ਨਵੀਂ ਦਿੱਲੀ :- ਦੇਸ਼ ਵਿੱਚ ਕਰੰਸੀ ਪ੍ਰਣਾਲੀ ਨੂੰ ਹੋਰ ਸੁਰੱਖਿਅਤ ਅਤੇ ਟਿਕਾਊ ਬਣਾਉਣ ਵੱਲ ਵੱਡਾ ਕਦਮ ਚੁੱਕਦਿਆਂ ਕੇਂਦਰ ਸਰਕਾਰ ਨੇ ₹10 ਅਤੇ ₹20 ਦੇ ਪੌਲੀਮਰ (ਪਲਾਸਟਿਕ) ਨੋਟਾਂ ਦੇ ਟ੍ਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਭਾਰਤੀ ਰਿਜ਼ਰਵ ਬੈਂਕ ਪਹਿਲੇ ਪੜਾਅ ਵਿੱਚ 100-100 ਕਰੋੜ ਦੇ ਹਿਸਾਬ ਨਾਲ ਕੁੱਲ 200 ਕਰੋੜ ਪੌਲੀਮਰ ਨੋਟ ਛਾਪੇਗਾ। ਜੇਕਰ ਇਹ ਪ੍ਰਯੋਗ ਸਫ਼ਲ ਰਹਿੰਦਾ ਹੈ ਤਾਂ ਭਵਿੱਖ ਵਿੱਚ ਹੋਰ ਮੁੱਲ ਵਾਲੇ ਨੋਟ ਵੀ ਇਸੇ ਤਕਨੀਕ ਨਾਲ ਜਾਰੀ ਕੀਤੇ ਜਾ ਸਕਦੇ ਹਨ।
ਟ੍ਰਾਇਲ ਸਫ਼ਲ ਰਿਹਾ ਤਾਂ ਨਿਯਮਤ ਜਾਰੀ ਹੋਣਗੇ ਨਵੇਂ ਨੋਟ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਸੰਸਦ ਵਿੱਚ ਦੱਸਿਆ ਕਿ ਫੀਲਡ ਟ੍ਰਾਇਲ ਦੇ ਨਤੀਜੇ ਸੰਤੋਸ਼ਜਨਕ ਰਹਿਣ ‘ਤੇ ਰਿਜ਼ਰਵ ਬੈਂਕ ₹10 ਅਤੇ ₹20 ਦੇ ਪੌਲੀਮਰ ਨੋਟ ਆਮ ਵਰਤੋਂ ਲਈ ਜਾਰੀ ਕਰੇਗਾ। ਉਨ੍ਹਾਂ ਨੇ ਲੋਕ ਸਭਾ ਵਿੱਚ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਆਰਬੀਆਈ ਦੇ ਕੇਂਦਰੀ ਨਿਰਦੇਸ਼ਕ ਮੰਡਲ ਦੀ ਸਿਫ਼ਾਰਸ਼ ਦੇ ਆਧਾਰ ‘ਤੇ ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 25 ਅਧੀਨ ਇਹ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ।
ਕਾਗਜ਼ੀ ਨੋਟ ਬੰਦ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਵੇਲੇ ਦੇਸ਼ ਵਿੱਚ ਚੱਲ ਰਹੇ ਕਾਗਜ਼ੀ ਨੋਟਾਂ ਨੂੰ ਪੂਰੀ ਤਰ੍ਹਾਂ ਹਟਾਉਣ ਜਾਂ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਪੌਲੀਮਰ ਨੋਟਾਂ ਦਾ ਟ੍ਰਾਇਲ ਸਿਰਫ਼ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਵਰਤੋਂਯੋਗਤਾ ਦੀ ਜਾਂਚ ਲਈ ਕੀਤਾ ਜਾਵੇਗਾ।
ਕਿਉਂ ਖ਼ਾਸ ਹਨ ਪੌਲੀਮਰ ਨੋਟ?
