ਨਵੀਂ ਦਿੱਲੀ :- NEET-UG 2026 ਰਾਹੀਂ MBBS ਅਤੇ ਹੋਰ ਮੈਡੀਕਲ ਕੋਰਸਾਂ ਵਿੱਚ ਦਾਖ਼ਲਾ ਲੈਣ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਮੈਡੀਕਲ ਕਾਊਂਸਲਿੰਗ ਕਮੇਟੀ (MCC) ਨੇ ਆਲ ਇੰਡੀਆ ਕੋਟਾ (AIQ) ਅਤੇ ਸਟੇਟ ਕੋਟਾ ਤਹਿਤ ਹੋਣ ਵਾਲੀ ਕਾਊਂਸਲਿੰਗ ਦਾ ਪੂਰਾ ਕਾਰਜਕ੍ਰਮ ਜਾਰੀ ਕਰ ਦਿੱਤਾ ਹੈ।
ਜਾਰੀ ਸ਼ਡਿਊਲ ਮੁਤਾਬਕ ਆਲ ਇੰਡੀਆ ਕੋਟਾ ਦੀ ਪਹਿਲੀ ਕਾਊਂਸਲਿੰਗ 4 ਅਗਸਤ ਤੋਂ ਸ਼ੁਰੂ ਹੋਵੇਗੀ, ਜਦਕਿ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ ਨਵਾਂ ਅਕਾਦਮਿਕ ਸੈਸ਼ਨ 8 ਸਤੰਬਰ 2026 ਤੋਂ ਸ਼ੁਰੂ ਕੀਤਾ ਜਾਵੇਗਾ।
AIQ ਦੀ ਪਹਿਲੀ ਕਾਊਂਸਲਿੰਗ 4 ਅਗਸਤ ਤੋਂ
ਮੈਡੀਕਲ ਕਾਊਂਸਲਿੰਗ ਕਮੇਟੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਆਲ ਇੰਡੀਆ ਕੋਟਾ ਦੀ ਪਹਿਲੀ ਰਾਊਂਡ ਕਾਊਂਸਲਿੰਗ 4 ਅਗਸਤ ਤੋਂ 17 ਅਗਸਤ ਤੱਕ ਚੱਲੇਗੀ। ਇਸ ਦੌਰਾਨ ਸੀਟ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ 22 ਅਗਸਤ ਤੱਕ ਸਬੰਧਤ ਮੈਡੀਕਲ ਕਾਲਜ ਵਿੱਚ ਦਾਖ਼ਲਾ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।
ਇਸ ਤੋਂ ਬਾਅਦ ਦੂਜਾ ਰਾਊਂਡ 24 ਅਗਸਤ ਤੋਂ 2 ਸਤੰਬਰ ਤੱਕ, ਤੀਜਾ ਰਾਊਂਡ 10 ਸਤੰਬਰ ਤੋਂ 18 ਸਤੰਬਰ ਤੱਕ ਅਤੇ ਸਟਰੇ ਵੈਕੈਂਸੀ ਰਾਊਂਡ 28 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਇਆ ਜਾਵੇਗਾ। ਆਖ਼ਰੀ ਪੜਾਅ ਤੋਂ ਬਾਅਦ ਦਾਖ਼ਲੇ ਦੀ ਅੰਤਿਮ ਤਾਰੀਖ 10 ਅਕਤੂਬਰ ਤੈਅ ਕੀਤੀ ਗਈ ਹੈ।
ਸਟੇਟ ਕੋਟਾ ਦੀ ਕਾਊਂਸਲਿੰਗ 13 ਅਗਸਤ ਤੋਂ
ਸਟੇਟ ਕੋਟਾ ਤਹਿਤ ਪਹਿਲੇ ਪੜਾਅ ਦੀ ਕਾਊਂਸਲਿੰਗ 13 ਅਗਸਤ ਤੋਂ 22 ਅਗਸਤ ਤੱਕ ਹੋਵੇਗੀ। ਚੁਣੇ ਗਏ ਵਿਦਿਆਰਥੀਆਂ ਨੂੰ 28 ਅਗਸਤ ਤੱਕ ਦਾਖ਼ਲਾ ਲੈਣਾ ਪਵੇਗਾ।
