਾਂਝ ਤੋਂ ਇਲਾਵਾ ਅਰਜੁਨ ਰਾਮਪਾਲ, ਕਨਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਹੋਰ ਕਈ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।

ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਹੈ ਫ਼ਿਲਮ

ਇਹ ਫ਼ਿਲਮ ਪੰਜਾਬ ਦੇ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੋਂ ਪ੍ਰੇਰਿਤ ਹੈ। ਖਾਲੜਾ ਨੇ ਅੱਤਵਾਦ ਦੇ ਦੌਰ ਦੌਰਾਨ ਕਥਿਤ ਗ਼ੈਰ-ਕਾਨੂੰਨੀ ਲਾਪਤਾ ਕੀਤੇ ਗਏ ਲੋਕਾਂ ਅਤੇ ਬਿਨਾਂ ਪਛਾਣ ਵਾਲੇ ਸਸਕਾਰਾਂ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ। ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਦਾ ਯੋਗਦਾਨ ਅੱਜ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਮੁੜ ਚਰਚਾ ਵਿੱਚ ਆਈ ਫ਼ਿਲਮ

ਦਿਲਜੀਤ ਦੋਸਾਂਝ ਦੀ ਤਾਜ਼ਾ ਪੋਸਟ ਤੋਂ ਬਾਅਦ ‘ਸਤਲੁਜ’ ਅਤੇ ਜਸਵੰਤ ਸਿੰਘ ਖਾਲੜਾ ਨਾਲ ਜੁੜੀ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ਵਿੱਚ ਲੋਕ ਉਮੀਦ ਜ਼ਾਹਰ ਕਰ ਰਹੇ ਹਨ ਕਿ ਇਹ ਫ਼ਿਲਮ ਜਲਦ ਹੀ ਭਾਰਤ ਵਿੱਚ ਮੁੜ ਦਰਸ਼ਕਾਂ ਲਈ ਉਪਲਬਧ ਹੋਵੇਗੀ।

ਫਿਰੋਜ਼ਪੁਰ ਦੇ ਸਤੀਆ ਵਾਲਾ ਪਿੰਡ ਵਿੱਚ ਅਚਾਨਕ ਛੱਤ ਢਹਿ ਗਈ- ਬਜ਼ੁਰਗ ਬਚੇ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

ਫਿਰੋਜ਼ਪੁਰ: ਫਿਰੋਜ਼ਪੁਰ ਦੇ ਸਤੀਆ ਵਾਲਾ ਪਿੰਡ ਤੋਂ ਇੱਕ ਮਹੱਤਵਪੂਰਨ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਉਸ ਸਮੇਂ ਅੰਦਰ ਮੌਜੂਦ ਇੱਕ ਬਜ਼ੁਰਗ ਵਿਅਕਤੀ ਮਲਬੇ ਹੇਠ ਫਸ ਗਿਆ ਸੀ ਪਰ ਪਿੰਡ ਵਾਸੀਆਂ ਨੇ ਸਮੇਂ ਸਿਰ ਉਸ ਨੂੰ ਬਚਾ ਲਿਆ। ਘਟਨਾ ਤੋਂ ਬਾਅਦ, ਪ੍ਰਭਾਵਿਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਹਾਇਤਾ ਦੀ ਅਪੀਲ ਕੀਤੀ ਹੈ।

ਇਹ ਦ੍ਰਿਸ਼ ਫਿਰੋਜ਼ਪੁਰ ਦੇ ਸਤੀਆ ਵਾਲਾ ਪਿੰਡ ਦੇ ਹਨ, ਜਿੱਥੇ ਇੱਕ ਕੱਚੇ ਘਰ ਦੀ ਛੱਤ ਅਚਾਨਕ ਡਿੱਗ ਗਈ। ਢਹਿਣ ਨਾਲ ਇੱਕ ਬਜ਼ੁਰਗ ਨਿਵਾਸੀ ਮਲਬੇ ਹੇਠ ਦੱਬ ਗਿਆ। ਰੌਲਾ ਸੁਣ ਕੇ, ਗੁਆਂਢੀ ਮੌਕੇ ‘ਤੇ ਪਹੁੰਚੇ ਅਤੇ ਸਖ਼ਤ ਕੋਸ਼ਿਸ਼ਾਂ ਤੋਂ ਬਾਅਦ, ਬਜ਼ੁਰਗ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਕਾਮਯਾਬ ਰਹੇ।