ਮਾਹਿਰਾਂ ਅਨੁਸਾਰ ਪੌਲੀਮਰ ਨੋਟ ਕਾਗਜ਼ੀ ਨੋਟਾਂ ਨਾਲੋਂ ਕਈ ਗੁਣਾ ਵੱਧ ਟਿਕਾਊ ਹੁੰਦੇ ਹਨ। ਇਹ ਆਸਾਨੀ ਨਾਲ ਨਹੀਂ ਫਟਦੇ, ਪਾਣੀ ਅਤੇ ਗੰਦਗੀ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ ਅਤੇ ਨਕਲੀ ਤਿਆਰ ਕਰਨਾ ਵੀ ਕਾਫ਼ੀ ਮੁਸ਼ਕਲ ਹੁੰਦਾ ਹੈ। ਆਮ ਤੌਰ ‘ਤੇ ਇਨ੍ਹਾਂ ਦੀ ਉਮਰ ਕਾਗਜ਼ੀ ਨੋਟਾਂ ਨਾਲੋਂ ਦੋ ਤੋਂ ਪੰਜ ਗੁਣਾ ਵੱਧ ਮੰਨੀ ਜਾਂਦੀ ਹੈ।
ਭਾਰਤ ਪਹਿਲਾਂ ਵੀ ਕਰ ਚੁੱਕਾ ਹੈ ਕੋਸ਼ਿਸ਼
ਭਾਰਤ ਨੇ ਸਾਲ 2012 ਵਿੱਚ ਵੀ ਪੌਲੀਮਰ ਨੋਟ ਲਿਆਂਦੇ ਜਾਣ ਦੀ ਯੋਜਨਾ ਬਣਾਈ ਸੀ, ਪਰ ਕੁਝ ਤਕਨੀਕੀ ਅਤੇ ਪ੍ਰਬੰਧਕੀ ਕਾਰਨਾਂ ਕਰਕੇ ਇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ। ਹੁਣ ਇੱਕ ਵਾਰ ਫਿਰ ਇਸ ਦਿਸ਼ਾ ਵਿੱਚ ਕਦਮ ਚੁੱਕਿਆ ਗਿਆ ਹੈ।
ਆਸਟ੍ਰੇਲੀਆ ਨੇ ਸਭ ਤੋਂ ਪਹਿਲਾਂ ਕੀਤੀ ਸੀ ਸ਼ੁਰੂਆਤ
ਦੁਨੀਆ ਵਿੱਚ ਸਭ ਤੋਂ ਪਹਿਲਾਂ ਆਸਟ੍ਰੇਲੀਆ ਨੇ ਸਾਲ 1988 ਵਿੱਚ ਪੌਲੀਮਰ ਕਰੰਸੀ ਜਾਰੀ ਕੀਤੀ ਸੀ। ਇਸ ਤੋਂ ਪਹਿਲਾਂ ਦੇਸ਼ ਵਿੱਚ ਨਕਲੀ ਨੋਟਾਂ ਦੀ ਸਮੱਸਿਆ ਗੰਭੀਰ ਹੋ ਗਈ ਸੀ, ਜਿਸ ਤੋਂ ਬਾਅਦ ਲੰਬੇ ਸਮੇਂ ਦੀ ਖੋਜ ਰਾਹੀਂ ਅਜਿਹੀ ਕਰੰਸੀ ਤਿਆਰ ਕੀਤੀ ਗਈ ਜਿਸ ਦੀ ਨਕਲ ਕਰਨਾ ਬਹੁਤ ਔਖਾ ਸੀ। ਅੱਜ 25 ਤੋਂ ਵੱਧ ਦੇਸ਼ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ।
ਖਾਸ ਤਰ੍ਹਾਂ ਦੇ ਪੌਲੀਮਰ ਨਾਲ ਬਣਦੇ ਹਨ ਇਹ ਨੋਟ
ਪੌਲੀਮਰ ਨੋਟ ਆਮ ਘਰੇਲੂ ਪਲਾਸਟਿਕ ਨਾਲ ਨਹੀਂ ਬਣਦੇ। ਇਨ੍ਹਾਂ ਲਈ ਬਾਈਐਕਸੀਅਲੀ ਓਰੀਐਂਟਿਡ ਪੋਲੀਪ੍ਰੋਪਾਈਲੀਨ (BOPP) ਨਾਂ ਦੇ ਵਿਸ਼ੇਸ਼ ਪੌਲੀਮਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪਦਾਰਥ ਪੈਟਰੋਲੀਅਮ ਅਤੇ ਕੁਦਰਤੀ ਗੈਸ ਤੋਂ ਤਿਆਰ ਹੁੰਦਾ ਹੈ ਅਤੇ ਆਮ ਪਲਾਸਟਿਕ ਨਾਲੋਂ ਵਧੇਰੇ ਮਜ਼ਬੂਤ, ਲਚਕਦਾਰ ਅਤੇ ਟਿਕਾਊ ਹੁੰਦਾ ਹੈ। ਇਸ ਦੀ ਬਣਤਰ ਅਜਿਹੀ ਹੈ ਕਿ ਖਿੱਚਣ ਜਾਂ ਮੋੜਨ ਨਾਲ ਵੀ ਇਹ ਆਸਾਨੀ ਨਾਲ ਆਪਣਾ ਆਕਾਰ ਨਹੀਂ ਬਦਲਦਾ।

