ਕੇਰਲ :- ਕੇਰਲ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਆਇਆ ਹੈ, ਜਿੱਥੇ ਕਾਂਗਰਸ ਆਗੂ ਵੀ.ਡੀ. ਸਤੀਸ਼ਨ ਨੇ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਰਾਜੇਂਦਰ ਅਰਲੇਕਰ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਦਿਵਾਈ। ਇਸ ਦੇ ਨਾਲ ਹੀ ਮੰਤਰੀ ਮੰਡਲ ਦੇ ਹੋਰ 20 ਮੈਂਬਰਾਂ ਨੇ ਵੀ ਸਹੁੰ ਚੁੱਕ ਕੇ ਨਵੀਂ ਸਰਕਾਰ ਦਾ ਹਿੱਸਾ ਬਣੇ।
ਸੈਂਟਰਲ ਸਟੇਡੀਅਮ ‘ਚ ਜਸ਼ਨੀ ਮਾਹੌਲ
ਸਹੁੰ ਚੁੱਕ ਸਮਾਗਮ ਦੌਰਾਨ ਤਿਰੁਵਨੰਤਪੁਰਮ ਦੇ ਸੈਂਟਰਲ ਸਟੇਡੀਅਮ ਵਿੱਚ ਭਾਰੀ ਭੀੜ ਇਕੱਠੀ ਹੋਈ। ਜਿਵੇਂ ਹੀ ਰਾਜਪਾਲ ਨੇ ਵੀ.ਡੀ. ਸਤੀਸ਼ਨ ਦਾ ਨਾਮ ਲਿਆ, ਪੂਰਾ ਸਟੇਡੀਅਮ ਤਾੜੀਆਂ ਅਤੇ ਨਾਅਰਿਆਂ ਨਾਲ ਗੂੰਜ ਉੱਠਿਆ। ਕਾਂਗਰਸੀ ਵਰਕਰਾਂ ਨੇ ਝੰਡੇ ਲਹਿਰਾ ਕੇ ਅਤੇ ਨਾਅਰੇਬਾਜ਼ੀ ਕਰਕੇ ਆਪਣੀ ਖੁਸ਼ੀ ਜਤਾਈ।
ਰਾਹੁਲ ਤੇ ਪ੍ਰਿਅੰਕਾ ਗਾਂਧੀ ਵੀ ਰਹੇ ਮੌਜੂਦ
ਇਸ ਅਹਿਮ ਸਮਾਗਮ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪੀ. ਵਿਜਯਨ, ਭਾਜਪਾ ਆਗੂ ਰਾਜੀਵ ਚੰਦਰਸ਼ੇਖਰ ਅਤੇ ਕਾਂਗਰਸ ਸ਼ਾਸਿਤ ਰਾਜਾਂ ਦੇ ਕਈ ਮੁੱਖ ਮੰਤਰੀ ਵੀ ਮੌਕੇ ‘ਤੇ ਮੌਜੂਦ ਰਹੇ।
10 ਸਾਲਾਂ ਬਾਅਦ ਯੂਡੀਐਫ ਦੀ ਸੱਤਾ ‘ਚ ਵਾਪਸੀ
ਵੀ.ਡੀ. ਸਤੀਸ਼ਨ ਦੀ ਅਗਵਾਈ ਹੇਠ ਯੂਨਾਈਟਡ ਡੈਮੋਕ੍ਰੈਟਿਕ ਫਰੰਟ (ਯੂਡੀਐਫ) ਨੇ ਇੱਕ ਦਹਾਕੇ ਬਾਅਦ ਮੁੜ ਕੇਰਲ ਦੀ ਸੱਤਾ ਸੰਭਾਲੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੀ ਕਮਾਨ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਕੋਲ ਸੀ, ਜਿਨ੍ਹਾਂ ਨੇ ਸਾਲ 2011 ਵਿੱਚ ਅਹੁਦਾ ਸੰਭਾਲਿਆ ਸੀ।
ਨਵੀਂ ਸਰਕਾਰ ਤੋਂ ਵੱਡੀਆਂ ਉਮੀਦਾਂ
ਸੂਬੇ ਵਿੱਚ ਸੱਤਾ ਬਦਲਾਅ ਤੋਂ ਬਾਅਦ ਲੋਕਾਂ ਦੀਆਂ ਨਵੀਂ ਸਰਕਾਰ ਤੋਂ ਕਾਫ਼ੀ ਉਮੀਦਾਂ ਜੁੜੀਆਂ ਹੋਈਆਂ ਹਨ। ਕਾਂਗਰਸ ਵਰਕਰ ਇਸ ਜਿੱਤ ਨੂੰ ਕੇਰਲ ਦੀ ਰਾਜਨੀਤੀ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਵਜੋਂ ਦੇਖ ਰਹੇ ਹਨ।