ਘਰ ਨੂੰ ਭਾਰੀ ਨੁਕਸਾਨ ਹੋਇਆ ਹੈ, ਅਤੇ ਪਰਿਵਾਰ ਦਾ ਸਮਾਨ ਮਲਬੇ ਹੇਠ ਦੱਬਿਆ ਹੋਇਆ ਹੈ। ਪ੍ਰਭਾਵਿਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਹਨ ਅਤੇ ਉਨ੍ਹਾਂ ਕੋਲ ਘਰ ਦੀ ਮੁਰੰਮਤ ਕਰਨ ਦੇ ਸਾਧਨ ਨਹੀਂ ਹਨ ਅਤੇ ਨਾ ਹੀ ਨਵਾਂ ਬਣਾਉਣ ਦੀ ਸਮਰੱਥਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਘਰ ਦੁਬਾਰਾ ਬਣਾਉਣ ਲਈ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ।

ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹ ਦੇਖਣਾ ਬਾਕੀ ਹੈ ਕਿ ਪ੍ਰਸ਼ਾਸਨ ਪ੍ਰਭਾਵਿਤ ਪਰਿਵਾਰ ਦੀ ਸਹਾਇਤਾ ਲਈ ਕਦੋਂ ਅੱਗੇ ਆਵੇਗਾ।

ਬਾਬਾ ਫਰੀਦ ਯੂਨੀਵਰਸਿਟੀ ‘ਚ ‘ਸਿਮੂਵਰਸ-2026’ ਦਾ ਆਗਾਜ਼, ਦੇਸ਼ ਭਰ ਦੇ ਮੈਡੀਕਲ ਮਾਹਿਰ ਹੋਏ ਇਕੱਠੇ

ਚੰਡੀਗੜ੍ਹ :- ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਵਿਖੇ 5 ਤੋਂ 7 ਜੁਲਾਈ ਤੱਕ ‘ਸਿਮੂਵਰਸ-2026’ ਨਾਮਕ ਤਿੰਨ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਾਨਫਰੰਸ ਦਾ ਉਦੇਸ਼ ਡਾਕਟਰਾਂ ਨੂੰ ਆਧੁਨਿਕ ਸਰਜੀਕਲ ਤਕਨੀਕਾਂ ਦੀ ਵਿਹਾਰਕ ਸਿਖਲਾਈ ਦੇ ਕੇ ਮਰੀਜ਼ਾਂ ਨੂੰ ਹੋਰ ਸੁਰੱਖਿਅਤ ਅਤੇ ਉੱਚ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਹੁਨਰ-ਅਧਾਰਿਤ ਸਿਖਲਾਈ ਪ੍ਰੋਗਰਾਮਾਂ ਨੂੰ ਦੇਸ਼ ਭਰ ਵਿੱਚ ਮਿਲ ਰਹੀ ਪ੍ਰਸਿੱਧੀ ਕਾਰਨ ਕਈ ਨਾਮਵਰ ਮੈਡੀਕਲ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।

ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡਾ. ਬਲਜੀਤ ਕੌਰ ਨੇ ਕੀਤੀ ਸ਼ਮੂਲੀਅਤ

ਸਮਾਗਮ ਦੇ ਉਦਘਾਟਨੀ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਸਿਹਤ ਸਿੱਖਿਆ ਅਤੇ ਮੈਡੀਕਲ ਸਿਖਲਾਈ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