ਇਸ ਤੋਂ ਬਾਅਦ ਦੂਜਾ ਪੜਾਅ 31 ਅਗਸਤ ਤੋਂ 8 ਸਤੰਬਰ ਤੱਕ, ਤੀਜਾ ਪੜਾਅ 16 ਸਤੰਬਰ ਤੋਂ 26 ਸਤੰਬਰ ਤੱਕ ਅਤੇ ਸਟਰੇ ਵੈਕੈਂਸੀ ਰਾਊਂਡ 3 ਅਕਤੂਬਰ ਤੋਂ 5 ਅਕਤੂਬਰ ਤੱਕ ਕਰਵਾਇਆ ਜਾਵੇਗਾ।
8 ਸਤੰਬਰ ਤੋਂ ਸ਼ੁਰੂ ਹੋਵੇਗਾ ਨਵਾਂ ਅਕਾਦਮਿਕ ਸੈਸ਼ਨ
MCC ਮੁਤਾਬਕ ਦੇਸ਼ ਦੇ ਮੈਡੀਕਲ ਕਾਲਜਾਂ ਵਿੱਚ ਨਵਾਂ ਅਕਾਦਮਿਕ ਸੈਸ਼ਨ 8 ਸਤੰਬਰ 2026 ਤੋਂ ਸ਼ੁਰੂ ਹੋਵੇਗਾ। ਹਾਲਾਂਕਿ ਖਾਲੀ ਰਹਿ ਜਾਣ ਵਾਲੀਆਂ ਸੀਟਾਂ ਨੂੰ ਭਰਨ ਲਈ ਨਿਰਧਾਰਤ ਸਮੇਂ ਅਨੁਸਾਰ ਕਾਊਂਸਲਿੰਗ ਦੇ ਹੋਰ ਪੜਾਅ ਜਾਰੀ ਰਹਿਣਗੇ।
ਮੈਡੀਕਲ ਸੰਸਥਾਵਾਂ ਅਤੇ ਸੂਬਾ ਕਾਊਂਸਲਿੰਗ ਅਥਾਰਟੀਆਂ ਨੂੰ ਪੂਰੀ ਪ੍ਰਕਿਰਿਆ ਨਿਰਧਾਰਤ ਸਮਾਂ-ਸੀਮਾ ਅੰਦਰ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਲਈ ਸ਼ਨੀਵਾਰ, ਐਤਵਾਰ ਅਤੇ ਸਰਕਾਰੀ ਛੁੱਟੀਆਂ ਨੂੰ ਵੀ ਕਾਰਜ ਦਿਵਸ ਮੰਨਿਆ ਜਾਵੇਗਾ।
ਵਿਦਿਆਰਥੀਆਂ ਦੀ ਸਹੂਲਤ ਲਈ ਕੀਤੇ ਗਏ ਬਦਲਾਅ
ਇਸ ਵਾਰ ਕਾਊਂਸਲਿੰਗ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ MCC ਵੱਲੋਂ ਕਈ ਬਦਲਾਅ ਕੀਤੇ ਗਏ ਹਨ। ਜਿਨ੍ਹਾਂ ਉਮੀਦਵਾਰਾਂ ਨੂੰ ਪਹਿਲਾਂ ਹੀ ਸੀਟ ਮਿਲ ਚੁੱਕੀ ਹੈ ਅਤੇ ਉਹ ਅਪਗ੍ਰੇਡੇਸ਼ਨ ਦਾ ਵਿਕਲਪ ਚੁਣਦੇ ਹਨ, ਉਨ੍ਹਾਂ ਨੂੰ ਸਿਰਫ਼ ਰਸਮੀ ਕਾਰਵਾਈ ਲਈ ਮੁੜ ਕਾਲਜ ਵਿੱਚ ਜਾ ਕੇ ਫਿਜ਼ੀਕਲ ਰਿਪੋਰਟਿੰਗ ਨਹੀਂ ਕਰਨੀ ਪਵੇਗੀ। ਉਨ੍ਹਾਂ ਦੀ ਸੀਟ ਆਨਲਾਈਨ ਪ੍ਰਕਿਰਿਆ ਰਾਹੀਂ ਸੁਰੱਖਿਅਤ ਰਹੇਗੀ।
ਇਸ ਤੋਂ ਇਲਾਵਾ ਉਮੀਦਵਾਰ MCC ਪੋਰਟਲ ਰਾਹੀਂ ਨਿਯਮਾਂ ਅਨੁਸਾਰ ਆਨਲਾਈਨ ਅਸਤੀਫ਼ਾ ਵੀ ਦੇ ਸਕਣਗੇ। ਡੀਮਡ ਯੂਨੀਵਰਸਿਟੀਆਂ ਵਿੱਚ NRI ਕੋਟੇ ਤਹਿਤ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਆਨਲਾਈਨ ਕੀਤਾ ਗਿਆ ਹੈ।

