ਕਿਸ਼ਤਵਾੜ :- ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਦਛਨ ਖੇਤਰ ਵਿੱਚ ਵਾਪਰਿਆ, ਜਿੱਥੇ ਯਾਤਰੀਆਂ ਨਾਲ ਭਰੀ ਇੱਕ ਐੱਸ.ਯੂ.ਵੀ. ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ।
ਕਿਸ਼ਤਵਾੜ ਤੋਂ ਦਛਨ ਜਾ ਰਹੀ ਸੀ ਗੱਡੀ
ਅਧਿਕਾਰੀਆਂ ਮੁਤਾਬਕ ਐੱਸ.ਯੂ.ਵੀ. ਕਿਸ਼ਤਵਾੜ ਤੋਂ ਦਛਨ ਵੱਲ ਜਾ ਰਹੀ ਸੀ। ਰਸਤੇ ਵਿੱਚ ਮੁਦੁਸਰ ਨਾਲੇ ਨੇੜੇ ਡਰਾਈਵਰ ਵੱਲੋਂ ਵਾਹਨ ’ਤੇ ਕਾਬੂ ਗੁਆਉਣ ਕਾਰਨ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਹੜਕੰਪ ਮਚ ਗਿਆ।
ਪੁਲਿਸ, ਫੌਜ ਅਤੇ ਸਥਾਨਕ ਲੋਕਾਂ ਨੇ ਚਲਾਇਆ ਬਚਾਅ ਕਾਰਜ
ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਿਸ, ਫੌਜ ਦੇ ਜਵਾਨ ਅਤੇ ਸਥਾਨਕ ਲੋਕ ਤੁਰੰਤ ਮੌਕੇ ’ਤੇ ਪਹੁੰਚੇ। ਸਾਰਿਆਂ ਵੱਲੋਂ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਨਾਲੇ ਵਿੱਚੋਂ ਪੰਜ ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ।
ਬਚਾਅ ਕਾਰਜ ਜਾਰੀ
ਅਧਿਕਾਰੀਆਂ ਮੁਤਾਬਕ ਹਾਦਸੇ ਤੋਂ ਬਾਅਦ ਬਚਾਅ ਕਾਰਜ ਅਜੇ ਵੀ ਜਾਰੀ ਹੈ। ਹਾਦਸੇ ਵਿੱਚ ਕਿੰਨੇ ਲੋਕ ਸਵਾਰ ਸਨ ਅਤੇ ਮ੍ਰਿਤਕਾਂ ਦੀ ਪਛਾਣ ਸਬੰਧੀ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