‘ਯੂਨੀਵਰਸਿਟੀ ਨੇ ਰਾਸ਼ਟਰੀ ਪੱਧਰ ‘ਤੇ ਬਣਾਈ ਵੱਖਰੀ ਪਛਾਣ’

ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਡਾ. ਰਾਜੀਵ ਸੂਦ ਦੀ ਅਗਵਾਈ ਹੇਠ ਬਾਬਾ ਫਰੀਦ ਯੂਨੀਵਰਸਿਟੀ ਨੇ ਰਾਸ਼ਟਰੀ ਪੱਧਰ ‘ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਇੱਥੇ ਕਰਵਾਏ ਜਾ ਰਹੇ ਕਿੱਤਾਮੁਖੀ ਸਿਖਲਾਈ ਕੋਰਸ ਅਤੇ ਆਧੁਨਿਕ ਇਲਾਜ ਪ੍ਰਣਾਲੀ ਦਾ ਲਾਭ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਸਿਹਤ ਕਰਮੀਆਂ ਨੂੰ ਮਿਲਣਾ ਚਾਹੀਦਾ ਹੈ।

ਸਿਆਸੀ ਸਵਾਲਾਂ ‘ਤੇ ਵੀ ਦਿੱਤੀ ਪ੍ਰਤੀਕਿਰਿਆ

ਸਮਾਗਮ ਦੌਰਾਨ ਸਿਆਸੀ ਸਵਾਲਾਂ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਕਾਂਗਰਸ ਦੀ ਮੌਜੂਦਾ ਸਥਿਤੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਗੰਭੀਰ ਅੰਦਰੂਨੀ ਸੰਕਟ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਬਣਾਉਣ ਦੇ ਦਾਅਵਿਆਂ ‘ਤੇ ਵੀ ਵਿਅੰਗ ਕਰਦਿਆਂ ਕਿਹਾ ਕਿ ਮੌਜੂਦਾ ਸਿਆਸੀ ਹਾਲਾਤਾਂ ਨੂੰ ਦੇਖਦੇ ਹੋਏ ਅਜਿਹੇ ਦਾਅਵੇ ਹਕੀਕਤ ਤੋਂ ਦੂਰ ਨਜ਼ਰ ਆਉਂਦੇ ਹਨ।

ਜਲੰਧਰ ਨਿਊਜ਼: ਮੇਅਰ ਵਨੀਤ ਧੀਰ ਦੇ ਮਾਤਾ ਦੀ ਅੰਤਿਮ ਅਰਦਾਸ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਹੋਵੇਗੀ

ਜਲੰਧਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਮਾਤਾ ਆਸ਼ਾ ਧੀਰ ਦਾ 24 ਜੂਨ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਸੋਮਵਾਰ ਨੂੰ ਦੁਪਹਿਰ 1:00 ਵਜੇ ਤੋਂ 2:00 ਵਜੇ ਤੱਕ ਸ਼੍ਰੀ ਦੇਵੀ ਤਲਾਬ ਮੰਦਰ ਵਿਖੇ ਹੋਵੇਗਾ।

ਇਹ ਧਿਆਨ ਦੇਣ ਯੋਗ ਹੈ ਕਿ ਮੇਅਰ ਵਿਨੀਤ ਧੀਰ ਦੇ ਪਿਤਾ ਦਾ ਵੀ ਲਗਭਗ ਛੇ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਸ਼ਹਿਰ ਦੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਮੇਅਰ ਵਿਨੀਤ ਧੀਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ, ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ।

ਸਵਰਗੀ ਆਸ਼ਾ ਧੀਰ ਦਾ ਦੇਹਾਂਤ ਧੀਰ ਪਰਿਵਾਰ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਐਨਕਾਊਂਟਰ ਨਿਊਜ਼ ਇਸ ਦੁੱਖ ਦੀ ਘੜੀ ਵਿੱਚ ਮੇਅਰ ਵਿਨੀਤ ਧੀਰ ਅਤੇ ਪੂਰੇ ਪਰਿਵਾਰ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦਾ ਹੈ।