ਉੱਤਰਾਖੰਡ :- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪੀਪਲਕੋਟੀ ਵਿੱਚ ਟੀ.ਐੱਚ.ਡੀ.ਸੀ. ਦੀ ਨਿਰਮਾਣ ਅਧੀਨ ਸੁਰੰਗ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸ਼ੁੱਕਰਵਾਰ ਨੂੰ ਗੋਪੇਸ਼ਵਰ ਜ਼ਿਲ੍ਹਾ ਹਸਪਤਾਲ ਪਹੁੰਚੇ। ਉਨ੍ਹਾਂ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ। ਮੁੱਖ ਮੰਤਰੀ ਨੇ ਡਾਕਟਰਾਂ ਨੂੰ ਜ਼ਖ਼ਮੀਆਂ ਨੂੰ ਹਰ ਸੰਭਵ ਬਿਹਤਰ ਇਲਾਜ ਅਤੇ ਲੋੜੀਂਦੀਆਂ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
19 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ
ਮੁੱਖ ਮੰਤਰੀ ਧਾਮੀ ਨੇ ਦੱਸਿਆ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਸੁਰੰਗ ਅੰਦਰ ਫਸੇ 22 ਲੋਕਾਂ ਵਿੱਚੋਂ 19 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚ ਕੁਝ ਮਜ਼ਦੂਰਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਹਸਪਤਾਲਾਂ ਵਿੱਚ ਦਾਖ਼ਲ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਾਰੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਛੱਤੀਸਗੜ੍ਹ ਤੇ ਝਾਰਖੰਡ ਸਰਕਾਰਾਂ ਨਾਲ ਸੰਪਰਕ
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਛੱਤੀਸਗੜ੍ਹ ਅਤੇ ਝਾਰਖੰਡ ਦੇ ਮੁੱਖ ਮੰਤਰੀਆਂ ਨਾਲ ਵੀ ਗੱਲਬਾਤ ਕਰਕੇ ਹਾਦਸੇ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਪ੍ਰਭਾਵਿਤ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਸਮੇਤ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਪਾਣੀ ਤੇ ਮਲਬਾ ਆਉਣ ਨਾਲ ਵਾਪਰਿਆ ਹਾਦਸਾ
ਰਾਜ ਦੇ ਆਫ਼ਤ ਪ੍ਰਬੰਧਨ ਮੰਤਰੀ ਮਦਨ ਕੌਸ਼ਿਕ ਨੇ ਦੱਸਿਆ ਕਿ ਸੁਰੰਗ ਅੰਦਰ ਅਚਾਨਕ ਪਾਣੀ ਅਤੇ ਮਲਬਾ ਆ ਜਾਣ ਕਾਰਨ 22 ਮਜ਼ਦੂਰ ਅਤੇ ਕਰਮਚਾਰੀ ਫਸ ਗਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੋਂ ਇਲਾਵਾ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ. ਅਤੇ ਹੋਰ ਬਚਾਅ ਟੀਮਾਂ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।
12 ਜ਼ਖ਼ਮੀਆਂ ਨੂੰ ਪਹਿਲੇ ਪੜਾਅ ’ਚ ਬਾਹਰ ਕੱਢਿਆ
ਮਦਨ ਕੌਸ਼ਿਕ ਮੁਤਾਬਕ ਸੁਰੰਗ ਵਿੱਚ ਫਸੇ ਲੋਕਾਂ ਵਿੱਚੋਂ 12 ਜ਼ਖ਼ਮੀ ਮਜ਼ਦੂਰਾਂ ਨੂੰ ਸ਼ੁਰੂਆਤੀ ਪੜਾਅ ਵਿੱਚ ਹੀ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਇੱਕ ਗੰਭੀਰ ਜ਼ਖ਼ਮੀ ਨੂੰ ਸ੍ਰੀਨਗਰ ਰੈਫ਼ਰ ਕੀਤਾ ਗਿਆ, ਜਦਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਗੋਪੇਸ਼ਵਰ ਅਤੇ ਪੀਪਲਕੋਟੀ ਵਿੱਚ ਕੀਤਾ ਜਾ ਰਿਹਾ ਹੈ। ਇੱਕ ਵਿਅਕਤੀ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਵੀ ਮਿਲ ਚੁੱਕੀ ਹੈ।
7 ਮਜ਼ਦੂਰਾਂ ਦੀ ਮੌਤ, 3 ਅਜੇ ਵੀ ਲਾਪਤਾ
ਆਫ਼ਤ ਪ੍ਰਬੰਧਨ ਮੰਤਰੀ ਨੇ ਦੱਸਿਆ ਕਿ ਹਾਦਸੇ ਵਿੱਚ ਹੁਣ ਤੱਕ 7 ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮ੍ਰਿਤਕਾਂ ਵਿੱਚ 3 ਉੱਤਰ ਪ੍ਰਦੇਸ਼, 2 ਉੱਤਰਾਖੰਡ ਅਤੇ 2 ਛੱਤੀਸਗੜ੍ਹ ਨਾਲ ਸਬੰਧਤ ਦੱਸੇ ਗਏ ਹਨ। ਉਨ੍ਹਾਂ ਦੱਸਿਆ ਕਿ 3 ਮਜ਼ਦੂਰ ਅਜੇ ਵੀ ਲਾਪਤਾ ਹਨ। ਲਾਪਤਾ ਵਿਅਕਤੀਆਂ ਵਿੱਚ ਇੱਕ ਝਾਰਖੰਡ ਅਤੇ ਦੋ ਛੱਤੀਸਗੜ੍ਹ ਦੇ ਵਸਨੀਕ ਦੱਸੇ ਗਏ ਹਨ। ਉਨ੍ਹਾਂ ਦੀ ਭਾਲ ਲਈ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ।

