1996 ਦੀ ਐਵਰੈਸਟ ਮੁਹਿੰਮ ਦੌਰਾਨ ਹੋਏ ਸਨ ਲਾਪਤਾ, ਲੱਦਾਖ ਦੇ ਲੇਹ ‘ਚ ਪਰਿਵਾਰ ਨੂੰ ਸੌਂਪੀ ਜਾਵੇਗੀ ਦੇਹ
ਲੱਦਾਖ :- ਲੱਦਾਖ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਤਿੰਨ ਦਹਾਕਿਆਂ ਤੋਂ ਉਡੀਕ ਕਰ ਰਹੇ ਇੱਕ ਪਰਿਵਾਰ ਨੂੰ ਭਾਵੁਕ ਕਰ ਦਿੱਤਾ ਹੈ। 1996 ਵਿੱਚ ਐਵਰੈਸਟ ਮੁਹਿੰਮ ਦੌਰਾਨ ਲਾਪਤਾ ਹੋਏ ਆਈਟੀਬੀਪੀ ਦੇ ਲਾਂਸ ਨਾਇਕ ਦੋਰਜੇ ਦੀ ਦੇਹ ਦੀ ਪਛਾਣ ਡੀਐਨਏ ਜਾਂਚ ਰਾਹੀਂ ਹੋ ਗਈ ਹੈ। ਹੁਣ ਕਰੀਬ 30 ਸਾਲਾਂ ਬਾਅਦ ਉਨ੍ਹਾਂ ਦੀ ਦੇਹ ਨੂੰ ਜੱਦੀ ਸ਼ਹਿਰ ਲੇਹ ਲਿਆਂਦਾ ਜਾ ਰਿਹਾ ਹੈ, ਜਿੱਥੇ ਇਹ ਪਰਿਵਾਰ ਨੂੰ ਸੌਂਪੀ ਜਾਵੇਗੀ।
ਐਵਰੈਸਟ ਮੁਹਿੰਮ ਦੌਰਾਨ ਆਏ ਤੂਫ਼ਾਨ ਵਿੱਚ ਹੋਏ ਸਨ ਲਾਪਤਾ
ਰਿਪੋਰਟਾਂ ਮੁਤਾਬਕ ਲਾਂਸ ਨਾਇਕ ਦੋਰਜੇ ਸਾਲ 1996 ਵਿੱਚ ਮਾਊਂਟ ਐਵਰੈਸਟ ਫਤਿਹ ਕਰਨ ਲਈ ਗਏ ਦਲ ਦਾ ਹਿੱਸਾ ਸਨ। ਮੁਹਿੰਮ ਦੌਰਾਨ ਖ਼ਰਾਬ ਮੌਸਮ ਅਤੇ ਭਿਆਨਕ ਬਰਫ਼ੀਲੇ ਤੂਫ਼ਾਨ ਕਾਰਨ ਉਹ ਲਾਪਤਾ ਹੋ ਗਏ ਸਨ। ਉਸ ਸਮੇਂ ਵਿਆਪਕ ਭਾਲ ਦੇ ਬਾਵਜੂਦ ਉਨ੍ਹਾਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ ਸੀ।
26,247 ਫੁੱਟ ਉੱਚੇ ‘ਡੈਥ ਜ਼ੋਨ’ ਵਿੱਚ ਮਿਲੀ ਦੇਹ
ਹਾਲ ਹੀ ਵਿੱਚ ਐਵਰੈਸਟ ਦੀ 26,247 ਫੁੱਟ ਉੱਚਾਈ ‘ਤੇ ਸਥਿਤ ‘ਡੈਥ ਜ਼ੋਨ’ ਵਿੱਚ ਇੱਕ ਮਨੁੱਖੀ ਦੇਹ ਮਿਲੀ। ਬਹੁਤ ਘੱਟ ਤਾਪਮਾਨ ਅਤੇ ਬਰਫ਼ ਕਾਰਨ ਦੇਹ ਲੰਬੇ ਸਮੇਂ ਤੱਕ ਸੁਰੱਖਿਅਤ ਰਹੀ। ਇਸ ਤੋਂ ਬਾਅਦ ਕੀਤੀ ਗਈ ਡੀਐਨਏ ਜਾਂਚ ਵਿੱਚ ਪੁਸ਼ਟੀ ਹੋਈ ਕਿ ਇਹ ਦੇਹ ਲਾਂਸ ਨਾਇਕ ਦੋਰਜੇ ਦੀ ਹੀ ਹੈ।
ਪਰਿਵਾਰ ਦਾ ਤਿੰਨ ਦਹਾਕਿਆਂ ਦਾ ਇੰਤਜ਼ਾਰ ਹੋਇਆ ਖ਼ਤਮ
ਲਗਭਗ 30 ਸਾਲਾਂ ਤੋਂ ਆਪਣੇ ਪਿਆਰੇ ਦੀ ਉਡੀਕ ਕਰ ਰਹੇ ਪਰਿਵਾਰ ਲਈ ਇਹ ਖ਼ਬਰ ਭਾਵੁਕ ਪਲ ਲੈ ਕੇ ਆਈ ਹੈ। ਹੁਣ ਦੋਰਜੇ ਦੀ ਦੇਹ ਨੂੰ ਲੇਹ ਲਿਆਂਦਾ ਜਾਵੇਗਾ, ਜਿੱਥੇ ਪੂਰੇ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
‘ਗ੍ਰੀਨ ਬੂਟ’ ਵਜੋਂ ਬਣ ਗਏ ਸਨ ਪਹਿਚਾਣ
ਐਵਰੈਸਟ ‘ਤੇ ਸਾਲਾਂ ਤੋਂ ਪਈ ਇਸ ਦੇਹ ਨੂੰ ਦੁਨੀਆ ਭਰ ਦੇ ਪਰਬਤਾਰੋਹੀ ‘ਗ੍ਰੀਨ ਬੂਟ’ ਦੇ ਨਾਂ ਨਾਲ ਜਾਣਦੇ ਸਨ। ਇਸ ਦੀ ਵਜ੍ਹਾ ਇਹ ਸੀ ਕਿ ਦੋਰਜੇ ਨੇ ਹਰੇ ਰੰਗ ਦੇ ਪਹਾੜ-ਚੜ੍ਹਾਈ ਵਾਲੇ ਬੂਟ ਪਹਿਨੇ ਹੋਏ ਸਨ, ਜੋ ਬਰਫ਼ ਵਿੱਚ ਵੀ ਸਾਫ਼ ਦਿਖਾਈ ਦਿੰਦੇ ਸਨ। ਡੀਐਨਏ ਜਾਂਚ ਤੋਂ ਬਾਅਦ ਹੁਣ ਇਸ ਰਹੱਸ ‘ਤੇ ਵੀ ਪਰਦਾ ਉੱਠ ਗਿਆ ਹੈ ਅਤੇ ‘ਗ੍ਰੀਨ ਬੂਟ’ ਦੀ ਅਸਲੀ ਪਛਾਣ ਸਾਹਮਣੇ ਆ ਗਈ ਹੈ।

