ਚੰਡੀਗੜ੍ਹ :- ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਮੁੜ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਸਿੱਖ ਸੰਗਤਾਂ ਵੱਲੋਂ ਮਹੀਨਾਵਾਰ ਅਰਦਾਸ ਕੀਤੀ ਗਈ। ਇਸ ਮੌਕੇ ਪੰਥਕ ਆਗੂਆਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਕੋਰੀਡੋਰ ਨੂੰ ਜਲਦ ਖੋਲ੍ਹਣ ਦੀ ਅਪੀਲ ਕੀਤੀ, ਤਾਂ ਜੋ ਸੰਗਤਾਂ ਮੁੜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।
ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਕੀਤੀ ਅਪੀਲ
ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਹਰ ਸਿੱਖ ਦੀ ਆਸਥਾ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਨੁੱਖਤਾ ਅਤੇ ਧਾਰਮਿਕ ਸਾਂਝ ਨੂੰ ਪਹਿਲ ਦਿੰਦਿਆਂ ਕੋਰੀਡੋਰ ਨੂੰ ਬਿਨਾਂ ਦੇਰੀ ਮੁੜ ਖੋਲ੍ਹਣਾ ਚਾਹੀਦਾ ਹੈ, ਤਾਂ ਜੋ ਸ਼ਰਧਾਲੂ ਆਸਾਨੀ ਨਾਲ ਗੁਰੂ ਘਰ ਦੇ ਦਰਸ਼ਨ ਕਰ ਸਕਣ।
ਦੋਵੇਂ ਪਾਸਿਆਂ ਤੋਂ ਅਰਦਾਸ ਕਰਨ ਦਾ ਦਿੱਤਾ ਸੱਦਾ
ਸਿੱਖ ਆਗੂ ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਭਾਰਤ ਵਿੱਚ ਹਰ ਮਹੀਨੇ ਕੀਤੀ ਜਾ ਰਹੀ ਅਰਦਾਸ ਦੇ ਨਾਲ-ਨਾਲ ਪਾਕਿਸਤਾਨ ਵਿੱਚ ਰਹਿੰਦੇ ਸਿੱਖ ਵੀ ਕਰਤਾਰਪੁਰ ਸਾਹਿਬ ਵਾਲੇ ਪਾਸੇ ਅਰਦਾਸ ਕਰਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸੰਗਤਾਂ ਦੀ ਸਾਂਝੀ ਅਪੀਲ ਨਾਲ ਸਰਕਾਰਾਂ ‘ਤੇ ਕੋਰੀਡੋਰ ਮੁੜ ਖੋਲ੍ਹਣ ਲਈ ਨੈਤਿਕ ਦਬਾਅ ਬਣੇਗਾ। ਉਨ੍ਹਾਂ ਸਮੁੱਚੇ ਸਿੱਖ ਪੰਥ ਨੂੰ ਇਸ ਮੰਗ ਲਈ ਇੱਕਜੁੱਟ ਹੋਣ ਦੀ ਅਪੀਲ ਵੀ ਕੀਤੀ।
ਵੱਧ ਤੋਂ ਵੱਧ ਸੰਗਤਾਂ ਨੂੰ ਜੁੜਨ ਦਾ ਸੱਦਾ
ਭਾਈ ਸਰਬਜੀਤ ਸਿੰਘ ਜੰਮੂ ਨੇ ਕਿਹਾ ਕਿ ਹਰ ਮਹੀਨੇ ਹੋਣ ਵਾਲੇ ਅਰਦਾਸ ਸਮਾਗਮ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਂਝੀ ਅਰਦਾਸ ਅਤੇ ਇਕਜੁੱਟਤਾ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਮੁੜ ਸ਼ੁਰੂ ਕਰਵਾਉਣ ਦੀ ਮੰਗ ਹੋਰ ਮਜ਼ਬੂਤ ਹੋਵੇਗੀ।
ਪੰਥਕ ਆਗੂ ਅਤੇ ਸੰਗਤਾਂ ਰਹੀਆਂ ਹਾਜ਼ਰ
ਅਰਦਾਸ ਸਮਾਗਮ ਵਿੱਚ ਸੁਖਜਿੰਦਰ ਸਿੰਘ ਮਜੀਠਾ, ਰਵਿੰਦਰ ਸਿੰਘ ਮਜੀਠਾ, ਪਰਮਜੀਤ ਸਿੰਘ ਪੰਮਾ, ਭਾਈ ਰਜਵੰਤ ਸਿੰਘ ਮਹਿਲਾਂਵਾਲਾ, ਗੁਰਪ੍ਰੀਤ ਸਿੰਘ ਬਟਾਲਾ, ਡਾ. ਤਰਲੋਚਨ ਸਿੰਘ ਵਡਾਲਾ, ਮਲਕੀਤ ਸਿੰਘ ਪੰਨੂ, ਮਨਜੋਤ ਸਿੰਘ ਪੁਰੇਵਾਲ, ਸਰਤਾਜਪ੍ਰੀਤ ਸਿੰਘ ਭੰਗੂ, ਹਰਦੀਪ ਸਿੰਘ ਸਰਪੰਚ, ਜਸਪਾਲ ਸਿੰਘ ਪੱਸ਼ੀਆ, ਸੁੱਚਾ ਸਿੰਘ ਜੱਟਾ, ਮੰਗਲ ਸਿੰਘ ਮਾਛੀਵਾਲਾ, ਗੁਰਬੀਰ ਸਿੰਘ ਦੁਧਰਾਏ, ਗੁਰਪ੍ਰੀਤ ਸਿੰਘ ਗੱਗੋਮਾਹਲ, ਕੁਲਦੀਪ ਸਿੰਘ ਮਜੀਠਾ, ਜਥੇਦਾਰ ਦੀਦਾਰ ਸਿੰਘ ਚੌਧਰਪੁਰਾ, ਦਲਜੀਤ ਸਿੰਘ ਪਾਖਰਪੁਰਾ, ਮਨਬੀਰ ਸਿੰਘ ਦਾਬਾਂਵਾਲ, ਅਜ਼ਾਦ ਸਿੰਘ ਵੀਰਮ, ਨਿਸ਼ਾਨ ਸਿੰਘ, ਸਰਣਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਥਕ ਆਗੂ ਅਤੇ ਸੰਗਤਾਂ ਮੌਜੂਦ ਸਨ।

